Wednesday, November 10, 2010


ਬਰਸਾਤ
ਗੁਰਦੀਪ ਸਿੰਘ

ਵਰਖਾ ਦੀ ਰੁੱਤ ਵਿੱਚ ਮੀਹ ਪੈਣਾ ਕੁਦਰਤੀ ਹੈ। ਜੇ ਵਰਖਾ ਦੀ ਰੁੱਤ ਵਿੱਚ ਵੀ ਮੀਂਹ ਨਾ ਪਵੇ ਤਾਂ ਫੇਰ ਵਰਖਾ ਰੁੱਤ ਦਾ ਵੀ ਕੀ ਲਾਭ? ਸਿਆਣੇ ਕਹਿੰਦੇ ਨੇ ਕਿ ਵੇਲੇ ਦਾ ਰਾਗ ਤੇ ਕੁਵੇਲੇ ਦੀਆਂ ਟੱਕਰਾਂ। ਮੀਂਹ ਕੱਲ੍ਹ ਸਵੇਰ ਤੋਂ ਵਰ੍ਹ ਰਿਹਾ ਸੀ। ਹਲਕੀ ਬੂੰਦਾ ਬਾਂਦੀ ਤੋਂ ਇਹ ਮੋਹਲੇਧਾਰ ਵਰਖਾ ਵਿੱਚ ਬਦਲ ਗਿਆ ਸੀ। ਗਲੀਆਂ ਵਿੱਚ ਨਾਲੀਆਂ ਭਰ ਕੇ ਵਗ ਰਹੀਆਂ ਸਨ। ਘਰਾਂ ਦੇ ਪਰਨਾਲੇ ਵਰਖਾ ਦਾ ਪਾਣੀ ਉਗਲ ਰਹੇ ਸਨ। ਬਾਜ਼ਾਰ ਦੀ ਸੜਕ ਉਪਰ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਸੀ। ਮੈਂ ਆਪਣੇ ਕਮਰੇ ਦੀ ਖਿੜਕੀ ਵਿੱਚ ਬੈਠਾ ਮੀਂਹ ਦੇ ਰੁਕਣ ਦੀ ਉਡੀਕ ਕਰ ਰਿਹਾ ਸਾਂ। ਪਰਸੋਂ ਮੇਰੀ ਇੰਟਰਵਿਊ ਹੈ ਤੇ ਕੱਲ ਸ਼ਾਮ ਤੱਕ ਮੇਰਾ ਪਟਿਆਲੇ ਪਹੁੰਚਣਾ ਬਹੁਤ ਲਾਜ਼ਮੀ ਸੀ।
ਸੜਕਾਂ ਬਿਲਕੁਲ ਖਾਲੀ ਸਨ। ਦੂਰ ਦੁਰ ਤੱਕ ਕੋਈ ਬੰਦਾ ਪਰਿੰਦਾ ਨਜ਼ਰ ਨਹੀਂ ਸੀ ਆ ਰਿਹਾ। ਕੋਈ ਰਿਕਸ਼ਾ ਹੀ ਨਜ਼ਰ ਆ ਜਾਏ ਤਾਂ ਉਸ ਦੀ ਮਦਦ ਨਾਲ ਇੱਥੋਂ ਨਿਕਲ ਕੇ ਮੈਂ ਬੱਸ ਅੱਡੇ ਉਪਰ ਤਾਂ ਪਹੁੰਚ ਸਕਦਾ ਸਾਂ। ਪਰ ਕੋਈ ਵੀ ਰਿਕਸ਼ਾ ਨਜ਼ਰ ਨਹੀਂ ਸੀ ਆ ਰਿਹਾ। ਅਸਲ ਵਿੱਚ ਮੀਂਹ ਕਰਕੇ ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਦੁਬਕੇ ਹੋਏ ਸਨ। ਮੇਰੀ ਨਜ਼ਰ ਬਾਰ ਬਾਰ ਘੜੀ ਵੱਲ ਜਾ ਰਹੀ ਸੀ। ਸ਼ਾਮ ਦੇ ਪੰਜ ਵਜੇ ਤੱਕ ਹੀ ਮੈਨੂੰ ਬੱਸ ਮਿਲਨੀ ਸੀ ਤੇ ਜੇ ਆਖ਼ਰੀ ਬੱਸ ਲੰਘ ਗਈ ਤਾਂ ਫਿਰ ਕੱਲ੍ਹ ਸਵੇਰੇ ਹੀ ਬੱਸ ਮਿਲ ਸਕੇਗੀ। ਮੇਰੇ ਘਰ ਤੋਂ ਬੱਸ ਅੱਡਾ ਘੰਟੇ ਕੁ ਦੀ ਦੂਰੀ ਤੇ ਸੀ।
ਸੜਕ ਉਪਰ ਕੋਈ ਆਵਾਜਾਈ ਨਹੀਂ ਸੀ। ਨਾ ਕੋਈ ਆ ਰਿਹਾ ਸੀ ਤੇ ਨਾ ਕੋਈ ਜਾ ਰਿਹਾ ਸੀ। ਜੇ ਮੈਂ ਇਸ ਮੁਸ਼ਕਲ ਦੀ ਘੜੀ ਵਿੱਚ ਕਿਸੇ ਨੂੰ ਆਵਾਜ਼ ਵੀ ਦੇਣਾ ਚਾਹਾਂ ਤਾਂ ਕੋਈ ਮੇਰੇ ਨੇੜੇ ਨਹੀਂ ਸੀ ਤੇ ਮੈਂ ਸਾਰਿਆਂ ਤੋਂ ਦੂਰ ਸਾਂ। ਇਸ ਅਜਨਬੀ ਸ਼ਹਿਰ ਵਿੱਚ ਮੈਂਨੂੰ ਕੋਈ ਵੀ ਨਹੀਂ ਸੀ ਜਾਣਦਾ। ਮੈਂ ਆਪਣੇ ਘਰ ਤੋਂ ਦੋ ਸੋ ਕਿਲੋਮੀਟਰ ਤੋਂ ਵੱਧ ਦੀ ਦੂਰੀ ਉਪਰ ਸਾਂ।
ਪਲ ਪਲ ਮੇਰੀ  ਤੇ ਮੇਰੀ ਚਿੰਤਾ ਕੁਦਰਤੀ ਹੀ ਵੱਧ ਰਹੀ ਸੀ, ਮੈਂ ਚਾਹ ਕੇ ਕਿਸੇ ਕੋਲੋਂ ਮਦਦ ਦੀ ਮੰਗ ਨਹੀਂ ਸਾਂ ਕਰ ਸਕਦਾ। ਬਰਸਾਤ ਸੀ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਅਸਮਾਨ ਉਪਰ ਬੱਦਲ ਸੰਘਣੇ ਹੋ ਰਹੇ ਸਨ। ਕਾਲੇ ਬੱਦਲਾਂ ਕਾਰਨ ਹਨੇਰਾ ਜਿਹਾ ਹੋ ਗਿਆ ਸੀ। ਦੁਪਹਿਰ ਦੇ ਵੇਲ਼ੇ ਹੀ ਰਾਤ ਦਾ ਆਭਾਸ ਹੋ ਰਿਹਾ ਸੀ। ਬਿਜਲੀ ਲਿਸ਼ਕ ਰਹੀ ਸੀ ਤੇ ਬੱਦਲਾਂ ਦੀ ਜੋਰਦਾਰ ਗੜਗੜਾਹਟ ਨਾਲ ਘਬਰਾਹਟ ਜਿਹੀ ਹੋ ਰਹੀ ਸੀ। ਜੇ ਮੈਂ ਕੱਲ ਤੱਕ ਨਾ ਪਹੁੰਚ ਸਕਿਆ ਤਾਂ ਬਹੁਤ ਮੁਸ਼ਕਲ ਹੋ ਜਾਵੇਗੀ। ਮੈਂ ਪਿਛਲੇ ਦੋ ਸਾਲਾਂ ਤੋਂ ਇਸ ਇੰਟਰਵਿਊ ਦੀ ਤਿਆਰੀ ਕਰ ਰਿਹਾ ਸਾਂ ਤੇ ਹੁਣ ਅਚਾਨਕ ਬਿਲਕੁਲ ਮੌਕੇ ਉਪਰ ਮੈਂ ਇਸ ਸ਼ਹਿਰ ਵਿੱਚ ਫਸ ਗਿਆ ਸਾਂ। ਮੈਨੂੰ ਪਹਾੜੀ ਖੇਤਰ ਦਾ ਕੋਈ ਤਜਰਬਾ ਨਹੀਂ ਸੀ, ਫਿਰ ਵੀ ਪਤਾ ਨਹੀਂ ਕਿਉਂ ਮੈਂ ਇਸ ਸ਼ਹਿਰ ਵਿੱਚ ਆ ਗਿਆ। ਮੈਨੂੰ ਰਹਿ ਰਹਿ ਕੇ ਆਪਣੇ ਆਪ ਉਪਰ ਗੁੱਸਾ ਆ ਰਿਹਾ ਸੀ।
ਅਸਲ ਵਿੱਚ ਮੇਰਾ ਲਾਲਚ ਹੀ ਮੈਨੂੰ ਇੱਥੇ ਤੱਕ ਖਿੱਚ ਕੇ ਲੈ ਆਇਆ ਸੀ। ਇਹ ਲਾਲਚ ਹੀ ਮੇਰੀ ਅਜੋਕੀ ਸਥਿਤੀ ਦਾ ਜ਼ਿੰਮੇਦਾਰ ਸੀ। ਪਹਾੜੀ ਖੇਤਰ ਵਿੱਚ ਗਰਮੀ ਦੀਆਂ ਛੁਟੀਆਂ ਗੁਜ਼ਾਰਣ ਦੇ ਲਾਲਚ ਨਾਲ ਮੈਥੋਂ ਆਪਣੇ ਦੋਸਤ ਦੇ ਸੱਦੇ ਨੂੰ ਠੁਕਰਾ ਨਾ ਸਕਿਆ। ਉਹ ਦੋ ਮਹੀਨੇ ਲਈ ਵਿਦੇਸ਼ ਜਾ ਰਿਹਾ ਸੀ ਤੇ ਉਸ ਨੇ ਮੈਨੂੰ ਆਪਣੇ ਮਕਾਨ ਦੀ ਚਾਬੀ ਭੇਜ ਦਿੱਤੀ। ਅਸਲ ਵਿੱਚ ਮੈਨੂੰ ਇੱਥੇ ਆਉਣਾ ਹੀ ਨਹੀਂ ਸੀ ਚਾਹੀਦਾ। ਪਰ ਮੇਰਾ ਮਨ ਤਾਂ ਦਿੱਲੀ ਵਰਗੇ ਸ਼ਹਿਰ ਦੀ ਗਰਮੀ ਚੋਂ ਨਿਕਲ ਕੇ ਪਹਾੜੀ ਠੰਢੀਆਂ ਹਵਾਵਾਂ ਲਈ ਤਰਸ ਰਿਹਾ ਸੀ। ਤੇ ਮੈਂ ਬਿਨਾ ਕੁਝ ਸੋਚੇ, ਬਿਨਾ ਕਿਸੇ ਦੇਰੀ ਤੋਂ ਅਗਲੇ ਦਿਨ ਹੀ ਆ ਧਮਕਿਆ ਸਾਂ। ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਦੇ ਕਥਨ ਮੁਤਾਬਕ ਹੁਣ ਮੈਂ ਸਾਂ, ਸ਼ਹਿਰ ਸੀ, ਪਹਾੜ ਸੀ, ਹਵਾਵਾਂ ਦੀ ਥਾਂ ਤੇਜ਼ ਬਰਸਾਤ ਸੀ।
ਫਿਰ ਇੱਕ ਖਿਆਲ ਆਇਆ, ਕਿਓਂ ਨਾ ਆਪਣੇ ਉਸ ਦੋਸਤ ਨੂੰ ਫੋਨ ਕਰ ਕੇ ਪੁਛਾਂ ਕਿ ਹੁਣ ਮੈਂ ਕੀ ਕਰਾਂ। ਮੈਂ ਤਾਂ ਇੱਥੇ ਕਿਸੇ ਨੂੰ ਜਾਣਦਾ ਵੀ ਨਹੀਂ। ਪਹਾੜਾਂ ਉਪਰ ਬਰਸਾਤ ਜਿੰਨੀ ਸੋਹਣੀ ਲੱਗਦੀ ਹੈ ਉਸ ਤੋਂ ਵੀ ਵੱਧ ਉਹ ਖਤਰਨਾਕ ਹੁੰਦੀ ਹੈ। ਬਰਸਾਤ ਦਾ ਪਾਣੀ ਤੇਜ਼ੀ ਨਾਲ ਵਗਦਾ ਹੈ। ਆਪਣੇ ਨਾਲ ਮਿੱਟੀ ਪੱਥਰ ਤੇ ਹੋਰ ਕਿੰਨਾ ਕੁਝ ਲੈ ਕੇ ਨਿਵਾਣ ਵੱਲ ਤੁਰ ਪੈਂਦਾ ਹੈ। ਢਿੱਗਾਂ ਖਿਸਕਣ ਦੀਆਂ ਘਟਨਾਵਾਂ ਤਾਂ ਆਮ ਹਨ। ਜੇ ਭਲਾ ਕੋਈ ਵਡਾ ਪੱਥਰ ਹੀ ਪਹਾੜੀ ਦੀ ਢਲਾਣ ਨਾਲ ਖਿਸਕਦਾ ਹੋਇਆ ਆ ਗਿਆ, ਫਿਰ ਮੇਰਾ ਕੀ ਬਣੂ? ਡਰ ਨਾਲ ਮੈਂ ਪੱਤੇ ਵਾਂਗੂ ਕੰਬ ਰਿਹਾ ਸਾਂ। ਫੋਨ ਕਰਨ ਗਿਆ ਤਾਂ ਦੋਸ ਦਾ ਫੋਨ ਬੰਦ ਆ ਰਿਹਾ ਸੀ। ਹੁਣ ਮੇਰਾ ਕਿਸੇ ਵੀ ਘੜੀ ਇੱਥੋਂ ਨਿਕਲ ਜਾਣ ਨੂੰ ਕਾਹਲਾ ਸੀ। ਮੈਂ ਕਿਸੇ ਵੀ ਸੂਰਤ ਵਿੱਚ ਹੋਰ ਰੁਕਣਾ ਨਹੀਂ ਸੀ ਚਾਹੁੰਦਾ। ਪਟਿਆਲੇ ਪਹੁੰਚ ਸਕਾਂ ਜਾਂ ਨਾ ਪਰ ਇੱਥੋਂ ਜ਼ਰੂਰ ਨਿਕਲ ਜਾਣਾ ਚਾਹੁੰਦਾ ਹਾਂ। ਮੈਂ ਅੰਦਰੋਂ ਕਾਹਲਾ ਪੈ ਰਿਹਾ ਸਾਂ। ਬਾਹਰ ਬਰਸਾਤ ਦੇ ਰੁਕਣ ਦਾ ਕੋਈ ਆਸਾਰ ਨਹੀਂ ਸੀ ਨਜ਼ਰ ਆ ਰਿਹਾ। ਮੈਂ ਇੱਧਰ ਉਧਰ ਦੇਖਿਆ ਕਿ ਕੁਝ ਮਿਲ ਜਾਵੇ ਤਾਂ ਕਿ ਮੈਂ ਵਰ੍ਹਦੀ ਬਰਸਾਤ ਵਿੱਚ ਜਾ ਕੇ ਇੱਥੋਂ ਨਿਕਲਣ ਦਾ ਕੋਈ ਇੰਤਜ਼ਾਮ ਕਰ ਸਕਾਂ। ਚੰਗੀ ਕਿਸਮਤ ਨਾਲ ਮੈਨੂੰ ਆਪਣੇ ਦੋਸਤ ਦੇ ਕਮਰੇ ਚੋਂ ਇੱਕ ਛਤਰੀ ਲੱਭ ਗਈ। ਕਾਲ਼ੇ ਰੰਗ ਦੀ ਉਸ ਛਤਰੀ ਨੂੰ ਲੈ ਕੇ ਮੈਂ ਤੇਜ਼ੀ ਨਾਲ ਬਰਾਂਡੇ ਵੱਲ ਅਹੁਲਿਆ। ਅਸਮਾਨੀ ਬਿਜਲੀ ਦੀ ਲਿਸ਼ਕ ਤੋਂ ਮੈਂ ਠਠੰਬਰ ਗਿਆ। ਅਗਲੇ ਹੀ ਪਲ ਬਿਜਲੀ ਜੋਰਦਾਰ ਗਰਜ ਨੇ ਮੇਰੇ ਕਦਮ ਰੋਕ ਦਿੱਤੇ।
-         ਇਹ ਜ਼ਰੂਰ ਕਿਤੇ ਨੇੜੇ ਹੀ ਡਿੱਗੀ ਹੋਵੇਗੀ।
ਮੈਂ ਸੁਣਿਆ ਸੀ ਕਿ ਜੇ ਬਿਜਲੀ ਦੀ ਲਿਸ਼ਕ ਤੇ ਬੱਦਲਾਂ ਦੀ ਗਰਜ ਵਿੱਚ ਥੋੜ੍ਹਾ ਹੀ ਵਕਫਾ ਹੋਵੇ ਤਾਂ ਸਮਝੋ ਇਹ ਕਿਤੇ ਨੇੜੇ ਹੀ ਡਿੱਗੀ ਹੋਵੇਗੀ।
-         ਨਾਲੇ ਕਾਲੀ ਰੰਗ ਉਪਰ ਤਾਂ ਇਹ ਬੜੀ ਮਿਹਰਬਾਨ ਹੁੰਦੀ ਹੈ।
ਬਚਪਨ ਵਿੱਚ ਸੁਣੀਆਂ ਇਹ ਗੱਲਾਂ ਸੁਣ ਕੇ ਮੈਂ ਬਾਹਰ ਨਿਕਲਣ ਦਾ ਹੌਂਸਲਾ ਨਾ ਕਰ ਸਕਿਆ।
-         ਪਰ ਬਿਜਲੀ ਨੂੰ ਕਾਲ਼ੇ ਰੰਗ ਦੀ ਕੀ ਸਮਝ? ਉਹ ਕਿਹੜਾ ਵੇਖ ਸਕਦੀ ਹੈ? ਬਿਜਲੀ ਨੂੰ ਕਾਲ਼ਾ ਰੰਗ ਦਿਖਾਈ ਥੋੜ੍ਹੇ ਹੀ ਦਿੰਦਾ ਹੈ?
ਮੈਂ ਆਪਣੇ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਪੰਜ ਵਜਣ ਵਿੱਚ ਹਾਲੇ ਇੱਕ ਘੰਟਾ ਬਾਕੀ ਸੀ ਤੇ ਮੈਂ ਜੇ ਹੁਣੇ ਨਿਕਲ ਜਾਵਾਂ ਤਾਂ ਬੱਸ ਅੱਡੇ ਤੋਂ ਮੈਨੂੰ ਕੋਈ ਨਾ ਕੋਈ ਰਿਕਸ਼ਾ ਮਿਲ ਸਕਦਾ ਹੈ। ਰਿਕਸ਼ਾ ਲੈ ਕੇ ਮੈਂ ਵਾਪਸ ਆਪਣਾ ਸਾਮਾਨ ਲਿਜਾ ਸਕਦਾ ਹਾਂ। ਇਸ ਵਿਚਾਰ ਨਾਲ ਅਗਲੇ ਹੀ ਪਲ਼ ਮੈਂ ਭੀੜੇ ਜਿਹੇ ਬਾਜ਼ਾਰ ਵਿੱਚ ਸਾਂ।
ਬਾਜ਼ਾਰ ਪਹਾੜੀ ਦੀ ਹਲਕੀ ਜਿਹੀ ਢਲਾਣ  ਉਪਰ ਸਥਿਤ ਸੀ। ਬਾਜ਼ਾਰ ਵਿੱਚ ਪਾਣੀ ਹੋਣ ਕਰਕੇ ਮੈਨੂੰ ਆਪਣੇ ਬੂਟ ਉਤਾਰ ਕੇ ਹੱਥ ਵਿਚ ਫੜਨੇ ਪਏ ਤੇ ਮੈਂ ਰਵਾਂ ਰਵੀਂ ਬੱਸ ਅੱਡੇ ਵੱਲ ਤੁਰ ਪਿਆ। ਪਾਣੀ ਠੰਢਾ ਸੀ। ਤੇ ਮੇਰੇ ਪੈਰਾਂ ਵਿੱਚ ਵਗ ਰਿਹਾ ਰਿਹਾ ਸੀ। ਕਾਹਲ਼ੇ ਪੈਰੀਂ ਮੈਂ ਬੱਸ ਅੱਡੇ ਦੇ ਠੀਕ ਸਾਹਮਣੇ ਆ ਕੇ ਰੁਕ ਗਿਆ। ਟਾਵੀਆਂ ਟਾਵੀਆਂ ਸਵਾਰੀਆਂ ਬੱਸ ਅੱਡੇ ਦੀ ਛੱਤ ਹੇਠਾਂ ਬੈਠੀਆਂ ਹਨ। ਸ਼ਾਇਦ ਉਹ ਬੱਸ ਦੀ ਉਡੀਕ ਕਰ ਰਹੀਆਂ ਸਨ ਜਾਂ ਮੀਂਹ ਦੇ ਰੁਕਣ ਦੀ। ਦੋ ਚਾਰ ਰਿਕਸ਼ੇ ਵਾਲੇ ਆਪਣੇ ਰਿਕਸ਼ੇ ਰੋਕ ਕੇ ਇੱਕ ਚਾਹ ਵਾਲੀ ਛੋਟੀ ਜਿਹੀ ਦੁਕਾਨ ਉਪਰ ਬੈਠੇ ਸਨ।
-         ਬਈਆ, ਕਿਉਂ ਚਲੋਗੇ ਕਿਆ?
-         ਕਹਾਂ ਚਲਨਾ ਹੈ, ਬਾਬੂ ਜੀ?
-         ਬੱਸ ਅੱਡੇ ਕੇ ਲੀਏ
-         ਬੱਸ ਅੱਡਾ ਤੋ ਸਾਹਮਣੇ ਹੈ ਬਾਬੂ ਜੀ
ਉਹ ਮੇਰੇ ਵਲ ਦੇਖ ਕੇ ਮੁਸਕਰਾ ਰਿਹਾ ਸੀ। ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਸਆ। ਮੈਂ ਤਾਂ ਪਹਿਲਾਂ ਹੀ ਬੱਸ ਅੱਡੇ ਦੇ ਸਾਹਮਣੇ ਖੜਾ ਸੀ।
-         ਠੀਕ ਹੈ, ਮੇਰਾ ਮਤਲਬ ਸੀ ਪਹਿਲਾਂ ਘਰ ਜਾ ਕੇ ਸਾਮਾਨ ਲੈ ਕੇ ਆਉਣਾ ਹੈ। ਉੱਥੋਂ ਵਾਪਾਸ ਬੱਸ ਅੱਡੇ ਤੱਕ ਕਿੰਨੇ ਪੈਸੇ ਲਏਂਗਾ?
-         ਜੋ ਆਪ ਠੀਕ ਸਮਝੇਂ!
ਬਿਨਾਂ ਕਿਸੇ ਹੀਲ ਹੁਜੱਤ ਤੋਂ ਉਹ ਮੇਰੇ ਨਾਲ ਤੁਰ ਪਿਆ। ਉਸ ਦੇ ਰਿਕਸ਼ੇ ਵਿੱਚ ਬੈਠ ਕੇ ਬਾਜ਼ਾਰ ਚੋਂ ਲੰਘਦੇ ਹੋਏ, ਮੈਂ ਦੇਖਿਆ, ਕਿ ਪਾਣੀ ਦਾ ਵਹਾ ਤੇਜ਼ ਹੋ ਗਿਆ ਸੀ। ਉਸ ਉਪਰ ਬੇਹਤਾਸ਼ਾ ਮੀਂਹ ਪੈ ਰਿਹਾ ਸੀ। ਪਰ ਉਹ ਸੱਭ ਕਾਸੇ ਤੋਂ ਬੇਪਰਵਾਹ ਉਹ ਰਿਕਸ਼ੇ ਦੇ ਪੈਡਲ ਮਾਰ ਰਿਹਾ ਸੀ। ਰਿਕਸ਼ੇ ਵਾਲੇ ਨੂੰ ਪਾਣੀ ਚੋਂ ਰਿਕਸ਼ਾ ਖਿੱਚਣਾ ਕਾਫ਼ੀ ਮੁਸ਼ਕਲ ਲੱਗ ਰਿਹਾ ਸੀ। ਮੇਰਾ ਜੀਅ ਕੀਤਾ ਕਿ ਮੈਂ ਉਤਰ ਜਾਵਾਂ ਤੇ ਉਸ ਦਾ ਭਾਰ ਹਲਕਾ ਕਰ ਦਿਆਂ। ਕਾਲਜ ਵਿੱਚ ਪੜ੍ਹਦਿਆਂ ਵੀ ਕਈ ਵਾਰੀ ਪੁਲ ਦੀ ਚੜ੍ਹਾਈ ਵੇਲੇ ਅਸੀਂ ਰਿਕਸ਼ਾ ਖਾਲੀ ਕਰ ਦਿਆ ਕਰਦੇ ਸਾਂ। ਵਿਚਾਰਾ ਗ਼ਰੀਬ ਆਦਮੀ ਹੈ ਐਵੇਂ ਫਾਲਤੂ ਦਾ ਜ਼ੋਰ ਲਗਾ ਰਿਹਾ ਹੈ; ਇਹ ਸੋਚ ਕੇ ਅਸੀਂ ਅਕਸਰ ਰਿਕਸ਼ੇ ਵਾਲੇ ਦੀ ਮਦਦ ਕਰਨਾ ਚਾਹੁੰਦੇ।
ਘਰ ਪਹੁੰਚ ਕੇ ਮੈਂ ਕਾਹਲੀ ਨਾਲ ਘਰ ਦਾ ਤਾਲਾ ਖੋਲ੍ਹਿਆ। ਸਾਮਾਨ ਚੁੱਕਣ ਲੱਗਿਆਂ ਉਹ ਬੋਲਿਆ-
-         ਬਾਬੂ ਜੀ ਆਪ ਆਜ ਰੁਕ ਜਾਈਏ। ਬਾਰਸ਼ ਬਹੁਤ ਤੇਜ਼ ਹੈ।
-         ਕਿਉਂ ਅਬ ਕਿਆ ਬਾਤ ਹੋ ਗਈ।
-         ਕੋਈ ਬਾਤ ਨਹੀਂ ਬਾਬੂ ਜੀ ਇਨ ਪਹਾੜੀ ਰਾਸਤੋਂ ਕਾ ਕੋਈ ਭਰੋਸਾ ਨਹੀਂ ਹੋਤਾ। ਬਰਸਾਤ ਮੇਂ ਕਭੀ ਕਭੀ ਰਾਸਤੇ ਬੰਦ ਹੋ ਜਾਤੇ ਹੈ। ਚੱਟਾਨੇਂ ਰਾਸਤੇ ਮੇਂ ਆ ਜਾਤੀ ਹੈ ਤੋ ਬੜੀ ਮੁਸ਼ਕਲ ਹੋਤੀ ਹੈ।
-         ਵੋਹ ਤੋਂ ਠੀਕ ਹੈ, ਪਰ ਪਹੁੰਚਣਾ ਭੀ ਬਹੁਤ ਜ਼ਰੂਰੀ ਹੈ।
-         ਵੋਹ ਤੋਂ ਠੀਕ ਹੈ। ਪਹੁੰਚਣਾ ਤੋ ਸਭ ਕੋ ਹੈ ਲੇਕਿਨ ਬਰਸਾਤ ਕਾ ਭੀ ਦੇਖ ਲੇਂ।
-         ਲੇਕਿਨ.... ,
ਹਾਲੇ ਗੱਲ ਮੇਰੇ ਮੂੰਹ ਵਿੱਚ ਹੀ ਸੀ ਕਿ ਉਹ ਬੋਲ ਪਿਆ-
-         ਦੇਖ ਲੋ, ਆਜ ਕੀ ਹੀ ਬਾਤ ਹੈ। ਰੁਕ ਜਾਓ, ਕੱਲ੍ਹ ਸੁਬਹ ਤੱਕ ਰੁਕ ਜਾਏਗੀ ਯੇ ਬਰਸਾਤ।
-         ਯਾਰ ਤੁਮ ਤੋ ਏਸੇ ਕਹਿ ਰਹੇ ਹੋ ਜੈਸੇ ਤੁਮ ਮੇਰੇ ਸਗੇ ਸਬੰਧੀ ਹੋਤੇ ਹੋ?
-         ਪਰਦੇਸ ਮੇਂ ਹਰ ਆਦਮੀ ਆਪਣਾ ਹੋਤਾ ਹੈ। ਯੇ ਤੋ ਸਮਝਨੇ ਕੀ ਬਾਤ ਹੈ। ਆਪ ਪੈਸੇ ਬੇਸ਼ੱਕ ਮੱਤ ਦੇਨਾ। ਲੇਕਿਨ .....
ਮੈਨੂੰ ਰੁਕਿਆ ਦੇਖ ਕੇ ਉਹ ਵਾਪਸ ਆਪਣੇ ਰਿਕਸ਼ੇ ਕੋਲ ਚਲਾ ਗਿਆ ਤੇ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਚਾਹ ਵਾਸਤੇ ਆਵਾਜ਼ ਮਾਰਦਾ ਉਹ ਮੇਰੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ।

No comments:

Post a Comment