Saturday, January 22, 2011

ਮੈਂ ਕਮਜ਼ੋਰ ਨਹੀਂ ਹਾਂ

ਜਿਗਰਪਾਰਾ

ਮੈਂ ਕਮਜ਼ੋਰ ਨਹੀਂ ਹਾਂ

ਗੁਰਦੀਪ ਸਿੰਘ ਭਮਰਾ

ਕਦੇ ਕਦੇ ਇੰਜ ਲਗਦਾ ਜਿਵੇਂ ਮੈਂ ਕੱਚੀ ਕੈਲ ਹੋਵਾਂ, ਕੇਲੋਂ ਦੇ ਗੱਲ ਲੱਗੀ ਵੇਲ, ਹਰ ਵੇਲੇ ਤੇਰਾ ਸਾਥ ਲੋੜਦੀ, ਤੇਰੇ ਸਾਹਾਂ ਵਿੱਚੋਂ ਆਪਣੇ ਸਾਹ ਲੱਭਦੀ, ਸ਼ਾਇਦ ਕੁਦਰਤ ਨੇ ਬਣਾਇਆ ਹੀ ਇਸ ਤਰ੍ਹਾਂ ਸੀ ਮੈਨੂੰ ਹਰ ਵੇਲੇ ਪਿਆਰ ਨਾਲ ਓਤ ਪੋਤ, ਵਿਛ ਜਾਣ ਵਾਲੀ, ਆਪਣੇ ਜਜ਼ਬਾਤ ਵਿੱਚ ਵਹਿ ਜਾਣ ਵਾਲੀ ਨਦੀ, ਕਦੇ ਸ਼ੂਕਦੀ ਕਦੇ ਮਟਕ ਮਟਕ ਚੱਲਦੀ.....ਨਦੀ ਤੇ ਮੇਰੇ ਨਾਲ ਕਿੰਨੀ ਸਾਂਝ ਜਾਪਦੀ, ਉਸ ਦਾ ਵੀ ਅੱਥਰਾ ਸੁਭਾਅ, ਨਾ ਟਾਲਿਆ ਜਾਣ ਵਾਲਾ, ਸਦਾ ਵਹਿਣ ਵਾਲਾ, ਚੰਚਲ, ਚਪਲ, ਟਿਕ ਕੇ ਨਾ ਰਹਿਣ ਵਾਲਾ.....

……ਤੇ ਤੂੰ ਇੰਜ ਜਾਣਿਆ ਜਿਵੇਂ ਮੈਂ ਵਹਿੰਦੀ ਨਦੀ, ਜਦ ਜੀ ਚਾਹਿਆ, ਮੇਰੇ ਵਿੱਚ ਉਤਰਿਆ, ਤਰਿਆ ਤੇ ਜਦੋ ਚਾਹਿਆ ਮੇਰੇ ਕੰਢੇ ਖਿਲਰੀ ਰੇਤ ਨਾਲ ਖੇਡਿਆ ਤੇ ਜਦੋਂ ਚਾਹਿਆ ਮੇਰੇ ਵਹਿਣਾਂ ਵਿੱਚ ਕਿਸ਼ਤੀ ਪਾਈ ਤੇ ਦੁਰ ਨਿਕਲ ਗਿਆ, ਜਦੋਂ ਚਾਹਿਆ, ਮੈਨੂੰ ਛੱਡ ਪਹਾੜੀਂ ਜਾ ਚੜ੍ਹਿਆ, ਮੇਰੇ ਤੋਂ ਦੂਰ ਕੇਸ ਜੰਗਲ ਦੇ ਸੰਘਣੇ ਵਣ ਦੀ ਛਾਂ ਵਿੱਚ ਗਵਾਚ ਗਿਆ।

ਸੰਘਣੇ ਵਣ ਦੀ ਛਾਂ ਤਾਂ ਬੁੱਧ ਨੂੰ ਲੱਭਦੀ ਉਦ ਉਡੀਕ ਵਿੱਚ ਕਦੋਂ ਦੀ ਬੁੱਢੀ ਹੋ ਚੁਕੀ ਸੀ, ਤੂੰ ਕਦੇ ਇਸ ਛਾਂ ਕਦੇ ਉਸ ਛਾਂ, ਕਦੇ ਇਸ ਰੁੱਖ ਥੱਲੇ ਕਦੇ ਉਸ ਰੁਖ ਥੱਲੇ ਮੇਰੇ ਪਾਣੀਆਂ ਤੋਂ ਦੂਰ ਭੱਜਿਆ। ਪਰ ਤੂੰ ਕੀ ਜਾਣੇ ਇਹ ਰੁੱਖ ਇਹ ਵਣ, ਇਹ ਜੰਗਲ ਮੇਰੇ ਹੀ ਪਾਣੀ ਨੇ ਸਿੰਜੇ, ਮੇਰੀ ਛੋਹ ਲਈ ਮੇਰੇ ਕਿਨਾਰੇ ਵੱਲ ਭੱਜ ਭੱਜ ਆਉਂਦੇ।

ਤੂੰ ਮੇਰੇ ਪਾਣੀ ਨੂੰ ਘੜਿਆਂ ਦੀ ਪਿਆਸ ਬੁਝਾਉਣ ਲਈ ਵਰਤਿਆ, ਕਦੇ ਇਸ ਨਾਲ ਆਪਣੀ ਭੁੱਖ ਦੀ ਤ੍ਰਿਪਤੀ ਲਈ ਲਹਿਲਹਾਉਂਦੀਆਂ ਫ਼ਸਲਾਂ ਦੇ ਸੁਪਨੇ ਬੀਜੇ, ਪਰ ਨਦੀ ਦੀ ਪਿਆਸ ਤਾਂ ਤੇਰੇ ਅੰਦਰ ਸੀ ਉਹ ਇੱਕ ਮ੍ਰਿਗ ਤ੍ਰਿਸ਼ਨਾ ਵਾਂਗ ਉਹ ਤੇਰੇ ਅੱਗੇ ਅੱਗੇ ਤੂੰ ਉਸ ਦੇ ਪਿਛਾ ਕਰਦਾ ਬਹੁਤ ਦੂਰ ਤੱਕ ਗਿਆ, ਪਰ ਉਹ ਕਦੇ ਤੇਰੇ ਹੱਥ ਨਾ ਆਈ।

ਮੈਂ ਫੈਲ ਗਈ ਸਮੁੰਦਰ ਦੇ ਪਾਣੀਆਂ ਵਿੱਚ, ਸਾਗਰਾਂ ਦੀ ਗਹਿਰਾਈ ਮੇਰੀ ਗਹਿਰਾਈ ਬਣ ਗਈ, ਮੈਂ ਸਮੁੰਦਰ ਦੇ ਕਿਨਾਰਿਆਂ ਨੂੰ ਛੋਹਿਆ, ਘੋਗਿਆਂ ਸਿਪੀਆਂ ਨਾਲ ਥਾਲ ਪਾਏ, ਪਰ ਸਮੁੰਦਰ ਦੀਆਂ ਬਾਹਾਂ ਵੀ ਮੈਨੂੰ ਰੋਕ ਨਾ ਸਕੀਆਂ, ਮੈਂ ਸੂਰਜ ਨੂੰ ਕਲਾਵੇ ਵਿੱਚ ਲੈਣ ਲਈ ਸੂਰਜ ਦੀ ਤਪਸ਼ ਆਪਣੇ ਅੰਦਰ ਸਮੋਅ ਜਾਣ ਦਿਤੀ ਤੇ ਮੈਂ ਹਵਾ ਨਾਲ ਹਵਾ ਹੋ ਕੇ ਦੂਰ ਅਕਾਸ਼ ਵਿੱਚ ਉੱਡੀ ਬੱਦਲਾਂ ਦੇ ਕੰਧਾੜੇ ਚੜ੍ਹ ਮੈਂ ਇੱਕ ਵਾਰ ਆਪਣਾ ਸਫ਼ਰ ਆਰੰਭਿਆ। ਕਾਲੀਆਂ ਘਟਾਵਾਂ ਸ਼ੂਕਦੀਆਂ ਹਵਾਵਾਂ, ਮੂੰਹ ਜੋਰ, ਆਪਣੀ ਹੀ ਤੋਰ, ਬੇਪਰਵਾਹ ਮੈਂ ਜਦੋਂ ਵਰਕਾ ਰੁਤ ਦਾ ਹਿੱਸਾ ਬਣੀ ਤਾਂ ਨਦੀਆਂ ਦੇ ਕਿਨਾਰੇ ਵੀ ਮੈਨੂੰ ਰੋਕ ਨਾ ਸਕੇ। ਤੂੰ ਮੈਨੂੰ ਕਮਜ਼ੋਰ ਨਾ ਸਮਝੀ। ਮੈਂ ਕਦੇ ਵੀ ਕਮਜ਼ੋਰ ਨਹੀਂ ਸਾਂ। ਬੱਸ ਤੇਰੇ ਪਿਆਰ ਦੀ ਛੋਹ ਪਾ ਕੇ ਤੇਰੇ ਸਾਹਵੇਂ ਵਿਛ ਜਾਣ ਵਿੱਚ ਹੀ ਆਪਣਾ ਜੀਣਾ ਸਮਝਦੀ ਰਹੀ। ਮੈਂ ਕਮਜ਼ੋਰ ਨਹੀਂ ਹਾਂ।

No comments:

Post a Comment