ਮੇਰੀ ਦੁਨੀਆ
ਮੇਰੀ ਦੁਨੀਆ
ਗੁਰਦੀਪ ਸਿੰਘ ਭਮਰਾ
ਖ਼ੁਸ਼ਬੂ ਖ਼ਸ਼ਬੂ ਫੈਲ ਗਈ ਹੈ
ਮੇਰੀ ਦੁਨੀਆ ਮਹਿਕ ਗਈ ਹੈ।
ਤੇਰੀ ਆਮਦ ਦਾ ਚਰਚਾ ਹੈ।
ਮੇਰੀ ਦੁਨੀਆ-
ਛੋਹ ਤੇਰੀ ਨੂੰ ਤਰਸ ਗਈ ਸੀ
ਤੜਪ ਰਹੀ ਸੀ
ਸਿਸਕ ਰਹੀ ਸੀ
ਮੇਰੀ ਦੁਨੀਆ।
ਮੇਰੇ ਸੁਪਨੇ, ਮੇਰੀਆਂ ਰੀਝਾਂ
ਮੇਰੀ ਰੂਹ ਤੇ ਮੇਰੇ ਸੁਪਨੇ
ਤੇਰੀ ਛੋਹ ਨੂੰ ਤਰਸ ਰਹੇ ਸਨ
ਸੱਭ ਕੁਝ ਭੈੜਾ ਹੀ ਲੱਗਦਾ ਸੀ
ਮੇਰੀ ਦੁਨੀਆ
ਮੇਰੇ ਸੁਪਨੇ
ਮੇਰੀਆਂ ਰੀਝਾਂ
ਮੈਂ ਚੁੱਪ ਸਾਂ
ਤੇ ਉਹ ਵੀ ਗੁੰਮਸੁੰਮ
ਵੇਖ ਰਹੇ ਸਨ
ਇੱਕ ਦੂਜੇ ਨੂੰ
ਘੂਰ ਰਹੇ ਸਨ
ਤੜਪ ਰਹੇ ਸਾਂ
ਸਿਸਕ ਰਹੇ ਸਾਂ
ਤੇਰੀ ਛੋਹ ਨੂੰ ਤਰਸ ਰਹੇ ਸਾਂ
ਖ਼ੁਸ਼ਕ ਜ਼ਮੀਨ
ਤੇ ਬੰਜਰ ਧਰਤੀ
ਮੇਰੀ ਰੂ੍ਹ ਦੇ ਵਿਹੜੇ ਅੰਦਰ
ਮੋਹ ਪੱਤੀਆਂ ਦਾ ਕੋਮਲ ਬੂਟਾ
ਮੁਰਝਾਇਆ
ਕੁਮਲਾਇਆ ਬੂਟਾ
ਜਿਉਂ ਸਾਵਣ ਨੂੰ ਤਰਸ ਰਿਹਾ ਸੀ
ਰੀਝਾਂ ਦੇ ਰੁਖਾਂ ਦੇ ਮਰਨਾ
ਆਲ੍ਹਣਿਆਂ ਵਿੱਚ ਮਰਦੇ ਬੋਟਾਂ ਦਾ ਚਿਚਲਾਉਣਾ
ਤੇ ਖੰਭਾਂ ਦਾ ਚੀਕ ਚਿਹਾੜਾ
ਸੁਣ ਨਾ ਹੋਵੇ
ਸਹਿਣ ਨਾ ਹੋਵੇ
ਰੋਨਦੇ ਸੁਪਨੇ
ਨੀਂਦਰ ਦੀ ਉਂਗਲੀ ਨਾ ਫੜਦੇ
ਨਾ ਫੜਦੇ ਨੇ ਚੰਨ ਸਿਤਾਰੇ
ਨਾ ਸੁਣਦੇ ਉਹ ਕੋਈ ਕਹਾਣੀ
ਨਾ ਕੋਈ ਲੋਰੀ
ਨਾ ਕੋਈ ਘੂਰੀ
ਸਿਸਕ ਰਹੇ ਸੀ
ਤਰਸ ਰਹੇ ਸੀ
ਤਾਂਘ ਰਹੇ ਸੀ
ਤੇਰੀ ਛੋਹ ਨੂੰ ਤਰਸ ਗਏ ਸਨ
ਤੇਰੀ ਛੋਹ ਨੂੰ ਤਰਸ ਰਹੇ ਸਨ।
ਤੂੰ ਯਾਦਾਂ ਦੇ ਖੰਭ ਲਗਾ ਕੇ
ਜਦ ਵੀ ਆਈ
ਸੁਪਨੇ ਅੰਦਰ
ਸੁਪਨ ਪਰੀ ਜਿਉਂ
ਜੋ ਕੁਝ ਛੋਹਿਆ
ਬਦਲ ਗਿਆ ਹੈ
ਖ਼ੁਸ਼ਬੂ ਖ਼ੁਸ਼ਬੂ ਫੈਲ ਗਈ ਹੈ
ਮੇਰੀ ਦੁਨੀਆ ਮਹਿਕ ਗਈ ਹੈ
ਛਮ ਛਮ ਛਮ ਛਮ
ਸਾਵਣ ਵਸਿਆ
ਮੌਲ ਪਈ ਹੈ
ਮੇਰੀ ਦੁਨੀਆ
ਮੇਰੀ ਰੂਹ
ਤੇ ਮੇਰੀਆਂ ਰੀਝਾਂ
ਸਾਰੇ ਹੀ ਨਸ਼ਿਆਏ ਜਾਪਣ
ਇਹ ਜਾਪੇ ਕੋਈ ਪਰੀ ਕਹਾਣੀ
ਤੂੰ ਹੋਵੇਂ ਪਰੀਆਂ ਦੀ ਰਾਣੀ
ਬੁੱਤ ਪੱਥਰ ਦੇ
ਮੇਰੇ ਸੁਪਨੇ
ਸੁੰਨ ਖੜੇ ਸਨ
ਤੂੰ ਛੋਹੇ ਤਾਂ ਹੀ ਉੱਠ ਹਨ
ਮੋਹ ਪਤੀਆਂ ਦੇ ਕੋਮਲ ਬੂਟੇ
ਨੱਚ ਉੱਠੇ ਹਨ
ਚਿਤ ਕਰਦਾ ਹੈ
ਪਰੀ ਕਹਾਣੀ ਮੇਰੀ ਹੋਵੇ
ਮੇਰੀ ਦੁਨੀਆ
ਮੇਰੇ ਸੁਪਨੇ
ਮੇਰੀ ਰੂਹ
ਤੇ ਮੇਰੀ ਦੁਨੀਆ
ਜੀਂਦੀ ਥੀਂਦੀ।
No comments:
Post a Comment