Sunday, November 14, 2010

ਧੁੱਪ ਦੀ ਚਾਦਰ

ਧੁੱਪ ਦੀ ਚਾਦਰ

ਗੁਰਦੀਪ ਸਿੰਘ

ਧੁੱਪ ਦੀ ਚਾਦਰ ਵਿਛੀ ਚੁਫੇਰੇ
ਸੁਰਜ ਤੋਂ ਸ਼ਰਮਾਵੇ
ਬੱਦਲਾਂ ਦੀ ਛਾਂ ਲੱਭਦੀ ਫਿਰਦੀ
ਆਪਣਾ ਆਪ ਲੁਕਾਵੇ।

ਨੰਗੀ ਚਿੱਟੀ ਗੱਲ ਨਾ ਕੋਈ
ਬੈਠ ਰਹੀ ਜੋ ਧੁੱਪੇ
ਸਾਰੇ ਦਿਨ ਦਾ ਲਾਹੁਣ ਥਕੇਵਾਂ
ਗਰਮੀ ਸਰਦੀ ਰੁੱਤੇ।

ਮੈਂ ਉਸ ਧੁੱਪ ਦੀ ਚਾਦਰ ਕੋਲੋਂ
ਮੰਗੀ ਛਾਂ ਉਧਾਰੀ
ਸੰਗਦੀ ਸੰਗਦੀ ਧੁੱਪ ਦੀ ਕਾਤਰ
ਮੈਨੂੰ ਦੇ ਗਈ ਸਾਰੀ।

ਉਹ ਚਾਦਰ ਮੇਰੇ ਪਿੰਡੇ ਉਪਰ
ਬਣ ਗਈ ਮੇਰੀ ਲੋਈ
ਉਸ ਚਾਦਰ ਮੇਰਾ ਪਿੰਡਾ ਢਕਿਆ
ਤੇ ਸਾਂਭ ਲਈ ਖੁਸ਼ਬੋਈ।

ਵਰ੍ਹਿਆਂ ਤੀਕਰ ਉਸ ਚਾਦਰ ਨੇ
ਮੇਰੇ ਰਾਹ ਰੁਸ਼ਨਾਏ
ਉਸ ਚਾਦਰ ਨੇ ਮੇਰੀ ਖਾਤਰ
ਕਿੰਨੇ ਜੋਗ ਹੰਢਾਏ।

ਧੁੱਪ ਦੀ ਚਾਦਰ ਮੈਲੀ ਜਾਪੇ
ਹੋ ਗਈ ਡੱਬ ਖੜੱਬੀ
ਜਾਂ ਕੁਝ ਮੇਰੀ ਸੋਚ ਬਦਲ ਗਈ
ਕੁਝ ਸੱਜੀ ਕੁਝ ਖੱਬੀ।

ਫਿਰ ਸੂਰਜ ਦੀ ਧੁੱਪ ਮੈਂ ਟੋਲਾਂ
ਕਿਉਂ ਕੋਈ ਚਾਦਰ ਟੋਲਾਂ
ਕਿਉਂ ਨਾ ਨੰਗੇ ਪਿੰਡੇ ਬਹਿ ਕੇ
ਆਪਣਾ ਆਪ ਫਰੋਲਾਂ।

ਨੰਗੇ ਪਿੰਡੇ ਬਹਿਣਾ ਔਖਾ
ਔਖਾ ਸੌਣਾ ਪੈਣਾ
ਔਖਾ ਹੁੰਦਾ ਵੇਖ ਕੇ ਜਰਨਾ
ਜਰ ਕੇ ਵੀ ਚੁੱਪ ਰਹਿਣਾ।

2 comments: