ਕਿਸਮਤ
ਗੁਰਦੀਪ ਸਿੰਘ ਭਮਰਾ / 9878961218
ਉਹ ਜਦ ਵੀ ਮਿਲਦੀ ਸੀ
ਇੱਕੋ ਸਵਾਲ ਕਰਦੀ ਸੀ
ਮੇਰਾ ਹੱਥ ਦੇਖ ਕੇ ਮੇਰੀ ਕਿਸਮਤ ਦੱਸ
ਮੈਂ ਉਸ ਦਾ ਕੂਲਾ ਹੱਥ ਫੜ ਕੇ
ਬੜੀ ਦੇਰ ਤੱਕ
ਉਸ ਦੀਆਂ ਲਕੀਰਾਂ ਚੋਂ
ਆਪਣੇ ਨਕਸ਼ ਲੱਭਦਾ ਰਹਿੰਦਾ,
ਕਦੇ ਉਲਟਾ ਕੇ ਦੇਖਦਾ
ਕਦੇ ਪਲਟ ਕੇ ਦੇਖਦਾ
ਮੁੱਠੀ ਬੰਦ ਕਰਦਾ
ਉਸ ਦੀਆ
ਰਵਾਂਹ ਦੀਆਂ ਫਲੀਆਂ ਵਰਗੀਆਂ
ਲੰਮੀਆਂ ਲੰਮੀਆਂ ਉਂਗਲਾਂ
ਨਾਲ ਖੇਡਦਾ
ਤੇ ਖਾਮੋਸ਼
ਕਦੇ ਉਸ ਦੇ ਹੱਥ ਨੂੰ ਕਦੇ ਉਸ ਦੇ ਚਿਹਰੇ ਨੂੰ
ਨਿਹਾਰਦਾ ਰਹਿੰਦਾ
ਉਸ ਦੀਆਂ ਅੱਖਾਂ ਚੋਂ
ਅਨੇਕਾਂ ਪ੍ਰਸ਼ਨ ਚਿੰਨ੍ਹ ਉਤਰ ਕੇ ਮੈਨੂੰ ਘੇਰ ਲੈਂਦੇ
ਮੈਂ ਦੌੜਦਾ
ਉਸ ਦੇ ਸਾਰੇ ਪ੍ਰਸ਼ਨ ਚਿੰਨ੍ਹ ਮੇਰਾ ਪਿਛਾ ਕਰਦੇ
ਮੈਂ ਉਹਨਾਂ ਤੋਂ ਘਬਰਾ ਕੇ
ਆਪਣੀ ਹੀ ਬੁੱਕਲ ਵਿੱਚ ਲੁਕ ਜਾਂਦਾ।
ਉਹ ਹਰ ਵਾਰ ਪੁੱਛਦੀ
ਮੇਰੀ ਕਿਸਮਤ ਵਿੱਚ ਕੀ ਲਿਖਿਆ ਹੈ
ਮੈਂ ਹਰ ਵਾਰ ਕਹਿਣ ਦੀ ਕੋਸ਼ਿਸ਼ ਕਰਦਾ
ਕਿਸਮਤ ਤਾਂ ਆਪ ਘੜੀ ਜਾਂਦੀ ਹੈ
ਉਹ ਮੇਰੀ ਮੂਰਖਤਾ ਉਪਰ ਹੱਸਦੀ ਤੇ
ਆਖਦੀ
ਮੈਂ ਉਸ ਨੂੰ ਝੂਠ ਬੋਲ ਰਿਹਾ ਹਾਂ।
ਪਿਛਲੀ ਵਾਰ ਜਦੋਂ ਉਹ ਮਿਲੀ
ਤਾਂ ਉਸ ਨੇ ਆਦਤਨ
ਆਪਣਾ ਹੱਥ ਮੇਰੇ ਅੱਗੇ ਕਰ ਦਿੱਤਾ
ਮੇਰੀ ਕਿਸਮਤ ਦੇਖ ਕੇ ਦੱਸ
ਹੁਣ ਉਸ ਦੀਆਂ ਅੱਖਾਂ ਨਮ ਸਨ
ਪ੍ਰਸ਼ਨ ਚਿੰਨ੍ਹ ਵੀ ਸਨ ਤੇ ਵਿਸਮਿਕ ਚਿੰਨ੍ਹ ਵੀ
ਕਈ ਅਰਧ ਵਿਰਾਮ ਤੇ ਪੂਰਨ ਵਿਸ਼ਰਾਮ ਸਨ
ਉਹ ਪੂਰੀ ਦੀ ਪੂਰੀ ਵਿਆਕਰਨ ਲੈ ਆਈ ਸੀ
ਜ਼ਿੰਦਗੀ ਦੇ ਅਰਥ ਜਾਣਨ ਲਈ
ਮੈਂ ਹੱਥ ਨਹੀਂ ਦੇਖਦਾ
ਮੈਂ ਉਸ ਨੂੰ ਕਿਹਾ
ਪਰ ਪਹਿਲਾਂ ਤਾਂ ਦੇਖਦਾ ਸੀ
ਉਸ ਨੇ ਮੇਰੇ ਅੱਗੇ ਆਪਣਾ ਹੱਥ ਖੋਲ੍ਹ ਦਿੱਤਾ
ਇਸ ਨੂੰ ਫੜ ਤੇ ਪੜ੍ਹ
ਤੇ ਦੇਖ ਕੇ ਦੱਸ ਕਿ ਮੇਰੀ ਕਿਸਮਤ ਵਿਚ ਕੀ ਹੈ
ਕਿੰਨਾ ਹਨੇਰਾ
ਕਿੰਨੀ ਚੁੱਪ
ਕਿੰਨੀ ਤਨਹਾਈ
ਤੇ ਹਾਲੇ ਕਿੰਨਾ ਕੁ ਸਫ਼ਰ ਬਾਕੀ ਹੈ
ਮੈਂ ਉਸ ਦਾ ਹੱਥ ਦੇਖਿਆ
ਉਸ ਦੇ ਹੱਥਾਂ ਉਪਰ ਅੱਟਣ ਉਭਰ ਆਏ ਸਨ
ਪੋਟਿਆਂ ਕੋਲੋਂ ਲਕੀਰਾਂ ਤਿੜਕ ਰਹੀਆਂ ਸਨ
ਨਹੁੰਆਂ ਤੋਂ ਪਿਆਜ਼ੀ ਰੰਗਤ ਗਾਇਬ ਸੀ
ਤੇ ਉਸ ਦੇ ਹਥਾਂ ਚੋਂ ਸੁਬਕਤਾ ਨਾਦਾਰਦ ਸੀ
ਤੈਨੂੰ ਕੀ ਹੋ ਗਿਆ?
ਮੈਂ ਉਸ ਨੂੰ ਕਿਹਾ
ਕੁਝ ਨਹੀਂ ਮੇਰੇ ਹਥਾਂ ਨੂੰ ਦੇਖ ਕੇ ਦੱਸ
ਤੇ ਪੜ੍ਹ ਮੇਰੀ ਕਿਸਮਤ ਦਾ ਹਾਲ
ਮੈਂ ਉਸ ਦਾ ਹੱਥ ਫੜਿਆ
ਮੈਂ ਕਹਿਣਾ ਚਾਹਿਆ
ਹੁਣ ਤੈਨੂੰ ਕਿਸੇ ਵੀ ਕਿਸਮਤ ਦਾ ਹਾਲ ਜਾਣਨ ਦੀ ਲੋੜ ਨਹੀਂ
ਤੇਰੇ ਹੱਥਾਂ ਚੋਂ ਮਿਹਨਤ ਦੀ ਖੁਸ਼ਬੂ ਉੱਗ ਆਈ ਏ
ਤੇਰੀਆਂ ਲਕੀਰਾਂ ਤੇਰੀਆਂ ਗੁਲਾਮ ਹਨ
ਹੁਣ ਤੈਨੂੰ ਕਿਸਮਤ ਘੜਨ ਦੀ ਜਾਚ ਆ ਗਈ ਹੈ।
ਮੈਂ ਉਸ ਨੂੰ ਕਿਹਾ
ਮੈਨੂੰ ਸਚਮੁਚ ਹੀ ਹੱਥ ਦੇਖਣਾ ਨਹੀਂ ਆਉਂਦਾ।
ਉਹ ਮੁਸਕਰਾਈ...
ਤੇ ਚਲੀ ਗਈ
ਮੈਂ ਉਸ ਨੂੰ ਦੁਰ ਤੱਕ ਜਾਂਦਿਆਂ ਦੇਖਦਾ ਰਿਹਾ।
No comments:
Post a Comment