Wednesday, January 26, 2011

ਕਿਸਮਤ

ਕਿਸਮਤ

ਗੁਰਦੀਪ ਸਿੰਘ ਭਮਰਾ / 9878961218

ਉਹ ਜਦ ਵੀ ਮਿਲਦੀ ਸੀ
ਇੱਕੋ ਸਵਾਲ ਕਰਦੀ ਸੀ
ਮੇਰਾ ਹੱਥ ਦੇਖ ਕੇ ਮੇਰੀ ਕਿਸਮਤ ਦੱਸ
ਮੈਂ ਉਸ ਦਾ ਕੂਲਾ ਹੱਥ ਫੜ ਕੇ
ਬੜੀ ਦੇਰ ਤੱਕ
ਉਸ ਦੀਆਂ ਲਕੀਰਾਂ ਚੋਂ
ਆਪਣੇ ਨਕਸ਼ ਲੱਭਦਾ ਰਹਿੰਦਾ,
ਕਦੇ ਉਲਟਾ ਕੇ ਦੇਖਦਾ
ਕਦੇ ਪਲਟ ਕੇ ਦੇਖਦਾ
ਮੁੱਠੀ ਬੰਦ ਕਰਦਾ
ਉਸ ਦੀਆ

ਰਵਾਂਹ ਦੀਆਂ ਫਲੀਆਂ ਵਰਗੀਆਂ

ਲੰਮੀਆਂ ਲੰਮੀਆਂ ਉਂਗਲਾਂ
ਨਾਲ ਖੇਡਦਾ
ਤੇ ਖਾਮੋਸ਼
ਕਦੇ ਉਸ ਦੇ ਹੱਥ ਨੂੰ ਕਦੇ ਉਸ ਦੇ ਚਿਹਰੇ ਨੂੰ
ਨਿਹਾਰਦਾ ਰਹਿੰਦਾ
ਉਸ ਦੀਆਂ ਅੱਖਾਂ ਚੋਂ
ਅਨੇਕਾਂ ਪ੍ਰਸ਼ਨ ਚਿੰਨ੍ਹ ਉਤਰ ਕੇ ਮੈਨੂੰ ਘੇਰ ਲੈਂਦੇ
ਮੈਂ ਦੌੜਦਾ
ਉਸ ਦੇ ਸਾਰੇ ਪ੍ਰਸ਼ਨ ਚਿੰਨ੍ਹ ਮੇਰਾ ਪਿਛਾ ਕਰਦੇ
ਮੈਂ ਉਹਨਾਂ ਤੋਂ ਘਬਰਾ ਕੇ
ਆਪਣੀ ਹੀ ਬੁੱਕਲ ਵਿੱਚ ਲੁਕ ਜਾਂਦਾ।
ਉਹ ਹਰ ਵਾਰ ਪੁੱਛਦੀ
ਮੇਰੀ ਕਿਸਮਤ ਵਿੱਚ ਕੀ ਲਿਖਿਆ ਹੈ
ਮੈਂ ਹਰ ਵਾਰ ਕਹਿਣ ਦੀ ਕੋਸ਼ਿਸ਼ ਕਰਦਾ
ਕਿਸਮਤ ਤਾਂ ਆਪ ਘੜੀ ਜਾਂਦੀ ਹੈ
ਉਹ ਮੇਰੀ ਮੂਰਖਤਾ ਉਪਰ ਹੱਸਦੀ ਤੇ
ਆਖਦੀ
ਮੈਂ ਉਸ ਨੂੰ ਝੂਠ ਬੋਲ ਰਿਹਾ ਹਾਂ।

ਪਿਛਲੀ ਵਾਰ ਜਦੋਂ ਉਹ ਮਿਲੀ
ਤਾਂ ਉਸ ਨੇ ਆਦਤਨ
ਆਪਣਾ ਹੱਥ ਮੇਰੇ ਅੱਗੇ ਕਰ ਦਿੱਤਾ
ਮੇਰੀ ਕਿਸਮਤ ਦੇਖ ਕੇ ਦੱਸ
ਹੁਣ ਉਸ ਦੀਆਂ ਅੱਖਾਂ ਨਮ ਸਨ
ਪ੍ਰਸ਼ਨ ਚਿੰਨ੍ਹ ਵੀ ਸਨ ਤੇ ਵਿਸਮਿਕ ਚਿੰਨ੍ਹ ਵੀ
ਕਈ ਅਰਧ ਵਿਰਾਮ ਤੇ ਪੂਰਨ ਵਿਸ਼ਰਾਮ ਸਨ
ਉਹ ਪੂਰੀ ਦੀ ਪੂਰੀ ਵਿਆਕਰਨ ਲੈ ਆਈ ਸੀ
ਜ਼ਿੰਦਗੀ ਦੇ ਅਰਥ ਜਾਣਨ ਲਈ
ਮੈਂ ਹੱਥ ਨਹੀਂ ਦੇਖਦਾ
ਮੈਂ ਉਸ ਨੂੰ ਕਿਹਾ
ਪਰ ਪਹਿਲਾਂ ਤਾਂ ਦੇਖਦਾ ਸੀ
ਉਸ ਨੇ ਮੇਰੇ ਅੱਗੇ ਆਪਣਾ ਹੱਥ ਖੋਲ੍ਹ ਦਿੱਤਾ
ਇਸ ਨੂੰ ਫੜ ਤੇ ਪੜ੍ਹ
ਤੇ ਦੇਖ ਕੇ ਦੱਸ ਕਿ ਮੇਰੀ ਕਿਸਮਤ ਵਿਚ ਕੀ ਹੈ
ਕਿੰਨਾ ਹਨੇਰਾ
ਕਿੰਨੀ ਚੁੱਪ
ਕਿੰਨੀ ਤਨਹਾਈ
ਤੇ ਹਾਲੇ ਕਿੰਨਾ ਕੁ ਸਫ਼ਰ ਬਾਕੀ ਹੈ
ਮੈਂ ਉਸ ਦਾ ਹੱਥ ਦੇਖਿਆ
ਉਸ ਦੇ ਹੱਥਾਂ ਉਪਰ ਅੱਟਣ ਉਭਰ ਆਏ ਸਨ
ਪੋਟਿਆਂ ਕੋਲੋਂ ਲਕੀਰਾਂ ਤਿੜਕ ਰਹੀਆਂ ਸਨ

ਨਹੁੰਆਂ ਤੋਂ ਪਿਆਜ਼ੀ ਰੰਗਤ ਗਾਇਬ ਸੀ
ਤੇ ਉਸ ਦੇ ਹਥਾਂ ਚੋਂ ਸੁਬਕਤਾ ਨਾਦਾਰਦ ਸੀ
ਤੈਨੂੰ ਕੀ ਹੋ ਗਿਆ?
ਮੈਂ ਉਸ ਨੂੰ ਕਿਹਾ
ਕੁਝ ਨਹੀਂ ਮੇਰੇ ਹਥਾਂ ਨੂੰ ਦੇਖ ਕੇ ਦੱਸ
ਤੇ ਪੜ੍ਹ ਮੇਰੀ ਕਿਸਮਤ ਦਾ ਹਾਲ
ਮੈਂ ਉਸ ਦਾ ਹੱਥ ਫੜਿਆ
ਮੈਂ ਕਹਿਣਾ ਚਾਹਿਆ
ਹੁਣ ਤੈਨੂੰ ਕਿਸੇ ਵੀ ਕਿਸਮਤ ਦਾ ਹਾਲ ਜਾਣਨ ਦੀ ਲੋੜ ਨਹੀਂ
ਤੇਰੇ ਹੱਥਾਂ ਚੋਂ ਮਿਹਨਤ ਦੀ ਖੁਸ਼ਬੂ ਉੱਗ ਆਈ ਏ
ਤੇਰੀਆਂ ਲਕੀਰਾਂ ਤੇਰੀਆਂ ਗੁਲਾਮ ਹਨ
ਹੁਣ ਤੈਨੂੰ ਕਿਸਮਤ ਘੜਨ ਦੀ ਜਾਚ ਆ ਗਈ ਹੈ।

ਮੈਂ ਉਸ ਨੂੰ ਕਿਹਾ
ਮੈਨੂੰ ਸਚਮੁਚ ਹੀ ਹੱਥ ਦੇਖਣਾ ਨਹੀਂ ਆਉਂਦਾ।

ਉਹ ਮੁਸਕਰਾਈ...
ਤੇ ਚਲੀ ਗਈ
ਮੈਂ ਉਸ ਨੂੰ ਦੁਰ ਤੱਕ ਜਾਂਦਿਆਂ ਦੇਖਦਾ ਰਿਹਾ।

ਕਦੇ ਤਾਰਿਆਂ ਦੇ ਨਾਲ

ਗੀਤ

ਗੁਰਦੀਪ ਸਿੰਘ ਭਮਰਾ / 9878961218

ਕਦੇ ਤਾਰਿਆਂ ਦੇ ਨਾਲ
ਕਦੇ ਸਾਰਿਆਂ ਦੇ ਨਾਲ
ਗੱਲਾਂ ਤੇਰੀਆਂ ਹੀ ਕੀਤੀਆਂ ਹੁੰਗਾਰਿਆਂ ਦੇ ਨਾਲ।

ਕਦੇ ਸੁਪਨੇ ਚ’ ਆਵੇਂ
ਰੀਝਾਂ ਸੁਤੀਆਂ ਜਗਾਵੇਂ
ਤੈਨੂੰ ਫੜੀਏ ਤਾਂ ਆਪ
ਸਾਡੇ ਹੱਥ ਨਾ ਤੂੰ ਆਵੇਂ
ਕਦੇ ਪੁਛਿਆ ਨਾ ਹਾਲ ਸਾਡੇ ਹੰਝੂਆਂ ਦੇ ਕੋਲੋਂ
ਕਿੱਦਾਂ ਹੋਈ ਉਹਨਾਂ ਸੁਪਨੇ ਵਿਚਾਰਿਆਂ ਦੇ ਨਾਲ।
ਕਦੇ ਤਾਰਿਆਂ ਦੇ ਨਾਲ
ਕਦੇ ਸਾਰਿਆਂ ਦੇ ਨਾਲ

ਸਾਡੇ ਵਾਸਤੇ ਸੀ ਲਾਰੇ
ਅਸੀੰ ਕਿਸਮਤਾਂ ਤੋਂ ਹਾਰੇ
ਕੱਚੇ ਘੜਿਆਂ ਦੇ ਮਾਰੇ
ਸਾਨੂੰ ਆਖ ਨਾ ਵਿਚਾਰੇ
ਕਦੋਂ ਰੋਕਿਆਂ ਰੁਕਾਂਗੇ, ਨਾ ਡਰਾਂਗੇ ਨਾ ਝੁਕਾਂਗੇ
ਅਸੀਂ ਠਿਲ੍ਹ ਪੈਣਾਂ ਲਹਿਰਾਂ ਦੇ ਇਸਾਰਿਆਂ ਦੇ ਨਾਲ।
ਕਦੇ ਤਾਰਿਆਂ ਦੇ ਨਾਲ
ਕਦੇ ਸਾਰਿਆਂ ਦੇ ਨਾਲ।

ਤੇਰੇ ਵਾਸਤੇ ਵਿਸਾਖੀ
ਤੇਰੇ ਵਾਸਤੇ ਦਿਵਾਲੀ
ਤੇਰੇ ਵਾਸਤੇ ਜਗਾਏ
ਇਹ ਬਨੇਰੇ ਵੀ ਸਜਾਏ
ਤੇਰੇ ਆਉਣ ਦੀ ਤਰੀਕ ਕਰੇ ਚਿਰਾਂ ਤੋਂ ਉਡੀਕ
ਐਵੇਂ ਵੇਲਾ ਨਾ ਟਪਾਵੀਂ ਝੂਠੇ ਲਾਰਿਆਂ ਦੇ ਨਾਲ
ਕਦੇ ਤਾਰਿਆਂ ਦੇ ਨਾਲ
ਕਦੇ ਸਾਰਿਆਂ ਦੇ ਨਾਲ
ਗੱਲਾਂ ਤੇਰੀਆਂ ਹੀ ਕੀਤੀਆਂ ਸਹਾਰਿਆਂ ਦੇ ਨਾਲ।

Saturday, January 22, 2011

ਮੈਂ ਕਮਜ਼ੋਰ ਨਹੀਂ ਹਾਂ

ਜਿਗਰਪਾਰਾ

ਮੈਂ ਕਮਜ਼ੋਰ ਨਹੀਂ ਹਾਂ

ਗੁਰਦੀਪ ਸਿੰਘ ਭਮਰਾ

ਕਦੇ ਕਦੇ ਇੰਜ ਲਗਦਾ ਜਿਵੇਂ ਮੈਂ ਕੱਚੀ ਕੈਲ ਹੋਵਾਂ, ਕੇਲੋਂ ਦੇ ਗੱਲ ਲੱਗੀ ਵੇਲ, ਹਰ ਵੇਲੇ ਤੇਰਾ ਸਾਥ ਲੋੜਦੀ, ਤੇਰੇ ਸਾਹਾਂ ਵਿੱਚੋਂ ਆਪਣੇ ਸਾਹ ਲੱਭਦੀ, ਸ਼ਾਇਦ ਕੁਦਰਤ ਨੇ ਬਣਾਇਆ ਹੀ ਇਸ ਤਰ੍ਹਾਂ ਸੀ ਮੈਨੂੰ ਹਰ ਵੇਲੇ ਪਿਆਰ ਨਾਲ ਓਤ ਪੋਤ, ਵਿਛ ਜਾਣ ਵਾਲੀ, ਆਪਣੇ ਜਜ਼ਬਾਤ ਵਿੱਚ ਵਹਿ ਜਾਣ ਵਾਲੀ ਨਦੀ, ਕਦੇ ਸ਼ੂਕਦੀ ਕਦੇ ਮਟਕ ਮਟਕ ਚੱਲਦੀ.....ਨਦੀ ਤੇ ਮੇਰੇ ਨਾਲ ਕਿੰਨੀ ਸਾਂਝ ਜਾਪਦੀ, ਉਸ ਦਾ ਵੀ ਅੱਥਰਾ ਸੁਭਾਅ, ਨਾ ਟਾਲਿਆ ਜਾਣ ਵਾਲਾ, ਸਦਾ ਵਹਿਣ ਵਾਲਾ, ਚੰਚਲ, ਚਪਲ, ਟਿਕ ਕੇ ਨਾ ਰਹਿਣ ਵਾਲਾ.....

……ਤੇ ਤੂੰ ਇੰਜ ਜਾਣਿਆ ਜਿਵੇਂ ਮੈਂ ਵਹਿੰਦੀ ਨਦੀ, ਜਦ ਜੀ ਚਾਹਿਆ, ਮੇਰੇ ਵਿੱਚ ਉਤਰਿਆ, ਤਰਿਆ ਤੇ ਜਦੋ ਚਾਹਿਆ ਮੇਰੇ ਕੰਢੇ ਖਿਲਰੀ ਰੇਤ ਨਾਲ ਖੇਡਿਆ ਤੇ ਜਦੋਂ ਚਾਹਿਆ ਮੇਰੇ ਵਹਿਣਾਂ ਵਿੱਚ ਕਿਸ਼ਤੀ ਪਾਈ ਤੇ ਦੁਰ ਨਿਕਲ ਗਿਆ, ਜਦੋਂ ਚਾਹਿਆ, ਮੈਨੂੰ ਛੱਡ ਪਹਾੜੀਂ ਜਾ ਚੜ੍ਹਿਆ, ਮੇਰੇ ਤੋਂ ਦੂਰ ਕੇਸ ਜੰਗਲ ਦੇ ਸੰਘਣੇ ਵਣ ਦੀ ਛਾਂ ਵਿੱਚ ਗਵਾਚ ਗਿਆ।

ਸੰਘਣੇ ਵਣ ਦੀ ਛਾਂ ਤਾਂ ਬੁੱਧ ਨੂੰ ਲੱਭਦੀ ਉਦ ਉਡੀਕ ਵਿੱਚ ਕਦੋਂ ਦੀ ਬੁੱਢੀ ਹੋ ਚੁਕੀ ਸੀ, ਤੂੰ ਕਦੇ ਇਸ ਛਾਂ ਕਦੇ ਉਸ ਛਾਂ, ਕਦੇ ਇਸ ਰੁੱਖ ਥੱਲੇ ਕਦੇ ਉਸ ਰੁਖ ਥੱਲੇ ਮੇਰੇ ਪਾਣੀਆਂ ਤੋਂ ਦੂਰ ਭੱਜਿਆ। ਪਰ ਤੂੰ ਕੀ ਜਾਣੇ ਇਹ ਰੁੱਖ ਇਹ ਵਣ, ਇਹ ਜੰਗਲ ਮੇਰੇ ਹੀ ਪਾਣੀ ਨੇ ਸਿੰਜੇ, ਮੇਰੀ ਛੋਹ ਲਈ ਮੇਰੇ ਕਿਨਾਰੇ ਵੱਲ ਭੱਜ ਭੱਜ ਆਉਂਦੇ।

ਤੂੰ ਮੇਰੇ ਪਾਣੀ ਨੂੰ ਘੜਿਆਂ ਦੀ ਪਿਆਸ ਬੁਝਾਉਣ ਲਈ ਵਰਤਿਆ, ਕਦੇ ਇਸ ਨਾਲ ਆਪਣੀ ਭੁੱਖ ਦੀ ਤ੍ਰਿਪਤੀ ਲਈ ਲਹਿਲਹਾਉਂਦੀਆਂ ਫ਼ਸਲਾਂ ਦੇ ਸੁਪਨੇ ਬੀਜੇ, ਪਰ ਨਦੀ ਦੀ ਪਿਆਸ ਤਾਂ ਤੇਰੇ ਅੰਦਰ ਸੀ ਉਹ ਇੱਕ ਮ੍ਰਿਗ ਤ੍ਰਿਸ਼ਨਾ ਵਾਂਗ ਉਹ ਤੇਰੇ ਅੱਗੇ ਅੱਗੇ ਤੂੰ ਉਸ ਦੇ ਪਿਛਾ ਕਰਦਾ ਬਹੁਤ ਦੂਰ ਤੱਕ ਗਿਆ, ਪਰ ਉਹ ਕਦੇ ਤੇਰੇ ਹੱਥ ਨਾ ਆਈ।

ਮੈਂ ਫੈਲ ਗਈ ਸਮੁੰਦਰ ਦੇ ਪਾਣੀਆਂ ਵਿੱਚ, ਸਾਗਰਾਂ ਦੀ ਗਹਿਰਾਈ ਮੇਰੀ ਗਹਿਰਾਈ ਬਣ ਗਈ, ਮੈਂ ਸਮੁੰਦਰ ਦੇ ਕਿਨਾਰਿਆਂ ਨੂੰ ਛੋਹਿਆ, ਘੋਗਿਆਂ ਸਿਪੀਆਂ ਨਾਲ ਥਾਲ ਪਾਏ, ਪਰ ਸਮੁੰਦਰ ਦੀਆਂ ਬਾਹਾਂ ਵੀ ਮੈਨੂੰ ਰੋਕ ਨਾ ਸਕੀਆਂ, ਮੈਂ ਸੂਰਜ ਨੂੰ ਕਲਾਵੇ ਵਿੱਚ ਲੈਣ ਲਈ ਸੂਰਜ ਦੀ ਤਪਸ਼ ਆਪਣੇ ਅੰਦਰ ਸਮੋਅ ਜਾਣ ਦਿਤੀ ਤੇ ਮੈਂ ਹਵਾ ਨਾਲ ਹਵਾ ਹੋ ਕੇ ਦੂਰ ਅਕਾਸ਼ ਵਿੱਚ ਉੱਡੀ ਬੱਦਲਾਂ ਦੇ ਕੰਧਾੜੇ ਚੜ੍ਹ ਮੈਂ ਇੱਕ ਵਾਰ ਆਪਣਾ ਸਫ਼ਰ ਆਰੰਭਿਆ। ਕਾਲੀਆਂ ਘਟਾਵਾਂ ਸ਼ੂਕਦੀਆਂ ਹਵਾਵਾਂ, ਮੂੰਹ ਜੋਰ, ਆਪਣੀ ਹੀ ਤੋਰ, ਬੇਪਰਵਾਹ ਮੈਂ ਜਦੋਂ ਵਰਕਾ ਰੁਤ ਦਾ ਹਿੱਸਾ ਬਣੀ ਤਾਂ ਨਦੀਆਂ ਦੇ ਕਿਨਾਰੇ ਵੀ ਮੈਨੂੰ ਰੋਕ ਨਾ ਸਕੇ। ਤੂੰ ਮੈਨੂੰ ਕਮਜ਼ੋਰ ਨਾ ਸਮਝੀ। ਮੈਂ ਕਦੇ ਵੀ ਕਮਜ਼ੋਰ ਨਹੀਂ ਸਾਂ। ਬੱਸ ਤੇਰੇ ਪਿਆਰ ਦੀ ਛੋਹ ਪਾ ਕੇ ਤੇਰੇ ਸਾਹਵੇਂ ਵਿਛ ਜਾਣ ਵਿੱਚ ਹੀ ਆਪਣਾ ਜੀਣਾ ਸਮਝਦੀ ਰਹੀ। ਮੈਂ ਕਮਜ਼ੋਰ ਨਹੀਂ ਹਾਂ।

Wednesday, January 19, 2011

ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ!

ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ!

ਗੁਰਦੀਪ ਸਿੰਘ

ਮੈਂ ਧੀ ਪੰਜਾਬ ਦੀ
ਸੋਹਲ
ਸੁਨੱਖੀ
ਸੁਬਕ ਪੈਰਾਂ ਨਾਲ
ਮਟਕ ਮਟਕ ਤੁਰਦੀ
ਸੰਦਲੀ ਪੈੜਾਂ ਸਿਰਜਦੀ
ਹਵਾ ਨਾਲ ਗੱਲਾਂ ਕਰਦੀ
ਚੰਨ ਦੀਆਂ ਬਾਤਾਂ ਪਾਉਂਦੀ
ਤੇ ਅੰਬਰ ਦੇ ਤਰਿਆਂ ਨਾਲ ਬਾਤਾਂ ਪਾਉਂਦੀ
ਮੈਂ ਧੀ ਪੰਜਾਬ ਦੀ
ਖੇਤਾਂ ਵਿੱਚ ਜੰਮਦੀਆਂ
ਫ਼ਸਲਾਂ ਦੇ ਵਿੱਚ ਰੀਝਾਂ ਦੀ ਸਰ੍ਹੋਂ ਬੀਜਦੀ
ਕਣਕ ਦੇ ਸਿੱਟਿਆਂ ਨਾਲ ਨਿਸਰਦੀ
ਕਦੇ ਸਮੁੰਦਰੋਂ ਪਾਰ
ਕਦੇ ਸਮੁੰਦਰੋਂ ਆਰ
ਕਦੇ ਆਰ ਨਾ ਪਾਰ
ਕਦੇ ਅੱਧ ਵਿਚਕਾਰ
ਮੈਂ ਪੰਜਾਬ ਦੀ ਧੀ
ਪੰਜਾਬ ਨੂੰ ਪੰਜਾਬੀ ਹੋਣ ਦਾ ਮਾਣ ਦਿੰਦੀ
ਮੈਂ ਕਿਕਲੀ ਪਾਉਂਦੀ
ਹੇਕ ਨਾਲ ਗਾਉਂਦੀ
ਮੈਂ ਢੋਲਿਆਂ
ਮਾਹੀਏ
ਟਪਿਆਂ ਤੇ ਬੋਲੀਆਂ ਦੀ ਜਿੰਦ ਜਾਨ
ਮੈਂ ਪੰਜਾਬ ਦੇ ਸਿਰ ਫੁਲਕਾਰੀ
ਮੈਂ ਗਿੱਧਿਆਂ ਦੇ ਪਿੜ ਬੰਨ੍ਹਦੀ
ਕਈ ਜੁਝਾਰੂਆਂ ਦੇ ਪੈਰਾਂ ਨੂੰ ਨੱਚਣ ਦੀ ਜਾਚ ਸਿਖਾਉਂਦੀ
ਜੀਣ ਦੇ ਰਾਹ ਪਾਉਂਦੀ
ਮੈਂ ਧੜਕਣ ਪੰਜਾਬ ਦੀ
ਮੇਲ੍ਹਦੀ ਸਾਵੀਆਂ ਫ਼ਸਲਾਂ
ਮੌਲਦੀ ਰੁੱਤ ਦੀ ਮਹਿਕ ਮੇਰੇ ਸਾਹਾਂ ਦਾ ਹਿੱਸਾ
ਮੈਂ ਧੀ ਪੰਜਾਬ ਦੀ
ਪੰਜਾਬ ਦੀ ਸ਼ੇਰ ਬੱਚੀ
ਮੈਂ ਪੰਘੂੜਾਂ ਪੰਜਾਬ ਦਾ
ਪੰਜਾਬ ਵੱਸਦਾ ਮੇਰੇ ਅੰਦਰ
ਪੰਜਾਬ ਸਾਹ ਲੈਂਦਾ ਮੇਰੇ ਅੰਦਰ
ਪੰਜਾਬ ਜੰਮਦਾ ਮੇਰੇ ਅੰਦਰ
ਪੰਜਾਬ ਨੂੰ ਬੋਲਣਾ ਸਿਖਾਉਂਦੀ
ਪੰਜਾਬ ਨੂੰ ਲੋਰੀਆਂ ਦੇਵਾਂ
ਪੰਜਾਬ ਗੋਦੀ ਵਿੱਚ ਖਿਡਾਵਾਂ
ਮੈਂ ਨਾ ਹੋਵਾ ਪੰਜਾਬ ਕੀਹਦਾ
ਮੈਂ ਨਾ ਗਾਵਾਂ ਤਾਂ ਪੰਜਾਬ ਕਿਹੜਾ
ਮੈਂ ਪੰਜਾਬ ਦੀ ਧੜਕਣ
ਪੰਜਾਬ ਮੇਰੇ ਸਾਹੀਂ ਜੀਂਦਾ
ਨਾ ਮਾਰ ਮੈਨੂੰ
ਨਾ ਤਾੜ ਮੈਨੂੰ
ਨਾ ਲਿਤਾੜ ਮੈਨੂੰ
ਮਤੇ ਪੰਜਾਬ ਹੀ ਨਾ ਮਰ ਜਾਏ
ਮੈਂ ਪੰਜਾਬ ਦੀ ਸੇਰ ਬੱਚੀ
ਤੂੰ ਕਾਹਦਾ ਪੰਜਾਬੀ
ਜੇ ਮੈਂ ਰਹੀ
ਪੰਜਾਬ ਦੀ ਧੀ
ਪੰਜਾਬ ਦੀ ਜਨਮ ਦਾਤੀ
ਪੰਜਾਬ ਦੀ ਸ਼ੇਰ ਬੱਚੀ।

 

Legacy

On and on it lives on
Through me
it breathes
it lives
I cradle all your dreams
I nurture all your desires
I kindle your fires
I keep you alive
You have fathered me
I shall mother you
holding forth a promise
to keep it on
I keep your spirit alive
Punjab lives on
and lives on its legacy
with me
with me throbs the spirit
with me lives the history
I am
a link between old and new
I connect history to you
and you to history
I cradle a whole civilisation
legacy of love
a legacy of self righteousness
the fiery spirit.
The spirit of Punjab

Tuesday, January 18, 2011

ਉਦਾਸ ਚੁੱਪ

 

ਉਦਾਸ ਚੁੱਪ

ਸੋਚਿਆਂ ਸੀ ਮਿਲ ਕੇ ਤੁਰਾਂਗੇ
ਤੇ ਗਾਵਾਂਗੇ
ਕਦੇ ਉੱਚੀ, ਕਦੇ ਮੱਧਮ ਸੁਰ ਵਿੱਚ
ਹਵਾ ਦੇ ਗੀਤ
ਹਵਾ ਦੇ ਨਾਲ ਨਾਲ
ਕਲਕਲ ਕਰਦੇ ਪਾਣੀਆਂ ਦੇ ਗੀਤ
ਭਰ ਭਰ ਕੇ ਵਗਦੀਆਂ ਦੇ ਗੀਤ
ਲਟ ਲਟ ਜਗਦੀਆਂ ਸੋਚਾਂ ਦੇ ਗੀਤ
ਸੂਰਜ ਦੇ ਗੀਤ
ਚੰਨ ਚਾਨਣੀ ਦੇ ਗੀਤ
ਟੁੱਟੇ ਤਾਰਿਆਂ ਦੇ ਗੀਤ
ਜਗ ਮਗ ਕਰਦੇ ਤਾਰਿਆਂ ਦੇ ਗੀਤ
ਉਛਲਦੇ ਮਚਲਦੇ ਪਾਣੀਆਂ ਦੇ ਗੀਤ
ਸ਼ਾਂਤ ਝੀਲਾਂ ਦੀ ਗਹਿਰਾਈ ਦੇ ਗੀਤ
ਜੰਗਲ ਵਿੱਚ ਪਸਰੀ ਚੁੱਪ ਦੇ ਗੀਤ

ਚਹਿਚਹਾਉਂਦੇ ਪੰਛੀਆਂ ਦੇ ਗੀਤ
ਉਡਣ ਲਈ ਤਿਆਰ ਗੁਟਕਦੇ ਮਮੋਲਿਆਂ ਦੇ ਗੀਤ
ਸ਼ਹਿਰਾਂ ਵਿੱਚ ਪਸਰੀ ਚੁੱਪ ਦੇ ਗੀਤ

ਪਿੰਡਾਂ ਵਿੱਚ ਉੱਠਦੇ ਗੀਤ
ਨਗਾਰਿਆਂ ਦੇ ਗੀਤ
ਢੋਲ ਤੇ ਲੱਗਦੇ ਡੱਗੇ ਨਾਲ ਥਿਰਕਦੇ
ਨਚਦੇ ਪੈਰਾਂ ਦੇ ਗੀਤ
ਮੱਕੀ ਦੀਆਂ ਦੌਧੀਆਂ ਛੱਲੀਆਂ ਦੇ ਗੀਤ
ਕਣਕਾਂ ਦੇ ਗੀਤ
ਸਿੱਟਿਆਂ ਦੇ ਗੀਤ
ਬਾਲਾਂ ਦੇ ਤੇੜ ਤੜਾਗੀ ਦੇ ਖਣਕਦੇ ਘੁੰਗਰੂ ਦੇ ਗੀਤ

ਚਾਟੀਆਂ ਵਿੱਚ ਘੁੰਮਦੀਆਂ ਮਧਾਣੀਆਂ ਦੇ ਗੀਤ
ਕਹੀਆਂ ਦੇ ਗੀਤ
ਦਾਤੀਆਂ ਦੇ ਗੀਤ
ਰੰਬਿਆਂ ਦੇ ਗੀਤ
ਘਣਾਂ ਵਰਗੇ ਹਥੋੜਿਆਂ ਦੇ ਗੀਤ
ਨਿਘੀਆਂ ਗਲੱਵਕੜੀਆਂ ਦੇ ਗੀਤ
ਹੱਥ ਘੁੱਟਣੀਆਂ ਤੇ ਪਿਆਰ ਤਾਂਘਾਂ ਦੇ ਗੀਤ
ਸੋਚਿਆਂ ਸੀ ਮਿਲ ਕੇ ਗਾਵਾਂਗੇ
ਦੋਸਤੀ ਦੇ ਸੁਰ ਵਿੱਚ ਓਤਪੋਤ
ਸਾਂਝੀ ਅਵਾਜ਼ ਸਾਂਝੇ ਜੋਸ਼ ਨਾਲ
ਜਦੋਂ ਗਾਵਾਂਗੇ ਤਾਂ
ਕਾਇਨਾਤ ਗਾਵੇਗੀ
ਸਾਡੇ ਨਾਲ ਸਮਿਆਂ ਦੇ ਸਾਜ਼ ਤੇ ਸਦੀਆਂ ਦਾ ਗੀਤ

ਪਰ ਇਹ ਗੀਤ
ਦਗ਼ਾ ਹੁੰਦੀਆਂ ਦੋਸਤੀਆਂ
ਬਦਲਦੀਆਂ ਨਜ਼ਰਾਂ
ਰੁਕਦੇ ਪੈਰਾਂ
ਸੁਕਦੇ ਸਾਹਾਂ
ਵੱਖ ਹੁੰਦੇ ਰਾਹਾਂ
ਟੁਟੀਆਂ ਬਾਹਾਂ
ਨੂੰ ਵੇਖ
ਬੇਸੁਰ
ਬੇਅਸਰ
ਹੋ ਕੇ ਰਹਿ ਗਏ
ਬੇਅਵਾਜ਼ ਬੁਲ੍ਹ ਤਾਂ ਫਰਕੇ
ਪਰ ਗੀਤ ਨਾ ਧੜਕੇ

ਸਾਰੀ ਚੁੱਪ
ਉਦਾਸੀ ਵਿੱਚ ਬਦਲ ਗਈ।

Friday, January 14, 2011

ਮੇਰਾ ਮਾਹੀ

 

 

ਕੁਦਰਤ ਦੇ ਖੇੜੇ ਵਿੱਚ ਵੱਸਦਾ
ਕੁਦਰਤ ਦੇ ਖੇੜੇ ਵਿੱਚ ਹਸਦਾ
ਖਿੜੇ ਖਿੜਣ ਦੀਆਂ ਖੇਡਾਂ ਦੱਸਦਾ
ਨਿੱਕੇ ਨਿੱਕੇ ਨਰਮ ਮਮੋਲੇ
ਇਹ ਉਹਨਾਂ ਦੇ ਪੈਰੀਂ ਨੱਚਦਾ
ਨਿੱਘੀ ਧੁੱਪ ਤੇ ਕੋਸੀ ਛਾਂ ਵਿੱਚ
ਨਿੱਕੀਆ ਨਿਕੀਆਂ ਬਾਤਾਂ ਪਾਉਂਦਾ
ਭਰ ਭਰ ਥਾਲ ਤਾਰਿਆਂ ਵਾਲਿਆਂ
ਸੁਪਨੇ ਜੜੇ ਸਿਤਾਰਿਆਂ ਵਾਲੇ
ਡੋਲ੍ਹ ਡੋਲ੍ਹ ਨਾ ਥੱਕਦਾ
ਮੇਰਾ ਮਾਹੀ,
ਨੀ ਸਈਓ
ਮੈਥੋਂ ਦੁਰ ਖਲੋ ਕੇ ਹੱਸਦਾ
ਰੋਜ਼ ਜੀਣ ਦੇ ਨਵੇਂ ਤਰੀਕੇ
ਰਮਜ਼ਾਂ ਅੰਦਰ ਦੱਸਦਾ
ਪੂਣੀ ਵਿੱਚ ਹਵਾਵਾ ਲੈ ਕੇ
ਬਦਲਾਂ ਦੇ ਉਹ ਲਾਹੇ ਗਲੋਟੇ
ਰੀਝਾਂ ਦੇ ਰੰਗਾਂ ਵਿੱਚ ਸੂਤਰ
ਚਰਖੇ ਉਪਰ ਕੱਤਦਾ
ਮੇਰਾ ਮਾਹੀ
ਸਦੀਆਂ ਦੇ ਤੰਦ ਕੱਤਦਾ
ਮੇਰਾ ਮਾਹੀ
ਕੁਦਰਤ ਅੰਦਰ ਹੱਸਦਾ।

Thursday, January 13, 2011

ਗੁਰਦੀਪ ਸਿੰਘ ਭਮਰਾ
ਕਦੇ ਕਦੇ ਮੈਂ ਸੋਚਦਾ ਹਾਂ
ਕਿ
ਕੀ ਗਾਵਾਂਗੇ ਉਦੋਂ-
ਜਦੋਂ ਅਸੀਂ ਰੋ ਨਹੀਂ ਰਹੇ ਹੋਵਾਂਗੇ?

ਹੁਣ ਤੱਕ ਤਾਂ 
ਸਾਡੇ ਰੋਣ ਵਿੱਚ
ਤੇ
ਸਾਡੇ ਗਾਉਣ ਵਿਚ ਫ਼ਰਕ ਨਾ ਕੋਈ
ਸਾਡਾ ਗਾਉਣਾ

ਸਾਡੇ ਰੋਣ ਵਰਗਾ
ਸਾਡਾ ਰੋਣਾ 
ਸਾਡੇ ਗਾਉਣ ਵਰਗਾ
ਦੋ੍ਹਾ ਵਿੱਚ
ਹੰਝੂ ਵਿੱਚ ਡੁਲ੍ਹਦੇ
ਦੋਹਾਂ ਵਿੱਚ ਹੇਕ ਹੁੰਦੀ
ਦੋਹਾਂ ਵਿੱਚ ਸੇਕ ਹੁੰਦਾ

ਸਾਡੇ ਸਾਰੇ ਗੀਤ ਰੋਣ ਵਾਲੇ
ਤੇ ਸਾਡਾ ਰੋਣਾ
ਸਾਡੇ ਗੀਤਾਂ ਵਰਗਾ ਹੀ ਉਦਾਸ

ਨਾ ਹਾਸੇ ਨਾ ਦਿਲਾਸੇ
ਨਾ ਆਸੇ ਨਾ ਪਾਸੇ
ਗੀਤ ਸਾਰੇ
ਗਾਉਣ ਵਾਲੇ
ਰੁਆਉਣ ਵਾਲੇ
ਰੋਣ ਵਾਲੇ
ਤੇ

ਅਸੀਂ ਸਾਂਭ ਸਾਂਭ ਰੱਖੀਏ ਦੋਹਾਂ ਨੂੰ
ਖ਼ਜ਼ਾਨੇ ਵਾਂਗ ਸੀਨਾ ਬਸੀਨਾ
ਸਾਡੇ ਹੌਕਿਆਂ ਤੇ ਸਾਹਾਂ ਵਿੱਚ
ਫਰਕ ਨਾ ਕੋਈ
ਤੇ

ਹੁਣ ਤਾਂ
ਉਦਾਸੇ ਗੀਤਾ ਦੀਆਂ ਸੁਰਾਂ ਤੇ ਤਾਲ ਉਪਰ ਹੀ

ਅਸਾਂ ਨੱਚਣਾ ਸਿੱਖ ਲਿਆ
ਤੇ ਅਸੀਂ ਨੱਚ ਨੱਚ ਫਾਵੇ ਹੋਈਏ
-'ਕਿਕਰ 'ਤੇ ਕਾਂਟੋ ਰਹਿੰਦੀ,

-'ਕੱਲਾ ਨਾ ਜਾਈਂ ਖੇਤ ਨੂੰ'
ਅਸੀਂ ਕਦੇ ਕਾਂਟੋ ਤੋਂ ਡਰਦੇ
ਕਦੇ ਉਸ ਨੂੰ ਲੱਭਦੇ
ਤੇ ਕਦੇ ਉਸ ਦੀ ਭਾਲ ਵਿੱਚ ਥਲਾਂ ਦੀ ਰੇਤ ਛਾਣਦੇ
ਸਮੁੰਦਰ ਪੁਲਾਂਘਦੇ
ਸਾਡੇ ਅੰਦਰ ਦੀ ਕਾਂਟੋ ਨਾ ਮਰਦੀ
ਨਾ ਡਰਦੀ
ਅਸੀਂ ਲੜਾਕੂ ਜ਼ਿੰਦਗੀ ਦੇ
ਕਦੇ ਹਾਰ ਨਾ ਮੰਨਦੇ
ਮਰਨੋਂ ਮੂਲ ਨਾ ਡਰਦੇ
ਮੋਤ ਤੇ ਜ਼ਿੰਦਗੀ ਵਿੱਚ

ਕਦੇ ਕੋਈ ਫਰਕ ਨਾ ਕਰਦੇ
ਸ਼ਾਇਦ ਇਸੇ ਲਈ
ਅਸਾਂ
ਰੋਣ ਵਾਲੇ ਗੀਤਾਂ ਨਾਲ ਹੀ ਨੱਚਣਾ ਸਿੱਖ ਲਿਆ



ਮੈਂ ਸੋਚਦਾ
ਕਦੇ ਸਾਇਦ ਉਹ ਵੀ ਵਕਤ ਆਵੇ
ਜਦੋਂ ਸਾਡੀ ਜ਼ਿੰਦਗੀ ਚੋਂ ਰੋਣ ਮੁੱਕ ਜਾਵੇ
ਜਦੋਂ
ਬੱਦਲਾਂ ਚੋਂ ਖੁਸ਼ੀਆਂ ਦੀ ਛਹਿਬਰ ਲੱਗੇ
ਜਦੋਂ ਰੁੱਤ ਮੌਲੇ
ਤਾਂ ਕੀ ਗਾਵਾਂਗੇ
ਤੂੰ ਤੇ ਮੈਂ
ਕਿੰਞ ਹੱਸਾਂਗੇ
ਕਿੰਞ ਮੁਸਕਰਾਵਾਂਗੇ
ਤੇ ਕਿੰਞ ਸ਼ਰਮਾਵਾਂਗੇ
ਸਾਨੂੰ ਤਾਂ ਰੋਣ ਤੋਂ ਬਿਨਾਂ

ਹੋਰ ਕੋਈ ਗੀਤ ਵੀ ਤਾਂ ਚੇਤੇ ਨਹੀਂ
ਸਾਡੇ ਗਾਉਣ ਤੇ ਰੋਣ ਵਿੱਚ ਫ਼ਰਕ ਨਾ ਕੋਈ।

Saturday, January 8, 2011

ਅਰਥ ਵਿਵਸਥਾ

ਭਾਰਤੀ ਅਰਥ ਵਿਵਸਥਾ ਦਾ ਇੱਕ ਬਦਲ

ਗੁਰਦੀਪ ਸਿੰਘ /9878961218
gur.dip@live.com

ਸਾਡੀ ਸਮਸਿਆ ਨਾ ਬਹੁਲਤਾ ਦੀ ਹੈ ਨਾ ਅਭਾਵ ਦੀ। ਸਾਡਾ ਵਸਦਾ ਰਸਦਾ ਖੁਸ਼ਹਾਲ  ਦੇਸ਼ ਹੈ ਤੇ ਖੁਸ਼ਹਾਲ ਦੇਸ਼ ਦੀ ਅਰਥ ਵਿਵਸਥਾ ਬੜੀ ਖੁਸ਼ਹਾਲ ਹੈ ਤੇ ਕਿਸੇ ਵੀ ਮੰਦਹਾਲੀ ਦਾ ਟਾਕਰਾ ਕਰਨ ਲਈ ਤਿਆਰ ਹੈ। ਨਾ ਖਾਣ ਵਾਲਿਆਂ ਦੀ ਘਾਟ ਹੈ ਤੇ ਨਾ ਅਨਾਜ ਤੇ ਬਾਕੀ ਜਿਨਸਾਂ ਦੀ। ਖੇਤ ਭਰ ਭਰ ਕੇ ਅਨਾਜ ਉਗਲ ਰਹੇ ਹਨ ਤੇ ਗੁਦਾਮ ਭਰਪੁਰ ਹੋਏ ਪਏ ਹਨ।

ਭਾਰਤ ਦੀ ਅਰਥ ਵਿਵਸ਼ਥਾ ਖੇਤੀ ਪ੍ਰਧਾਨ ਅਰਥ ਵਿਵਸ਼ਥਾ ਹੈ। ਇਹ ਜ਼ਮੀਨ ਨਾਲ ਜੁੜੇ ਹੋਏ ਉਤਪਾਦਨ ਦੀ ਅਰਥ ਵਿਵਸਥਾ ਹੈ। ਕਿਸਾਨ ਇੱਕ ਦਾਣਾ ਬੀਜਦਾ ਹੈ ਕਿਤੇ ਸੱਠ ਦਿਨ ਲੱਗਦੇ ਹਨ ਤੇ ਕੇਤ ਤਿੰਨ ਤੋਂ ਚਾਰ ਮਹੀਨੇ, ਉਹ ਜ਼ਮੀਨ ਇੱਕ ਦਾਣੇ ਦਾ 40 ਤੋਂ 45 ਗੁਣਾ ਕਰਕੇ ਵਾਪਸ ਉਪਜ ਦੇ ਰੁਪ ਵਿੱਚ ਦੇ ਦਿੰਦੀ ਹੈ। ਜੋ ਕੁਝ ਪੈਦਾ ਹੁੰਦਾ ਹੈ ਉਹ ਅਨਾਜ ਹੈ ਖੁਰਾਕ ਹੈ ਜੋ ਭਾਰਤ ਦੀ ਇਕ ਵੱਡੀ ਆਬਾਦੀ ਵਿੱਚ ਵੰਡਿਆ ਜਾਣਾ ਹੈ। ਭਾਵ ਇਸ ਦੇ ਉਪਭੋਗਤਾ ਦੀ ਕਮੀ ਨਹੀਂ ਹੈ। ਇਸ ਅਨਾਜ ਨੂੰ ਉਹਨਾਂ ਦੇ ਮੂੰਹ ਤੱਕ ਲਿਜਾਣਾ ਸਰਵਿਸ ਉਦਯੋਗ ਦਾ ਕੰਮ ਹੈ, ਇਸ ਵਿੱਚ ਸਾਂਭ ਸੰਭਾਈ ਹੈ, ਪ੍ਰਾਸੈਸਿਸੰਗ ਹੈ, ਢੋਆ ਢੁਆਈ ਹੈ ਤੇ ਵੰਡ ਤੇ ਵਿਤਰਣ ਪ੍ਰਣਾਲੀ ਹੈ। ਅਨਾਜ ਦੀ ਮੂਲ ਕੀਮਤ ਵਿੱਚ ਇਸ ਪ੍ਰਣਾਲੀ ਦਾ ਮੁੱਲ ਜੁੜਣਾ ਲਾਜ਼ਮੀ ਹੈ ਤੇ ਜਦੋਂ ਇਹ ਉਪਭੋਗਤਾ ਤੱਕ ਪਹੁੰਚਦਾ ਹੈ ਤਾਂ ਇਸ ਦੀ ਕੀਮਤ ਵਿੱਚ 60ਤੋਨ 75% ਦਾ ਵਾਧਾ ਹੋਣਾ ਕੁਦਰਤੀ ਹੈ ਤੇ ਜਾਇਜ਼ ਹੈ।

ਇਹ ਵੰਡ ਪ੍ਰਣਾਲੀ ਸਮੁਚੇ ਭਾਰਤ ਨੂੰ ਬਿਨਾਂ ਕੇਸ ਬਾਹਰੀ ਮਦਦ ਦੇ ਰੁਜ਼ਗਾਰ ਦੇਣ ਦੇ ਸਮਰਥ ਹੈ। ਅਗਰ ਅਸੀਂ ਆਪਣੇ ਸਾਰੇ ਸਾਧਨ ਪੁਰੀ ਈਮਾਨਦਾਰੀ ਨਾਲ ਇਸ ਪ੍ਰਣਾਲੀ ਵਿੱਚ ਲਗਾ ਦੇਈਏ ਤਾਂ ਵੀ ਬਾਰਤ ਆਪਣੇ ਪੇਰਾਂ ਉਪਰ ਖੜਾ ਰਹਿ ਸਕਦਾ ਹੈ। ਮੰਦਹਾਲੀ ਦੀ ਕੋਈ ਸੰਭਾਵਨਾ ਨਹੀ ਹੈ। ਜਿਹੜੇ ਸਾਧਨ ਤੇ ਸੋਮੇ ਇਸ ਵੰਡ ਪ੍ਰਣਾਲੀ ਤਹਿਤ ਵਿਕਸਤ ਕੀਤੇ ਜਾ ਸਕਦੇ ਹਨ ਉਹਨਾਂ ਨੂੰ ਦੋ ਸ਼੍ਰੇਣੀਆਂ ਵਿੱਚ ਰੱਖ ਦੇਖਿਆ ਜਾ ਸਕਦਾ ਹੈ—

ਪ੍ਰਾਇਮਰੀ ਸਾਧਨ-

1. ਖਰੀਦ ਪ੍ਰਣਾਲੀ

2. ਢੋਆ ਢੁਆਈ

3. ਸਾਂਭ ਸੰਭਾਲ

4. ਪ੍ਰਾਸੈਸਿੰਗ – ਖਾਣ ਪੀਣ ਵਾਲੀਆਂ ਵਸਤੁਆਂ ਦਾ ਉਤਪਾਦਨ

5. ਵਿਕਰੀ ਪ੍ਰਣਾਲੀ

6. ਖੇਤੀ ਮਸ਼ੀਨਰੀ ਉਦਯੋਗ

7. ਖਾਦ ਤੇ ਕੈਮੀਕਲਜ਼

ਸੈਕੰਡਰੀ ਉਦਯੋਗ-

1. ਬੈਂਕ / ਇੰਸ਼ਿਉਰੈਂਸ

2. ਸੰਚਾਰ ਉਦਯੋਗ – ਟੇਲੀਫੋਨ ਇੰਟਰਨੈਟ ਤਕਂਨੀਕੀ ਜਾਣਕਾਰੀ

3. ਸਿਖਿਆ ਉਦਯੋਗ

4. ਸ਼ਹਿਰੀ ਵਿਕਾਸ ਮੰਡੀ ਵਿਕਾਸ

5. ਸੜਕਾਂ ਤੇ ਆਵਾਜਾਈ ਉਦਯੋਗ

6. ਕਪੜਾ, ਤੇ ਵਸਤਰ ਉਦਯੋਗ

7. ਡਾਕਟਰੀ ਸਹਾਇਤਾ, ਦਵਾਈਆਂ, ਹਸਪਤਾਲ

8. ਪਬਲਿਸ਼ਿੰਗ

9. ਇਮਾਰਤਸਾਜ਼ੀ ਉਦਯੋਗ

10. ਫੁਟਕਲ

ਪ੍ਰਾਇਮਰੀ ਸਾਧਨ ਜਾਂ ਉਦਯੋਗ ਉਹ ਉਦਯੋਗ ਹਨ, ਜਾਂ ਉਹ ਲੋਕ ਹਨ ਜੋ ਸਿੱਧੇ ਤੌਰ ਤੇ ਉਤਪਾਦਨ ਦੀ ਪ੍ਰਕ੍ਰਿਆ ਨਾਲ ਜੁੜੇ ਹੋਏ ਹਨ। ਜੋ ਖੇਤੀ ਕਰਦੇ ਹਨ, ਜ਼ਮੀਨ ਨਾਲ ਸਬੰਧਤ ਉਹ ਸਾਰੇ ਕੰਮ ਕਰਦੇ ਹਨ ਜਿਹਨਾਂ ਸਦਕਾ ਉਤਪਾਦਨ ਸੰਭਵ ਹੁੰਦਾ ਹੈ। ਇਸੇ ਤਰ੍ਹਾਂ ਉਹ ਸਾਰੇ ਲੋਕ ਜਾਂ ਕਿੱਤੇ ਵੀ ਇਸੇ ਖੇਤਰ ਵਿੱਚ ਆਉਂਦੇ ਹਨ ਜੋ ਅਨਾਜ ਅਧਾਰਤ ਜਾਂ ਖੇਤੀ ਜਿਨਸਾਂ ਅਧਾਰਤ ਵਸਤੁਆਂ ਦਾ ਉਤਪਾਦਨ ਕਰਦੇ ਹਨ, ਜਿਹਨਾਂ ਵਿਚ ਪਸ਼ੂ ਪਾਲਣ, ਮੁਰਗ਼ੀ ਪਾਲਕ, ਮੀਟ ਨਾਲ ਸਬੰਧਤ ਕਿੱਤੇ ਸ਼ਾਮਲ ਹੁੰਦੇ ਤੇ ਇਹਨਾਂ ਦੇ ਨਾਲ ਉਹ ਕਿਤਤੇ ਵੀ ਪ੍ਰਾਇਮਰੀ ਕਿੱਤਿਆਂ ਵਿੱਚ ਸ਼ਾਮਲ ਹੁੰਦੇ ਹਨ ਜੋ ਫੂਡ ਪ੍ਰੋਸੈਸਿੰਗ ਕਰਦੇ ਹਨ, ਭਾਵ, ਜੂਸ, ਜੈਮ, ਚਟਨੀ, ਮੁਰੱਬਾ, ਆਟਾ ਤੇ ਆਟੇ ਤੋਂ ਨਿਰਮਿਤ ਚੀਜ਼ਾਂ ਦਾ ਉਤਪਾਦਨ ਕਰਦੇ ਹਨ। ਇਹ ਧੰਦੇ ਕਿਤੇ ਵੀ ਤਰਹਾਂ ਮੰਦੇ, ਮੰਦਹਾਲੀ ਦਾ ਸ਼ਿਕਾਰ ਨਹੀਂ ਹੋਣ ਦੇਣਾ ਚਾਹੀਦੇ ਹਨ। ਇਹ ਅਸਲ ਵਿਚ ਧਨ ਪੈਦਾ ਕਰਨ ਵਾਲੇ ਧੰਦੇ ਹਨ, ਜੋ ਧਨ ਦੀ ਪੈਦਾਵਾਰ ਕਰਦੇ ਹਨ ਤੇ ਦੇਸ਼ ਦੀ ਕੁਲ ਉਤਪਾਦਨ ਮੁੱਲ ਵਿੱਚ ਨਿਰੰਤਰ ਵਾਦਾ ਕਰਦੇ ਹਨ। ਇਹਨਾਂ ਨੂੰ ਸਰਕਾਰੀ ਸੁਰਖਿਅਤਾ ਮਿਲਣੀ ਚਾਹੀਦੀ ਹੈ, ਸਮੇਂ ਸਿਰ ਬੈਂਕ ਫਾਈਨਾਂਸ, ਇੰਨਸ਼ਿਉਰੈਸ਼ ਆਦਿ ਦੀ ਸਹੂਲਤ ਇਹਨਾਂ ਦੀ ਲੋੜ ਹੈ।

ਪ੍ਰਾਇਮਰੀ ਕਿੱਤੇ ਉਤਪਾਦਨ ਅਧਾਰਤ ਹੋਣ ਕਰਕੇ, ਅਰਥ-ਵਿਵਸਥਾ ਦੀ ਮਸ਼ੀਨ ਦਾ ਵੱਡਾ ਪਹੀਆ ਹਨ, ਇਹ ਚਲੱਦਾ ਹੈ ਤਾਂ ਸਾਰੀ ਮਸ਼ੀਨ ਚੱਲਦੀ ਹੈ ਜੇ ਇਹ ਰੁਕ ਜਾਵੇਗਾ ਤਾਂ ਸਰੀ ਮਸ਼ੀਨ ਖੜੀ ਹੋ ਜਾਵੇਗੀ। ਸੈਕੰਡਰੀ ਕਿੱਤੇ ਉਹ ਹਨ ਜੋ ਪਹਿਲਾ ਇੱਕ ਵੱਡੇ ਖੇਤਰ ਵਿੱਚ ਫੈਲੇ ਹੋਏ ਹਨ ਤੇ ਤੇ ਖੇਤੀਬਾੜੀ ਜਾਂ ਪ੍ਰਾਇਮਰੀ ਕਿੱਤਿਆਂ ਦੀ ਸਹਾਇਤਾ ਵਾਸਤੇ ਕਾਰਜ ਸ਼ੀਲ ਰਹਿੰਦੇ ਹਨ। ਦੇਸ਼ ਦਾ ਕੁੱਲ ਸਰਵਿਸ ਖੇਤਰ ਇਸ ਵਿੱਚ ਸ਼ਾਮਲ ਹੋ ਸਕਦਾ ਹੈ ਤੇ ਇਸ ਵਿੱਚ ਦੇਸ਼ ਦੇ ਜਨ-ਸਮੂਹ ਦਾ ਵੱਡਾ ਹਿੱਸਾ ਸ਼ਾਮਲ ਹੈ। ਇਸ ਵਿੱਚ ਬਾਜ਼ਾਰ ਵੀ ਹੈ, ਵਪਾਰ ਵੀ ਹੈ ਉਦਯੋਗ ਵੀ

ਹੈ ਤੇ ਸਿਖਿਆ ਦਾ ਖੇਤਰ ਵੀ ਸ਼ਾਮਲ ਹੈ। ਚੂੰਕਿ ਇਹ ਧਨ ਪੈਦਾ ਨਹੀਂ ਕਰਦਾ, ਭਾਵ ਕੁਦਰਤੀ ਸੋਮਿਆਂ ਨੂੰ ਧਨ ਵਿੱਚ ਨਹੀਂ ਬਦਲਦਾ ਇਸ ਲਈ ਇਸ ਖੇਤਰ ਦੀ ਨਿਰਭਰਤਾ ਬਹੁਤਾ ਕਰਕੇ ਪ੍ਰਾਇਮਰੀ ਖੇਤਰ ਉਪਰ ਹੀ ਰਹਿੰਦੀ ਹੈ। ਜੇ ਪ੍ਰਾਇਮਰੀ ਖੇਤਰ ਸਿਹਤਮੰਦ ਹੈ ਭਾਵ ਉਸ ਦੀ ਉਤਪਾਦਨ ਸ਼ਕਤੀ ਵਿੱਚ ਵਾਧਾ ਹੋ ਰਿਹਾ ਹੈ ਤਾਂ ਨਿਸ਼ਚੇ ਹੀ ਦੇਸ਼ ਦੀ ਅਰਥ ਵਿਵਸ਼ਥਾ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ।

ਪ੍ਰਾਇਮਰੀ ਕਿੱਤੇ ਧੰਦੇ ਪੂਰੀ ਤਰ੍ਹਾਂ ਕਰ ਮੁਕਤ ਹੋਣੇ ਚਾਹਿਦੇ ਹਨ ਤੇ ਸਰਕਾਰ ਦਾ ਉਹਨਾਂ ਵਿੱਚ ਕੋਈ ਦਖਲ ਨਹੀਂ ਹੋਣਾ ਚਾਹੀਦਾ ਪਰ ਬਾਕੀ ਦੇ ਸਾਰੇ ਧੰਦਿਆਂ ਉਪਰ ਕਰ ਲਗਾਇਆ ਜਾ ਸਕਦਾ ਹੈ ਤਾਂ ਕਿ ਦੇਸ਼ ਦੇ ਰੱਖ ਰਖਾਵ ਵਾਸਤੇ ਪੈਸਾ ਇੱਕਠਾ ਕੀਤਾ ਜਾ ਸਕੇ। ਦੇਸ਼ ਦੀ ਸਰਕਾਰ ਨੂੰ ਸਿਰਫ਼ ਪ੍ਰਾਇਮਰੀ ਉਦਯੋਗਾਂ ਵਾਸਤੇ ਨੀਤੀ ਤੈਅ ਕਰਨੀ ਚਾਹਿਦੀ ਹੈ ਤੇ ਇਸ ਦਾ ਉਲੇਖ ਕਰ ਦੇਣਾ ਚਾਹੀਦਾ ਹੈ ਤਾਂ ਜੋ ਬਾਕੀ ਦੇ ਸਾਰੇ ਉਦਯੋਗ ਸਮੇਂ ਤੋਂ ਪਹਿਲਾਂ ਹੀ ਜਾਂ ਸਮਾਂ ਰਹਿੰਦਿਆਂ ਆਪਣੀ ਕਾਰਜ ਕੁਸ਼ਲਤਾ ਵਿੱਚ ਵਾਧਾ ਕਰ ਸਕਣ।

ਵਿਦੇਸ਼ਾਂ ਤੋਂ ਤਕਨੋਲੋਜੀ ਨਿਰਯਾਤ ਕੀਤੀ ਜਾ ਸਕਦੀ ਹੈ। ਪਰ ਇਸ ਵਾਸਤੇ ਇਹ ਧਿਆਨ ਰੱਖਿਆ ਜਾਣਾ ਬਹੁਤ ਜ਼ਰੁਰੀ ਹੈ ਕਿ ਦੇਸ਼ ਦੇ ਅੰਦਰੂਨੀ ਉਦਯੋਗ ਨੁੰ ਪ੍ਰਭਾਵਤ ਕੀਤੇ ਬਿਨਾਂ ਕੁਝ ਵੀ ਕੋਈ ਵੀ ਨੀਤੀ ਘੜੀ ਜਾ ਸਕਦੀ ਹੈ। ਬਾਜ਼ਾਰ ਦੇ ਵਾਪਾਰੀ ਜੇ ਚਾਹੁਣ ਤਾਂ ਸਸਤੀ ਤਕਨੋਲੋਜੀ ਜਿਸ ਨਾਲ ਦੇਸ਼ ਦੇ ਪ੍ਰਾਇਮਰੀ ਉਦਯੋਗ ਵਿੱਚ ਗੁਣਾਤਮਕ ਤੇ ਗਿਣਾਤਮਕ ਤੌਰ ਤੇ ਵਾਧਾ ਕਰਨ ਲਈ ਕੁਝ ਵੀ ਮੰਗਵਾਇਆ ਜਾ ਸਕਦਾ ਹੈ। ਖੇਤੀਬਾੜੀ ਵਿੱਚ ਸੌਖ ਲਿਅਉਣ ਲਈ ਟਕਨੋਲੋਜੀ ਦੀ ਲੋੜ ਪਵੇਗੀ। ਬੀਜ ਸੁਧਾਰਨ ਲਈ ਤਕਨੀਕ ਦੀ ਲੋੜ ਹੈ ਪਰ ਇਹ ਸਿਰਫ਼ ਬਿਨਾਂ ਸ਼ਰਤ ਸੌਦੇ ਤੇਅ ਹੋਣੇ ਚਾਹੀਦੇ ਹਨ।

ਖੇਤੀ ਬਾੜੀ ਦੇ ਉਪਜ ਕੇਂਦਰਾਂ ਦੇ ਨੇੜੇ ਪ੍ਰਾਸੇਸਿੰਗ ਇਕਾਈਆਂ ਦੇ ਵਾਧੇ ਨਾਲ ਖੇਤੀ ਜਿਨਸਾਂ ਦੀ ਸਸਤੀ ਪ੍ਰਾਸੈਸਿੰਗ ਕਰਵਾਈ ਜਾ ਸਕਦੀ ਹੈ ਤੇ ਇਸ ਵਿੱਚ ਪੇਂਡੂ ਖੇਤਰਾਂ ਦੇ ਪੜ੍ਹੇ ਲਿਖੇ ਨੌਜੁਆਨਾਂ ਨੂੰ ਲਿਆ ਜਾ ਸਕਦਾ ਹੈ। ਬਰਾਬਰ ਦੀ ਗਿਜ਼ਤੀ ਵਿੱਚ ਕੁੜੀਆਂ ਵੀ ਇਸ ਖੇਤਰ ਵਿੱਚ ਆਪਣਾ ਯੋਗਦਾਨ ਪਾ ਸਕਦੀਆਂ ਹਨ। ਇਹ ਲੇਬਰ ਇਨਟੈਨਸਿਵ ਇਕਾਈਆਂ ਬਣ ਸਕਦੀਆਂ ਹਨ। ਮਸਲਨ ਦਾਲਾਂ ਤਿਆਰ ਕਰਨ, ਆਟੇ ਨਾਲ ਜੁੜੀਆਂ ਸਨਅਤਾਂ ਦੇ ਕੇਂਦਰ ਇਹਨਾਂ ਫੋਕਲ ਪੁਆਇੰਟਾਂ ਦੇ ਨੇੜੇ ਹੋ ਸਕਦੇ ਹਨ।

 

 

 

ਕੀਮਤ ਨਿਰਧਾਰਨ ਨੀਤੀ

ਗੁਰਦੀਪ ਸਿੰਘ ਭਮਰਾ / 9878961218

ਚੀਜ਼ਾਂ ਵਸਤੁਆਂ ਦੀ ਬਾਜ਼ਾਰ ਵਿੱਚ ਕੀਮਤ ਨਿਰਧਾਰਤ ਕੌਣ ਕਰਦਾ ਹੈ? ਮੈਂ ਕਈ ਵਾਰੀ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਿਆਰ ਉਤਪਾਦ ਦੀ ਕੀਮਤ ਕਿਵੇਂ ਨਿਰਧਾਰਤ ਕੀਤੀ ਜਾਂਣਦੀ ਹੈ, ਪਰ ਕਦੇ ਵੀ ਕੋਈ ਤਸਲੀ ਬਖਸ਼ ਜਵਾਬ ਨਹੀਂ ਮਿਲਿਆ। ਅਸੀਂ ਸਾਰੇ ਜਾਣੇ ਹਾਂ ਕਿ ਕੀਮਤ ਲਾਗਤ ਅਤੇ ਮੁਨਾਫੇ ਨੂੰ ਮਿਲਾ ਕੇ ਬਣਦੀ ਹੈ। ਲਾਗਤ ਉਹ ਸਾਰੇ ਕਰਚੇ ਹਨ ਜੋ ਇੱਕ ਉਤਪਾਦਕ ਤੇ ਵਿਕਰੇਤਾਂ ਨੂੰ ਉਸ ਉਤਪਾਦ ਨੂੰ ਤੁਹਾਡੇ ਤੱਕ ਪੁਚਾਉਣ ਲਈ ਕੀਤੇ ਜਾਂਦੇ ਹਨ। ਇੱਕ ਕਮੀਜ਼ ਲਈ ਬਾਜ਼ਾਰ ਵਿੱਚ ਦੋ ਮਿਟਰ ਕਪੱੜਾ ਲੱਗਦਾ ਹੈ। ਦੋ ਮੀਟਰ ਕਪੱੜੇ ਦਾ ਮੁੱਲ ਵੱਧ ਤੋਂ ਵੱਧ 200 ਰੁਪਏ ਹੋ ਸਕਦਾ ਹੈ। ਉਸ ਦੀ ਸਿਲਾਈ ਬਾਜ਼ਾਰ ਦੇ ਰੇਟ ਉਪਰ 100 ਰੁਪਏ ਵੀ ਪਾਈ ਜਾ ਸਕਦੀ ਹੈ। ਕਮੀਜ਼ ਦੀ ਕੀਮਤ 300 ਰੁਪਏ ਤੇ ਮੁਨਾਫਾ 15% ਤੇ ਵਿਕਰੇਤਾ ਦਾ ਮੁਨਾਫਾ 15% ਪਾ ਕੇ 335 ਰੁਪਏ ਤੱਕ ਹੋ ਜਾਂਦੀ ਹੈ ਤੇ ਇਹੋ ਉਸ ਦਾ ਵੇਚ ਮੁੱਲ ਹੋਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੁੰਦਾ, ਉਸ ਉਪਰ ਲਿਖਿਆ ਮੁੱਲ ਜਦੋਂ ਤੁਸੀਂ ਦੇਖਦੇ ਹੋ ਤਾਂ ਹੈਰਾਨ ਰਹਿ ਜਾਂਦੇ ਹੋ, 1200 ਤੋਂ 1500 ਰੁਪਏ ਤੱਕ ਮੁਲ ਤੁਸੀਂ ਦੇਖ ਸਕਦੇ ਹੋ। ਉਸ ਉਪਰ ਕਿਸੇ ਬਰਾਂਡ ਦਾ ਬਿੱਲਾ ਲਾ ਦੇਣ ਨਾਲ ਉਸ ਦੀ ਗੁਣਵੱਤਾ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਪਰ ਕੀਮਤ ਹੈ 1200 ਰੁਪਏ। ਜਦੋਂ ਤੁਸੀਂ ਅਜਿਹੀ ਚੀਜ਼ ਖਰੀਦ ਰਹੇ ਹੁੰਦੇ ਹੋ ਤਾਂ ਤੁਸੀਂ ਉਸ ਉਤਪਾਦ ਦੇ ਨਾਲ ਜੁੜੇ ਹੋਰ ਕਰਚੇ ਜਿਹਨਾਂ ਦਾ ਤੁਹਾਡੀ ਕਮੀਜ਼ ਨਾਲ ਕੋਈ ਸਬੰਧ ਨਹੀਂ ਹੁੰਦਾ ਦੇ ਰਹੇ ਹੁੰਦੇ ਹੋ। ਜਿਵੇਂ ਇਸ਼ਤਿਹਾਰ, ਸ਼ੋਅ ਰੂਮ ਦਾ ਕਿਰਾਇਆ, ਸੇਲਜ਼ਮੈਨ ਦੀ ਤਨਖਾਹ, ਉਸ ਅੰਦਰ ਜਗ ਰਹੀਆਂ ਰੋਸ਼ਨੀਆਂ ਆਦਿ। ਤੁਹਾਨੂੰ ਇਸ ਸੱਭ ਦਾ ਭੇਤ ਨਹੀਂ ਹੁੰਦਾ ਤੇ ਤੁਹਾਡੇ ਕੋਲ ਇਸ ਦਾ ਕੋਈ ਵਿਕਲਪ ਨਹੀਂ ਹੁੰਦਾ ਤੇ ਤੁਸੀਂ 335 ਰੁਪਏ ਵਾਲੀ ਕਮੀਜ਼ ਦੇ 1000 ਤੋਂ 1200 ਰੁਪਏ ਦੇ ਕੇ ਉਸ ਕਮੀਜ਼ ਨੂੰ ਖਰੀਦਦੇ ਹੋ।

ਰੇਅਮੰਡ ਕੰਪਨੀ ਦਾ ਗਰਮ ਪੈਂਟ ਦਾ ਕਪੱੜਾ ਬਾਜ਼ਾਰ ਵਿੱਚ 641 ਰੁਪਏ ਮੀਟਰ ਦੇ ਹਿਸਾਬ ਨਾਲ ਮਿਲਦਾ ਹੈ। ਇਸ ਕਪੱੜੇ ਦੇ ਹਰ ਮਿਟਰ ਵਿੱਚ ਉਸ ਉਤਪਾਦ ਦੇ ਨਾਲ ਜੁੜੇ ਖਰਚੇ ਤੇ ਫੁਟਕਲ ਖਰਚੇ ਸਾਮਲ ਹੁੰਦੇ ਹਨ ਤੇ ਪੈਂਟ ਲਈ 1.2 ਮੀਟਰ ਕਪੱੜੇ ਦੀ ਕੀਮਤ 769 ਰੁਪਏ ਬਣਦੀ ਹੈ, ਪੈਂਟ ਦੀ ਸਿਲਾਈ ਵਾਸਤੇ ਦਰਜੀ ਨੇ 225 ਰੁਪਏ ਦੀ ਮੰਗ ਕੀਤੀ। ਕੁੱਲ ਮਿਲਾ ਕੇ ਤੀਸਰੇ ਦਿਨ ਉਹ ਪੈਂਟ ਮੈਂ ਪਹਿਨ ਕੇ ਬਾਜ਼ਾਰ ਜਾ ਰਿਹਾ ਸਾਂ। ਮੇਰਾ ਕੁਲ ਖਰਚਾ ਹੋਇਆ, 769 + 225 = 998 ਰੁਪਏ। ਪਰ ਜਦੋਂ ਮੈਂ ਰੇਅਮੰਡ ਦੇ ਸ਼ੋਅਰੂਮ ਤੋਂ ਉਸੇ ਕਪੱੜੇ ਦੀ ਸੀਤੀ ਹੋਈ ਪੈਂਟ ਦੀ ਮੰਗ ਕੀਤੀ ਤੇ ਉਸ ਦੀ ਕੀਮਤ ਦੱਸੀ ਗਈ 3800 ਰੁਪਏ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੇ ਰੁਪਈਏ ਦਾ ਕੀ ਹੁੰਦਾ ਹੈ। ਕੰਪਨੀ ਨੂੰ ਪੁੱਛੋ ਤਾਂ ਉਹ ਦਲੀਲ ਦਿੰਦੀ ਹੈ ਕਿ ਇਸ ਵਿੱਚ ਡਿਜ਼ਾਈਨਰ ਨੂੰ ਦਿੱਤੀ ਜਾਣ ਵਾਲੀ ਰਾਇਲਟੀ ਵੀ ਸਾਮਲ ਹੈ। ਪਰ ਸਾਡੀ ਦਲੀਲ ਹੈ ਕਿ ਸਰਕਾਰ ਇਸ ਗੱਲ ਦਾ ਪ੍ਰਵਧਾਨ ਕਿਉਂ ਨਹੀਂ ਕਰਦੀ ਕਿ ਹਰ ਕੰਪਨੀ ਕੀਮਤ ਦੇ ਟੈਗ ਨਾਲ ਇਹ ਜਾਣਕਾਰੀ ਬਾਰਕੋਡ ਦੇ ਰੂਪ ਵਿੱਚ ਮਹਈਆ ਕਰਾਵੇ ਕਿ ਇਸ ਉਤਪਾਦ ਦੀ ਕੀਮਤ ਵਿੱਚ ਕਿੰਨੇ ਫੀਸਦੀ ਕਿਹੜੇ ਕਿਹੜੇ ਖਰਚੇ ਸ਼ਾਮਲ ਹਨ। ਹਰ ਉਤਪਾਦਨ ਦੇ ਹਰ ਪੜਾਅ ਕਰ ਦੀ ਵਿਵਸ਼ਥਾ ਹੈ ਤੇ ਉਹ ਕਰ ਬਹੁਤ ਸਾਫ਼ ਸੁਥਰੇ ਢੰਗ ਨਾਲ ਅਦਾ ਹੋਣਾ ਚਾਹੀਦਾ ਹੈ।

ਬਾਜ਼ਾਰ ਵਿੱਚ ਪਿਆਜ, ਆਲੂ, ਜ਼ਰੁਰੀ ਵਸਤੂਆਂ ਦੀ ਕੀਮਤ ਇੱਕ ਦਮ ਵੱਧ ਜਾਂਦੀ ਹੈ। ਕਿਓਂ? ਈਜ਼ੀ ਡੇ ਮੱਕੀ ਦਾ ਆਟਾ 37 ਰੁਪਏ ਕਿਲੋ ਵੇਚਦਾ ਹੈ। ਜਦੋਂ ਕਿ ਮੱਕੀ ਪੰਜਾਬ ਦਾ ਉਤਪਾਦਨ ਹੈ। ਮੈਂ ਜਾਣਨਾ ਚਾਹਿਆ। ਲਿਖਤੀ ਜਾਣਕਾਰੀ ਦੀ ਮੰਗ ਕੀਤੀ ਪਰ ਉਸ ਦੁਕਾਨ ਉਪਰ ਕੰਮ ਕਰਦੇ ਕਿਸੇ ਵੀ ਸੇਲਜ਼ ਮੈਨੇਜਰ ਤੱਕ ਨੂੰ ਇਸ ਬਾਰੇ ਕੋੲ ਜਾਣਕਾਰੀ ਨਹੀਂ। ਮਕੀ ਦੇ ਆਟੇ ਦਾ ਉਤਪਾਨ ਸਾਧਾਰਨ ਚੱਕੀ ਨਾਲ ਹੋ ਜਾਂਦਾ ਹੈ ਤਾਂ ਵੀ ਇਸ ਦਾ ਮੁੱਲ ਐਨਾ ਕਿਓਂ? ਬਾਜ਼ਾਰ ਵਿੱਚ ਇਸ ਦੀ ਕੀਮਤ 17 ਰੁਪਏ ਤੋਂ 20 ਰੁਪਏ ਤੱਕ ਸੀ। ਪਰ ਹੁੰਦਾ ਕੀ ਹੈ, ਆਓ ਦੇਖੀਏ।

ਪਹਿਲਾ ਪੜਾਅ- ਵਸਤੂ ਦੀ ਕੀਮਤ = 10 ਰੁਪਏ
ਮਾਤਰਾ= 100 ਕਿਲੋ
ਖਰਚੇ= 15%
ਢੁਆਈ= 50 ਰੁਪਏ

ਕੀਮਤ= 1200 ਰੁਪਏ (12/ ਕਿਲੋਗ੍ਰਾਮ)

ਦੂਜਾ ਪੜਾਅ- ਵਸਤੂ ਦੀ ਕੀਮਤ = 12 ਰੁਪਏ
ਮਾਤਰਾ= 100 ਕਿਲੋ
ਖਰਚੇ= 15%
ਢੁਆਈ= 50 ਰੁਪਏ

ਕੀਮਤ= 1430 ਰੁਪਏ (14.30/ ਕਿਲੋਗ੍ਰਾਮ)

ਤੀਜਾ ਪੜਾਅ- ਵਸਤੂ ਦੀ ਕੀਮਤ = 14.30 ਰੁਪਏ
ਮਾਤਰਾ= 100 ਕਿਲੋ
ਖਰਚੇ= 15%
ਢੁਆਈ= 50 ਰੁਪਏ

ਕੀਮਤ= 1700 ਰੁਪਏ (17/ ਕਿਲੋਗ੍ਰਾਮ)

ਚੌਥਾ ਪੜਾਅ- ਵਸਤੂ ਦੀ ਕੀਮਤ = 17 ਰੁਪਏ
ਮਾਤਰਾ= 100 ਕਿਲੋ
ਖਰਚੇ= 15%
ਢੁਆਈ= 50 ਰੁਪਏ

ਕੀਮਤ= 2005 ਰੁਪਏ (20/ ਕਿਲੋਗ੍ਰਾਮ)

ਜਦੋਂ ਅੰਤਮ ਪੜਾਅ ਉਪਰ ਕੋਈ ਵਸਤੂ ਪਹੁੰਚਦੀ ਹੈ ਤਾਂ ਉਸ ਵਿੱਚ ਦੁਕਾਨਦਾਰ ਦਾ ਰਿਸਕ, ਉਸ ਦਾ ਨਿਵੇਸ਼, ਤੇ ਗਰੇਡਿੰਗ ਦੌਰਾਨ ਖਰਾਬ ਵਸਤੂਆਂ ਨੂੰ ਕੱਢ ਕੇ ਉਸ ਦਾ ਖੁਦਰਾ ਮੁਲ ਨਿਰਧਾਰਤ ਕੀਤਾ ਜਾਂਦਾ ਹੈ ਤੇ ਇਸ ਦੀ ਕੀਮਤ ਵੀ ਲਗਾਤ ਵਿਚ ਸਾਮਲ ਕਰ ਲਈ ਜਾਂਦੀ ਹੈ। ਕੁੱਲ ਮਿਲਾ ਕੇ ਜਿਸ ਵਸਤੂ ਦਾ ਕਿਸਾਨ 10 ਰੁਪਏ / ਕਿਲੋ ਦੇ ਹਿਸਾਬ ਨਾਲ ਵੇਚਦਾ ਹੈ ਉਸ ਦਾ ਬਾਜ਼ਾਰੀ ਮੁੱਲ 25 ਤੋਂ 30 ਰੁਪਏ ਤੱਕ ਆ ਜਾਂਦਾ ਹੈ। ਜਿੰਨੀ ਵਾਰ ਕੋਈ ਚੀਜ਼ ਖਰੀਦੀ ਵੇਚੀ ਜਾਵੇਗੀ ਇਸ ਦੀ ਕੀਮਤ ਵੱਧ ਜਾਵੇਗੀ। ਇਸ ਵਿਚ ਉਸ ਵਾਪਾਰੀ ਦੇ ਖਰਚੇ ਸਾਮਲ ਹੋ ਜਾਣਗੇ। ਇਸ ਲਈ ਇਹ ਜ਼ਰੁਰੀ ਹੈ ਕਿ ਪ੍ਰਾਸੈਸਿੰਗ ਵਿੱਚ ਪੜਾਵਾਂ ਦੀ ਗਿਣਤੀ ਘਟਾਈ ਜਾਵੇ।

ਪਹਿਲੇ ਮਿੱਥੇ ਗਏ 15% ਖਰਚੇ ਵਿੱਚ ਉਸ ਵਸਤੂ ਨੂੰ ਵੇਚਣ ਵਿੱਚ ਲਿਆ ਗਿਆ ਮੁਨਾਫਾ ਵੀ ਸਾਮਲ ਹੈ। ਸਮਸਿਆ ਉਦੋਂ ਆਉਂਦੀ ਹੈ ਜਦੋਂ ਇਸ ਖਰਚੇ ਦਾ ਕੋਈ ਅਨੁਮਾਨ ਨਹੀਂ ਹੁੰਦਾ ਤੇ ਨਾ-ਤਜਰਬੇਕਾਰ ਵਾਪਾਰੀ ਆਪਣੀ ਮਰਜ਼ੀ ਨਾਲ ਖਰਚਾ ਵਸੂਲਦੇ ਹਨ। ਇੱਥੇ ਇੱਕ ਗੱਲ ਦਾ ਜ਼ਿਕਰ ਕਰਨਾ ਜ਼ਰੁਰੀ ਹੈ ਕਿ ਬਹੁਤੇ ਦੁਕਾਨਦਾਰ ਹਿਸਾਬ ਕਿਤਾਬ ਦੀਆਂ ਬਰੀਕੀਆਂ ਤੋਂ ਨਾਵਾਕਾਫ਼ ਹੁੰਦੇ ਹਨ। ਉਹ ਦੇਖਾ ਦੇਖੀ ਕੰਮ ਸ਼ੁਰੂ ਕਰਦੇ ਹਨ ਪਰ ਉਹਨਾਂ ਨੂੰ ਇਸ ਕਾਰੋਬਾਰੀ ਦੀਆਂ ਬਾਰੀਕੀਆਂ ਤੇ ਹੋਰ ਪੈਣ ਵਾਲੇ ਖਰਚਿਆਂ ਦਾ ਕੋਈ ਅਨੁਮਾਨ ਨਹੀਂ ਹੁੰਦਾ ਤੇ ਨਾ ਹੀ ਉਹ ਇਹੇ ਅਨੁਮਾਨ ਲਾਉਣ ਦੇ ਸਮਰੱਥ ਹੁੰਦੇ ਹਨ। ਉਹਨਾਂ ਨੂੰ ਨਾ ਤਾਂ ਪੈਸੇ ਦੀ ਸਹੀ ਵਰਤੋਂ ਕਰਨ ਦਾ ਕੋਈ ਤਜਰਬਾ ਹੁੰਦਾ ਹੈ ਤੇ ਨਾ ਹੀ ਵੇਚੇ ਜਾਣ ਵਾਲੀਆਂ ਵਸਤੂਆਂ ਬਾਰੇ ਕੋਈ ਸਹੀ ਜਾਣਕਾਰੀ ਹੁੰਦੀ ਹੈ। ਉਹਨਾਂ ਨੇ ਆਪਣੇ ਕੰਮ ਦਾ ਕੋਈ ਵੀ ਬਿਓਰਾ ਤਿਆਰ ਨਹੀਂ ਕੀਤਾ ਹੁੰਦਾ। ਦੁਕਾਨਦਾਰੀ ਚਲਾ ਰਹੇ ਹੁੰਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੀ ਉਹ ਮੁਨਾਫੇ ਵਿੱਚ ਹਨ ਜਾਂ ਘਾਟੇ ਵਿੱਚ, ਇਸ ਸਭ ਦਾ ਪਤਾ ਉਹਨਾਂ ਨੂੰ ਚਾਰ ਜਾਂ ਪੰਜ ਸਾਲ ਤੋਂ ਬਾਅਦ ਚਲਦਾ ਹੈ। ਇਸ ਲਈ ਜ਼ਰੁਰੀ ਹੈ ਕਿ ਕੀਮਤ ਨਿਰਧਾਰਤ ਕਰਦੇ ਵੇਲੇ ਖਰਚੇ ਦਾ ਸਹੀ ਅੰਦਾਜ਼ਾ ਹੀ ਲਾਇਆ ਜਾਵੇ।

ਦੁਕਾਨਦਾਰ ਅਕਸਰ ਇਹ ਨਹੀਂ ਜਾਣਦਾ ਹੁੰਦਾ ਕਿ ਜਿਸ ਵਸਤੂ ਨੂੰ ਉਹ ਵੇਚ ਰਿਹਾ ਹੈ ਉਸ ਉਪਰ ਉਸ ਦਾ ਆਪਣਾ ਖਰਚਾ ਕਿੰਨਾ ਆਉਂਦਾ ਹੈ। ਇਸ ਵਿੱਚ ਉਸ ਦੇ ਨਿੱਜੀ ਕਰਚੇ, ਦੁਕਾਨ ਦਾ ਕਿਰਾਇਆ, ਜੇ ਆਪਣੀ ਹੈ ਤਾਂ ਰੱਖ ਰਖਾਵ, ਮਿੱਥੇ ਖਰਚੇ ਜਿਵੇਂ ਬਿਜਲੀ, ਟੈਲੀਫੋਨ ਆਦਿ ਦਾ ਖਰਚਾ, ਕਰ ਤੇ ਹਿਸਾਬ ਕਿਤਾਬ ਰੱਖਣ ਦਾ ਖਰਚਾ, ਚਾਹ-ਪਾਣੀ ਦਾ ਖਰਚਾ, ਸ਼ਹਿਰੀ ਖਰਚੇ ਨਾ ਵਿਕੀਆਂ ਚੀਜ਼ਾਂ ਤੇ ਉਹਨਾਂ ਦੈ ਖਰਾਬ ਹੋ ਜਾਣ ਦੀ ਸੁਰਤ ਵਿਚ ਉਹਨਾਂ ਦਾ ਮੁੱਲ ਜਾਂ ਪੈਣ ਵਾਲਾ ਘਾਟਾ ਤੇ ਇਹਨਾਂ ਦਾ ਕੁਲ ਲਾਗਤ ਨਾਲ ਕੀ ਰਿਸ਼ਤਾ ਹੋਣਾ ਹੈ, ਇਸ ਸੱਭ ਦਾ ਫੀਸਦੀ ਅਮਦਾਜ਼ਾ ਲਾਉਣਾ ਜ਼ਰੁਰੀ ਹੈ ਤੇ ਇੱਕ ਇੱਕ ਡਰਾਈ ਰਨ (dry run) ਦੀ ਮਦਦ ਨਾਲ ਹੀ ਕੱਢਿਆ ਜਾ ਸਕਦਾ ਹੈ। ਜੇ ਸਹੀ ਜਾਣਕਾਰੀ ਦੀ ਵਰਤੋਂ ਦੁਕਾਨਦਾਰ ਕਰਦਾ ਹੈ ਤਾਂ ਨਿਸ਼ਚੇ ਹੀ ਕੀਮਤਾਂ ਵਿੱਚ ਅੱਣਕਿਆਸਿਆ ਵਾਧਾ ਨਹੀਂ ਹੋਵੇਗਾ ਤੇ ਸਾਰੇ ਵਾਪਾਰੀ ਮੁਨਾਫੇ ਦਾ ਵਾਜਬ ਹਿੱਸਾ ਹੀ ਲੈ ਸਕਣਗੇ।

ਗੁਰਦੀਪ ਸਿੰਘ ਭਮਰਾ / 9878961218

Saturday, January 1, 2011

ਪੰਜਾਬੀ ਬੋਲੀ / ਗੀਤ

 

ਰਹਿੰਦੇ ਹਾਂ ਪੰਜਾਬ ਵਿੱਚ ਬੋਲੀ ਏ ਪੰਜਾਬੀ
ਬੋਲੀਏ ਪੰਜਾਬੀ ਅਸੀਂ ਬੋਲੀ ਹੈ ਪੰਜਾਬੀ ਸਾਡੀ

ਹਾਸਿਆਂ ਚ’ ਖਿੜਦੀ ਏ
ਗਿੱਧੇ ਵਿੱਚ ਭਿੜਦੀ ਹੈ
ਵਿਹੜੇ ਵਿੱਚ ਰਿੜ੍ਹਦੀ ਏ
ਮਹਿਕ ਕਿਸੇ ਪਿੜ ਦੀ ਏ
ਸਜੱਰੀ ਕਪਾਹ ਜਿਹੀ
ਸੱਜਣਾ ਦੇ ਰਾਹ ਜਿਹੀ
ਬਾਣੀ ਜਿਵੇਂ ਗੁਰਾਂ ਦੀ ਏ
ਰੂਹਾਂ ਦੀ ਏ ਧੁਰਾਂ ਦੀ ਏ
ਹੇਕ ਜਿਵੇਂ ਰੂਹ ਦੀ ਏ
ਲੱਜ ਜਿਵੇਂ ਖੁਹ ਦੀ ੲੈ
ਸੂਕਦੀ ਏ ਕੂਕਦੀ ਏ
ਰੂਹ ਦੀ ਏ ਹੂਕ ਦੀ ਏ
ਪੌਣਾਂ ਵਿੱਚ ਬੋਲਦੀ ਏ
ਖੰਭਾਂ ਨਾਲ ਤੋਲਦੀ ਏ
ਰੂਹਾਂ ਤੱਕ ਖੋਲ੍ਹਦੀ ਏ
ਮਿੱਠਾ ਮਿੱਠਾ ਬੋਲਦੀ ਏ
ਮਿੱਠਾ ਮਿਠਾ ਬੋਲਦੀ ਏ ਬੋਲੀ ਏ ਪੰਜਾਬੀ ਸਾਡੀ
ਰਹਿੰਦੇ ਹਾਂ ਪੰਜਾਬ ਵਿੱਚ ਬੋਲੀ ਹੈ ਪੰਜਾਬੀ ਸਾਡੀ

ਪੰਜਾਬੀਆਂ ਦੀ ਜਾਨ ਏ
ਪੰਜਾਬੀਆਂ ਦੀ ਸਾਨ ਏ
ਤਾਣ ਇਹੋ, ਮਾਣ ਇਹੋ
ਖਾਣ ਇਹੋ ਪਾਣ ਇਹੋ
ਖੇਤਾਂ ਵਿਚੋਂ ਉਗਦੀ ਏ
ਮੇਲਿਆਂ ਚ’ ਪੁਗਦੀ ਏ
ਦੁਰ ਦੁਰ ਤੱਕ ਇਹਨੂੰ
ਅੱਜ ਸਾਰੇ ਜਾਣਦੇ ਨੇ
ਜਾਣਦੇ ਨੇ ਏਸ ਨੂੰ
ਪਛਾਣਦੇ ਨੇ ਏਸ ਨੂੰ
ਟੋਹਰ ਇਹ ਪੰਜਾਬੀਆਂ
ਗੱਲ ਹੈ ਨਵਾਬੀਆਂ ਦੀ
ਮਿਹਨਤਾਂ ਅਸਾਡੀਆਂ ਦਾ ਮੁੱਲ ਹੈ ਪੰਜੁਾਬੀ ਸਾਡੀ
ਖੁਲ੍ਹਾ ਜੀਣ ਢੰਗ ਸਾਡਾ ਖੁਲ੍ਹ ਹੈ ਪੰਜਾਬੀ ਸਾਡੀ।