Saturday, November 13, 2010

ਆਲੂ ਟਿੱਕੀ – ਚਿਕਣ ਬਰਗਰ

ਕਲਰਕ

ਇਹ ਕੰਮ ਏਦਾਂ ਨਹੀਂ ਹੋਣਾ

ਕਲਰਕ

ਹੋ ਹੀ ਨਹੀਂ ਸਕਦਾ

ਆਮ ਆਦਮੀ

ਪਰ ਕਿਉਂ ਨਹੀਂ ਹੋ ਸਕਦਾ?

ਕਲਰਕ

ਹੋ ਤਾਂ ਸਕਦਾ, ਪਰ ਤੁਸੀਂ ਕਰਵਾ ਨਹੀਂ ਸਕਦੇ।

ਆਮ ਆਦਮੀ

ਅਸੀਂ ਕਰਵਾ ਨਹੀਂ ਸਕਦੇ, ਬਾਦਸ਼ਾਹੋ, ਅਸੀਂ ਵੱਡੇ ਵੱਡੇ ਕੰਮ ਕਰਵਾ ਲੈਂਦੇ ਹਾਂ ਇਹ ਤਾਂ ਛੋਟੀ ਜਿਹੀ ਗੱਲ ਹੈ।

ਕਲਰਕ

ਨਹੀਂ ਮੈਂ ਨਹੀਂ ਮੰਨਦਾ। ਤੁਸੀ ਕਦੇ ਦਫ਼ਤਰ ਵਿੱਚ ਆਏ ਹੋ?

ਆਮ ਆਦਮੀ

ਬਹੁਤ ਵਾਰੀ।

ਕਲਰਕ

ਲੱਗਦਾ ਤਾਂ ਨਹੀਂ, ਤੁਹਾਨੂੰ ਤਾਂ ਦਫ਼ਤਰ ਆਉਣ ਦੀ ਤਮੀਜ਼ ਹੀ ਨਹੀਂ। ਦੇਖੋ ਨਾ ਕਿਵੇਂ ਖਾਲੀ ਹੱਥ ਆਏ ਹੋ।

ਆਮ ਆਦਮੀ

ਸਾਰੇ ਖਾਲੀ ਹੱਥ ਹੀ ਆਉਂਦੇ ਨੇ, ਦਫਤਰ ਵਿੱਚ ਵੀ ਤੇ ਦੁਨੀਆ ਵਿੱਚ ਵੀ।

ਕਲਰਕ

ਨਹੀਂ, ਮੈ ਹਾਲੇ ਵੀ ਨਹੀਂ ਮੰਨਦਾ। ਤੁਸੀਂ ਕਦੇ ਦਫਤਰ ਆਏ ਹੀ ਨਹੀਂ, ਅੱਛਾ ਇੱਕ ਗੱਲ ਦੱਸੋ, ਤੁਸੀਂ ਪਿਛਲੀ ਵਾਰੀ ਕਦੋਂ ਆਏ ਸੀ ਦਫ਼ਤਰ ਵਿੱਚ, ਇੱਕਲੇ ਆਏ ਜਾਂ ਕਿਸੇ ਦੇ ਨਾਲ ਆਏ ਸੀ।

 

ਟੈਲੀਫੋਨ ਦੀ ਘੰਟੀ, ਮੋਬਾਈਲ, ਮੋਬਾਈਲ ਦੀ ਗੱਲ ਬਾਤ-

ਕਲਰਕ

ਹੈਲੋ,

ਹਾਂ ਜੀ ਵਰਮਾ ਜੀ, ਸ਼ਰਮਾ ਬੋਲ ਰਿਹਾ ਹਾਂ, ਕੀ ਕਿਹਾ ਬੰਦੇ ਭੇਜੇ ਸਨ, ਕਿਹੋ ਜਿਹੇ ਬੰਦੇ ਸਨ, ਮੇਰੇ ਕੋਲ ਕੁਝ ਬੰਦੇ ਆਏ ਤਾਂ ਹਨ ਪਰ ਉਹ ਤੁਹਾਡੇ ਬੰਦੇ ਨਹੀਂ ਲੱਗਦੇ।

ਕੀ ਕਿਹਾ ਹਾਲੇ ਤੁਹਾਡੇ ਕੋਲ ਹੀ ਨੇ, ਠੀਕ ਹੈ ਭੇਜ ਦਿਓ, ਮੇਰੇ ਕੋਲ ਸਿੱਧੇ ਆ ਜਾਣ, ਮੈਂ ਕਰ ਦਿਅਗਾਂ, ਸੇਵਾ ਪਾਣੀ ਦੀ ਤੁਸੀਂ ਫਿਕਰ ਨਾ ਕਰੋ ਅੱਗੇ ਵੀ ਤੁਹਾਡਾ ਹੀ ਚਾਹ ਪਾਣੀ ਪੀਣੇ ਹਾਂ, ਕੋਈ ਗੱਲ ਨਹੀਂ ਮੈਂ ਕੰਮ ਕਰ ਦਿਆਂਗਾ, ਕੋਈ ਚਿੰਤਾ ਨਾ ਕਰਨੀ। ਕੋਈ ਗੱਲ ਨਹੀਂ।

 
 

ਕਲਰਕ

ਆਪਾਂ ਕੀ ਗੱਲ ਕਰ ਰਹੇ ਸਾਂ, ਕੰਮ ਕਰਵਾਉਣ ਦੀ, ਹਾਂ ਤੁਸੀਨ ਪਿਛਲੀ ਵਾਰੀ ਇਸ ਦਫਤਰ ਵਿੱਚ ਕਦੋਂ ਆਏ ਸੀ, ਯਾਦ ਹੈ ਕੁਝ?

ਆਮ ਆਦਮੀ

ਦੋ ਚਾਰ ਸਾਲ ਹੋ ਗਏ, ਉਦੋਂ ਇੱਕ ਨਕਸਾ ਪਾਸ ਕਰਵਾਉਣਾ ਸੀ, ਮੈਂ ਪਟਵਾਰੀ ਨੂੰ ਲੈ ਕੇ ਆਇਆ ਸੀ। ਪਟਵਾਰੀ ਨੇ ਮੇਰਾ ਕੰਮ ਝੱਟ ਹੀ ਕਰਵਾ ਦਿੱਤਾ ਸੀ।

ਕਲਰਕ

ਪਟਵਾਰੀ ਦੇ ਕੰਮ ਨੂੰ ਕੋਈ ਰੋਕ ਨਹੀਂ, ਪਟਵਾਰੀ ਤੇ ਥਾਣੇਦਾਰ ਦਾ ਕੰਮ ਅਸੀਂ ਤਰਜੀਹ ਤੇ ਕਰਦੇ ਹਾਂ। ਆਪੋ ਵਿਚਲੀ ਗੱਲ ਹੈ। ਉਹ ਸਾਡੇ ਕੰਮ ਨੂੰ ਨਹੀਂ ਰੋਕਦੇ ਤੇ ਅਸੀਂ ਉਹਨਾਂ ਦੇ ਕੰਮ ਨੂੰ, ਸੱਭ ਦੇਣ ਲੈਣ ਦਾ ਕੰਮ ਹੈ, ਆਪੋ ਵਿਚਲਾ ਸਹਿਚਾਰ ਹੈ, ਸਰਕਾਰ ਵੀ ਕਹਿੰਦੀ ਹੈ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ।

ਆਮ ਆਦਮੀ

ਫੇਰ ਮੈਨੂੰ ਦੱਸੋ?

ਕਲਰਕ

ਤੁਹਾਡਾ ਪਟਵਾਰੀ ਕਿੱਥੇ ਹੈ?

ਆਮ ਆਦਮੀ

ਉਹ ਤਾਂ ਬਦਲ ਗਿਆ ਹੈ।

ਕਲਰਕ

ਤੇ ਤੁਸੀਂ ਨਹੀਂ ਬਦਲੇ ਹਾਲੇ ਉੱਥੇ ਹੀ ਖੜੇ ਹੋ? ਦੇਖੋ, ਬਦਲਣਾ ਬੰਦੇ ਦੀ ਫਿਤਰਤ ਹੈ ਤੇ ਕੁਦਰਤ ਦਾ ਅਸੂਲ ਵੀ ਜੋ ਬੰਦਾ ਨਹੀਂ ਬਦਲਦਾ ਕੁਦਰਤ ਵੀ ਉਸਦਾ ਲਿਹਾਜ ਨਹੀਂ ਕਰਦੀ।

ਆਮ ਆਦਮੀ

ਓ ਯਾਰ ਇਹ ਫਿਲਾਸਫੀ ਛੱਡੋ ਤੇ ਇਹ ਦੱਸੋ ਕਿ ਮੇਰਾ ਕੰਮ ਹਵੇਗਾ ਜਾ ਨਹੀਂ।

ਕਲਰਕ

ਹੋਵੇਗਾ ਕਿਉਂ ਨਹੀਂ, ਅਸੀਂ ਕਰਾਂਗੇ, ਅਸੀਂ ਕਾਹਦੇ ਵਾਸਤੇ , ਤੁਹਾਡੀ ਸੇਵਾ ਵਿੱਚ ਤਾਂ ਸਰਕਾਰ ਨੇ ਲਾਇਆ ਹੈ ਸਾਨੂੰ, ਅਸੀਂ ਕਰਾਂਗੇ, ਬੱਸ ਤੁਹਾਨੂੰ ਥੋੜ੍ਹਾ ਬਦਲਣ ਦੀ ਲੋੜ ਹੈ, ਜਿੱਥੇ ਖੜੇ ਹੋ ਉਸ ਥਾਂ ਤੋਂ ਥੋਹੜਾ ਪਰੇ ਹੋ ਜਾਓ।

ਆਮ ਆਦਮੀ

ਲਓ ਹੋ ਗਿਆ, ਇੱਥੇ ਠੀਕ ਹੈ?

ਕਲਰਕ

ਪਰੇ ਦਾ ਮਤਲਬ ਇਹ ਨਹੀਂ, ਤੁਸੀਂ ਤਾਂ ਸਮਝਦੇ ਹੀ ਨਹੀਂ ਮੈਂ ਕਿੰਨੀ ਦੇਰ ਤੋਂ ਤੁਹਾਨੂੰ ਸਮਝਾ ਰਿਹਾਂ ਪਰ ਤੁਸੀਂ ਹੋ ਕਿ ਬੱਸ..

 

ਤੁਸੀਂ ਸਾਫ਼ ਗੱਲ ਕਰੋ, ਕਿ ਚਾਹੁੰਦੇ ਕੀ ਹੋ?

ਕਲਰਕ

ਐਵੇਂ ਨਾਰਾਜ਼ ਕਿਓਂ ਹੁੰਦੇ ਹੋ, ਮੈਨੂੰ ਇਓਂ ਦੱਸੋ, ਤੁਸੀਂ ਟੀ ਵੀ ਦੇਖਦੇ ਹੋ?

ਆਮ ਆਦਮੀ

ਹਾਂ

ਕਲਰਕ

ਟੀ ਵੀ ਦੇ ਇਸ਼ਤਿਹਾਰ ਵੀ?

 

ਆਹੋ, ਟੀ ਵੀ ਉਪਰ ੳਜ ਕੱਲ ਆਉਂਦਾ ਹੀ ਕੀ ਹੈ, ਬੱਸ ਇਸ਼ਤਿਹਾਰ, ਸ਼ੈਪੂ ਦੇ, ਕਰੀਮਾਂ ਦੇ, ਕਾਰਾਂ ਦੇ, ਸਾਬਣਾਂ ਦੇ, ਮਹਿੰਗੀਆਂ ਖੁਸ਼ਬੂਆਂ ਦੇ, ਜਦੋਂ ਦੇਖੋ ਇਸ਼ਤਿਹਾਰ ਹੀ ਇਸ਼ਤਿਹਾਰ, ਪ੍ਰੋਗਰਾਮ ਤਾਂ ਆਉਂਦੇ ਨਹੀਂ ਬੱਸ ਇਸ਼ਤਿਹਾਰ ਹੀ ਦੇਖੀ ਜਾਓ।
ਜਦੋਂ ਦਾ ਇਹ ਸੈਟੇਲਾਈਟ ਟੀ ਵੀ ਆਇਆ, ਬੇੜਾ ਗਰਕ ਹੋ ਗਿਆ ਹੈ, ਤੁਸੀਂ ਖਬਰਾਂ ਨਹੀਂ ਦੇਖ ਸਕਦੇ, ਕੋਈ ਬਹਿਸ ਨਹੀਂ ਦੇਖ ਸਕਦੇ, ਬੱਸ ਇਸ਼ਤਿਹਾਰ ਹੀ ਇਸ਼ਤਿਹਾਰ, ਕੋਈ ਮਰ ਜਾਏ ਤਾਂ ਵੀ ਬੇਸ਼ਰਮੀ ਨਾਲ ਅਰਥੀ ਰੋਕ ਕੇ ਕਮਰਸ਼ਿਅਲ ਬਰੇਕ ਲਈ ਰੁਕ ਜਾਂਦੇ ਹਨ, ਜਿਵੇਂ ਬਾਰਾਤ ਦੀ ਘੋੜੀ ਜੋ ਹਰ ਚਾਰ ਕਦਮਾਂ ਉਪਰ ਭੰਗੜਾ ਪਾਉਣ ਲਈ ਆਖਦੀ ਹੈ। ਮੈਂ ਤਾਂ ਸੋਚਦਾ ਕਿ ਇਹਨਾਂ ਨੂੰ ਪੁੱਛ ਵੇਖਾਂ ਕਿ ਭਲਾ ਬੰਦਿਓ ਰੱਬ ਦਿਓ ਤੁਸੀਂ ਪ੍ਰੋਗਰਾਮ ਕਦੋਂ ਦਿਖਾਉਂਦੇ ਹੋ, ਸਾਨੂੰ ਉਹ ਵੇਲਾ ਵੀ ਦੱਸ ਦਿਓ।

ਕਲਰਕ

ਤੁਸੀਂ ਤਾਂ ਭਾਸ਼ਣ ਦੇਣ ਲੱਗ ਪਏ, ਤੁਹਾਨੂੰ ਭਾਸ਼ਣ ਲਈ ਥੋੜ੍ਹਾ ਕਿਹਾ ਸੀ।

ਆਮ ਆਦਮੀ

ਬੱਸ ਐਵੇਂ ਭਾਵਕ ਹੋ ਗਿਆ ਸੀ। ਦੁਖੀ ਬੰਦਾ ਹਾਂ ਨਾ। ਬੰਦੇ ਨੂੰ ਰੋਟੀ ਦੀ ਪਈ ਹੁੰਦੀ ਹੈ ਤੇ ਇਹ ਕਾਰਾਂ ਵੇਚ ਰਹੇ ਹੁੰਦੇ ਹਨ।

ਕਲਰਕ

ਨਾ ਨਾ ਬੱਸ, ਇਹੋ ਪ੍ਰਾਬਲਮ ਹੈ, ਇੱਕ ਤਾਂ ਤੁਸੀਂ ਭਾਵਕ ਹੋ ਜਾਂਦੇ ਹੋ।
ਅੱਛਾ ਆਪਾਂ ਕੀ ਗੱਲ ਕਰ ਰਹੇ ਸੀ। ਹਾਂ ਇਸ਼ਤਿਹਾਰ ਦੀ.. ਤੁਸੀਂ ਉਹ ਇਸ਼ਤਿਹਾਰ ਦੇਖਿਆ ਹੈ ਨਾ..

ਆਮ ਆਦਮੀ

ਕਿਹੜਾ?

ਕਲਰਕ

ਓਹੀ, ਮੈਸਕੋ ਵਾਲਾ ਜਿਸ ਵਿੱਚ ਆਲੂ ਟਿੱਕੀ ਦੀ ਗੱਲ ਹੈ...

 

ਅੱਛਾ ਤੁਸੀਂ ਉਸ ਇਸ਼ਤਿਹਾਰ ਦੀ ਗੱਲ ਕਰਦੇ ਹੋ, ਜਿਸ ਵਿਚ ਇੱਕ ਕੁੜੀ ਸੱਚ ਬੋਲਣ ਲੱਗਦੀ ਹੈ ਤਾਂ ਦੂਸਰੀ ਉਸ ਅਗੇ ਆਲੂ ਟਿੱਕੀ ਵਾਲਾ ਬਰਗਰ ਕਰ ਦਿੰਦੀ ਹੈ।

ਕਲਰਕ

ਹਾਂ ਉਸੀ ਇਸ਼ਤਿਹਾਰ ਦੀ ਗੱਲ, ਜਿਸ ਵਿੱਚ ਇੱਕ ਆਦਮੀ ਦਫ਼ਤਰ ਵਿੱਚ ਦੂਸਰੇ ਅੱਗੇ ਆਪਣੇ ਹਿੱਸੇ ਦਾ ਚਿਕਨ ਬਰਗਰ ਕਰ ਦਿੰਦਾ ਹੈ। ਤੁਸੀਂ ਕੁਝ ਸਿੱਖਿਆ ਉਸ ਇਸ਼ਤਿਹਾਰ ਤੋਂ?

ਆਮ ਆਦਮੀ

ਇਸ ਦੇ ਵਿੱਚ ਸਿਖਣ ਵਾਲੀ ਕੀ ਗੱਲ ਹੈ, ਸਾਡੇ ਦੇਸ਼ ਦਾ ਬੇੜਾ ਗਰਕ ਕਰ ਰਿਹਾ ਹੈ, ਬੇਸ਼ਰਮੀ ਵਾਲੀ ਤਾਂ ਹੱਦ ਹੋ ਗਈ ਹੈ ਇਸ ਵਿੱਚ, ਬੜੀ ਬੇਸ਼ਰਮੀ ਨਾਲ ਝੂਠ ਬੋਲਣ ਸੋਚ ਬੋਲਣ ਤੋਂ ਰੋਕਣ ਦੀ ਸਿਖਿਆ ਦੇ ਰਿਹਾ ਹੈ।

ਕਲਰਕ

ਤੁਸੀ ਗ਼ਲਤ ਫਸ ਗਏ, ਸਮਝਦੇ ਹੀ ਨਹੀਂ, ਅਸਲ ਵਿੱਚ ਇਹੋ ਜਿਹੇ ਇਸ਼ਤਿਹਾਰ ਦੇ ਕੇ ਅਸੀਂ ਇਹੋ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ...

ਆਮ ਆਦਮੀ

ਕਿਹੜੀ ਗੱਲ?

ਕਲਰਕ

ਇਹੀ ਕਿ ਚਾਹ-ਪਾਣੀ ਤਾਂ ਚਲੱਦਾ ਹੀ ਹੈ, ਸਾਰੇ ਪਾਸੇ

ਆਮ ਆਦਮੀ

ਤੁਸੀਂ ਰਿਸ਼ਵਤ ਦੀ ਗੱਲ ਕਰ ਰਹੇ ਹੋ?

ਕਲਰਕ

ਨਹੀਂ ਜੀ ਮੈਂ ਇਸ ਨਾਮੁਰਾਦ ਬੀਮਾਰੀ ਦਾ ਤਾਂ ਨਾਂ ਵੀ ਨਹੀਂ ਲੈਂਦਾ, ਇਸ ਦੇ ਤਾਂ ਨੇੜੇ ਵੀ ਨਹੀਂ ਜਾਂਦੇ

ਆਮ ਆਦਮੀ

ਫੇਰ ਹੋਰ ਕਿਸ ਦੀ ਗੱਲ ਕਰ ਰਹੇ ਹੋ?

ਤੁਸੀਂ ਰਿਸ਼ਵਤ ਹੀ ਤਾਂ ਮੰਗ ਰਹੇ ਹੋ।

ਕਲਰਕ

ਮੈਂ ਗੱਲ ਚਾਹ ਪਾਣੀ ਦੀ ਗੱਲ ਰੱਖ ਰਿਹਾਂ, ਚਾਹ ਤੇ ਪਾਣੀ।

ਆਮ ਆਦਮੀ

ਚਾਹ ਪਾਣੀ ਤੱਕ ਤਾਂ ਠੀਕ ਹੈ, ਚਲੋ ਚਾਹ ਪਾਣੀ ਪੀ ਲੈਂਦੇ ਹਾਂ ਉਹ ਸਾਹਮਣੇ ਦੁਕਾਨ ਹੈ।

ਕਲਰਕ

ਅੱਛਾ ਏਦਾਂ ਕਰੋ, ਤੁਸੀਂ ਚੱਲੋ, ਮੈਂ ਆਉਂਦਾਂ।

ਆਮ ਆਦਮੀ

ਪਰ ਸਿਰਫ਼ ਚਾਹ ਪਾਣੀ ਤੱਕ ਹੀ, ਚਾਹ ਪਾਣੀ ਦਾ ਮੈਨੂੰ ਕੋਈ ਇਤਰਾਜ਼ ਨਹੀਂ। ਚਾਹ – ਪਾਣੀ, ਚਾਹ ਪਾਣੀ।

ਕਲਰਕ

ਤੁਸੀਂ ਚੱਲੋ ਤਾਂ ਸਹੀ, ਅਗੇ ਆਗੇ ਦੇਖੀਏ ਹੋਤਾ ਹੈ ਕਿਆ

ਸੂਤਰਧਾਰ

ਮਿੱਤਰੋ-
ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ। ਆਖਦੇ ਹਨ ਕਿ ਜੇ ਰਾਜਾ ਕਿਸੇ ਕੋਲੋਂ ਨਮਕ ਦੀ ਚੂੰਢੀ ਵੀ ਭਰੇ ਤਾਂ ਉਸ ਦੇ ਅਹਿਲਕਾਰ ਪਰਜਾ ਨੂੰ ਲੁੱਟ ਕੇ ਕਾ ਜਾਂਦੇ ਹਨ। ਤਾਂ ਗੁਰੂ ਸਾਹਿਬ ਨੇ ਐਲਾਨੀਆ ਕਿਹਾ ਸੀ- ਰਾਜੇ ਸ਼ੀਂਹ ਮੁਕੱਦਮ ਕੁਤੇ, ਜਾਇ ਜਗਾਇਨ ਬੈਠ ਸੁਤੇ। ਭਾਈ ਗੁਰਦਾਸ ਨੂੰ ਵੀ ਬੜੀ ਦਲੇਰੀ ਨਾਲ ਕਹਿਣਾ ਪਿਆ ਸੀ- ਕਾਜ਼ੀ ਹੋਏ ਰਿਸ਼ਵਤੀ ਵਢੀ ਲੈ ਕੇ ਹਕ ਗਾਵਾਇ। ਕੀ ਇਹ ਸੱਭ ਲੋਕ ਗੁਰਦੁਆਰੇ ਨਹੀਂ ਜਾਂਦੇ?
ਜਾਂਦੇ ਹਨ।
ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਨਹੀਂ ਟੇਕਦੇ?

ਟੇਕਦੇ ਹਨ।

ਚੱਲੋ ਛੱਡੋ- ਅੱਗੇ ਕੀ ਹੋਇਆ?
ਇਹ ਤਾਂ ਮੈਨੂੰ ਵੀ ਨਹੀਂ ਪਤਾ, ਪਰ ਤੁਸੀਂ ਦੇਖੋ ਆਗੇ ਆਗੇ ਦੇਖੀਏ ਹੋਤਾ ਹੈ ਕਿਆ..

ਕਲਰਕ

ਜੇ ਫਲੈਟ ਨਹੀਂ ਤਾਂ ਕੰਮ ਮੁਸ਼ਕਲ ਹੈ। ਮਨਜ਼ੂਰੀ ਨਹੀਂ ਮਿਲਣੀ

ਆਮ ਆਦਮੀ

ਇਹ ਫਲੈਟ ਦਾ ਕੀ ਚੱਕਰ ਹੈ ਬਾਊ ਜੀ?

ਕਲਰਕ

ਕੋਈ ਚੱਕਰ ਨਹੀਂ, ਤੁਸੀਂ ਲੈਣਾ?

ਆਮ ਆਦਮੀ

ਮੈਂ ਕੀ ਕਰਨਾ, ਪਰ ਮੇਰੇ ਵੀ ਕੁਝ ਪਿੜ ਪੱਲੇ ਪਾਓ ਨਾ

ਕਲਰਕ

ਪਿੜ-ਪੱਲੇ? ਤੁਸੀਂ ਕੀ ਕਰਨਾ ਹੈ? ਨਾ ਤੁਹਾਡਾ ਪਿੜ ਨਾ ਪੱਲਾ

ਆਮ ਆਦਮੀ

ਇਹ ਗੱਲ ਨਹੀਂ ਪਰ ਬੰਦੇ ਨੂੰ ਕੁਝ ਜਾਣਕਾਰੀ ਵੀ ਤਾਂ ਰ਼ੱਖਣੀ ਚਾਹੀਦੀ ਹੈ, ਆਸੇ ਪਾਸੇ ਦੀ, ਆਲੇ ਦੁਆਲੇ ਦੀ

ਕਲਰਕ

ਤੁਸੀਂ ਆਲੇ ਦੁਆਲੇ ਤੋਂ ਕੀ ਲੈਣਾ? ਨਾਲੇ ਆਲਾ ਦੁਆਲਾ ਤੁਹਾਡੇ ਕੰਮ ਦਾ ਨਹੀਂ ਹੁਣ। ਤੁਸੀਂ ਬੱਸ ਘਰ ਬੈਠ ਕੇ ਰੱਬ ਰੱਬ ਕਰਿਆ ਕਰੋ।

ਅੱਚਾ ਇਓਂ ਦੱਸੋ, ਭਈ ਕੋਈ ਫਲੈਟ ਲੈਣਾ?

ਮਿਲਦਾ ਪਿਆ,
ਸਸਤੇ ਵਿੱਚ

ਮੰਤਰੀ ਜੀ ਵੇਚਦੇ ਨੇ

ਆਮ ਆਦਮੀ

ਮੰਤਰੀ ਜੀ ਨੂੰ ਕੀ ਪਿਆ? ਉਹ ਕਿਉਂ ਵੇਚਦੇ ਨੇ ਭਲਾ?

ਕਲਰਕ

ਮੰਤਰੀ ਜੀ ਨੂੰ ਮੋਰ ਪੈ ਗਏ, ਤੁਸਾਂ ਉਹ ਤਾਂ ਸੁਣਿਆਂ ਹੋਣਾਂ ਚੋਰਾ ਨੂੰ ਮੋਰ

ਆਮ ਆਦਮੀ

ਹੱਲਾ, ਬੜੀ ਅਜੀਬ ਗੱਲ ਹੈ, ਚੋਰ ਤਾਂ ਪੈਂਦੇ ਸੁਣੇ ਸੀ, ਹੁਣ ਮੋਰਾਂ ਨੇ ਵੀ ਚੋਰਾਂ ਦਾ ਰਾਹ ਫੜ ਲਿਆ

ਕਲਰਕ

ਕਿਉਂ ਕੌਮੀ ਪੰਛੀ ਹੈ, ਕੀ ਗਲ ਮੋਰ ਨੂੰ ਦੇਸ ਦੀ ਕੋਈ ਫਿਕਰ ਨਹੀਂ, ਬੱਸ ਤੁਸੀਂ ਇਓਂ ਸਮਝੋ ਪਈ ਮੋਰ ਪੈ ਗਏ ਮੰਤਰੀ ਜੀ ਨੂੰ, ਅੱਛਾ ਆਹ ਇਮਾਰਤ ਦੇਖਦੇ ਹੋ?

ਆਮ ਆਦਮੀ

ਕਿਹੜੀ?

ਕਲਰਕ

ਆਹ ਦੇਖੋ, 31 ਮੰਜ਼ਲਾਂ ਵਾਲੀ, ੲਸ ਵਿੱਚ ਫਲੈਟ ਮਿਲ ਰਿਹਾ ਹੈ, ਲੈਣਾ ਹੈ, 40 ਲੱਖ ਲੱਗਣਾ, ਵੇਸੇ ਕੀਮਤ ਬੜੀ ਹੈ, ਉੱਥੇ ਦੋ ਕਰੋੜ ਦੀ ਪਰ ਮੰਤਰੀ ਜੀ ਸਸਤਾ ਦੇ ਰਹੇ ਹਨ।

ਆਮ ਆਦਮੀ

ਅੱਛਾ

ਕਲਰਕ

ਆਹੋ, ਮੌਜ ਬੜੀ ਹੈ, ਤੁਹਾਡੇ ਅੱਗੇ ਪਿੱਛੇ ਉਪਰ ਥਲੇ ਅਫਸਰ ਹੀ ਅਫਸਰ, ਵੱਡੇ ਵੱਡੇ ਬੰਦੇ, ਸਰਕਾਰੀ ਵੀ ਤੇ ਗੈਰ ਸਰਕਾਰੀ ਵੀ ਤੇ ਸਰੇ ਇੱਕੋ ਜਿਹੇ

ਆਮ ਆਦਮੀ

ਇੱਕੋ ਜਹੇ?

ਕਲਰਕ

ਹਾਂ ਜੀ ਇੱਕੋ ਜਿਹੇ, ਸਭ ਇੱਕ ਤੋਂ ਇੱਕ ਵੱਧ ਕੇ। ਸ਼ਿਸ਼ਟਾਚਾਰ ਵਿੱਚ,

ਆਮ ਆਦਮੀ

ਠੀਕ ਸਮਝ ਗਿਆ, ਤੁਸੀਂ ਤਾਂ ਉਸੇ ਇਮਾਰਤ ਦੀ ਗੱਲ ਕਰ ਰਹੇ ਹੋ, ਜਿਸ ਦਾ ਚਰਚਾ ਅੱਜ ਕੱਲ ਅਖ਼ਬਾਰਾਂ ਵਿੱਚ ਹੋ ਰਿਹਾ, ਟੀ ਵੀ ਉਪਰ ਵੀ ਇਹੋ ਗੱਲਾਂ ਹੀ ਹੁੰਦੀਆਂ।

ਕਲਰਕ

ਬੜੀ ਤਿੱਖੀ ਸਮਝ ਰੱਖਦੇ ਹੋ ਬਾਊ ਜੀ

ਆਮ ਆਦਮੀ

ਰੱਖੀਏ ਕਿਉਂ ਨਾ, ਹੁਣ ਤਾਂ ਹਰ ਪਾਸੇ ਹੀ ਇਹੋ ਹਾਲ ਹੈ, ਨਾਂ ਬਈ ਮੈਂ ਨਹੀਂ ਲੈ ਸਕਦਾ ਇਹ ਤੇਰਾ ਫਲੈਟ, ਮੰਤਰੀ ਜੀ ਕਹੋ ਆਪਣੇ ਨਾਂ ਹੀ ਰੱਖਣ, ਕੱਲ ਜਦੋਂ ਇਸ ਦਾ ਮਕਬਰਾ ਬਣਿਆ ਤਾਂ ਇੱਕ ਤਖਤੀ ਮੰਤਰੀ ਜੀ ਦੇ ਨਾਂ ਦੀ ਵੀ ਲਾ ਦਿਆਂਗੇ।

ਕਰਲਕ

ਤੁਹਾਡਾ ਕੰਮ ਹੋ ਗਿਆ ਸਮਝੋ, ਬੱਸ ਆਲੂ ਟਿੱਕੀ ਦੀ ਕਸਰ ਰਹਿ ਗਈ

ਆਮ ਆਦਮੀ

ਹਾਲੇ ਵੀ ਆਲੂ ਟਿੱਕੀ ਚਾਹੀਦੀ ਹੈ?

ਕਲਰਕ

ਕੀ ਕਰੀਏ ਬੱਚੇ ਨਹੀਂ ਮੰਨਦੇ। ਟੀ ਵੀ ਦੇਖਦੇ ਹਨ ਨਾ! ਉਹ ਕਹਿੰਦੇ ਹਨ ਕਿ ਅੱਜ ਕੱਲ ਆਲੂ ਟਿੱਕੀ ਤੇ ਚਿਕਣ ਬਰਗਰ ਦਾ ਜ਼ਮਾਨਾ ਹੈ।

ਆਮ ਆਦਮੀ

ਤੁਸੀਂ ਵੀ ਨਾ ਬੱਸ... ਅੱਛਾ ਜਿੱਥੇ ਏਡੀਆਂ ਏਡੀਆਂ ਵੱਡੀਆਂ ਇਮਾਰਤਾਂ ਆਲੂ ਟਿੱਕੀਆਂ ਤੇ ਖੜੀਆਂ ਹਨ, ਉੱਥੇ ਇਸ ਨੇ ਇਸ ਤੋਂ ਘੱਟ ਕਿਹੜਾ ਮੰਨਣਾ ਹੈ।

ਸੂਤਰਧਾਰ

ਦੇਖਿਆ?

ਕੀ ਸੋਚਿਆ?

ਆਲੂ ਟਿੱਕੀ ਜਾਂ ਚਾਹ ਪਾਣੀ?

ਜਾਂ ਦੋਵੇਂ ਬੰਦ?

ਨਾ ਚਾਹ ਨਾ ਪਾਣੀ

ਕੰਮ ਤੇ ਕਰਾਉਣਾ ਹੀ ਪਵੇਗਾ? ਸਾਡੇ ਤੋਂ ਸ਼ੁਰੂ ਹੋਇਆ ਸੀ ਨਾ ਹੁਣ ਆਪਾਂ ਨੂੰ ਹੀ ਖ਼ਤਮ ਕਰਨਾ ਪਵੇਗਾ।

ਨਾ ਚਾਹ ਨਾ ਪਾਣੀ

ਨਾ ਆਲੂ ਨਾ ਟਿੱਕੀ

ਯਾਦ ਰੱਖਿਓ। ਭੁੱਲਣਾ ਨਹੀਂ।

  

No comments:

Post a Comment