ਕਹਾਣੀਆਂ

ਖਿਲਾਅ ਵਿੱਚ ਲਟਕਿਆ ਆਦਮੀ

ਕਹਾਣੀ ਬਾਰੇ-
ਇਹ ਕਹਾਣੀ 1997-98 ਵਿੱਚ ਲਿਖੀ ਗਈ। ਤੇ ਇਸ ਦਾ ਸਮਾਂ 2013 ਤੱਕ ਚਲਦਾ ਹੈ। ਇਹ ਕਹਾਣੀ ਹਾਲੇ ਵੀ ਚੱਲ ਰਹੀ ਹੈ। ਗਲੋਬਲਾਈਜ਼ੇਸ਼ਨ ਦੀ ਮੂੰਹ ਬੋਲਦੀ ਤਸਵੀਰ ਹੈ।

    ਗੁਰਦੀਪ ਸਿੰਘ ਭਮਰਾ
    “ਲੈ ਬਈ ਬਿਸ਼ਨੀਏ ਤੇਰਾ ਪੁੱਤਰ ਹੁਣ ਇੰਜਨੀਅਰ ਬਣ ਜਾਣੈ। ਤੇ ਤੂੰ ਬਣ ਜਾਣੈ ਇਂਜਨੀਅਰ ਦੀ ਮਾਂ।” ਰਾਮੇ ਨੇ ਬਾਹਰੋਂ ਆਉਂਦਿਆਂ ਕਿਹਾ।ਉਹ ਸਵੇਰੇ ਸਟੇਸ਼ਨ ਤੋਂ ਅਖ਼ਬਾਰ ਲੈ ਕੇ ਆਇਆ ਸੀ। ਸ਼ਹਿਰ ਦੇ ਸਟੇਸ਼ਨ ਤੋਂ ਅਖ਼ਬਾਰ ਖਰੀਦ ਕੇ ਲਿਆਉਣਾ ਉਸਦੀ ਸੱਭ ਤੋਂ ਵੱਡੀ ਕਮਜ਼ੋਰੀ ਸੀ।
    “ਹਲਾ ਵਧਾਈਆਂ ਫੇਰ ਤਾਂ, ਦਾਤੇ ਨੇ ਆਵਦੀ ਵੀ ਸੁਣ ਲਈ। ਸ਼ੁਕਰ ਹੈ ਬਾਜਾਂ ਵਾਲੇ ਦਾ। ਹਾਅ ਦਿਨ ਆ ਗਏ, ਕੰਨ ਤਾਂ ਜਮਾਂ ਹੀ ਤਰਸ ਗਏ ਸੀ ਇਹ ਗੱਲ ਸੁਣਨ ਲਈ।” ਬਿਸ਼ਨੀ ਆਪਣੇ ਗੋਹੇ ਨਾਲ ਲਿੱਬੜੇ ਹੱਥ ਪੂੰਝਦੀ ਉੱਠ ਖਲੋਤੀ, ਤੇ ਢਾਕਾਂ ਉਪਰ ਹੱਥ ਜਮਾਈ ਰਾਮੇ ਕੋਲ ਆ ਖਲੋਤੀ।
    “ਪਰ ਤੈਨੂੰ ਕਿਸ ਦੱਸਿਆ। ਕੋਈ ਅਕਾਸ਼ਬਾਣੀ ਆਈ ਹੈ?”
    “ਅਕਾਸ਼ਬਾਣੀ ਕਾਹਨੂੰ, ਆਹ ਦੇਖ ਤਾਂ ਅਖ਼ਬਾਰ ਲਿਆਇਆਂ, ਤੇ ਇਹਦੇ ਵਿੱਚ ਛਪਿਆ।”
    “ਫਿਰ ਤਾਂ ਤੂੰ ਵੀ ਬਣਜੇਂਗਾ ਇੰਜਨੀਅਰ ਦਾ ਪਿਉ।”
    “ਆਹੋ ਇੰਜਨੀਅਰ ਦਾ ਪਿਉ, ਘਰ ਕਦੇ ਪੇਚ ਨਹੀਂ ਕੱਸਿਆ, ਤੇ ਹੁਣ ‘ਕੱਠਾ ਹੀ ਇੰਜਨੀਅਰ ਦਾ ਪਿਉ।”  ਬਿਸ਼ਨਾ ਹੱਸਦਾ ਹੱਸਦਾ ਬੋਲਿਆ। ਉਸ ਨੇ ਨੇੜੇ ਹੀ ਨਿੰਮ ਹੇਠਾਂ ਪਿਆ ਮੰਜਾ ਖਿੱਚ ਲਿਆ ਤੇ ਸਿਰਹਾਣੇ ਪਰਨਾ ਸੁੱਟ ਕੇ ਬੈਠ ਗਿਆ।
    “ਸ਼ੁਕਰ ਹੈ ਦਾਤੇ ਨੇ ਜੋ ਇਹ ਦਿਨ ਦਿਖਾਇਆ। ਪਿੰਡ ਵਾਲੇ ਸੋਚਦੇ ਸੀ ਕਿ ਜ਼ਮੀਨ ਵੇਚ ਕੇ ਸ਼ਹਿਰ ਜਾ ਕੇ ਕੀ ਕਰੇਗਾ ਇਹ ਜੱਟ ਦਾ ਪੁੱਤ। ਸੁੰਦੇ ਸ਼ਾਹ ਹੀ ਨਹੀਂ ਸੀ ਮਾਣ, ਚਾਰ ਪੈਸੇ ਦੇਖ ਕੇ ਝੱਟ ਆ ਧਮਕਿਆ ਸੀ ਅਖੇ ਕੀ ਲੈਣਾ ਪੜ੍ਹਾਈਆਂ ਚੋਂ, ਜੇ ਜ਼ਮੀਨ ਵਿਕ ਗਈ ਹੈ ਤਾਂ ਕਿਹੜਾ ਮਾੜੀ ਗੱਲ ਹੈ, ਉਥੇ ਮਾਲਵੇ ਵਿੱਚ ਪਿੰਡਾਂ ਦੇ ਪਿੰਡ ਵਿਕਾਊ ਕੀਤੇ ਪਏ ਨੇ। ਕਰਜ਼ੇ ਨੇ ਕਦੇ ਕੁਝ ਵੀ ਨਹੀਂ ਸੀ ਪਿੜ ਪੱਲੇ ਪਾਇਆ ਜੱਟ ਦੇ। ਹੁਣ ਚਾਰ ਪੈਸੇ ਜੁੜ ਗਏ ਨੇ ਤਾਂ ਵਿਆਜ ਤੇ ਦੇ ਛੱਡ ਤੇ ਚੁੱਪ ਕਰਕੇ ਵਿਆਜ ਖਾਹ। ਕੀ ਲੈਣਾਂ ਪੜ੍ਹਾਈਆਂ ਚੋਂ, ਇਹਨਾਂ ਕਿਹੜਾ ਡਿਪਟੀ ਜਾ ਲੱਗਣੈ। ਹੁਣ ਦੱਸੂਂ ਜਾ ਕੇ ਦੇਖ ਮੇਰਾ ਪੁੱਤ ਡਿਪਟੀ ਤਾਂ ਨਹੀਂ ਪਰ ਇੰਜਨੀਅਰ ਜਰੂਰ ਬਣ ਗਿਐ। ਜੇ ਸੁੱਖ ਰਹੇ ਤਾਂ ਡਿਪਟੀ ਵੀ ਜਾ ਲੱਗੂ।”
    “ਪਰ ਇਹ ਗੱਲ ਤਾਂ ਤੂੰ ਮੈਨੂੰ ਦੱਸੀ ਹੀ ਨਹੀਂ ਸੀ?”
    “ਕੀ ਦੱਸਦਾ, ਮੈਂ ਸੋਚਿਆ ਦਿਲ ਭਾਰਾ ਕਰੇਂਗੀ। ਜ਼ਮੀਨ ਵੇਚ ਦੇਣੀ ਕੋਈ ਚੰਗੀ ਗੱਲ ਨ੍ਹੀ ਹੁੰਦੀ। ਸ਼ਰੀਕਾ ਭਾਈਚਾਰਾ ਪਹਿਲੋਂ ਹੀ ਸੌ ਸੌ ਤਰ੍ਹਾਂ ਦੀਆ ਗੱਲਾਂ ਕਰ ਰਿਹਾ ਸੀ। ਤੇ ਮੇਰੀ ਗੱਲ ਤਾਂ ਤੈਂ ਝੱਟ ਦਿਲ ‘ਤੇ ਲਾ ਲੈਣੀ ਸੀ।”
    ਰਾਮ ਸਿੰਘ ਦਾ ਇੱਕੋ ਇੱਕ ਪੁੱਤ ਮਸਾਂ ਮਸਾਂ ਜੰਮਿਆ, ਪਿਛਲੀ ਉਮਰੇ, ਲਾਡਾਂ ਨਾਲ ਪਾਲਿਆ। ਹਿੱਸੇ ਆਏ ਚਾਰ ਸਿਆੜਾਂ ਚੋਂ ਉਸ ਨੇ ਕਦੇ ਵੀ ਸੁੱਖ ਨਹੀਂ ਸੀ ਪਾਇਆ। ਕਦੇ ਸ਼ਾਹ ਦੀ ਪੂਰੀ ਨਹੀਂ ਸੀ ਪੈਂਦੀ ਤੇ ਕਦੇ ਬੈਂਕ ਵਾਲਿਆਂ ਆ ਧਮਕਣਾ। ਕਿਸ਼ਤ ਨਾ ਦੇ ਸਕਣ ਕਾਰਨ ਉਹ ਹਮੇਸ਼ਾਂ ਹੀ ਦੱਬਦਾ ਰਿਹਾ ਸੀ। ਉਸ ਦਾ ਹਾਲ ਵੀ ਉਸ ਪਸ਼ੂ ਵਾਂਗ ਸੀ ਜੋ ਗੱਡੇ ਅੱਗੇ ਜੁਤਿਆ ਹੋਇਆ ਦਿਨ ਰਾਤ ਦੌੜਦਾ ਸੀ ਤੇ ਹਮੇਸ਼ਾਂ ਹੀ ਦਾਬੂ ਰਹਿੰਦਾ ਸੀ।ਫਸਲ ਆੜ੍ਹਤੀ ਦੇ ਪੱਲੇ ਪਾ ਕੇ ਉਹ ਹਮੇਸ਼ਾ ਹੀ ਪੱਲਾ ਝਾੜ ਕੇ ਹੀ ਉੱਠਿਆ ਸੀ। ਅੰਨ ਦਾਤਾ ਹੋਣ ਦੇ ਬਾਵਜੂਦ ਉਸ ਨੂੰ ਆਪਣੇ ਮੰਗਤੇ ਹੋਣ ਦਾ ਅਹਿਸਾਸ ਹੁੰਦਾ ਰਹਿੰਦਾ ਸੀ।
    ਪੁੱਤਰ ਦੇ ਜਨਮ ਬਾਅਦ ਉਸ ਨੂੰ ਜਾਪਿਆ ਕਿ ਜਿਵੇਂ ਉਸ ਦੀ ਇੱਕ ਬਾਂਹ ਹੋਰ ਉੱਗ ਆਈ ਹੋਵੇ। ਉਦੌਂ ਸ਼ਰਾਬ ਦੇ ਬਿਨਾਂ ਵੀ ਉਹ ਸਰੂਰ ਵਿੱਚ ਰਹਿੰਦਾ। ਬਿਸ਼ਨੀ ਉਸਦੀ ਘਰ ਵਾਲੀ ਉਸ ਨੂੰ ਕਹਿੰਦੀ -
    -ਤੇਰਾ ਤਾਂ ਤੌਰ ਹੀ ਚੱਕਿਆ ਪਿਆ। ਮੁੰਡਾ ਕਾਹਦਾ ਜੰਮ ਪਿਆ, ਤੇਰੇ ਤਾਂ ਪੱਬ ਹੀ ਲੱਗਦੇ ਜ਼ਮੀਨ ਤੇ।
    -ਹੁਣ ਫਿਕਰ ਨਾ ਕਰ ਬਿਸ਼ਨੀਏ, ਆਪਾਂ ਹੁਣ ਜੱਗ ਤੇੱ ਕੱਲੇ ਨਹੀਂ ਰਹੇ। ਆਹ ਦੇਖ ਖਾਂ ਕੜੀ ਵਰਗਾ ਜੁਆਨ ਹੁਣ ਮੇਰੇ ਨਾਲ, ਅਸੀਂ ਜਿੱਥੇ ਗੋਡਾ  ਰੱਖ ਦਿਆਗੇਂ ਪਾਣੀ ਤਾਂ ਉਬਾਲੇ ਖਾਂਦਾ ਬਾਹਰ ਆ ਜਾਊ। ਹੁਣ ਨਹੀਂ ਕੰਨੌੜ ਝੱਲਣੀ ਕਿਸੇ ਦੀ। ਮਖ ਦੇਖੀਂ ਕਿਵੇਂ ਸੋਨੇ ‘ਚ ਮੜ੍ਹਾ ਦਿਆਂਗੇ ਤੈਨੂੰ, ਖੁੰਬ ਵਰਗੀ ਨੂੰ।
    ਤੇ ਬਿਸ਼ਨੀ ਚੁੰਨੀ ਦੇ ਪੱਲੇ ਨੂੰ ਦੰਦਾਂ ਵਿੱਚ ਦਬਾਈ ਮੁਸਕਰਾ ਕੇ ਕਮਰੇ ਚੋਂ ਬਾਹਰ ਹੋ ਜਾਂਦੀ। ਉਂਜ ਕਦੇ ਸੋਨੇ ਦੀ ਤਾਂ ਕੀ ਚਾਂਦੀ ਦੀ ਤੀਲੀ ਵੀ ਨਹੀਂ ਸੀ ਜੁੜੀ ਉਸ ਨੂੰ। ਕੱਲਾ ਰਾਮਾ ਹੱਡ ਭੰਨਵੀਂ ਮਿਹਨਤ ਕਰਦਾ ਤੇ ਉਧਰ ਉਹ ਪਸ਼ੂਆਂ ਨਾਲ ਪਸ਼ੂ ਬਣੀ ਰਹਿੰਦੀ। ਜੁਆਨੀ ਤਾਂ ਉਸ ਦੀ ਗੋਹੇ ਵਿੱਚ ਹੀ ਪੱਥੀ ਗਈ ਜਾਪਦੀ ਸੀ।
    ਜਦੋਂ ਚਾਰੋਂ ਪਾਸੇ ਕੋਈ ਹੀਲਾ ਨਾ ਚੱਲਿਆ ਤਾਂ ਉਹਨਾਂ ਮੁੰਡੇ ਨੂੰ ਬੜੇ ਚਾਅ ਨਾਲ ਪੜ੍ਹਣ ਲਾ ਦਿੱਤਾ। ਪਿੰਡ ਵਿੱਚ ਨਵਾਂ ਨਵਾਂ ਅੰਗਰੇਜੀ ਸਕੂਲ ਖੁੱਲ੍ਹਿਆ ਸੀ। ਸ਼ਹਿਰੋਂ ਆ ਕੇ ਬੰਤੋਂ ਦੇ ਪ੍ਰਾਹੁਣੇ ਨੇ ਸਕੂਲ ਦਾ ਬੋਰਡ ਲਾ ਦਿੱਤਾ ਸੀ। ਅੰਗਰੇਜੀ ਸਕੂਲ, ਤੇ ਬੰਤੋ ਖੁਦ ਉਹਨਾਂ ਦੇ ਘਰ ਜੀਤੇ ਨੂੰ ਲੈਣ ਆਈ ਸੀ।
    “ਵੇ ਜੀਤਿਆ ਬਾਹਰ ਆ ਵੇ, ਤੇਰੀ ਗੰਨੇਰੀਆਂ ਵਾਲੀ ਭੂਆ ਆਈ ਹੈ।”
    ਜੀਤਾ ਦੌੜ ਕੇ ਬਾਹਰ ਆ ਗਿਆ, ਖੁਲ੍ਹਾ ਜੂੜਾ, ਮੈਲ਼ਾ ਝੱਗਾ, ਤੇ ਮਿੱਟੀ ਨਾਲ ਲਿਬੜੇ ਹੱਥ, “ਕਿੱਥੇ ਆ ਗੰਨੇਰੀਆਂ ਭੂਆ।” ਉਸ ਨੇ ਭੂਆ ਕੋਲ ਆਉਂਦਿਆਂ ਹੀ ਪੁੱਛਿਆ।
    “ਦਿੰਨੀਆਂ ਗੰਨੇਰੀਆਂ, ਠਹਿਰ ਜਾ, ਮੈਂ ਤਾਂ ਤੈਨੂੰ ਲੈਣ ਆਈ ਆਂ, ਆਪਣੇ ਪ੍ਰਾਹੁਣੇ ਨੇ ਸਕੂਲ ਖੋਲ੍ਹਿਆ ਹੈ ਪਿੰਡ ਵਿੱਚ ਅੰਬਰ ਸਰੋਂ ਪੜ੍ਹ ਕੇ ਆਇਐ, ਇੱਥੇ ਪਿੰਡ ਵਿੱਚ ਹੀ ਰਹੂ ਤੇ ਨਾਲੇ ਵੀਰੋ ਵੀ ਤੇ ਦੋਵੇਂ ਰਲ ਕੇ ਸਕੂਲ ਵਿੱਚ ਜੁਆਕਾਂ ਨੂੰ ਪੜ੍ਹਾਉਣਗੇ। ਸਰਕਾਰੀ ਸਕੂਲਾਂ ਵਿੱਚ ਤਾਂ ਮਾਸਟਰ ਤੱਪੜ ਝਾੜਣ ਹੀ ਲਾਈ ਰੱਖਦੇ ਆ। ਇੱਥੇ ਅੰਗਰੇਜੀ ਸਕੂਲ ਖੋਲ੍ਹ ਦਿੱਤਾ ਆ, ਨੂਰੇ ਦੀ ਹਵੇਲੀ ਵਿੱਚ ਮੁਰਗ਼ੀ ਖਾਨੇ ਵਾਲੇ ਕਮਰੇ ਸਾਫ਼ ਕਰਾ ਦਿੱਤੇ ਨੇ।” ਉਹ ਇੱਕੋ ਸਾਹੇ ਕਿੰਨਾ ਕੁਝ ਹੀ ਬੋਲ ਗਈ ਸੀ।
    “ਆਹੋ ਬੰਤੀਏ ਪਹਿਲਾਂ ਮੁਰਗ਼ੀਆਂ ਆਂਡੇ ਦਿੰਦੀਆ ਸੀ ਤੇ ਹੁਣ ਇਹ ਜੁਆਕ ਦਿਆ ਕਰਨਗੇ। ਉਂਜ ਵੀ ਸੌਦਾ ਮਹਿੰਗਾ ਨਹੀਂ। ਸਰਕਾਰੀ ਨੌਕਰੀ ਮਿਲਦੀ ਨਹੀਂ ਤੇ ਹੁਣ ਮਿਲ ਜੂਗੀ ਮੁਫ਼ਤ ਦੀ ਮਾਸਟਰੀ।” ਰਾਮੇ ਨੇ ਬਾਹਰੋਂ ਆਉਂਦਿਆਂ ਕਿਹਾ।
    “ਤੇਰੀ ਤਾਂ ਆਦਤ ਨਹੀਂ ਬਦਲੀ ਮਜਾਖਾਂ ਕਰਨ ਦੀ।ਵੇ ਵੀਰਾ, ਕੋਈ ਭਲਾ ਹੀ ਕਰਨਗੇ ਦੋਵੇਂ ਜੀਅ, ਵੀਰੋ ਉੱਥੇ ਸਕੂਲ ਵਿੱਚ ਪੜ੍ਹਾਉਂਦੀ ਸੀ, ਬਥੇਰਾ ਕੁਝ ਜਾਣਦੀ ਹੈ। ਨਾਲੇ ਇਹ ਜੁਆਕਾਂ ਤਾਂ ਗਲੀਆ ਵਿੱਚ ਪਸ਼ੂਆਂ ਪਿੱਛੇ ਖੁਰ ਵੱਡਦੇ ਪਏ ਨੇ ਕਿਸੇ ਬਿਲੇ ਤਾਂ ਲੱਗਣਗੇ।” ਉਂਜ ਉਹ ਬੰਂਤੀ ਦੀ ਗੱਲ ਨਾਲ ਸਹਿਮਤ ਸੀ। ਸ਼ਹਿਰ ਭੇਜਦੇ ਤਾਂ ਜੀਤੇ ਦਾ ਖਰਚਾ ਉਸ ਲਈ ਬਾਹਰਾ ਸੀ, ਤੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਉਹ ਦੇਖ ਹੀ ਲੈਂਦਾ ਸੀ। ਇਸ ਲਈ ਇਹ ਸਕੂਲ ਵੀ ਜੀਤੇ ਦੀ ਕਿਸਮਤ ਦੇ ਆਕਾਸ਼ ਉਪਰ ਪਹਿਲਾ ਸਿਤਾਰਾ ਸੀ।
    “ਚੱਲ ਬਈ ਜੀਤਿਆ ਵੱਟ ਲੈ ਤਿਆਰੀਆ ਵਈ, ਹੁਣ ਖੇਡਣ ਦੇ ਦਿਨ ਤਾਂ ਹੋਗੇ ਪੂਰੇ ਤੇਰੇ।” ਰਾਮਾ ਹੱਸ ਕੇ ਬੋਲਿਆ।
    “ਨਾ ਜੀ ਹੁਣ ਇਸ ਨੂੰ ਜੀਤਾ ਨਹੀਂ ਕਹਿਣਾ, ਇਸ ਦਾ ਪੂਰਾ ਨਾਂ ਲੈਣਾ ਏ, ਜੀਤਿਆ ਹੁਣ ਤੇਰਾ ਨਾਂ ਹੋਵੇਗਾ, ‘ਅਜੀਤ ਪਾਲ ਸਿੰਘ’, ਕਿਉਂ ਮਾਮਾ ਜੀ ਠੀਕ ਏ ਨਾ। ਆਪਾਂ ਇਹਨੂੰ ਅਜੀਤ ਪਾਲ ਸਿੰਘ ਆਖਿਆ ਕਰਾਂਗੇ।”
    “ਹਲਾ, ਸ਼ੇਰਾ ਤੂੰ ਤਾਂ ਆਉਂਦਿਆ ਹੀ ਬਦਲ ਦਿੱਤਾ ਏ ਇਸ ਨੂੰ।” ਆਪਣੇ ਨਵੇਂ ਬਣੇ ਮਾਸਟਰ ਤੋਂ ਮਿੱਠੀਆਂ ਗੋਲੀਆ ਲੈ ਕੇ ਜੀਤਾ ਉਸਦੀ ਗੋਦੀ ਵਿੱਚ ਜਾ ਬੈਠਿਆ ਸੀ। ਗੱਲ ਨਿਬੜ ਗਈ ਤੇ ਅਗਲੀ ਸਵੇਰ ਰਾਮਾ ਆਪਣੇ ਮੁੰਡੇ ਨੂੰ ਕੰਧਾੜੇ ਚੁੱਕੀ ਉਸ ਦੇ ਨੂਰੇ ਕੀ ਹਵੇਲੀ ਵੱਲ ਜਾ ਰਿਹਾ ਸੀ।
    ਥੋੜੇ ਦਿਨਾਂ ਵਿੱਚ ਹੀ ਜੀਤਾ ਹੁਣ ਅਜੀਤਪਾਲ ਬਣ ਗਿਆ। ਨਵੀਂ ਨਿਕੋਰ ਸਕੂਲ ਦੀ ਵਰਦੀ ਉਪਰੋਂ ਟਾਈ ਲਾਈ ਉਹ ਕਾਲੇ ਬੂਟ ਚਿੱਟੀਆ ਜੁਰਾਬਾਂ ਵਿੱਚ ਠੁਮ ਠੁਮਕ ਸਕੂਲ ਜਾਂਦਾ ਬਹੁਤਾ ਹੀ ਸੁਹਣਾ ਲਗੱਦਾ। ਬੱਚੇ ਉਸਦੀ ਟਾਈ ਨੂੰ ਹੱਥ ਲਾ ਲਾ ਕੇ ਪੁੱਛਦੇ, ‘ਵੇ ਜੀਤ ਸਿੰਹਾਂ ਹਾਅ ਕੀ ਏ’, ਉਹ ਆਖ ਦਿੰਦਾ ‘ਟਾਈ’ ਤਾਂ ਬੱਚੇ ਉਸ ਨੂੰ ਛੇੜਦੇ, ਬਈ ਇਹ ਜੀਤੇ ਦੀ ਤਾਈ ਹੈ। ਫਿਰ ਤਾਇਆ ਕਿੱਥੇ ਹੈ?’ ਜੀਤੇ ਨੂੰ ਕੋਈ ਜੁਆਬ ਨਾ ਅਹੁੜਦਾ ਤਾਂ ਉਹ ਰੋਣ ਲੱਗ ਜਾਂਦਾ। ਇੰਜ ਰੋਂਦੇ ਹੱਸਦੇ, ਖੇਡਦੇ ਚਿੜ੍ਹਦੇ ਜੀਤੇ ਨੇ ਪੰਜ ਜਮਾਤਾਂ ਪਾਸ ਕਰ ਲਈਆਂ।
    “ਮਾਮਾ ਜੀ ਜੁਣ ਇਸ ਨੂੰ ਸ਼ਹਿਰ ਪੜ੍ਹਣ ਲਾ ਦਿਓ। ਬੜਾ ਹੁਸ਼ਿਆਰ ਹੈ, ਤੁਹਾਡਾ ਬੇਟਾ।” ਉਸ ਦੇ ਪ੍ਰਿੰਸੀਪਲ ਦੀ ਗੱਲ ਸੁਣਕੇ ਰਾਮਾ ਇੱਕ ਵਾਰ ਤਾਂ ਘਬਰਾ ਗਿਆ। ਸ਼ਹਿਰ ਉਸਦੀ ਵਾਹ ਤੋਂ ਪਰੇ ਸੀ। ਸ਼ਹਿਰ ਦੇ ਖਰਚੇ ਹੀ ਬਹੁਤ ਸਨ। ਵੀਹ ਮੀਲ ਦੂਰ ਸ਼ਹਿਰ ਲਈ ਸਾਧਨ ਤੋਂ ਬਗ਼ੈਰ ਤਾਂ ਪੜ੍ਹਿਆ ਨਹੀਂ ਸੀ ਜਾ ਸਕਦਾ।
    “ਭਲਾ ਮਾਸਟਰ ਜੀ ਆਪਾਂ ਏਦੂਂ ਅਗਲੀਆਂ ਜਮਾਤਾਂ ਕਿਉਂ ਨਹੀਂ ਵਧਾ ਲੈਂਦੇ। ਨਾਲੇ ਬੱਚੇ ਬਾਹਰ ਨਾ ਜਾਣ ਤੇ ਨਾ ਨਾਲੇ ਚਾਰੇ ਛਿੱਲੜ ਥੋਨੂੰ ਵੀ ਵੱਧ ਬਣ ਜਾਣ।” ਰਾਮੇ ਨੇ ਗੱਲ ਹਿਲਾਈ।
    “ਨਹੀਂ ਮਾਮਾ ਜੀ, ਅਗਲੀਆ ਜਮਾਤਾਂ ਲਈ ਬੱਚਿਆਂ ਨੂੰ ਸ਼ਹਿਰ ਹੀ ਜਾਣਾ ਪੈਂਦਾ ਹੈ। ਸਾਡੀ ਵਾਹ ਤਾਂ ਇੱਥੇ ਤੱਕ ਹੀ ਹੈ।” ਮਾਸਟਰ ਨੇ ਕੋਰਾ ਜੁਆਬ ਦੇ ਦਿੱਤਾ।
    “ਹਾਏ ਹੁਣ ਆਪਣੇ ਅਜੀਤ ਸੁੰਹ ਨੂੰ ਸ਼ਹਿਰ ਜਾਣਾ ਪਊ?” ਬਿਸ਼ਨੀ ਨੇ ਜਦੋਂ ਇਹ ਗੱਲ ਸੁਣੀ ਤਾਂ ਉਸ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਪਰ ਹੋਰ ਕੋਈ ਚਾਰਾ ਨਹੀਂ ਸੀ। ਇੱਕੋ ਇੱਕ ਮੁੰਡਾ ਹੋਣ ਕਰਕੇ ਰਾਮੇ ਲਈ ਖਰਚੇ ਤੋਂ ਪਿੱਛੇ ਹਟਣਾ ਬਹੁਤ ਮੁਸ਼ਕਲ ਸੀ। ਇਹ ਤਾਂ ਉਹੀ ਜਾਣਦਾ ਸੀ ਕਿ ਉਹ ਕਿੱਦਾਂ ਘਰ ਦਾ ਆਹਰ ਪਾਹਰ ਕਰ ਰਿਹਾ ਸੀ। ਨੰਬਰਦਾਰਾਂ ਦੇ ਮੁੰਡੇ ਕੁੜੀਆਂ ਸ਼ਹਿਰ ਜਾਂਦੇ ਸਨ ਪੜ੍ਹਣ ਵਾਸਤੇ, ਸ਼ਾਮੀਂ ਰਾਮਾ ਨੰਬਰਦਾਰ ਦੇ ਦੁਆਲੇ ਹੋ ਗਿਆ।
    “ਆ ਬਈ ਚਾਚਾ ਰਾਮ ਸਿੰਹਾਂ, ਕਿਧਰ, ਮ੍ਹੈਸ ਪਰਵਾਰ ਠੀਕ ਠਾਕ ਤਾਂ ਹੈ ਨਾ?”
    “ਆਹੋ ਭਤੀਜ, ਸੱਭ ਠੀਕ ਠਾਕ ਹੈ। ਅੱਜ ਮੈਂ ਕਿਸੇ ਗਰਜ ਨਾਲ ਨਹੀਂ ਆਇਆ।” ਰਾਮੇ ਨੇ ਬੇਝਿਜਕ ਹੋ ਕੇ ਕਿਹਾ।
“ਮੈਂ ਤਾਂ ਤੇਰੇ ਨਾਲ ਇੱਕ ਸਲਾਹ ਕਰਨ ਆਇਆਂ। ਭਲਾ ਪ੍ਰੀਤੂ ਹੋਰੀਂ ਕਿਹੜੇ ਸਕੂਲ ਵਿੱਚ ਜਾਂਦੇ ਨੇ ਸ਼ਹਿਰ ਵਿੱਚ?”
“ਕਿਉਂ ਚਾਚਾ ਸ਼ਹਿਰ ਭੇਜਣੈ ਜੀਤੇ ਨੂੰ?”
“ਆਹੋ, ਸੋਚਦੇ ਪਏ ਹਾਂ, ਕੀ ਖਰਚਾ ਵਰਚਾ ਆ ਜਾਦੈਂ?”
“ਖਰਚਾ-ਵਰਚਾ ਕੁਝ ਨਾ ਪੁੱਛ, ਬੁੱਕਾਂ ਦੇ ਬੁੱਕ ਰੁਪਈਏ ਲੱਗ ਜਾਂਦੇ ਐ। ਜੋ ਕਮਾਈਦਾ ਸਾਰਾ ਕੁਝ ਤਿਲ ਤਿਲ ਕਰਕੇ  ਲੈ ਜਾਂਦੇ ਨੇ। ਕੁਝ ਸਕੂਲ ਵਾਲੇ ਤੇ ਕੁਝ ਆਹ ਵੈਨ ਵਾਲੇ। ਇਹ ਤਾਂ ਬੱਸ ਖਾਣ ਪੀਣ ਬਾਹਰੋਂ ਬਾਹਰ ਸਰੀ ਜਾਂਦੈ, ਘਰ ਦੀ ਜ਼ਮੀਨ ਇਸੇ ਕਰਕੇ। ਉੇਹ ਜਾਣੇ, ਚਰਨੋਂ ਕਹਿੰਦੀ ਹੈ ਕਿ ਵੀਰਾ ਇੱਕ ਵਾਰ ਪੜ੍ਹਾ ਦੇ ਕਨੇਡੇ ਮੈਂ ਲੈ ਜਾਊਂ ਫਿਰ ਸਾਰੀ ਉਮਰ ਸੁੱਖ ਭੋਗੋਗੇਂ।”
“ਹਲਾ ਚਰਨੋਂ ਕੋਲ ਭੇਜਣ ਲਈ ਪੜ੍ਹਾ ਰਹੇ ਹੋਂ। ਆਪਣੀ ਜ਼ਮੀਨ ਕਾਹਦੇ ਵਾਸਤੇ ਹੈ?”
“ਚਾਚਾ ਜ਼ਮੀਨ ਸਹੁਰੀ ਨਾਲ ਕੁਝ ਨਹੀਂ ਬਣਦਾ। ਬੰਕ ਦੀਆਂ ਕਿਸ਼ਤਾ ਹੀ ਮੋੜਣੀਆਂ ਮੁਸ਼ਕਲ ਹੋ ਜਾਂਦੀਆ ਨੇ।ਆਹ ਚਾਰ ਕਿੱਲੇ ਨਹਿਰ ਵਾਲੇ ਤਾਂ ਠੇਕੇ ਉਪਰ ਹੀ ਰਹਿੰਦੇ ਆ, ਤੇ ਉਹੋ ਪੈਸੇ ਬੰਕ ਦੀਆਂ ਕਿਸ਼ਤਾਂ ਵਿੱਚ ਚਲੇ ਜਾਂਦੇ ਨੇ ਬਾਹਰੋਂ ਬਾਹਰ, ਤੇ ਬਾਕੀ ਚਾਰ ਕਿੱਲੇ ਕਮਾਈ ਵਾਸਤੇ ਨੇ। ਕੁਝ ਨਾ ਪੁੱਛ ਕਿਵੇਂ ਜੱਟ ਦਿਨਾਂ ਨੂੰ ਧੱਕਾ ਦੇ ਰਿਹਾ ਹੈ। ਤੇ ਭਲਾ ਤੂੰ ਦੱਸ ਇਹ ਕਿਹੜੇ ਪਚੜੇ ਵਿੱਚ ਫਸ ਗਿਐਂ। ਜਿੰਨਾ ਨਾਹ ਲਿਆ ਓਨਾ ਹੀ ਬਹੁਤ ਹੈ ਲਾਹਾ ਵਗਦੀ ਗੰਗਾ ਦਾ, ਜਿੰਨਾ ਪੜ੍ਹ ਲਿਆ ਓਨਾ ਹੀ ਚੰਗਾ, ਲਾ ਦੇ ਜੀਤੇ ਨੂੰ ਵੀ ਵੱਗ ਦੇ ਮਗ਼ਰ ਵਾਗੀ ਦਾ ਖਰਚਾ ਤਾਂ ਬਚਾ।”
    “ਓ ਨਹੀਂ ਭਤੀਜ, ਗੱਲ ਤਾਂ ਤੇਰੀ ਵੀ ਠੀਕ ਆ, ਪਰ ਮਨ ਨਹੀਂ ਮੰਨਦਾ, ਇੱਕੋ ਇੱਕ ਮੁੰਡਾ, ਮਿੱਟੀ ਵਿੱਚ ਰੋਲਣ ਨੂੰ ਜੀਅ ਨਹੀਂ ਕਰਦਾ। ਵਾਹ ਰਹੀ ਤਾਂ ਸ਼ਹਿਰ ਤਾਂ ਭੇਜਾਂਗੇ ਹੀ। ਤੂੰ ਦੱਸ ਪਈ ਕੀ ਖਰਚਾ ਆਉਂਦਾ ਹੈ?”
ਨੰਬਰਦਾਰ ਨੇ ਇੱਕ ਹਉਕਾ ਲਿਆ, ਰਾਮੇ ਵੱਲ ਨੀਝ ਲਾ ਕੇ ਦੇਖਿਆ, ਤੇ ਫਿਰ ਸਾਰਾ ਖਰਚਾ ਗਿਣਾ ਦਿੱਤਾ; ਇੰਨੇ ਸਕੂਲ ਦੇ, ਇੰਨੇ ਕਿਤਾਬਾਂ ਦੇ ਇੰਨੇ ਕਾਪੀਆ ਦੇ, ਇੰਨੇ ਵਰਦੀ ਦੇ, ਤੇ ਇੰਨੇ ਸਕੂਲ ਦੀ ਬੱਸ ਦੇ। ਕੁਲ ਮਿਲਾ ਕੇ ਪੰਜਾਹ ਹਜ਼ਾਰ ਦਾ ਕਰਚਾ ਜੋੜ ਲਿਆ। ਰਾਮਾ ਸੁਣਦਾ ਜਾ ਰਿਹਾ ਸੀ ਤੇ ਉਸ ਦਾ ਦਿਲ ਘਟਦਾ ਜਾ ਰਿਹਾ ਸੀ। ਇੰਨਾ ਖਰਚਾ ਉਹ ਕਿਵੇਂ ਦੇਵੇਗਾ। ਪਰ ਫਿਰ ਇੱਕ ਸੋਚ ਨਾਲ ਬਿਸ਼ਨੀ ਨਾਲ ਸਲਾਹ ਕਰਨ ਵਾਸਤੇ ਉਹ ਸਾਰਾ ਕੁਝ ਸਮਝ ਕੇ ਘਰ ਆ ਗਿਆ।
    “ਹਾਏ ਮੈਂ ਮਰਜਾਂ, ਏਨਾ ਖਰਚਾ? ਕਿੱਦਾਂ ਪੂਰੀ ਪਊ? ਆਪਾਂ ਤਾਂ ਹਾਂ ਹੀ ਇੱਕਲੇ, ਨਾ ਕੋਈ ਹੋਰ ਕੰਮ ਕਾਰ ਨਾ ਆਹਰ ਪਾਹਰ, ਲੈ ਕੇ ਚਾਰ ਸਿਆੜ ਰਹਿ ਗਏ ਨੇ ਬਾਪੂ ਦੀ ਪੈਲ਼ੀ ਚੋਂ।” 
    “ਪਈ ਬਿਸ਼ਨੀਏ, ਮੁੰਡਾ ਤਾਂ ਪੜ੍ਹਾਉਣਾ ਹੀ ਪਊ। ਹੁਣ ਨਿਕਲੇ ਹਾਂ ਤਾਂ ਘਰ ਨਹੀਂ ਬੈਠ ਸਕਦੇ ਨਾ।” ਬਿਸ਼ਨੀ
    “ਫਿਰ ਕੀ ਸਲਾਹ ਹੈ?”
    “ਸਲਾਹ ਕੀ ਹੈ, ਕੱਲ ਆਪਣਾ ਅਜੀਤ ਸਿਹੁੰ ਵੀ ਜਾਊਗਾ ਸ਼ਹਿਰ ਨੰਬਰਦਾਰਾਂ ਦੇ ਮੁਡਿਆਂ ਨਾਲ ਬੱਸ ਵਿੱਚ ਬਹਿ ਕੇ। ਦੇਖੀ ਜਾਊ, ਕੲੌ ਪਰਲੋ ਤਾਂ ਨਹੀਂ ਆ ਜਾਂਦੀ। ਬੱਚੇ ਪੜ੍ਹ ਜਾਣ ਤਾਂ ਕੁੱਲ ਬਦਲ ਜਾਂਦੀ ਹੈ, ਉਹ ਜਾਣੇ ਆਪਣੀ ਜੂਨ ਤਾਂ ਗਈ। ਹੁਣ ਅੱਗਾ ਹੀ ਸੰਵਾਰ ਲਈਏ।”
ਅਗਲੇ ਦਿਨ ਰਾਮੇ ਨੇ ਸ਼ਹਿਰ ਜਾ ਕੇ ਮੁੰਦੇ ਦਾ ਦਾਖ਼ਲਾ ਕਰਵਾ ਲਿਆ। ਵਰਦੀ ਵੀ ਖਰੀਦ ਲਈ, ਕਿਤਾਬਾਂ, ਕਿਤਾਬਾਂ ਵਾਲਾ ਬਸਤਾ, ਨਵਾਂ ਸਕੂਲ, ਨਵੇਂ ਚਾਅ ਤੇ ਹੋਰ ਕਿੰਨਾ ਕੁਝ ਲੈ ਕੇ ਉਹ ਘਰ ਪਰਤਿਆ। ਬਿਸ਼ਨੀ ਹਰ ਚੀਜ਼ ਨੂੰ ਹੱਥ ਲਾ ਲਾ ਵੇਖੇ, ਰਾਮਾ ਨਵੇਂ ਬਣੇ ਦੁਕਾਨਦਾਰ ਵਾਂਗ ਫਟਾਫਟ ਉਹਨਾਂ ਦੀ ਕੀਮਤ ਦੱਸੀ ਜਾਵੇ। ਉਹ ਇੱਕ ਸੁਪਨਾ ਖਰੀਦ ਰਹੇ ਸਨ। ਸੁਪਨਾ ਜੋ ਸ਼ਾਇਦ ਛਿਨ ਭੰਗਰ ਦਾ ਹੋਵੇ।
    ਪਹਿਲੇ ਮਹੀਨੇ, ਰਾਮੇ ਨੂੰ ਸਕੂਲ ਵਾਲਿਆਂ ਬੁਲਾਇਆ। ਉਹ ਬੜੀ ਸੁਹਣੀ ਪੋਚਵੀਂ ਪੱਗ ਬੰਨ੍ਹ ਕੇ ਗਿਆ, ਪੂਰਾ ਸਰਦਾਰ ਬਣ ਕੇ, ਪਰ ਉਹਨਾਂ ਅੱਗੋਂ ਹੋਰ ਹੀ ਨਵਾਂ ਪਚੜਾ ਪਾ ਦਿੱਤਾ। ਜੀਤਾ ਪੜ੍ਹਣ ਵਿੱਚ ਤਾਂ ਚੰਗਾ ਸੀ ਪਰ  ਇਸ ਸਕੂਲ ਦੇ ਮੁਤਾਬਕ ਉਹ ਬੜਾ ਕਮਜ਼ੋਰਾ ਸੀ। ਇਸ ਲਈ ਉਸ ਨੂੰ ਟਿਊਸ਼ਨ ਦੀ ਲੋੜ ਸੀ। ਟਿਊਸ਼ਨ ਪਿੰਡ ਵਿੱਚ ਤਾਂ ਮਿਲ ਨਹੀਂ ਸੀ ਸਕਦੀ, ਇਸ ਲਈ ਸ਼ਹਿਰ ਵਿੱਚ ਹੀ ਕੋਈ ਇੰਤਜ਼ਾਮ ਕਰਨਾ ਲਈ ਕਿਹਾ ਗਿਆ। ਰਾਮੇ ਨੇ ਇੱਕ ਮਾਸਟਰ ਦੀ ਮਿੰਨਤ ਕੀਤੀ ਤਾਂ ਉਹ ਸ਼ਾਮ ਨੂੰ ਦੋ ਘੰਟੇ ਲਾਉਣੇ ਮੰਨ ਗਿਆ। ਰਾਮਾ ਉਸ ਲਈ ਉਸ ਦਾ ਬੜਾ ਸ਼ੁਕਰਗੁਜ਼ਾਰ ਸੀ। ਬੱਸ ਵਾਲੇ ਕਹਿਣ ਕਿ ਅਸੀਂ ਜੀਤੇ ਲਈ ਵੱਖਰਾ ਚੱਕਰ ਨਹੀਂ ਲਾ ਸਕਦੇ। ਸੋ ਹਰ ਰੋਜ਼ ਸਾਮ ਨੂੰ ਪੜ੍ਹ ਕੇ ਪਿੰਡ ਵਾਸਤੇ ਆਉਂਦੀ ਮਿੰਨੀ ਬੱਸ ਦਾ ਪ੍ਰਬੰਧ ਕਰਨਾ ਪਿਆ। ਖਰਚਾ ਹੋਰ ਵੱਧ ਗਿਆ। ਟਿਊਸ਼ਨ ਵਾਲਾ ਚੰਗੀ ਤਰਹਾਂ ਪੜ੍ਹਾਵੇ ਇਸ ਲਈ ਉਸ ਨੇ ਜੀਤੇ ਹੱਥ ਦਧ ਭੇਜਣਾ ਸ਼ੁਰੂ ਕਰ ਦਿੱਤਾ। ਉਹ ਜਾਣਦਾ ਸੀ ਪਿੰਡ ਦਾ ਦੁੱਧ ਸ਼ਹਿਰ ਵਿੱਚ ਰਹਿਣ ਵਾਲੇ ਦੀ ਕਮਜ਼ੋਰੀ ਹੁੰਦਾ ਹੈ। ਸੋ ਜੀਤਾ ਸਵੇਰੇ ਦੁੱਧ ਦੀ ਛੋਟੀ ਜਿਹੀ ਡਰੰਮੀ ਲੈ ਕੇ ਬੱਸ ਵਿੱਚ ਜਾਂਦਾ। ਉਸ ਦੇ ਬਾਰੇ ਬਸਤੇ ਨਾਲ ਤਿੰਨ ਕਿਲੋ ਦਾ ਭਾਰ ਹੋਰ ਜੁੜ ਗਿਆ। ਕਿੰਨਾ ਬੋਝ ਪੈ ਗਿਆ ਸੀ ਵਿਚਾਰੇ ਅਲੂੲਂੇਂ ਜਿਹੇ ਮੁੰਡੇ ‘ਤੇ। ਬਿਸ਼ਨੀ ਦੁੱਧ ਪਿਆਉਂਦੀ, ਘਿਉ ਖੁਆਉਂਦੀ ਤਾਂ ਕਿ ਮੁੰਡਾ ਇਸ ਬੋਝ ਨੂੰ ਚੁੱਕ ਸਕੇ।
    ਸਰਦੀਆਂ ਵਿੱਚ ਜਦੋਂ ਜੀਤਾ ਘਰੋਂ ਮੂੰਹ ਹਨੇਰੇ ਹੀ ਘਰੋਂ ਨਿਕਲ ਜਾਂਦਾ। ਬੱਸ ਵਾਲੇ ਪੰਜ ਵਜੇ ਆ ਕੇ ਪਿੰਡ ਵਿੱਚ ਹਾਰਨ ਮਾਰ ਦਿੰਦੇ। ਸਾਰਾ ਦਿਨ ਸ਼ਹਿਰ ਰਹਿ ਕੇ ਘਰ ਪਰਤਦੇ ਨੂੰ ਦੇਖ ਕੇ ਬਿਸ਼ਨੀ ਹਉਕੇ ਭਰਦੀ। ਪਿੰਡ ਵਿੱਚ ਜੀਤੇ ਦੇ ਹਾਣਦੇ ਮੁੰਡੇ ਖੇਡਦੇ ਦੇਖ ਕੇ ਉਸ ਦਾ ਰੁੱਗ ਭਰਿਆ ਜਾਂਦਾ ਹੈ। ਉਹ ਸੋਚਦੀ ਕਿਹੋ ਜਿਹੀਆ ਪੜ੍ਹਾਈਆ ਆ ਗਈਆ ਨੇ ਖਾਣ ਖੇਡਣ ਦੇ ਦਿਨ ਨੇ ਇਹ ਵਿਚਾਰੇ ਬਸਤਿਆਂ ਦਾ ਭਾਰ ਢੋਅ ਰਹੇ ਨੇ। ਭਰ ਸਰਦੀ ਦੇਖ ਕੇ ਰਾਮੇ ਤੋਂ ਰਿਹਾ ਨਾ ਗਿਆ, ਉਸ ਨੇ ਬਿਸ਼ਨੀ ਨਾਲ ਸਲਾਹ ਕੀਤੇ ਬਿਨਾਂ ਹੀ ਸ਼ਹਿਰ ਜਾ ਕੇ ਆਪਣੇ ਲਈ ਇੱਕ ਕਮਰਾ ਦੇਖ ਆਇਆ। ਸਕੂਲ ਦੇ ਨੇੜੇ ਹੀ ਬਾਹਰਲੀ ਬਸਤੀ ਵਿੱਚ ਇੱਕ ਕਮਰਾ ਮਿਲ ਗਿਆ। ਬਿਸ਼ਨੀ ਨੇ ਜਦੋਂ ਸੁਣਿਆ ਤਾਂ ਹੈਰਾਨ ਰਹਿ ਗਈ।
    “ਤੇਰਾ ਡਮਾਕ ਖਰਾਬ ਹੋ ਗਿਆ? ਪਿੰਡ ਛੱਡ ਕੇ ਕਿੱਥੇ ਜਾਵਾਂਗੇ। ਪਿਊ ਦਾਦੇ ਦੀ ਬਹਿਕ, ਜੱਦੀ ਜ਼ਮੀਨ, ਤੇ ਹੁਣ  ਸ਼ਹਿਰ ਜਾ ਕੇ ਬਹਿ ਰਵ੍ਹਾਗੇਂ। ਕੌਈ ਨੌਕਰੀ ਮਿਲ ਗਈ ਹੈ ਤੈਨੂੰ ਜਾਂ ਸਰਪੰਚੀ। ਕਿਉਂ ਤੂੰ ਹੁਣ ਬੁੱਢੇ ਵਾਰੇ ਸ਼ਹਿਰ ਵਿੱਚ ਹੱਡ ਰੋਲਣੇ ਮੰਨ ਗਿਐਂ।”
    “ਓ ਗੁੱਸਾ ਨਹੀਂ ਕਰੀਦਾ, ਭਲੀਏ ਲੋਕੇ, ਹੁਣ ਓਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਤੋਂ ਕਾਹਦਾ ਭੱਜਣਾ, ਤੂੰ ਤਿਆਰੀਆਂ ਵੱਟ, ਆਪਾਂ ਸ਼ਹਿਰ ਜਾ ਕੇ ਰਹਿ ਲਾਂਗੇ, ਚਲੋ ਮੁੰਡਾ ਪੜ੍ਹ ਜਾਊ ਤਾਂ ਕਿਸੇ ਸਿਰੇ ਵੀ ਹੋ ਜਾਂਗੇ।”
    ਅਸਲ ਵਿੱਚ ਅੱਜ ਜਦੋਂ ਉਹ ਸ਼ਹਿਰ ਜੀਤੇ ਦੇ ਮਾਸਟਰ ਨੂੰ ਮਿਲਣ ਗਿਆ ਤਾਂ ਉੱਥੇ ਉਸ ਨੇ ਮਾਸਟਰ ਦੇ ਮੁੰਡੇ ਨੂੰ ਦੇਖਿਆ ਸੀ। ਉਹ ਪੜ੍ਹ ਲਿਖ ਕੇ ਇੰਨੀਅਰ ਜਾ ਲੱਗਿਆ ਸੀ ਤੇ ਹੁਣ ਦਸ ਦਸ ਹਜ਼ਾਰ ਦੀਆਂ ਚਾਰ ਗੁੱਟੀਆ ਬੰਨ੍ਹ ਕੇ ਲਿਆਉਂਦਾ ਸੀ। ਰਾਮੇ ਨੇ ਫਟਾ ਫਟਾ ਹਿਸਾਬ ਲਾ ਲਿਆ ਕਿ ਇਹ ਮੁੰਡਾ ਪੰਜ ਲੱਖ ਦੇ ਲਾਗੇ ਚਾਗੇ ਹੀ ਕਮਾਈ ਕਰ ਲੈਂਦਾ ਹੈ ਤੇ ਜੇ ਇਹ ਇੰਜਨੀਅਰ ਬਣ ਸਕਦਾ ਹੈ ਤਾਂ ਜੀਤਾ ਕਿਉਂ ਨਹੀਂ। ਕੀ ਕਮੀ ਹੈ ਉਸ ਦੇ ਖੂਨ ਵਿੱਚ, ਰਹੀ ਗੱਲ ਪੜ੍ਹਾਈ ਦੀ ਇਸ ਤੋਂ ਉਹ ਪਿੱਛੇ ਹਟਣ ਵਾਲਾ ਨਹੀਂ। ਮਾਸਟਰ ਨੇ ਰਾਮੇ ਦੀ ਬੜੀ ਖਾਤਰ ਕੀਤੀ, ਰੋਟੀ ਚਾਹ, ਤੇ ਫਿਰ ਉਸ ਨਾਲ ਪਿੰਡ ਦੀਆਂ ਗੱਲਾਂ ਕਰਦਾ ਰਿਹਾ।
    ਜ਼ਮੀਨ ਦਾ ਹਿਸਾਬ ਕਿਤਾਬ ਲਾ ਕੇ ਉਸ ਨੇ ਰਾਮੇ ਨੂੰ ਦੱਸ ਦਿੱਤਾ ਕਿ ਜੇ ਉਹ ਜ਼ਮੀਨ ਵੇਚ ਕੇ ਸ਼ਹਿਰ ਬਹਿ ਕੇ ਬੈਂਕ ਦਾ ਵਿਆਜ ਹੀ ਖਾ ਲਵੇ ਤਾਂ ਉਹ ਜਿਆਦਾ ਸੌਖਾ ਹੋ ਸਕਦਾ ਸੀ। ਸਾਢੇ ਤਿੰਨ ਕਿੱਲੇ ਜ਼ਮੀਨ ਚਾਰ ਲੱਖ ਕਿੱਲੇ ਦੇ ਹਿਸਾਬ ਨਾਲ ਚੋਦਾਂ ਲੱਖ ਦੇ ਲਾਗੇ ਚਾਗੇ ਜਾ ਬਹਿੰਦੀ ਸੀ। ਤੇ ਸ਼ਹਿਰ ਵਿੱਚ ਜਿਸ ਕੋਲ ਚੋਦਾਂ ਲੱਖ ਹੋਵੇ ਉਹ ਬਾਦਸ਼ਾਹ ਸੀ। ਚੰਗੀ ਕੋਠੀ ਤੇ ਬੂਹੇ ਤੇ ਕਾਰ। ਆਪਣਾ ਪੈਸਾ ਬੈਂਕ ਵਿੱਚ ਤੇਰਾਂ ਫੀਸਦੀ ਦੇ ਵਿਆਜ ਨਾਲ ਚੋਦਾਂ ਹਜ਼ਾਰ ਮਹੀਨੇ ਦਾ ਬਣ ਜਾਣੈ ਤੇ ਵਿਹਲੇ ਬਹਿ ਕੇ ਨਾਲ ਮਸਤੀ ਮਾਰੋ ਤੇ ਨਾਲੇ ਮੁੰਡੇ ਨੂੰ ਪੜ੍ਹਾ ਲਉ।
    ਅਗਲੇ ਦਿਨ ਹੀ ਰਾਮੇ ਨੇ ਨੰਬਰਦਾਰ, ਸਰਪੰਚ ਤੇ ਸੁੰਦੇ ਸ਼ਾਹ ਨੂੰ ਜ਼ਮੀਨ ਦੇ ਵਿਕਾਊ ਕਰ ਦੇਣ ਲਈ ਕਹਿ ਦਿੱਤਾ। ਦੋ ਚਾਰ ਮਹੀਨੇ ਬਾਅਦ ਸੋਦਾ ਹੋ ਗਿਆ। ਪੈਸੇ ਪੁਰੇ ਤਾਂ ਨਾ ਮਿਲੇ ਪਰ ਘੱਟ ਵੀ ਨਹੀਂ ਸਨ। ਜ਼ਮੀਨ ਲੈਣ ਵਾਲੇ ਨੇ ਜ਼ਮੀਨ ਦੇਖ ਕੇ ਵੱਧ ਤੋਂ ਵੱਧ ਮੁੱਲ ਪਾ ਦਿੱਤਾ ਸੀ। ਕੁਲ ਮਿਲਾ ਕੇ ਬਾਰਾਂ ਲੱਖ ਕੱਟ ਕਟਾ ਕੇ ਹੱਥ ਆਏ। ਸਾਰੇ ਪਿੰਡ ਵਿੱਚ ਧੁੰਮ ਪੈ ਗਈ, ਪਈ ਰਾਮੇ ਨੇ ਜ਼ਮੀਨ ਵੇਚ ਦਿੱਤੀ। ਫਿਰ ਨੇ ਆਪਣੇ ਘਰ ਵਾਲੀ ਥਾਂ ਦਾ ਵੀ ਸੌਦਾ ਕਰ ਲਿਆ ਤੇ ਰਾਮਾ ਇਸ ਤਰ੍ਹਾਂ ਪਿੰਡ ਛੱਡ ਕੇ ਸ਼ਹਿਰ ਆ ਗਿਆ। ਨੰਬਰਦਾਰ ਦੇ ਮੁੰਡੇ ਟਰਾਲੀ ਵਿੱਚ ਉਸ ਦਾ ਸਾਮਾਨ ਸ਼ਹਿਰ ਛੱਡ ਗਏ।
    ਸ਼ਹਿਰ ਵਿੱਚ ਉਸ ਨੇ ਮਹਿੰਗੇ - ਸਸਤੇ ਦੋ ਕੋਠੇ ਛੱਤ ਲਏ । ਰਹਿਣ ਦਾ ਜੁਗਾੜ ਤਾਂ ਬਣ ਗਿਆ ਪਰ ਉਹ ਆਪਣਾ ਡੰਗ ਵੱਛਾ ਬਹੁਤੀ ਦੇਰ ਆਪਣੇ ਕੋਲ ਨਾ ਰੱਖ ਸਕਿਆ। ਸ਼ਹਿਰ ਵਿੱਚ ਦੁੱਧ ਦਾ ਸੁਖ ਤਾਂ ਲਿਆ ਜਾ ਸਕਦਾ ਸੀ ਪਰ ਮੁੱਲ ਦੇ ਪੱਠੇ ਲਿਆ ਕੇ ਪਾਉਣੇ ਬੜਾ ਮੁਸ਼ਕਲ ਕੰਮ ਸੀ। ਦੁੱਧ ਤਾਂ ਮੁੱਲ ਵੀ ਲਿਆ ਜਾ ਸਕਦਾ ਸੀ। ਸੋ ਕੰਮ ਸ਼ੁਰੂ ਹੋ ਗਿਆ। ਮੁੰਡਾ ਸੌਖਾ ਤਾਂ ਹੋ ਗਿਆ ਪਰ ਸਾਰਾ ਟੱਬਰ ਜਰੂਰ ਟੰਗਿਆ ਗਿਆ।
    ਮਾਸਟਰ ਦੀ ਸਲਾਹ ਨਾਲ ਉਸ ਨੇ ਪੈਸੇ ਬੈਂਕ ਵਿੱਚ ਰੱਖ ਦਿੱਤੇ ਤੇ ਰਾਮਾ ਸਰਦਾਰ ਬਣ ਕੇ ਬੈਂਕ ਦਾ ਮਾਲਕ ਬਣ ਗਿਆ। ਹਰ ਚੜ੍ਹੇ ਮਹੀਨੇ ਉਹ ਬੈਂਕ ਜਾ ਕੇ ਪੈਸੇ ਲੈ ਆਉਂਦਾ। ਚਿੱਟੇ ਕੱਪੜੇ, ਨਾ ਕੋਈ ਕੰਮ ਨਾ ਕਾਰ। ਸਾਰਾ ਦਿਨ ਵਿਹਲੇ ਜਾਂ ਪੈ ਲਿਆ ਜਾਂ ਚਾਰ ਬੰਦਿਆ ਵਿੱਚ ਜਾ ਕੇ ਬਹਿ ਲਿਆ। ਉਸ ਨੂੰ ਸਮਝ ਆਉਂਣੀ ਸ਼ੁਰੂ ਹੋ ਗਈ ਸੀ ਕਿ ਸ਼ਹਿਰ ਵਿੱਚ ਅਖ਼ਬਾਰ ਬੜੇ ਕੰਮ ਦੀ ਚੀਜ਼ ਹੁੰਦੀ ਹੈ ਤੇ ਅਖ਼ਬਾਰ ਕੋਲ ਹੋਵੇ ਤਾਂ ਸਿਆਣਪ ਵੀ ਨਾਲ ਆ ਜਾਂਦੀ ਹੈ। ਦੋ ਚਾਰ ਵਰ੍ਹੇ ਉਸ ਨੇ ਪੈਸਿਆਂ ਦਾ ਸੁੱਖ ਲਿਆ ਪਰ ਜਿਵੇਂ ਹਰ ਸਾਲ ਕਿਸੇ ਵੀ ਕਿਸਾਨ ਦੀ ਫਸਲ ਓਨੀ ਵਧੀਆ ਨਹੀਂ ਹੁੰਦੀ ਜਿੰਨੀ ਉਹ ਸੋਚਦਾ ਹੁੰਦਾ ਹੈ ਇਸ ਲਈ ਉਸ ਦੇ ਵੀ ਮਾੜੇ ਦਿਨ ਸ਼ੁਰੂ ਹੋ ਗਈ।
    ਸਰਕਾਰੀ ਬੈਂਕਾਂ ਦਾ ਵਿਆਜ ਸਰਕਾਰ ਨੇ ਘਟਾ ਦਿੱਤਾ ਸੀ। ਬਾਰਾਂ ਤੋਂ ਗਿਆਰਾਂ, ਤੇ ਫਿਰ ਹੌਲੀ ਹੌਲੀ ਪੂਰਨਮਾਸ਼ੀ ਦੇ ਚੰਨ ਵਾਂਗ ਇਹ ਵਿਆਜ ਘੱਟ ਹੋਣਾ ਸ਼ੁਰੂ ਹੋ ਗਿਆ। ਇਹ ਮੰਦੀ ਦਾ ਜ਼ਮਾਨਾ ਸੀ।ਬਾਜ਼ਾਰ ਵਿੱਚ ਮੰਦਵਾੜਾ ਸੀ। ਹਰ ਕੋਈ ਇਹੋ ਆਖਦਾ ਸੀ ਕਿ ਬਾਜ਼ਾਰ ਵਿੱਚ ਪੈਸਾ ਹੈ ਨਹੀਂ। ਬਾਜ਼ਾਰ ਵਿੱਚ ਵਿਦੇਸ਼ੀ ਕੰਪਨੀਆ ਧੜਾਧੜ ਦਾਖ਼ਲ ਹੋ ਰਹੀਆਂ ਸਨ। ਘੱਟ ਕੀਮਤਾਂ ਦੇਖ ਕੇ ਹਰ ਕੋਈ ਸਸਤੀ ਚੀਜ਼ ਹੀ ਖਰੀਦਣਾ ਚਾਹੁੰਦਾ ਸੀ। ਵਿਆਜ ਦੀ ਦਰ ਘੱਟ ਕੇ ਅੱਠ ਫੀਸਦੀ ਰਹਿ ਗਈ ਸੀ। ਰਾਮੇ ਦੀ ਆਮਦਨ ਵੀ ਘੱਟ ਗਈ ਸੀ। ਪਹਿਲਾਂ ਉਹ ਦਸ ਹਜ਼ਾਰ ਰੁਪਈਆ ਠੋਕ ਕੇ ਲੈ ਆਉਂਦਾ ਸੀ ਪਰ ਹੁਣ ਇਹ ਘੱਟ ਕੇ ਸੱਤ ਹਜ਼ਾਰ ਰਹਿ ਗਿਆ ਸੀ। ਦਿਨੋ ਦਿਨ ਘੱਟਦੀ ਜਾ ਰਹੀ ਵਿਆਜ ਦਰ ਦੇਖ ਕੇ ਉਹ ਡੂੰਘੀ ਚਿੰਤਾ ਵਿੱਚ ਫਸ ਜਾਂਦਾ। ਉਧਰ ਮੁੰਡੇ ਦੀ ਪੜ੍ਹਾਈ ਦਾ ਖਰਚਾ ਵਧਦਾ ਜਾ ਰਿਹਾ ਸੀ। ਟਿਉਸ਼ਨ ਤਕਰੀਬਨ ਹਰ ਵਿਸ਼ੇ ਵਿੱਚ ਰੱਖਣੀ ਪੈ ਰਹੀ ਸੀ। ਦੁਰ ਥਾਂਈ ਜਾਣ ਕਰਕੇ ਉਹ ਔਖਾ ਸੀ ਤੇ ਕਈ ਦਿਨਾਂ ਤੋਂ ਮੋਟਰ ਸਾਈਕਲ ਦੀ ਮੰਗ ਕਰੀ ਜਾ ਰਿਹਾ ਸੀ।ਦਸਵੀਂ ਵਿੱਚ ਪੜ੍ਹਦੇ ਹੋਣ ਕਰਕੇ ਉਹ ਹੁਣ ਜੁਆਨ ਹੋ ਚੱਲਿਆ ਸੀ। ਉਂਜ ਪੜ੍ਹਣ ਵਿੱਚ ਉਹ ਸਾਰੇ ਸਕੂਲ ਵਿੱਚੋਂ ਮੋਹਰੀ ਸੀ। ਉਸ ਦੀ ਪੜ੍ਹਾਈ ਵੱਲ ਦੇਖ ਕੇ ਇੱਕ ਗੱਲ ਦੀ ਤਸੱਲੀ ਉਸ ਨੂੰ ਜਰੂਰ ਸੀ ਕਿ ਉਸ ਦਾ ਇੱਕ ਵੀ ਪੈਸਾ ਅੰਞਾਈ ਨਹੀਂ ਸੀ ਜਾ ਰਿਹਾ। ਉਹ ਖ਼ੁਸ਼ ਸੀ ਕਿ ਉਸ ਦਾ ਮੁੰਡਾ ਤਾਂ ਹੋਣਹਾਰ ਸੀ। ਉਹ ਤੇ ਬਿਸ਼ਨੀ ਸੋਚਦੇ ਕਿ ਮੁੰਡੇ ਨੇ ਉਹਨਾਂ ਦੀ ਲੱਜ ਪਾਲ਼ੀ ਸੀ। ਸਕੂਲ ਵਾਲੇ ਅਜੀਤਪਾਲ ਉਪਰ ਅਸ਼ ਅਸ਼ ਕਰਦੇ ਸਨ। ਦਸਵੀ ਦੇ ਬੋਰਡ ਦੇ ਇਮਤਿਹਾਨ ਹੋਣ ਕਰਕੇ ਉਹ ਉਹਨਾਂ ਨੂੰ ਪੂਰਾ ਜੋਰ ਲਾ ਦੇਣ ਲਈ ਆਖ ਰਹੇ ਸਨ। ਕਦੇ ਕਦੇ ਅਜੀਤਪਾਲ ਆਖ ਦਿੰਦਾ ਕਿ ਉਸ ਦਾ ਘਰ ਉਸ ਦੇ ਮੁਤਾਬਕ ਨਹੀਂ ਹੈ। ਘਰ ਸੁਹਣਾ ਹੋਣਾ ਚਾਹੀਦਾ ਹੈ ਤਾਂ ਕਿ ਉਸ ਦੇ ਦੋਸਤ ਮਿਤਰ ਘਰ ਆ ਸਕਣ। ਸਕੂਲ ਵਿੱਚ ਉਹਨਾਂ ਨਾਲ ਫਰਨ ਫਰਨ ਅੰਗਰੇਜੀ ਬੋਲਦਾ ਦੇਖ ਰਾਮਾ ਫੁਲਿਆ ਨਹੀਂ ਸੀ ਸਮਾਉਂਦਾ। ਉਹ ਆਖਦਾ ‘ਦੇਖ ਬਿਸ਼ਨੀਏ ਆਪਣਾ ਜੀਤਾ ਅੰਗਰੇਜਾਂ ਆਂਗੂੰ ਬੋਲਦਾ ਹੈ।’ ਇਹ ਦੇਖ ਕੇ ਦੋਵੇਂ ਜੀਅ ਮਨ ਹੀ ਮਨ ਵਿੱਚ ਖੁਸ਼ ਹੁੰਦੇ।
    ਦਸਵੀਂ ਦੀ ਪ੍ਰੀਖਿਆ ਵਿੱਚ ਅਜੀਤਪਾਲ ਸਾਰੇ ਬੋਰਡ ਚੋਂ ਤੀਜੇ ਨੰਬਰ ਉਪਰ ਆਇਆ। ਆਪਣੇ ਜਿਲ੍ਹੇ ਵਿੱਚ ਪਹਿਲੇ ਨੰਬਰ ਉਪਰ, ਤੇ ਸਕੂਲ ਵਾਲੇ ਉਸ ਉਪਰ ਰੱਜ ਕੇ ਮਾਣ ਕਰ ਰਹੇ ਸਨ।
    ‘ਅਜੀਤ ਪਾਲ ਯੂ ਮਸਟ ਡੂ ਸਮਥਿੰਗ ਟੂ ਮੇਕ ਅਸ ਪਰਾਉਡ। ਗੋ ਇੰਨ ਫਾਰ ਇੰਜਨੀਅਰਿੰਗ।” ਸਕੂਲ ਦੇ ਪ੍ਰਿੰਸੀਪਲ ਦੇ ਇਹ ਸ਼ਬਦ ਰਾਮੇ ਦੀ ਹਿੱਕ ਉੱਤੇ ਉਕਰੇ ਗਏ ਤੇ ਉਸ ਨੇ ਜੀਤੇ ਤੋਂ ਇਹਨਾਂ ਦਾ ਅਰਥ ਪੁੱਛ ਕੇ ਆਪਣੀ ਸਹਿਮਤੀ ਦੇ ਦਿੱਤੀ। ਉਸ ਦੀਆਂ ਅੱਖਾਂ ਸਾਹਮਣੇ ਤਾਂ ਚਾਲੀ ਹਜ਼ਾਰ ਦੇ ਹਰੇ ਹਰੇ ਨੋਟ ਨੱਚ ਰਹੇ ਸਨ। ਮਨ ਹੀ ਮਨ ਵਿੱਚ ਉਸ ਨੇ ਹਿਸਾਬ ਲਾ ਲਿਆ ਕਿ ਚਾਲੀ ਹਜ਼ਾਰ ਪੁਰੇ ਚਾਲੀ ਲੱਖ ਦਾ ਵਿਆਜ ਬਣਦਾ ਹੈ। ਉਸ ਦਾ ਜੀਤਾ ਪੁਰੇ ਪੰਜਾਹ ਲੱਖ ਦਾ ਮਾਲਕ ਹੋਵੇਗਾ। ਉਸ ਦੇ ਪੈਰ ਧਰਤੀ ਉਪਰ ਨਹੀਂ ਸੀ ਲੱਗ ਰਹੇ।
    “ਬਈ ਜੀਤਿਆ ਕਿਂੰਨਾ ਕੁ ਖਰਚਾ ਆ ਜਾਊ, ਤੇਰੇ ਇੰਜਨੀਅਰ ਬਣਨ ਵਿੱਚ।”
    “ਬਾਈ, ਤਿੰਨ ਚਾਰ ਲੱਖ ਤਾਂ ਲੱਗ ਹੀ ਜਾਊ।” ਜੀਤੇ ਨੇ ਇੰਜਨੀਅਰਿੰਗ ਕਾਲਜ ਦੀ ਫੀਸ ਤੇ ਦਾਖ਼ਲੇ ਦਾ ਹਿਸਾਬ ਲਾ ਕੇ ਦੱਸ ਦਿੱਤਾ।
    “ਤੂੰ ਉੱਕਾ ਹੀ ਫਿਕਰ ਨਾ ਕਰ। ਮੈਂ ਤੇਰੇ ਪਿੱਛੇ ਹਾਂ, ਇੱਕ ਵਾਰ ਇੰਜਨੀਅਰ ਬਣ ਦੇ ਦੇਖ ਖਾਂ।” ਉਸ ਨੇ ਜੀਤੇ ਨੂੰ ਹੋਰ ਹੱਲਾ ਸ਼ੇਰੀ ਦੇ ਦਿੱਤੀ।
    ਬਹੁਤ ਕੁਝ ਇਨਸਾਨ ਦੇ ਵੱਸ ਵਿੱਚ ਤਾਂ ਹੈ ਪਰ ਹਾਲਾਤ ਉਸ ਦੇ ਵੱਸ ਨਹੀਂ ਰਹਿੰਦੇ। ਅਮਰੀਕਾ ਉਪਰ ਕਿਸੇ ਅੱਤਵਾਦੀ ਹਮਲੇ ਨਾਲ ਉਸ ਦੀਆਂ ਦੋ ਵੱਡੀਆਂ ਇਮਾਰਤਾਂ ਢਹਿ ਢੇਰੀ ਹੋ ਗਈਆਂ। ਅਮਰੀਕਾ ਦੀ ਨਜ਼ਰ ਵਿੱਚ ਅਫਗਾਨਿਸਤਾਨ ਇਸ ਮਾਮਲੇ ਵਿੱਚ ਦੋਸ਼ੀ ਸੀ ਸੋ ਉਸ ਨੇ ਅਫਗਾਨਿਸਤਾਨ ਵਿੱਚ ਆਪਣੀ ਫੌਜ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਉਹ ਉੱਥੋਂ ਦੇ ਸਰਗਨੇ ਓਸਾਮਾ ਬਿਨ ਲਾਦੇਨ ਦੀ ਭਾਲ ਵਿੱਚ ਸੀ। ਸਾਰਾ ਅਫ਼ਗਾਨਿਸਤਾਨ ਲੜਾਕੂ ਜਹਾਜ਼ਾਂ ਨੇ ਆਪਣੇ ਬੰਬਾਂ ਨਾਲ ਵਿੰਨ੍ਹ ਕੇ ਰੱਖ ਦਿੱਤਾ। ਅਮਰੀਕਾ ਵਿੱਚ ਮੰਦੀ ਅਸਰ ਕਾਰਨ ਬੇਰੁਜ਼ਗਾਰੀ ਨੇ ਪਰ ਮਾਰਨੇ ਸ਼ੁਰੂ ਕਰ ਦਿੱਤੇ। ਅਫ਼ਗਾਨਿਸਤਾਨ ਤੋਂ ਬਾਅਦ ਅਮਮਰੀਕਾ ਦਾ ਨਿਸ਼ਾਨ ਇਰਾਕ ਜਾ ਬਣਿਆ। ਇਰਾਕ ਵੱਲੋਂ ਕੁਝ ਵੀ ਨਾ ਕਹੇ ਜਾਣ ਦੇ ਬਾਵਜੂਦ, ਅਮਰੀਕਾ ਤੇ ਇੰਗਲੈਂਡ ਦੀਆਂ ਫੌਜਾਂ ਨੇ ਉਸ ਉਪਰ ਹਮਲਾ ਕਰ ਦਿੱਤਾ। ਇਧਰ ਆਪਣੇ ਦੇਸ਼ ਵਿੱਚ ਮੰਦੀ ਨੇ ਬਾਜ਼ਾਰ ਦਾ ਲੱਕ ਤੋੜ ਕੇ ਰੱਖ ਦਿੱਤਾ। ਬਾਜ਼ਾਰ ਵਿੱਚ ਵਿਦੇਸ਼ੀ ਮਾਲ ਵਿਕ ਰਿਹਾ ਸੀ, ਪਰ ਦੇਸੀ ਚੀਜ਼ਾਂ ਅਲੋਪ ਹੋ ਰਹੀਆਂ ਸਨ। ਕਾਰਖਾਨੇ ਬੰਦ ਹੋ ਰਹੇ ਸਨ। ਮਜ਼ਦੂਰ ਭੁੱਖੇ ਮਰਨੇ ਸ਼ੁਰੂ ਹੋ ਗਏ ਸਨ। ਦੇਸ਼ ਦੀ ਸੱਭ ਤੋਂ ਵੱਡੀ ਸੁਪਰੀਮ ਕੋਰਟ ਨੇ ਹੜਤਾਲ ਦੇ ਹੱਕ ਉਪਰ ਰੋਕ ਲਾ ਦਿੱਤੀ ਸੀ। ਬੇਕਾਰੀ ਵੱਧ ਰਹੀ ਸੀ। ਪਰ ਸਰਕਾਰ ਕੁਝ ਵੀ ਨਹੀਂ ਸੀ ਕਰ ਸਕਦੀ। ਉਸ ਦੇ ਫੈਸਲੇ ਆਪਣੇ ਨਹੀਂ ਸਨ। ਇੰਜ ਪਰਤੀਤ ਹੁੰਦਾ ਸੀ ਕਿ ਤਾਰ ਬਾਹਰੋਂ ਹਿੱਲਦੀ ਸੀ। ਉਸਦੀਆਂ ਅਦਾਲਤਾਂ ਦੇ ਫੈਸਲੇ ਅਮੀਰਾਂ ਪੱਖੀ ਸਨ। ਮੰਦੀ ਦੇ ਵੱਧਦੇ ਰਝਾਣ ਵਿੱਚ ਬੈਂਕਾਂ ਵਿਆਜਦਰ ਹੋਰ ਘਟਾ ਰਹੀਆ ਸਨ। ਵਿਆਜ ਦਰ ਘੱਟਦੀ ਘੱਟਦੀ ਪੰਜ ਫੀਸਦੀ ਰਹਿ ਗਈ ਸੀ। ਰਾਮੇ ਦੀ ਚਾਦਰ ਹੋਰ ਸੁੰਗਰ ਗਈ ਸੀ। ਨਾ ਇਹ ਪੈਰ ਹੀ ਢੱਕ ਸਕਦੀ ਸੀ ਤੇ ਨਾ ਉਸ ਦਾ ਸਿਰ। ਇਸ ਗੱਲ ਦਾ ਅਹਿਸਾਸ ਉਹਨਾਂ ਨੂੰ ਜਰੂਰ ਹੋ ਗਿਆ ਸੀ। ਖਰਚੇ ਵੱਧ ਰਹੇ ਸਨ। ਪਰ ਪੈਸੇ ਘਟ ਗਏ ਸਨ। ਉਸ ਦੇ ਹੱਥ ਵਿਆਜ ਮਸਾਂ ਹੀ ਚਾਰ ਹਜ਼ਾਰ ਰੁਪਏ ਹੀ ਆਉਂਦਾ ਸੀ। ਵੱਧਦੇ ਖਰਚ ਨੂੰ ਦੇਖ ਕੇ ਇੱਕ ਦਿਨ ਬਿਸ਼ਨੀ ਨੇ ਸਲਾਹ ਦਿੱਤੀ ਕਿ ਆਪਾਂ ਮੱਝਾਂ ਰੱਖ ਲਈਏ ਤੇ ਦੁੱਧ ਦਾ ਕਾਰੋਬਾਰ ਸ਼ੁਰੂ ਕਰ ਲਈਏ। ਡੇਅਰੀ ਚੋਂ ਚਾਰ ਪੈਸੇ ਬਣ ਜਾਣਗੇ ਹੱਥ ਥੋੜਾ ਸੌਖਾ ਹੋ ਜਾਊ।
    “ਨਾ ਹੁਣ ਇਸ ਉਮਰੇ ਆਪਣੇ ਹੱਥ ਗੋਹੇ ਵਿੱਚ ਲਿਬੇੜੇਗੀਂ?” ਰਾਮੇ ਨੇ ਉਸ ਨੂੰ ਝੰਜੋੜਿਆ।
    “ਫਿਰ ਕੀ ਹੋ ਗਿਆ। ਆਪਾਂ ਕੋਈ ਜੱਦੀ ਪੁਸ਼ਤੀ ਸਰਦਾਰ ਥੋੜੇ ਹਾਂ।ਜੇ ਕੰਮ ਕਰ ਲਾਂਗੇ ਤਾਂ ਕੀ ਹੋ ਗਿਆ।”
    ਬੜੀ ਸਿਆਣੀ ਹੋ ਗਈਂ ਏ ਸ਼ਹਿਰ ਵਿੱਚ ਆ ਕੇ!”
    “ਆਹੋ ਸਾਰਾ ਦਿਨ ਤੇਰੇ ਨਾਲ ਰਹਿੰਨੀ ਆਂ ਤੇ ਸਿਆਣੀ ਨਾ ਹੋਵਾਂ ਤਾਂ ਹੋਰ ਕੀ ਹੋਵੇ?”
    “ਬੜੀ ਚੰਗੀ ਗੱਲ ਆਖੀ ਹੈ। ਆਪਾਂ ਇਸ ਵਾਰੀ ਜਗਰਾਓਂ ਦੀ ਮੰਡੀ ਚੋਂ ਦੋ ਚਾਰ ਲਵੇਰੀਆਂ ਦੇਖ ਲੈਂਨੇ ਹਾਂ, ਚੰਗਾ ਹੀ ਰਹੂ। ਹੁਣ ਬੈਂਕ ਦੇ ਪੈਸਿਆਂ ਨਾਲ ਤਾਂ ਕੁਝ ਨਹੀਂ ਬਣਦਾ।”
    ਰਾਮੇ ਨੇ ਡੇਅਰੀ ਫਾਰਮ ਖੋਲ੍ਹ ਲਿਆ। ਮੱਝਾਂ ਦੇ ਗੋਹੇ ਤੋਂ ਜੀਤੇ ਨੂੰ ਸੜਾਂਦ ਤਾਂ ਆਉਂਦੀ ਪਰ ਉਹ ਵੀ ਜਾਣਦਾ ਸੀ ਕਿ ਅਗਲੀ ਪੜਾਈ ਇਹ ਪੱਤਣ ਵੀ ਤਰਣੈ ਹੀ ਪੈਣਾ ਹੈ। ਉਹ ਜਦੋਂ ਵੀ ਕੋਲੋਂ ਲੰਘਦਾ ਮੱਝ ਦੇ ਗੋਹੇ ਤੋਂ ਬਚਦਾ ਨੱਕ ਉਪਰ ਰੁਮਾਲ ਰੱਖ ਕੇ ਲੰਘਦਾ। ਰਾਮਾ ਪਸ਼ੂਆਂ ਨਾਲ ਪਸ਼ੂ ਹੋ  ਜਾਂਦਾ ਤੇ ਬਿਸ਼ਨੀ ਸਾਮ ਵੇਲੇ ਧਾਰ ਕੱਢਦੀ ਤੇ ਘਰੋਂ ਦੁੱਧ ਲੈਣ ਲਈ ਆਉਂਦੀਆਂ ਸ਼ਹਿਰਨਾਂ ਦੇ ਡੋਲੂ ਭਰੀ ਜਾਂਦੀ। ਆਪਣੇ ਉਹ ਮਸਾਂ ਹੀ ਲੋੜ ਜੋਗਾ ਦੁੱਧ ਰੱਖਦੇ। ਹੱਥ ਸੌਖਾ ਤਾਂ ਹੋ ਗਿਆ ਸੀ ਪਰ ਪੜ੍ਹਾਈ ਦੀਆਂ ਜ਼ਰੂਰਤਾਂ ਉਸ ਨੂੰ ਦਬਾਈ ਆਉਂਦੀਆਂ। ਕਦੇ ਕਿਤਾਬਾਂ ਕਦੇ ਫੀਸ, ਕਏ ਟਿਊਸ਼ਨ, ਕੁੱਲ ਮਿਲਾ ਕੇ ਪੈਸ ਆਉਂਦੇ ਤਾਂ ਫੂਹੀ ਫੂਹੀ ਕਰਕੇ ਪਰ ਜਦੋਂ ਜਾਂਦੇ ਤਾਂ ਉਸ ਨੂੰ ਲੱਗਦਾ ਕਿ ਤਲਾਅ ਹੀ ਖਾਲੀ ਹੋ ਗਿਆ। ਬੈਂਕ ਚੋਂ ਪੈਸੇ ਕਢਵਾ ਕੇ ਉਸ ਨੇ ਚੁਬਾਰੇ ਪਾ ਲਏ ਮਤੇ ਕੋਈ ਕਿਰਾਏਦਾਰ ਰੱਖ ਲਿਆ ਜਾਵੇ। ਕਿਰਾਇਆ ਵੀ ਦੋ ਹਜ਼ਾਰ ਮਿਲ ਸਕਦਾ ਸੀ। ਇਹ ਸਲਾਹ ਵੀ ਉਸ ਨੂੰ ਜੀਤੇ ਦੇ ਪੁਰਾਣੇ ਮਾਸਟਰ ਨੇ ਹੀ ਦਿੱਤੀ ਸੀ। ਚੁਬਾਰੇ ਵਿੱਚ ਕਿਰਾਏਦਾਰ ਵੀ ਮਿਲ ਗਿਆ। ਤੇ ਜੀਤੇ ਨੂੰ ਇੰਨੀਅਰਿੰਗ ਕਾਲਜ ਵਿੱਚ ਦਾਖਲਾ ਵੀ ਮਿਲ ਗਿਆ। ਇਸ ਕੰਮ ਵਿੱਚ ਚਾਰ ਪੰਜ ਲੱਖ ਰੁਪਏ ਜਰੂਰ ਲੱਗ ਗਏ। ਬੈਂਕ ਵਿੱਚ ਰੱਖੀ ਰਕਮ ਦਾ ਚੋਖਾ ਹਿੱਸਾ ਖੁਰ ਗਿਆ। ਜਦੋਂ ਜੀਤਾ ਜਾਣ ਲੱਗਾ ਤਾਂ ਬਿਸ਼ਨੀ ਨੇ ਉਚੇਚ ਨਾਲ  ਕਿਹਾ, “ਪੁਤਰਾ ਆਪਣਾ ਖਿਆਲ ਜਰੁਰ ਰੱਖੀਂ। ਹੁਣ ਤਾਂ ਜਾਂ ਤੇਰਾ ਤੇ ਜਾਂ ਬਾਜ਼ਾਂ ਵਾਲੇ ਦਾ ਹੀ ਆਸਰਾ ਹੈ।”
    ਪਤਾ ਨਹੀਂ ਇਹ ਉਸ ਦੀ ਅਸੀਸ ਸੀ ਜਾਂ ਤਰਲਾ, ਪਰ ਇਹ ਗੱਲ ਜੀਤੇ ਨੂੰ ਜਰੂਰ ਚੁਭੀ। ਉਹ ਪਿਛਲੇ ਕਈ ਸਾਲਾਂ ਤੋਂ ਦੌੜ ਰਿਹਾ ਸੀ। ਉਸ ਨੇ ਪਿੱਛੇ ਮੁੜ ਕੇ ਦੇਖਿਆ ਤੇ ਬੋਲਿਆ-
    “ਬੇਬੇ ਮੈਂ ਕੋਈ ਵਲੇਤ ਤਾਂ ਨਹੀਂ ਚੱਲਿਆ। ਇੱਥੇ ਲੁਧਿਆਣੇ ਕੋਲ ਹੀ ਤਾਂ ਕਾਲਜ ਹੈ, ਤੁਸੀਂ ਪੈਸੇ ਜਰੁਰ ਭੇਜਦੇ ਰਹਿਣਾ, ਪਰਦੇਸ ਵਿੱਚ ਹਰ ਚੀਜ਼ ਪੈਸੇ ਨਾਲ ਹੀ ਮਿਲਦੀ ਹੈ। ਉੱਥੇ ਤਾਂ ਪੈਸਾ ਹੀ ਪਿਉ ਹੁੰਦਾ ਹੈ ਤੇ ਪੈਸਾ ਹੀ ਮਾਂ।”
    “ਤੂੰ ਫਿਕਰ ਨਾ ਕਰ ਮੈਂ ਆਪ ਦੇ ਕੇ ਜਾਊਂ ਤੈਨੂੰ ਹਰ ਚੀਜ਼। ਤੂੰ ਬੱਗਾ ਸ਼ੇਰ ਬਣ।”
    ਜੀਤਾ ਚਲਾ ਗਿਆ। ਪੂਰੇ ਪੰਜ ਸਾਲ ਲਈ। ਬਿਸ਼ਨੀ ਤੇ ਰਾਮੇ ਦੇ ਚਿਹਰੇ ਉਪਰ ਬੁਢੇਪਾ ਆ ਗਿਆ। ਉਹ ਹਰ ਰੋਜ਼ ਪੱਠੇ ਕੁਤਰਦਾ ਸੋਚਦਾ, ਕਿ ਹੁਣ ਉਹ ਥੱਕ ਜਾਦਾ ਹੈ।ਟੋਕੇ ਦਾ ਜੋਰ ਹੁਣ ਬਾਹਾਂ ਨਹੀਂ ਸਨ ਝੱਲਦੀਆਂ। ਪੁੱਤਰ ਦੀ ਘਾਟ ਉਸ ਨੂੰ ਖਟਕਦੀ ਸੀ। ਇੱਕ ਪੁਤਰ ਨਾਲ ਕੁਝ ਨਹੀਂ ਬਣਦਾ, ਦੋ ਪੁੱਤਰ ਹੋਣੇ ਚਾਹੀਦੇ ਸਨ, ਤਾਂ ਜੋ ਜੇ ਇੱਕ ਪੜ੍ਹਣ ਚਲਾ ਜਾਂਦਾ ਦੂਜਾ ਕੋਲ ਤਾਂ ਰਹਿੰਦਾ। ਕਦੇ ਕਦੇ ਇਹ ਸੋਚ ਕੇ ਬਹੁਤ ਉਦਾਸ ਹੋ ਜਾਂਦਾ। ਇਹ ਗੱਲ ਉਸ ਨੇ ਕਦੇ ਵੀ ਬਿਸ਼ਨੀ ਨਾਲ ਸਾਂਝੀ ਨਹੀਂ ਸੀ ਕੀਤੀ। ਬਿਸ਼ਨੀ ਤਾਂ ਰੱਬ ਕੋਲੋਂ ਜੋੜੀ ਬਣਾਉਣ ਦੀਆਂ ਅਰਦਾਸਾਂ ਕਰਦੀਆ ਹਨ ਪਰ ਇਹ ਤਾਂ ਭਲਾ ਹੋਵੇ ਉਸ ਸਕੂਲ ਮਾਸਟਰਨੀ ਦਾ ਜਿਹੜੀ ਉਸ ਨੂੰ ਇੱਕੋ ਪੁਤਰ ਬਾਅਦ ਅਪਰੇਸ਼ਨ ਕਰਵਾਉਣ ਲਈ ਜੋਰ ਲਾਉਂਦੀ ਰਹਿੰਦੀ। ਸੋ, ਰਾਮੇ ਨੇ ਸਕੂਲ ਮਾਸਟਰਨੀ ਦੀ ਗੱਲ ਮੰਨ ਲਈ ਤੇ ਬਿਸ਼ਨੀ ਦੀ ਅਰਦਾਸ ਕਦੇ ਵੀ ਪੂਰੀ ਨਾ ਹੋ ਸਕੀ। ਉਹਨਾਂ ਦਿਨਾਂ ਵਿੱਚ ਉਹ ਉਸ ਸਕੂਲ ਮਾਸਟਰਨੀ ਨੂੰ ਕੁਝ ਜਿਆਦਾ ਹੀ ਤਰਜੀਹ ਦਿੰਦਾ ਸੀ। ਬਿਸ਼ਨੀ ਰੋ ਕਲਪ ਕੇ ਚੁੱਪ ਹੋ ਗਈ। ਪਰ ਅੱਜ ਰਾਮੇ ਨੂੰ ਦੂਜੇ ਪੁੱਤਰ ਦੀ ਲੋੜ ਮਹਿਸੂਸ ਹੋ ਰਹੀ ਸੀ।
    ਜੀਤਾ ਹਰ ਮਹੀਨੇ ਵਿੱਚ ਦੋ ਵਾਰ ਚੱਕਰ ਲਾ ਜਾਂਦਾ, ਪਰ ਪੜ੍ਹਾਈ ਦੇ ਜੋਰ ਕਾਰਨ ਇਹ ਫੇਰੇ ਵੀ ਘਟ ਗਏ। ਰਾਮਾ ਨੇਮ ਨਾਲ ਉਸ ਨੂੰ ਪੈਸੇ ਪੁਚਾ ਦਿੰਦਾ। ਮੁੰਡਾ ਭਾਂਵੇ ਬੜਾ ਸਮਝਦਾਰ ਸੀ ਪਰ ਫਿਰ ਵੀ ਰਾਮਾ ਕੋਈ ਵੀ ਘਾਟ ਨਹੀਂ ਸੀ ਆਉਣ ਦੇਣਾ ਚਾਹੁੰਦਾ। ਉਹ ਕਦੇ ਕਦੇ ਆਪਣੇ ਆਪ ਨੂੰ ਉਸ ਬਲਦ ਵਾਂਗ ਮਹਿਸੂਸ ਕਰਦਾ ਜੋ ਬੈਲ ਗੱਡੀਆਂ ਦੀ ਦੌੜ ਵਿੱਚ ਆਖ਼ਰੀ ਦਮ ਤੇ ਹੋਵੇ ਤੇ ਦਮ ਨਿਕਲਣਾ ਹੀ ਚਾਹੁੰਦਾ ਹੋਵੇ। ਉਸ ਨੇ ਕਈ ਸਾਲ ਪਹਿਲਾਂ ਕਿਲਾ ਰਾਏਪੁਰ ਵਿੱਚ ਬੈਲ ਗੱਡੀਆਂ ਦੀ ਦੌੜ ਹੁੰਦੀ ਵੇਖੀ ਸੀ ਤੇ ਉਦੋਂ ਤਾਂ ਉਹ ਬਹੁਤ ਉੱਚੀ ਉੱਚੀ ਹੱਲਾ ਸ਼ੇਰੀ ਦੇ ਰਿਹਾ ਸੀ।ਪਰ ਅੱਜ ਜਦੋਂ ਉਸ ਦੀ ਦੌੜ ਦੌੜਣ ਦੀ ਵਾਰੀ ਸੀ ਤਾਂ ਉਸ ਨੂੰ ਹੱਲਾ ਸ਼ੇਰੀ ਦੇਣ ਵਾਲਾ ਕੋਈ ਨਹੀਂ ਸੀ। ਬੈਂਕ ਵਿੱਚ ਪੈਸੇ ਘਟਦੇ ਜਾ ਰਹੇ ਸਨ। ਹੁਣ ਉਸ ਦਾ ਧਿਆਨ ਪੈਸਿਆਂ ਵੱਲ ਬਿਲਕੁਲ ਨਹੀਂ ਸੀ। ਬੈਂਕਾਂ ਨੇ ਵਿਆਜ ਦਰ ਹੋਰ ਘਟਾ ਦਿੱਤੀ, ਪਰ ਉਸ ਨੇ ਕੋਈ ਪਰਵਾਹ ਨਹੀਂ ਕੀਤੀ। ਉਸ ਦਾ ਸਾਰਾ ਧਿਆਨਮੁੰਡੇ ਵੱਲ ਸੀ। ਚਾਰ ਸਾਲਾਂ ਨੇ ਉਸ ਨੂੰ ਕਿੱਥੇ ਤੋਂ ਕਿੱਥੇ ਪੁਚਾ ਦਿੱਤਾ। ਅੱਜ ਚਾਰ ਸਾਲਾਂ ਬਾਅਦ ਉਸ ਨੂੰ ਥੋੜਾ ਸੁੱਖ ਦਾ ਸਾਹ ਆਇਆ, ਜਦੋਂ ਉਸ ਨੇ ਆਪਣੇ ਪੁੱਤਰ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ੳੇੁਸਦਾ ਨਤੀਜਾ ਆ ਗਿਆ ਹੈ ਤੇ ਹੁਣ ਉਹ ਇੰਜਨੀਅਰ ਬਣ ਗਿਆ ਹੈ।
    ਉਸ ਦੇ ਪੈਰ ਧਰਤੀ ਉਪਰ ਨਹੀਂ ਸੀ ਲੱਗ ਰਹੇ।ਇਸੇ ਲਈ ਉਹ ਵਾਹੋ ਦਾਹੀ ਬਿਸ਼ਨੀ ਨੂੰ ਇਹ ਖ਼ਬਰ ਦੇਣ ਲਈ ਭੱਜਾ ਆਇਆ ਸੀ। ਬਿਸ਼ਨੀ ਨੇ ਉਸ ਦਾ ਮੂੰਹ ਮਿੱਠਾ ਕਰਵਾਇਆ। ਉਹ ਗੁਰਦੁਆਰੇ ਚੋਂ ਕੜਾਹ ਪ੍ਰਸਾਦ ਦੀ ਦੇਗ ਲੈ ਕੇ ਆ ਰਹੀ। ਲੱਡੂ ਮੰਗਾਏ ਗਏ, ਆਂਢ ਗੁਆਂਢ ਵੰਡੇ ਗਏ। ਸਾਰੇ ਹੈਰਾਨ ਸਨ, ਕਿ ਡੇਅਰੀ ਵਾਲੀ ਮਾਈ ਜਿਹੜੀ ਬੜੀ ਕੰਜੂਸ ਸਮਝੀ ਜਾਂਦੀ ਸੀ, ਅੱਜ ਲੱਡੂ ਵੰਡ ਰਹੀ ਸੀ। ਉਹ ਦੱਸ ਰਹੀ ਸੀ ਕਿ ਉਸ ਦਾ ਪੁੱਤਰ ਹੁਣ ਇੰਜਨੀਅਰ ਬਣ ਗਿਆ। ਪਰ ਸ਼ਹਿਰ ਵਿੱਚ ਇਹ ਕੋਈ ਬਹੁਤ ਵੱਡੇ ਮਾਅਰਕੇ ਵਾਲੀ ਗੱਲ ਨਹੀਂ ਸੀ। ਆਸੇ ਪਾਸੇ ਬੜੀਆਂ ਇੰਜਨੀਅਰਾਂ ਦੀਆ ਕੋਠੀਆਂ ਸਨ।
    ਦੁਪਹਿਰੇ ਆਪਣੇ ਵਿਹੜੇ ਵਿੱਚ ਲੱਗੀ ਨਿੰਮ ਦੀ ਛਾਂਵੇਂ ਬੈਠੇ ਦੋਵੇਂ ਜੀਅ ਸੋਚ ਰਹੇ ਸਨ।
    “ਬਈ ਬਿਸ਼ਨੀਏ ਇੱਕ ਭਾਰਾ ਤਾਂ ਲੱਥਾ ਈ। ਮੁੰਡਾ ਆਪਣਾ ਇੰਜਨਿਰ ਹੋ ਗਿਆ ਊ।”
    “ਚਲੋ ਇਹ ਵੀ ਚੰਗਾ ਈ ਹੋਇਆ। ਤੇਰੀ ਤਾਂ ਬੜੇ ਚਿਰ ਦੀ ਲੇਰੀ ਸੀ। ਅਖੇ ਮੁੰਡਾ ਇੰਜਨੀਰ ਜਰੂਰ ਬਣਾਉਣੈ। ਲੈ ਬਈ ਹੁਣ ਤਾਂ ਸੌਖਾ ਹੋ ਸਕੇਂਗਾ।”
“ਕਾਹਨੂੰ ਬੰਦਾ ਕਾਸਤੋਂ ਸੌਖਾ ਹੋ ਜਾਏ, ਇਹ ਕਦੇ ਦਾਤੇ ਨੇ ਸੋਚਿਆ, ਪਤਾ ਨਹੀਂ ਕਿਹੋ ਜਿਹੇ ਪੁੰਨ ਕੀਤੇ ਹੋਣਗੇ ਜਿਹੜੇ ਲੋਕ ਸੌਖੇ ਹਾ ਜਾਂਦੇ ਆ। ਬੰਦਾ ਤਾਂ ਮਰਕੇ ਹੀ ਸੌਖਾ ਹੁੰਦਾ ਹੈ।”
    “ਕਿਹੋ ਜਿਹੀਆਂ ਗੱਲਾਂ ਕਰਦੈਂ ਜੀਤੇ ਦੇ ਬਾਪੂ, ਅੱਗੇ ਤਾਂ ਕਦੇ ਐ ਨਹੀਂ ਸੀ ਬੋਲਦਾ, ਹਮੇਸ਼ਾ ਮੜਾਕਦਾ ਹੀ ਰਹਿੰਦਾ ਸੀ। ਤੇ ਅੱਜ ਕੀ ਹੋ ਗਿਆ ਚਿੱਤ ਨੂੰ?” 
    “ਅੱਛਾ ਮੈਂ ਸਮਝ ਗਈ, ਭਈ ਤੇਰੇ ਜੀਅ ਨੂੰ ਹੌਲ ਪੈਦੇ ਕਿ ਪੈਸੇ ਥੋੜੇ ਰਹਿ ਗਏ ਨੇ ਪਿੱਛੇ, ਨਾ ਜੀਤੇ ਦੇ ਬਾਪੂ ਚਿੱਤ ਹੌਲਾ ਨਾ ਕਰ, ਬਥੇਰੇ ਕਮਾ ਦਿਊ ਮੇਰਾ ਪੁੱਤ, ਤੇਰੀਆਂ ਅਗਲੀਆਂ ਪਿਛਲੀਆਂ ਕੁੱਖਾਂ ਕੱਢ ਦਊ, ਬਸ ਜਰਾ ਵਾਰ ਆ ਜਾਣ ਦੇ।”
    “ਐਵੇਂ ਨਾ ਅਬਾ ਤਬਾ ਬੋਲੀ ਜਾਇਆ ਕਰ।” ਏਨੀ ਆਖ ਉਹ ਮੱਝ ਵੱਲ ਨੂੰ ਹੋ ਗਿਆ, ਧੁੱਪੇ ਬੰਨ੍ਹੀ ਸੀ, ਛਾਂਵੇ ਕਰ ਦਿਆਂ। ਛਾਂਵੇਂ ਬੰਨ੍ਹ ਕੇ ਜਦੋਂ ਉਹ ਮੁੜਿਆ, ਬਿਸ਼ਨੀ ਚਾਹ ਦਾ ਗਲਾਸ ਲੈ ਆਈ। ਕੱਚ ਦੇ ਗਲਾਸ ਵਿੱਚ ਵੱਧ ਦੁੱਧ ਵਾਲੀ ਵਾਲੀ ਚਾਹ ਦੂਰੋਂ ਨਜ਼ਰ ਆ ਜਾਂਦੀ ਹੈ। ਚਿੱਟੇ ਰੰਗ ਦੀ ਚਾਹ ਦੇਖ ਕੇ ਉਹ ਫਿਰ ਭੜਕ ਉੱਠਿਆ-
    “ਦੁੱਧ ਘੱਟ ਨਹੀਂ ਸੀ ਪਾ ਹੋਈਦਾ ਤੈਥੋਂ। ਨਿਰਾ ਦੁੱਧ ਹੀ ਲਿਆ ਧਰਿਆ।”
    “ਉਏ ਨਹੀਂ ਬੁਰੇ ਬਣੀਦਾ, ਮਖ, ਚਿੱਤ ਨੂੰ ਧਰਵਾਸ ਦੇਹ ਅੱਜ ਤਾਂ ਚੰਗਾ ਦਿਨ ਐ, ਕੋਈ ਚੱਜ ਦੀ ਗੱਲ ਤਾਂ ਕਰ। ਤੂੰ ਇਉਂ ਕਰ ਲੀੜੇ ਪਾ ਲੈ ਤੇ ਆਪਾਂ ਪਿੰਡ ਹੋ ਆਈਏ, ਉਹ ਜਾਣੇ ਸ਼ਰੀਕੇ ਕਬੀਲੇ ਨੂੰ ਮੂੰਹ ਮਿੱਠਾ ਕਰਵਾ ਦਈਏ। ਉਹ ਕੀ ਕਹਿਣਗੇ ਜਦੋਂ ਦੇ ਗਏ ਨੇ ਮੁੜੇ ਹੀ ਨਹੀਂ।”
    “ਇਹ ਗੱਲ ਠੀਕ ਹੈ, ਨਾਲੇ ਆਪਾਂ ਮਾਸਟਰ ਵੱਲ ਵੀ ਹੋ ਜਾਂਗੇ। ਕੋਈ ਸਲਾਹ ਮਸ਼ਵਰਾ ਹੋ ਜਾਂਦੈ, ਸਿਆਣਾ ਬੰਦਾ ਸੌ ਸਿਆਣੀ ਗੱਲ ਹੀ ਕਰਦੈ।”
    ਅਗਲੇ ਦਿਨ ਉਹ ਦੋਵੇਂ ਸਵੇਰੇ ਮਾਸਟਰ ਦੇ ਘਰ ਵੱਲ ਤੁਰ ਪਏ। ਰਸਤੇ ਚੋਂ ਮਿਠਾਈ ਦਾ ਡੱਬਾ ਖਰੀਦ ਲਿਆ, ਤੇ ਉਹ ਅੱਗੋਂ ਸਕੂਲੋਂ ਆਉਂਦਾ ਮਿਲ ਪਿਆ। ਸ਼ਾਇਦ ਸਕੂਲ ਚੋਂ ਛੁੱਟੀ ਸੀ।
    “ਮਾਸਟਰ ਜੀ ਲਉ ਤੁਹਾਡਾ ਸ਼ਾਗਿਰਦ ਪਾਸ ਹੋ ਗਿਆ ਤੇ ਬਣ ਗਿਆ ਇੰਜਨੀਅਰ ਤੇ ਆਹ ਕਰੋ ਮੂੰਹ ਮਿੱਠਾ।” ਏਨਾ ਕਹਿੰਦਿਆਂ ਉਸ ਨੇ ਮਿਠਾਈ ਦਾ ਡੱਬਾ ਉਸ ਵੱਲ ਵਧਾ ਦਿੱਤਾ।
    “ਵਧਾਈਆਂ, ਬਈ, ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ। ਪਰ ਇਹ ਮਿਠਾਈ ਤਾਂ ਘਰ ਜਾ ਕੇ ਦੇਣੀ ਬਣਦੀ ਹੈ। ਚਲੋ, ਘਰ ਚੱਲੋ।”
    ਰਾਹ ਵਿੱਚ ਰਾਮਾ ਮਾਸਟਰ ਤੋਂ ਟੋਹ ਲੈ ਰਿਹਾ ਸੀ ਕਿ ਅੱਗੇ ਕੀ ਬਣੇਗਾ। ਤਾਂ ਕਿ ਉਹ ਆਪਣੇ ਆਉਣ ਵਾਲੇ ਸਮੇਂ ਲਈ ਸੁਪਨੇ ਸਜਾ ਸਕੇ। ਉਸ ਦੀ ਦੁਨੀਆ ਤਾਂ ਇੱਥੇ ਤੱਕ ਹੀ ਸੀ। ਮਾਸਟਰ ਨੇ ਦੱਸਿਆ-
    “ਬਈ ਰਾਮ ਸਿੰਘ ਜੀ ਹੁਣ ਉਹ ਗੱਲਾਂ ਤਾਂ ਰਹੀਆਂ ਨਹੀਂ, ਸਮਾਂ ਬਹੁਤ ਖਰਾਬ ਆਉਂਦਾ ਜਾ ਰਿਹਾ ਹੈ। ਬੇਕਾਰੀ ਦਿਨੋਂ ਦਿਨ ਵਧ ਰਹੀ ਹੈ। ਹੁਣ ਜੇ ਚੰਗੀ ਕਿਸਮਤ ਰਹੀ ਤਾਂ ਜੀਤੇ ਨੂੰ ਕਿਸੇ ਕਾਰਖਾਨੇ ਵਿੱਚ ਕੋਈ ਛੋਟੀ ਮੋਟੀ ਨੌਕਰੀ ਮਿਲ ਜਾਊ, ਚਾਰ ਪੰਜ ਹਜ਼ਾਰ ਮਿਲ ਜਾਏ ਤਾਂ ਗਨੀਮਤ ਹੈ, ਤੇ ਜੇ ਨਾ ਮਿਲੀ ਤਾਂ ਇਸ ਕੰਮ ਲਈ ਸਾਲ ਦੋ ਸਾਲ ਵੀ ਲੱਗ ਜਾਂਦੇ ਨੇ। ਅੱਜ ਕਲ ਕਾਰਖਾਨੇ ਹੀ ਨਹੀਂ ਰਹੇ। ਹੁਣ ਆਪਣਾ ਮੁਲਕ ਬਣਾਉਂਦਾ ਵੀ ਕੀ ਹੈ, ਸਾਰਾ ਕੁਝ ਤਾਂ ਬਾਹਰੋਂ ਆ ਜਾਂਦੈ। ਤੇ ਜੋ ਬਾਹਰੋਂ ਆਉਂਦਾ ਉਹ ਸਾਰਾ ਕੁਝ ਸਸਤੇ ਭਾਅ  ਇੱਥੇ ਮਿਲ ਜਾਂਦੈ।।”
    “ਪਰ ਮਾਸਟਰ ਜੀ ਆਪਣਾ ਮੁੰਡਾ ਵੀ ਤਾਂ ਇੰਜਨੀਅਰ ਹੀ ਸੀ, ਉਹ ਤਾਂ ਸੌਖਾ ਹੋਣੈ?”
    “ਕਾਹਨੂੰ, ਪਹਿਲਾਂ ਉਹ ਚੰਗੀ ਨੌਕਰੀ ਤੇ ਸੀ, ਪਰ ਫਿਰ ਜਿਸ ਕਾਰਖਾਨੇ ਵਿੱਚ ਕੰਮ ਕਰਦਾ ਸੀ ਉਹ ਬੰਦ ਹੋ ਗਿਆ। ਕੰਪਨੀ ਵਾਲੇ ਉਸ ਨੂੰ ਹੈਦਰਾਬਾਦ ਲੈ ਗਏ। ਹੈਦਰਾਬਾਦ ਛੱਡ ਕੇ ਉਹ ਬਾਹਰ ਚਲਾ ਗਿਆ, ਅਮਰੀਕਾ ਵਿੱਚ। ਤਨਖਾਹ ਚੰਗੀ ਸੀ। ਪਰ ਉੱਥੇ ਪਤਾ ਨਹੀਂ ਕੀ ਹੋਇਆ, ਕਿ ਸਾਰੇ ਮੁੰਡੇ ਘਰੋਂ ਘਰੀਂ ਭੇਜ ਦਿੱਤੇ। ਅਖੇ ਤੁਹਾਥੋਂ ਉੱਥੋਂ ਹੀ ਕੰਮ ਲੈ ਲਵਾਂਗੇ। ਪੰਜਾਹ ਹਜ਼ਾਰ ਡਾਲਰ ਕਮਾਉਂਦੇ ਕਮਾਉਂਦੇ ਪੰਜ ਹਜ਼ਾਰ ਰੁਪਈਏ ਉਪਰ ਆ ਗਿਆ। ਹੁਣ ਪੰਜ ਹਜ਼ਾਰ ਵੀ ਕੋਈ ਰੁਪਈਏ ਹੁੰਦੇ ਨੇ, ਕੀ ਬਣਦੈ, ਸਾਰਾ ਕੁਝ ਛੱਡ ਛਡਾ ਕੇ ਹੁਣ ਲੁਧਿਆਣੇ ਕੋਠੀਆਂ ਵਿੱਚ ਬਿਜਲੀ ਦੀ ਫਿਟਿੰਗ ਦੀ ਠੇਕੇਦਾਰੀ ਕਰਦੈ। ਦਰ ਦਰ ਧੱਕੇ ਖਾ ਕੇ ਚਾਰ ਪੰਜ ਹਜ਼ਾਰ ਹੀ ਜੁੜਦੇ ਨੇ, ਉਹ ਜਾਣੇ ਘਰ ਤਾਂ ਬੈਠਾ ਹੈ। ਬੱਸ ਆਉਣ ਹੀ ਵਾਲਾ ਹੈ। ਮਿਲ ਕੇ ਹੀ ਜਾਇਓ।।”
    ਮਾਸਟਰ ਨੇ ਸਾਰੀ ਕਹਾਣੀ ਸੁਣਾ ਦਿੱਤੀ। ਰਾਮੇ ਨੂੰ ਇਓਂ ਜਾਪਿਆ ਕਿ ਜਿਵੇਂ ਉਸ ਦੇ ਹੇਠੋਂ ਕਿਸੇ ਨੇ ਘੋੜਾ ਹੀ ਖਿੱਚ ਲਿਆ ਹੋਵੇ। ਉਸਦੀ ਸੁਪਨ ਨਗਰੀ ਚੋਂ ਪਟਕਾ ਕੇ ਬਾਹਰ ਸੁੱਟ ਦਿੱਤਾ ਹੋਵੇ। ਦਰਵਾਜ਼ੇ ਚੋਂ ਆਉਂਦੇ ਮਾਸਟਰ ਦੇ ਮੁੰਡੇ ਚੋਂ ਉਸ ਨੂੰ ਜੀਤੇ ਦਾ ਝੌਲਾ ਪਿਆ। ਜਿਵੇਂ ਜੀਤਾ ਵੀ ਕਿਸੇ ਕੋਠੀ ਵਿੱਚ ਛੈਣੀ ਹਥੌੜੀ ਚਲਾ ਰਿਹਾ ਹੋਵੇ, ਬਿਜਲੀ ਦਾ ਬੱਲਬ ਲਾਉਣ ਲਈ। ਉਸ ਦੇ ਕੰਬਦੇ ਹੱਥੋਂ ਮਿਠਾਈ ਦਾ ਡੱਬਾ ਫਰਸ਼ ਉਪਰ ਡਿੱਗ ਕੇ ਖਿਲਰ ਗਿਆ। ਫਰਸ਼ ਉਪਰ ਰੁੜੇ ਲੱਡੂ ਉਸ ਨੂੰ ਇਓਂ ਜਾਪਦੇ ਜਿਵੇਂ ਕਿਸੇ ਨੇ ਉਸ ਦੇ ਸੁਪਨੇ ਪੈਰਾਂ ਹੇਠਾਂ ਲਿਤੜ ਦਿੱਤੇ ਹੋਣ।
                                    83/14, ਸੁਭਾਸ਼ ਕਾਲੌਨੀ, ਜ਼ੀਰਾ। (ਫਿਰੋਜ਼ਪੁਰ)

 

 

ਚਿੜੀ ਵਿਚਾਰੀ ਕੀ ਕਰੇ


ਗੁਰਦੀਪ ਸਿੰਘ ਭਮਰਾ

ਜੰਗਲ ਨੂੰ ਅੱਗ ਲੱਗੀ ਹੋਈ ਸੀ।
ਜੰਗਲ ਦੇ ਸਾਰੇ ਦੱਰਖਤ ਸੜ ਰਹੇ ਸਨ। ਅੱਗ ਜੰਗਲ ਦੇ ਧੁਰ ਅੰਦਰੋਂ ਸ਼ੁਰੂ ਹੋਈ ਸੀ। ਇੱਕ ਨਿੱਕੀ ਜਿਹੀ ਚਿਣਗ ਨੇ ਸਾਰੇ ਜੰਗਲ ਨੂੰ ਅੱਗ ਲਾ ਦਿੱਤੀ ਦੀ ਤੇ ਹੁਣ ਧੜਾ ਧੜ ਜੰਗਲ ਸੜ ਰਿਹਾ ਸੀ। ਇੱਕ ਇੱਕ ਕਰਕੇ ਸਾਰੇ ਰੁੱਖ ਹੀ ਅੱਗ ਦੀ ਲਪੇਟ ਵਿੱਚ ਆ ਰਹੇ ਸਨ। ਗਰਮੀ ਦੀ ਰੁੱਤ ਵਿੱਚ ਹਵਾ ਪਹਿਲੋਂ ਹੀ ਬੜੀ ਖੁਸ਼ਕ ਸੀ, ਤੇ ਜ਼ਮੀਨ ਸੁੱਕੇ ਪਤਿਆਂ ਨਾਲ ਭਰੀ ਹੋਈ ਸੀ। ਸੁੱਕੇ ਪੱਤੇ ਤੇ ਸੁੱਕਾ ਘਾਹ ਦੂਰ ਦੂਰ ਤੱਕ ਫੈਲਿਆ ਹੋਇਆ ਸੀ।
ਜੰਗਲ ਸੜ ਰਹੇ ਸਨ। ਰੁੱਖ ਸੜ ਰਹੇ ਸਨ ਤੇ ਰੁੱਖਾਂ ਨਾਲ ਪੰਛੀਆਂ ਦੇ ਆਲ੍ਹਣੇ ਵੀ ਸੜ ਰਹੇ ਸਨ। ਪੰਛੀ ਵਿਚਾਰੇ ਆਪੋ ਆਪਣੇ ਤਰੀਕੇ ਨਾਲ ਚੀਖ ਪੁਕਾਰ ਕਰ ਰਹੇ ਸਨ। ਪੰਛੀਆਂ ਨੇ ਚੀਖ ਚਿਹਾੜਾ ਹੀ ਪਾਇਆ ਹੋਇਆ ਸੀ। ਇਹਨਾਂ ਪੰਛੀਆਂ ਵਿੱਚ ਇੱਕ ਚਿੜੀ ਸੀ। ਨਿੱਕੀ ਜਿਹੀ ਉਸ ਚਿੜੀ ਦਾ ਆਲ੍ਹਣਾ ਜੰਗਲ ਦੇ ਇੱਕ ਰੁੱਖ ਦੀ ਇੱਕ ਟਾਹਣੀ ਉਪਰ ਸੀ। ਚਿੜੀ ਨੇ ਬੜੀ ਮਿਹਨਤ ਨਾਲ ਇੱਕ ਇੱਕ ਤੀਲਾ ਚੁਣ ਕੇ ਇਹ ਆਲ੍ਹਣਾ ਬਣਾਇਆ ਸੀ। ਆਲ੍ਹਣਾ ਬਣਾਉਦੀ ਉਹ ਸੋਚ ਰਹੀ ਸੀ ਕਿ ਇਸ ਆਲ੍ਹਣੇ ਵਿੱਚ ਉਸ ਦੇ ਦੋ ਛੋਟੇ ਛੋਟੇ ਬੋਟ ਪੈਦਾ ਹੋਣਗੇ ਜਿਹਨਾਂ ਨੂੰ ਉਹ ਪਾਲ ਪੋਸ ਕੇ ਵੱਡਿਆ ਕਰੇਗੀ। ਆਪਣੇ ਵਰਗੇ ਪੰਛੀ ਬਣਾਏਗੀ। ਜਦੋਂ ਉਹ ਚਾਰੋਂ ਮਿਲ ਕੇ ਅਸਮਾਨ ਉਪਰ ਉੱਡਿਆ ਕਰਨਗੇ ਤਾਂ ਸਾਰਾ ਅਸ਼ਮਾਨ ਉਹਨਾਂ ਦੀ ਚੀਂ ਚੀ ਚਿਰ ਚਿਰ ਨਾਲ ਭਰ ਜਾਵੇਗਾ। ਉਸ ਨੂੰ ਬੜੀਆਂ ਆਸਾਂ ਸਨ। ਸੀ ਤਾਂ ਉਹ ਨਿੱਕੀ ਜਿਹੀ ਚਿੜੀ ਪਰ ਉਸ ਨੇ ਵੀ ਆਪਣੇ ਤੇ ਆਪਣੇ ਪਰਵਾਰ ਬਾਰੇ ਕਈ ਸੁਪਨੇ ਦੇਖੇ ਸਨ। ਹੁਣ ਜਦੋਂ ਆਲ੍ਹਣਾ ਬਣ ਕੇ ਤਿਆਰ ਹੋ ਗਿਆ ਸੀ ਤੇ ਉਸ ਨੇ ਆਪਣੇ ਆਂਡੇ ਵੀ ਉਸ ਆਲ੍ਹਣੇ ਵਿੱਚ ਰੱਖ ਦਿੱਤੇ ਸਨ, ਇਹ ਨਵੀਂ ਮੁਸੀਬਤ ਸ਼ੁਰੂ ਹੋ ਗਈ। ਜੰਗਲ ਨੂੰ ਅੱਗ ਲਗ ਗਈ ਸੀ। ਜੰਗਲ ਸੜ ਰਿਹਾ ਸੀ। ਜੰਗਲ ਦੇ ਆਸ ਪਾਸ ਦੇ ਰੁਖ ਵੀ ਸੜ ਰਹੇ ਸਨ ਤੇ ਚਿੜੀ ਨੂੰ ਲਗਦਾ ਸੀ ਕਿ ਅੱਗ ਜਲਦੀ ਹੀ ਉਸ ਦੇ ਆਲ੍ਹਣੇ ਤੱਕ ਪਹੁੰਚ ਜਾਵੇਗੀ। ਚਿੜੀ ਚੀਂ ਚੀ ਕਰ ਰਹੀ ਸੀ। ਨਿੱਕੀ ਜਿਹੀ ਚਿੜੀ ਬਹੁਤ ਪਰੇਸ਼ਾਨ ਸੀ।
ਚਿੜੀ ਨਦੀ ਤੱਕ ਕੋਲ ਗਈ। ਨਦੀ ਵਿੱਚ ਬੜਾ ਪਾਣੀ ਸੀ। ਪਾਣੀ ਸਦਾ ਵਗਦਾ ਰਹਿੰਦਾ ਸੀ। ਪਾਣੀ ਤੇ ਅੱਗ ਦਾ ਵੈਰ ਹੁੰਦਾ ਹੈ ਉਸ ਨੇ ਨਦੀ ਨੂੰ ਕਿਹਾ-
    ਨਦੀਏ ਭੈਣ ਪਿਆਰੀਏ।
    ਜੰਗਲ ਲੱਗੀ ਅੱਗ
    ਪਾਣੀ ਦੇਹ ਬੁਝਾਈਏ
    ਕਦੇ ਤਾਂ ਆਖੇ ਲੱਗ।
ਨਦੀ ਜੋ ਚੁੱਪ ਚਾਪ ਵਹਿ ਰਹੀ ਸੀ, ਉਸ ਨੇ ਚਿੜੀ ਵੱਲ ਦੇਖਿਆ ਪਰ ਚਿੜੀ ਦੀ ਪਰਵਾਹ ਨਾ ਕੀਤੀ। ਉਹ ਚੁੱਪ ਚੱਪ ਆਪਣੀ ਤੋਰੇ ਵਹਿੰਦੀ ਰਹੀ। ਚਿੜੀ ਨੇ ਫੇਰ ਕਿਹਾ-
    ਜੰਗਲ ਲੱਗੀ ਅੱਗ ਭੈਣ ਪਿਆਰੀਏ
    ਜਾ ਕੇ ਅੱਗ ਬੁਝਾ, ਭੈਣ ਪਿਆਰੀਏ
    ਆਪਣਾ ਵੇਰ ਦਿਖਾ ਨਦੀਏ ਸੋਹਣੀਏ।
ਨਦੀ ਨੇ ਚਿੜੀ ਵੱਲ ਦੇਖ ਕੇ ਕਿਹਾ-
    ਜਿੰਨਾ ਤੇਰੀ ਲੋੜ, ਤੂੰ ਭਰ ਲੈ ਜਾਹ।
    ਪਾਣੀ ਦੀ ਕੀ ਥੋੜ੍ਹ ਚਿੜੀ ਵਿਚਾਰੀਏ।
  • ਮੈ ਪਾਣੀ ਕਿਵੇਂ ਲਿਜਾ ਸਕਦੀ ਹਾਂ। ਮੇਰੇ ਕੋਲ ਤਾਂ ਕੋਈ ਭਾਂਡਾ ਹੀ ਨਹੀਂ।
  • ਤੇ ਫਿਰ ਮੈਂ ਅੱਗ ਉਪਰ ਪਾਣੀ ਕਿਵੇਂ ਲੈ ਕੇ ਜਾਂਵਾ। ਮੇਰੇ ਕੋਲ ਬਹੁਤ ਪਾਣੀ ਹੈ। ਜਦੋਂ ਅੱਗ ਮੇਰੇ ਕੋਲ ਆਵੇਗੀ ਮੈਂ ਬੁਝਾ ਦਿਆਂਗੀ। ਤੂੰ ਹੁਣ ਜਾਹ।
ਪਰ ਚਿੜੀ ਨੂੰ ਚੈਨ ਕਿੱਥੇ। ਉਹ ਅਸਮਾਨ ਉਪਰ ਉੱਡਣ ਲੱਗੀ। ਅਸਮਾਨ ਉਪਰ ਹੋਰ ਪੰਛੀ ਵੀ ਉਡ ਰਹੇ ਸਨ। ਉਹ ਵੀ ਜੰਗਲ ਦੀ ਅੱਗ ਤੋਂ ਪਰੇਸ਼ਾਨ ਸਨ ਪਰ ਚਿੜੀ ਨੂੰ ਆਪਣੇ ਆਲ੍ਹਣੇ ਦੀ ਚਿੰਤਾ ਸੀ।ਉਹ ਜਾਣਦੀ ਸੀ ਕਿ ਜੇ ਕਰ ਇਸ ਜੰਗਲ ਵਿੱਚ ਕੋਈ ਰੁੱਖ ਨਾ ਰਿਹਾ ਤਾਂ ਕਿੱਥੇ ਜਾਵੇਗੀ। ਇਸ ਲਈ ਉਹ ਅਸਮਾਨ ਉਪਰ ਚੱਕਰ ਲਗਾ ਰਹੀ ਸੀ। ਉਸ ਨੇ ਇੱਕ ਬੱਦਲ ਦੇਖਿਆ ਜੋ ਇੱਕ ਅਸਮਾਨ ਦੀ ਇੱਕ ਨੁੱਕਰ ਵਿੱਚ ਬੈਠਾ ਆਰਾਮ ਕਰ ਰਿਹਾ ਸੀ।
    ਸੁਣ ਵੇ ਬੱਦਲ ਵੀਰਿਆ
    ਤੇਰੀ ਡਾਢੀ ਲੋੜ
    ਹੇਠਾਂ ਜੰਗਲ ਸੜ ਰਿਹਾ
    ਤੂੰ ਪਾਣੀ ਲੈ ਕੇ ਬਹੁੜ।
ਬੱਦਲ ਨੇ ਚਿੜੀ ਵੱਲ ਦੇਖਿਆ। ਉਸ ਨੇ ਹੇਠਾਂ ਧਰਤੀ ਵੱਲ ਦੇਖਿਆ। ਹੇਠਾਂ ਧਰਤੀ ਉਪਰ ਜੰਗਲ ਦੇ ਐਨ ਵਿਚਕਾਰੋਂ ਧੂੰਆਂ ਨਿਕਲ ਰਿਹਾ ਸੀ। ਜੰਗਲ ਧੂੰ ਧੂੰ ਕਰਕੇ ਸੜ ਰਿਹਾ ਸੀ। ਉਸ ਨੇ ਚਿੜੀ ਨੂੰ ਕਿਹਾ-
ਮੇਰੀ ਨਾ ਕੋਈ ਵਾਹ
ਚਿੜੀਏ ਸੋਹਣੀਏ
ਖੰਭਾਂ ਬਾਝੋਂ ਮੈਂ ਨਹੀਂ
ਸਕਦਾ ਕਿਧਰੇ ਜਾਹ
ਅੱਗ ਦੀ ਨਹੀਂ ਪਰਵਾਹ
ਭੈਣ ਪਿਆਰੀਏ
ਜਾਨੋਂ ਦਿਆਂ ਮੁਕਾ
ਮੌਸਮ ਆਉਣ ਤੇ।
ਬੱਦਲ ਦੀ ਗੱਲ ਸੁਣ ਕੇ ਚਿੜੀ ਨੇ ਕਿਹਾ-
  • ਉਦੋਂ ਤੱਕ ਤਾਂ ਜੰਗਲ ਸੜ ਕੇ ਤਬਾਹ ਹੋ ਜਾਵੇਗਾ।
  • ਮੈਂ ਹਵਾ ਤੋਂ ਬਿਨਾਂ ਨਹੀਂ ਜਾ ਸਕਦਾ। ਮੈਂ ਤਾਂ ਸਿਰਫ ਹਵਾ ਦੀ ਸਵਾਰੀ ਕਰਨਾ ਹੀ ਜਾਣਦਾ ਹਾਂ। ਹਵਾ ਤੋਂ ਬਿਨਾਂ ਮੇਰੀ ਕੋਈ ਵਾਹ ਨਹੀਂ।
  • ਹਵਾ ਕਦੋਂ ਆਵੇਗੀ?
  • ਇਹ ਹਵਾ ਹੀ ਜਾਣਦੀ ਹੈ। ਪਰ ਹਵਾ ਸਾਲ ਵਿੱਚ ਇੱਕ ਵਾਰੀ ਹੀ ਆਉਂਦੀ ਹੈ ਉਹ ਵੀ ਉਦੋਂ ਜਦੋਂ ਬਰਸਾਤ ਦੀ ਰੁੱਤ ਆਉਂਦੀ ਹੈ।
  • ਫਿਰ ਮੈਂ ਹਵਾ ਕੋਲ ਜਾਵਾਂ?
ਬੱਦਲ ਦੇ ਹੁੰਗਾਰੇ ਦੀ ਉਡੀਕ ਕੀਤੇ ਬਿਨਾਂ ਹੀ ਚਿੜੀ ਹਵਾ ਦੀ ਭਾਲ ਵਿੱਚ ਉਡ ਪਈ। ਹਵਾ ਤਾਂ ਚਾਰੇ ਪਾਸੇ ਸੀ ਪਰ ਜਿਹੜੀ ਹਵਾ ਦੀ ਖੋਜ ਚਿੜੀ ਕਰ ਰਹੀ ਸੀ ਉਹ ਹਵਾ ਤਾਂ ਬਹੁਤ ਤੇਜ਼, ਤੂਫਾਨ ਦੀ ਭੈਣ, ਹਨੇਰੀ ਸੀ। ਚਿੜੀ ਨੇ ਇੱਧਰ ਉੱਧਰ ਦੇਖਿਆ। ਉਸ ਨੇ ਹਵਾ ਵਿੱਚ ਚੀਂ ਚੀਂ ਕਰਕੇ ਹਵਾ ਨੂੰ ਆਵਾਜ਼ ਮਾਰੀ।
    ਹੇ ਹਵਾ ਮੈਂ ਚਿੜੀ ਵਿਚਾਰੀ    
ਰਹੀ ਆਵਾਜ਼ਾਂ ਮਾਰ
    ਤੇਰੀ ਭਾਲ ਵਿੱਚ
    ਕਰਦੀ ਚੀਖ ਪੁਕਾਰ
    ਕਿੱਥੇ ਹੈਂ ਲੁਕੀ?
ਚਿੜੀ ਨੂੰ ਪਤਾ ਲੱਗਿਆ ਹਨੇਰੀ ਤਾਂ ਅੱਜ ਕਲ ਸਮੁੰਦਰ ਉਪਰ ਹਵਾ-ਖੋਰੀ ਕਰਨ ਗਈ ਹੋਈ ਹੈ। ਸੂਰਜ ਨੇ ਉਸ ਨੂੰ ਸਮੁੰਦਰ ਦੇ ਪਾਣੀ ਨਾਲ ਗੱਲ ਬਾਤ ਕਰਨ ਲਈ ਭੇਜਿਆ ਹੋਇਆ ਹੈ।
  • ਹਵਾ ਕਦੋਂ ਆਵੇਗੀ?
  • ਸਾਨੂੰ ਕੀ ਪਤਾ?
  • ਪਰ ਤੁਹਾਨੂੰ ਕੁਝ ਤਾਂ ਪਤਾ ਹੋਵੇਗਾ?
  • ਨਹੀਂ ਹਵਾ ਤੇ ਹਨੇਰੀ ਦਾ ਮਾਲਕ ਤਾਂ ਸੂਰਜ ਹੈ। ਉਹੋ ਹੀ ਸਾਰਿਆਂ ਨੂੰ ਕੰਮ ਲਾਉਂਦਾ ਹੈ। ਸੂਰਜ ਹੀ ਹਵਾ ਬਾਰੇ ਦੱਸ ਸਕਦਾ ਹੈ।
  • ਪਰ ਹੇਠਾਂ ਧਰਤੀ ਉਪਰ ਅੱਗ ਲੱਗੀ ਹੋਈ ਹੈ। ਅਹੁ ਦੇਖੋ ਜੰਗਲ ਸੜ ਰਿਹਾ ਹੈ। ਅੱਗ ਨੂੰ ਬੁਝਾਉਣਾ ਹੀ ਪਵੇਗਾ। ਤੇ ਅੱਗ ਨੂੰ ਬੁਝਾਉਣ ਲਈ ਪਾਣੀ ਦੀ ਲੋੜ ਹੈ, ਪਾਣੀ ਬੱਦਲ ਲੈ ਕੇ ਆਉਣਗੇ ਤੇ ਬੱਦਲ ਹਵਾ ਬਿਨਾਂ ਨਹੀਂ ਜਾ ਸਕਦੇ। ਮੈਂ ਕੀ ਕਰਾਂ। ਕੋਈ ਮੇਰੀ ਗੱਲ ਹੀ ਨਹੀਂ ਸੁਣਦਾ। ਪਰ ਸੂਰਜ ਕਿੱਥੇ ਹੈ? ਮੈ ਉਸ ਨੂੰ ਜਾ ਕੇ ਕਹਾਂ।
  • ਹਾਂ, ਹਾਂ ਸੂਰਜ ਦੇਵਤਾ ਜੀ ਤਾਂ ਅਹੁ ਦੇਖੋ ਜੰਗਲ ਦੇ ਦੂਜੇ ਪਾਸੇ ਜਾ ਰਹੇ ਹਨ।
ਚਿੜੀ ਨੇ ਦੇਖਿਆ, ਸੂਰਜ ਛਿਪ ਰਿਹਾ ਸੀ। ਸਾਮ ਹੋ ਗਈ ਸੀ। ਅਸਮਾਨ ਵਿੱਚ ਹਨੇਰਾ ਪੈਣਾ ਸ਼ੁਰੂ ਹੋ ਗਿਆ ਸੀ। ਤਾਰੇ ਨਿਕਲ ਆਏ ਸਨ। ਸੂਰਜ ਦੇ ਨੇੜੇ ਜਾ ਕੇ ਉਸ ਨੇ ਸੂਰਜ ਨੂੰ ਆਵਾਜ਼ ਮਾਰੀ। ਪਰ ਸ਼ਾਮ ਦਾ ਹਨੇਰਾ ਸੂਰਜ ਨੂੰ ਨਿਗਲ ਰਿਹਾ ਸੀ। ਚਿੜੀ ਨੇ ਹਨੇਰੇ ਨੂੰ ਕਿਹਾ ਕਿ ਉਹ ਸੂਰਜ ਨਾਲ ਉਸ ਦੀ ਗੱਲ ਕਰਵਾ ਦੇਣ।
  • ਤੂੰ ਹੁਣ ਸੂਰਜ ਨੂੰ ਨਹੀਂ ਮਿਲ ਸਕਦੀ। ਸੂਰਜ ਸੌਂ ਗਿਆ ਹੈ। ਇਹ ਉਸ ਦੇ ਆਰਾਮ ਕਰਨ ਦਾ ਵੇਲਾ ਹੈ।
  • ਪਰ ਮੇਰਾ ਸੂਰਜ ਨੂੰ ਮਿਲਨਾ ਬਹੁਤ ਜ਼ਰੂਰੀ ਹੈ। ਸੂਰਜ ਹੀ ਮੇਰੀ ਮੁਸ਼ਕਲ ਹੱਲ ਕਰ ਸਕਦਾ ਹੈ।
  • ਨਹੀਂ ਸੂਰਜ ਜਦੋਂ ਸੌਂ ਜਾਂਦਾ ਹੈ ਤਾਂ ਉਹ ਕਿਸੇ ਨੂੰ ਨਹੀਂ ਮਿਲਦਾ।
  • ਪਰ ਮੇਰੀ ਗੱਲ ਤਾਂ ਸੁਣੋ..
  • ਨਹੀਂ ਤੂੰ ਹੁਣ ਕੱਲ੍ਹ ਸਵੇਰੇ ਆਵੀਂ।
ਹਨੇਰੇ ਨੇ ਗੁਫਾ ਦਾ ਦਰਵਾਜ਼ਾ ਬੰਦ ਕਰ ਲਿਆ। ਚਿੜੀ ਥੱਕੀ ਟੁੱਟੀ ਜੰਗਲ ਵੱਲ ਵਾਪਸ ਚੱਲ ਪਈ। ਜੰਗਲ ਜੋ ਸੜ ਰਿਹਾ ਸੀ। ਜਿਸ ਨੂੰ ਅੱਗ ਲੱਗੀ ਹੋਈ ਸੀ। ਜਿੱਥੇ ਰੁੱਖ ਇੱਕ ਇੱਕ ਕਰਕੇ ਸੜ ਰਹੇ ਸਨ। ਉਹਨਾਂ ਰੁਖਾਂ ਚੋਂ ਇੱਕ ਉਪਰ ਚਿੜੀ ਦਾ ਆਲ੍ਹਣਾ ਸੀ। ਚਿੜੀ ਵਿਚਾਰੀ ਕੀ ਕਰੇ। ਉਹ ਬਹੁਤ ਪਰੇਸਾਨ ਸੀ। ਥਕੇਵੇਂ ਨਾਲ ਚੂਰ ਉਹ ਜੰਗਲ ਵੱਲ ਪਰਤ ਰਹੀ ਸੀ।
ਰਸਤੇ ਵਿੱਚ ਉਸ ਨੇ ਬਿਜਲੀ ਦੀ ਤਾਰ ਉਪਰ ਬੈਠੇ ਬਹੁਤ ਸਾਰੇ ਪੰਛੀ ਦੇਖੇ। ਨੇੜੇ ਜਾ ਕੇ ਚਿੜੀ ਨੇ ਕੀ ਦੇਖਿਆ ਕਿ ਇਹ ਪੰਛੀ ਤਾਂ ਸਾਰੇ ਓਹੀ ਪੰਛੀ ਸਨ ਜੋ ਉਸੇ ਜੰਗਲ ਵਿੱਚ ਰਹਿੰਦੇ ਸਨ, ਜਿਸ ਵਿੱਚ ਉਸ ਦਾ ਆਲ੍ਹਣਾ ਸੀ। ਉਸੇ ਜੰਗਲ ਨੂੰ ਤਾਂ ਅੱਗ ਲੱਗੀ ਹੋਈ ਸੀ। ਪਹਿਲਾਂ ਉਹ ਸਾਰੇ ਪੰਛੀ ਆਪੋ ਵਿੱਚ ਲੜਦੇ ਰਹਿੰਦੇ ਸਨ ਪਰ ਅੱਜ ਸਾਰੇ ਉਹ ਚੁੱਪ ਬੈਠੇ ਸਨ। ਕੁਝ ਪੰਛੀ ਜੰਗਲ ਦੇ ਸੜ ਰਹੇ ਰੁੱਖਾਂ ਨੂੰ ਦੇਖ ਰਹੇ ਸਨ ਤੇ ਜੋ ਅੱਗ ਵੱਲ ਨਹੀਂ ਦੇਖ ਸਕਦੇ ਸਨ ਉਹ ਜੰਗਲ ਵੱਲ ਪਿੱਠ ਕਰਕੇ ਬੈਠੇ ਸਨ। ਚਿੜੀ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਉਹ ਸਾਰੇ ਇੱਕ ਪਾਸੇ ਹੋ ਗਏ। ਉਹਨਾਂ ਚਿੜੀ ਨੂੰ ਦੂਰ ਅਸਮਾਨ ਉਪਰ ਉੱਡਦਿਆਂ ਦੇਖ ਲਿਆ ਸੀ।
  • ਮੇਰੇ ਨਾਲ ਨਾਰਾਜ਼ ਨਾ ਹੋਵੋ।
  • ਪਰ ਤੂੰ ਤਾਂ ਸਾਰਾ ਦਿਨ ਜੰਗਲ ਕੋਲ ਰਹੀ ਨਹੀਂ। ਤੈਨੂੰ ਜੰਗਲ ਦੀ ਕੀ ਪਰਵਾਹ ਹੈ?
  • ਨਹੀਂ ਇਹ ਗੱਲ ਨਹੀਂ। ਮੈਂ ਤਾਂ ਆਪ ਬਹੁਤ ਪਰੇਸ਼ਾਨ ਸੀ।
  • ਪਰ ਜੇ ਪਰੇਸ਼ਾਨ ਸੀ ਤਾਂ ਤੂੰ ਅੱਗ ਬੁਝਾਉਣ ਲਈ ਕੀਤਾ ਕੀ?
  • ਮੈਂ ਪਹਿਲਾਂ ਨਦੀ ਕੋਲ ਗਈ ਉਸ ਨੂੰ ਅੱਗ ਬੁਝਾਉਣ ਲਈ ਕਿਹਾ।
  • ਫਿਰ?
ਚਿੜੀ ਨੇ ਪੰਛੀਆਂ ਨੂੰ ਆਪਣੀ ਸਾਰੀ ਕਹਾਣੀ ਦੱਸੀ, ਕਿ ਉਹ ਪਹਿਲਾਂ ਨਦੀ ਕੋਲ, ਫਿਰ ਬੱਦਲਾਂ ਕੋਲ, ਫਿਰ ਹਵਾ ਕੋਲ ਗਈ ਤੇ ਕਿਵੇਂ ਉਹ ਸੂਰਜ ਕੋਲ ਜਾ ਕੇ ਉਸ ਨੂੰ ਆਪਣੀ ਮੁਸ਼ਕਲ ਦੱਸਣਾ ਚਾਹੁੰਦੀ ਸੀ ਪਰ ਹਨੇਰੇ ਨੇ ਉਸ ਨੂੰ ਰੋਕ ਲਿਆ। ਚਿੜੀ ਦੀ ਗੱਲਬਾਤ ਸੁਣਨ ਲਈ ਹੋਰ ਪੰਛੀ ਵੀ ਉਸ ਦੇ ਨੇੜੇ ਆ ਗਏ। ਸਾਰੇ ਜਣੇ ਚਿੜੀ ਦੀ ਦਲੇਰੀ ਦੀ ਦਾਦ ਦੇ ਰਹੇ ਸਨ। ਚਿੜੀ ਨੇ ਕਿਹਾ-
  • ਇਹ ਵੇਲਾ ਦਾਦ ਦੇਣ ਦਾ ਨਹੀਂ।
  • ਫਿਰ?
  • ਸਾਨੂੰ ਕੁਝ ਕਰਨਾ ਪਵੇਗਾ। ਨਹੀਂ ਤਾਂ ਜੰਗਲ ਦੀ ਅੱਗ ਸਾਰਾ ਕੁਝ ਸਾੜ ਕੇ ਤਬਾਹ ਕਰ ਦੇਵੇਗੀ। ਸਾਡੀ ਸਾਰੀ ਦੁਨੀਆ ਤਬਾਹ ਹੋ ਜਾਵੇਗੀ। ਤੇ ਉਸ ਦੇ ਨਾਲ ਹੀ ਆਪਾਂ ਸਾਰੇ ਵੀ।
  • ਮੇਰਾ ਤਾਂ ਜੀ ਕਰਦਾ ਹੈ ਕਿ ਜੇ ਅੱਗ ਮੇਰੇ ਆਲ੍ਹਣੇ ਤੱਕ ਆਈ ਤਾਂ ਮੈਂ ਵੀ ਆਲ੍ਹਣੇ ਨਾਲ ਹੀ ਜਾਨ ਦੇ ਦਿਆਂਗਾ।
ਇਹ ਇੱਕ ਤੋਤਾ ਸੀ ਜਿਸ ਦਾ ਆਲ੍ਹਣਾ ਰੁੱਖ ਦੀ ਖੋੜ ਵਿੱਚ ਸੀ। ਚਿੜੀ ਨੂੰ ਉਸ ਦੀ ਗੱਲ ਉਪਰ ਬੜਾ ਤਰਸ ਆਇਆ। ਉਸ ਨੇ ਤੋਤੇ ਨੂੰ ਕਿਹਾ-
  • ਨਹੀਂ ਵੀਰਿਆ, ਅਜਿਹਾ ਨਹੀਂ ਹੋ ਸਕਦਾ। ਆਪਾਂ ਨੂੰ ਕੁਝ ਕਰਨਾ ਪਵੇਗਾ ਤੇ ਉਹ ਵੀ ਮਿਲ ਕੇ।
  • ਪਰ ਆਪਾਂ ਕੀ ਕਰ ਸਕਦੇ ਹਾਂ।
ਇੱਕ ਹੋਰ ਪੰਛੀ ਨੇ ਕਿਹਾ। ਉਸ ਦੀ ਗੱਲ ਸੁਣ ਕੇ ਕਾਂ ਬੋਲਿਆ-
  • ਓਏ ਆਪਾਂ ਹੋਰ ਕੁਝ ਨਹੀਂ ਤਾਂ ਰੌਲਾ ਤਾਂ ਪਾ ਸਕਦੇ ਹਾਂ। ਰੌਲਾ ਪਾਉਣੋਂ ਤਾਂ ਕੋਈ ਆਪਾਂ ਨੂੰ ਰੋਕ ਨਹੀਂ ਸਕਦਾ। ਸ਼ਾਇਦ ਸਾਡੀ ਆਵਾਜ਼ ਸੁਣ ਕੇ ਸਾਡੀ ਮਦਦ ਉਪਰ ਕੋਈ ਆ ਜਾਏ।
  • ਕੋਈ ਕਿਓਂ? ਆਪਾਂ ਸੂਰਜ ਦੇ ਕੋਲ ਜਾ ਕੇ ਰੌਲਾ ਪਾਵਾਂਗੇ, ਉਸ ਨੂੰ ਜਗਾ ਕੇ ਸਾਡੀ ਮਦਦ ਕਰਨ ਲਈ ਕਹਾਂਗੇ।
  • ਠੀਕ ਹੈ ਚਲੋ, ਰਲ ਕੇ ਸੂਰਜ ਕੋਲ ਚਲਦੇ ਹਾਂ।
ਪੰਛੀਆ ਨੇ ਉਸ ਰਾਤ ਸੂਰਜ ਨੂੰ ਸੌਣ ਨਾ ਦਿੱਤਾ।
ਅੱਗੋਂ ਕੀ ਹੋਇਆ?
ਕੀ ਜੰਗਲ ਦੀ ਅੱਗ ਬੁਝੀ?
ਕੋਈ ਨਹੀਂ ਜਾਣਦਾ।
ਪਰ ਇਸ ਘਟਨਾ ਤੋਂ ਠੀਕ ਚਾਲੀ ਦਿਨ ਬਾਅਦ ਆਲ੍ਹਣੇ ਵਿੱਚ ਦੋ ਨਵੇਂ ਬੋਟ ਆਪਣੇ ਆਂਡਿਆਂ ਚੋਂ ਜਦੋਂ ਬਾਹਰ ਆਏ ਤਾਂ ਦੁਨੀਆ ਬੜੀ ਸੋਹਣੀ ਸੀ। ਜੰਗਲ ਹਰਾ ਭਰਾ ਸੀ। ਉਹਨਾਂ ਕੋਲ ਉਹਨਾਂ ਦੇ ਮਾਂ ਬਾਪ ਚਿੜੀ ਤੇ ਚਿੜਾ ਬੈਠੇ ਸਨ। ਅਸਮਾਨ ਦਾ ਰੰਗ ਨੀਲਾ ਸੀ। ਕਿਤੇ ਕਿਤੇ ਕੋਈ ਬੱਦਲ ਤੈਰ ਰਿਹਾ ਸੀ।