Friday, February 11, 2011

ਸਰਕਾਰੀ ਬਨਾਮ ਪ੍ਰਾਈਵੇਟ

ਸਰਕਾਰੀ ਬਨਾਮ ਪ੍ਰਾਈਵੇਟ
ਸਰਕਾਰੀ ਕਾਲਜ ਜ਼ੀਰਾ
ਮੈਂ ਸਰਕਾਰੀ ਕਾਲਜ ਜ਼ੀਰਾ ਵਿੱਚ ਪੜ੍ਹਿਆ ਹਾਂ। ਸ਼ਹਿਰ ਤੋਂ ਤਿੰਨ ਕੁ ਕਿਲੋਮੀਟਰ ਦੀ ਦੂਰੀ ਉਪਰ ਸਥਿਤ ਇਹ ਛੋਟਾ ਜਿਹਾ ਪੇਂਡੂ ਕਾਲਜ ਹਮੇਸ਼ਾ ਹੀ ਚਰਚਾਵਾਂ ਤੇ ਗਿਲਿਆਂ ਦਾ ਕੇਂਦਰ ਰਿਹਾ ਤੇ ਸਰਕਾਰੀ ਅਣਗਹਿਲੀ ਦਾ ਸ਼ਿਕਾਰ ਰਿਹਾ। ਦਸਵੀ ਵਿੱਚ ਅਸੀਂ ਸਾਰੀ ਜਮਾਤ ਚੋਂ ਤਿੰਨ ਵਿਦਿਆਰਥੀ ਹੀ ਪਾਸ ਹੋਏ। ਪਰਵਾਰ ਪਿਛੋਕੜ ਬਹੁਤਾ ਸੰਪੰਨ ਨਾ ਹੋਣ ਕਰਕੇ ਮੈਂ ਡੀ ਏ ਵੀ ਕਾਲਜ ਜਲੰਧਰ ਤਾਂ ਨਾ ਆ ਸਕਿਆ ਪਰ ਸਰਕਾਰੀ ਕਾਲਜ ਜ਼ੀਰਾ ਵਿੱਚ ਦਾਖਲਾ ਲੈ ਲਿਆ। ਇੱਕ ਪੀ ਸੀ ਐਸ ਰਿਸ਼ਤੇਦਾਰ ਦੀ ਸਲਾਹ ਨਾਲ ਮੈਂ ਬੀ ਏ ਤੇ ਫਿਰ ਐਮ ਏ ਕਰਨ ਦਾ ਮਨ ਬਣਾ ਲਿਆ।
ਕਾਲਜ ਸ਼ਹਿਰੋਂ ਬਾਹਰ ਸੀ ਆਵਾਜਾਈ ਦਾ ਕੋਈ ਸਾਧਨ ਨਹੀਂ ਸੀ ਸੋ ਇਹ ਸਫ਼ਰ ਪੈਦਰ ਹੀ ਕਰਨਾ ਪਿਆ ਜੋ ਤਿੰਨ ਸਾਲ ਜਾਰੀ ਰਿਹਾ। ਸਾਈਕਲ ਮੈਂ ਬੀ ਏ ਦੇ ਆਖਰੀ ਸਾਲ ਹੀ ਲੈ ਸਕਿਆ। ਪਹਿਲੇ ਸਾਲ ਜੋ ਪ੍ਰੋਫੈਸਰ ਮਿਲੇ ਉਹ ਬਹੁਤ ਕਮਾਲ ਦੇ ਅਧਿਆਪਕ ਸਾਬਤ ਹੋਏ, ਜੋ ਨੀਂਹ ਉਹਨਾਂ ਭਰੀ ਉਹ ਹਾਲੇ ਤੱਕ ਡੋਲੀ ਨਹੀਂ। ਬਾਅਦ ਦੇ ਸਾਲਾਂ ਵਿੱਚ ਉਹਨਾਂ ਨਾਲ ਮਿਤਰਤਾ ਵੀ ਬਣੀ ਜੋ ਹਾਲੇ ਤੱਕ 32 ਸਾਲ ਬਾਦ ਵੀ ਨਿਭ ਰਹੀ ਹੈ।
ਬੀ ਏ ਦੇ ਪਹਿਲੇ ਸਾਲ ਵਿੱਚ ਜਾਂਦਿਆਂ ਹੀ ਯੂ ਜੀ ਸੀ ਨੇ 55% ਦੀ ਸ਼ਰਤ ਲਾ ਕੇ ਦੇਸ਼ ਦੇ ਹਜ਼ਾਰਾਂ ਅਦਿਆਪਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ, ਜੋ ਹੁਣ ਤੱਕ ਕਾਬਲ ਪ੍ਰੋਫੈਸਰ ਸਨ। ਕਾਲਜਾਂ ਵਿੱਚ ਅਧਿਆਪਕਾਂ ਦੀ ਰਹਿਣ ਲੱਗ ਪਈ। ਉਹਨੀਂ ਦਿਨੀਂ 55% ਨੰਬਰ ਕਿਸੇ ਕਿਸੇ ਦੇ ਆਉਂਦੇ ਸਨ। ਪਾਸ ਹੋਣਾ ਹੀ ਗ਼ਨੀਮਤ ਸਮਝਿਆ ਜਾਂਦਾ ਸੀ। ਨੰਬਰ ਦੇਣ ਵਾਲੇ 50% ਤੋਂ ਵੱਧਦੇ ਹੀ ਨਹੀਂ ਸਨ। ਸਾਡੇ ਕਾਲਜ ਵਿੱਚ ਵੀ ਲੈਕਚਰਾਰਾਂ ਦੀਆਂ ਆਸਾਮੀਆਂ ਖਾਲੀ ਰਹਿਣ ਲੱਗ ਪਈਆਂ। ਮੇਰੇ ਕੋਲ ਅੰਗੇਰਜ਼ੀ ਤੋਂ ਬਿਨਾਂ ਪੰਜਾਬੀ ਤੇ ਅਰਥ ਸ਼ਾਸ਼ਤਰ ਦੇ ਵਿਸ਼ੇ ਸਨ, ਨਾ ਅੰਗਰੇਜ਼ੀ ਦਾ ਕੋਈ ਅਧਿਆਪਕ ਸੀ ਤੇ ਨਾ ਅਰਥ ਸ਼ਾਸ਼ਤਰ ਦਾ ਤੇ ਲੈ ਦੇ ਕੇ ਪੰਜਾਬੀ ਦਾ ਲੈਕਚਰ ਲੱਗਦਾ ਸੀ। ਛੇ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਸਿਰਫ਼ ਪੰਜਾਬੀ ਦਾ ਪੀਰੀਅਡ ਲਾ ਕੇ ਘਰ ਵਾਪਸ ਆ ਜਾਂਦੇ।
1975 ਵਿੱਚ ਐਮਰਜੈਸੀਂ ਨੇ ਰਹੀ ਸਹੀ ਕਸਰ ਪੂਰੀ ਕਰ ਦਿੱਤੀ। ਜਿਵੇਂ ਕਿਵੇਂ ਬੀ ਏ ਦੂਜਾ ਸਾਲ ਨਿਕਲਿਆ, ਸਾਨੂੰ ਫਿਕਰ ਪੈ ਗਿਆ ਕਿ ਸਾਡਾ ਕੀ ਬਣੇਗਾ। ਅਸੀਂ ਸਾਰੇ ਵਿਦਿਆਰਥੀਆਂ ਨੇ ‘ਕਠੇ ਹੋ ਕੇ ਹੜਤਾਲ ਕਰ ਦਿੱਤੀ। ਪ੍ਰਿੰਸੀਪਲ ਬਹੁਤ ਡਰਪੋਕ ਸੀ, ਤੇ ਅਸੀਂ ਤਕਰੀਬ ਇੱਕ ਮਹੀਨਾ ਸ਼ਹਿਰੋਂ ਬਾਹਰ ਕਾਲਜ ਦੇ ਕੰਪਾਉਂਡ ਵਿੱਚ ਹੀ ਬੈਠ ਕੇ ਰੈਲੀ ਕਰ ਕੇ ਮੁੜ ਆਉਂਦੇ। ਸ਼ਹਿਰ ਵਿੱਚ ਕੋਈ ਖ਼ਬਰ ਨਹੀਂ ਸੀ। ਆਖਰ ਇੱਕ ਦਿਨ ਫੈਸਲਾ ਕੀਤਾ ਕਿ ਸ਼ਹਿਰ ਵਿੱਚ ਮੂਕ ਪ੍ਰਦਰਸ਼ਨ ਕੀਤਾ ਜਾਵੇ। ਇੱਕ ਦਿਨ ਸ਼ਾਂਤ ਮੁਜ਼ਾਹਰਾ ਕੀਤਾ, ਹੱਥਾਂ ਵਿੱਚ ਤਖਤੀਆਂ ਲੈ ਕੇ, ‘ਸਾਨੂੰ ਲੈਕਚਰਾਰ ਦਿਓ’ ‘ਅਸੀਂ ਪੜ੍ਹਨਾ ਚਾਹੁੰਦੇ ਹਾਂ’ ਪਰ ਦੂਸਰੇ ਦਿਨ ਸਾਡਾ ਮੁਜ਼ਾਹਰਾ ਰੋਹ ਭਰਪੂਰ ਹੋ ਗਿਆ। ਅਸੀਂ ਧਰਨੇ ਦਿੱਤੇ, ਜਲੂਸ ਮੁਜਾਹਰੇ ਕੀਤੇ, ਤਕਰੀਬਨ ਤਿੰਨ ਮਹੀਨੇ ਕਾਲਜ ਵਿੱਚ ਕੋਈ ਜਮਾਤ ਨਹੀਂ ਸੀ ਲੱਗੀ। ਐਮਰਜੈਨਸੀਂ ਵਿੱਚ ਸ਼ਾਇਦ ਇਹ ਇੱਕੋ ਇੱਕ ਹੜਤਾਲ ਸੀ।
ਯੂ ਜੀ ਸੀ ਦੇ ਫੈਸਲੇ ਨੇ ਕਾਲਜਾਂ ਵਿੱਚ ਪੜ੍ਹਾਈ ਤੇ ਪੜ੍ਹਾਉਣ ਦਾ ਮਾਹੌਲ ਹੀ ਖ਼ਤਮ ਕਰ ਦਿੱਤਾ ਸੀ। ਬਹੁਤ ਬਾਅਦ ਵਿੱਚ ਇਕ ਗੱਲ ਸਮਝ ਆਈ ਕਿ ਸਰਕਾਰੀ ਏਜੰਸੀਆਂ ਤਾਂ ਮੁਢ ਤੋਂ ਹੀ ਪੜ੍ਹਾਈ ਖਾਤਮਾ ਕਰਨ ਲੱਗੀਆਂ ਹੋਈਆਂ ਹਨ। ਯੂ ਜੀ ਸੀ ਦੀ ਕਾਰਗ਼ੁਜ਼ਾਰੀ ਕੀ ਹੈ ਇਸ ਬਾਰੇ ਇੱਕ ਵੱਖਰਾ ਲੇਖ ਲਿਖਣਾ ਪਏਗਾ। ਹੜਤਾਲ ਦੇ ਕਾਰਨ ਸਾਨੂੰ ਸੱਭ ਨੂੰ ਕਾਲਜ ਨੇ ਗ਼ੈਰ ਹਾਜ਼ਰ ਰਹਿਣ ਦਾ ਜੁਰਮਾਨਾ ਕਰ ਦਿੱਤਾ। ਅਸੀਂ ਉਸ ਵਾਸਤੇ ਹੜਤਾਲ ਕਰ ਦਿੱਤੀ। ਇੱਕ ਪਾਸੇ ਤਾਂ ਅਸੀਂ ਪੜ੍ਹਨ ਵਾਸਤੇ ਸਟਾਫ਼ ਮੰਗਦੇ ਹਾਂ ਦੂਸਰੇ ਪਾਸੇ ਸਾਨੂੰ ਜੁਮਰਾਨਾ ਦੇਣਾ ਪੈ ਰਿਹਾ ਹੈ। ਇੱਕ ਦਿਨ ਸ਼ਾਇਦ ਇਹ ਨਵੰਬਰ ਦੇ ਦਿਨ ਸਨ, ਦੁਪਹਿਰ ਨੂੰ ਪ੍ਰਿੰਸੀਪਲ ਭਗਤ ਸਿੰਘ ਇੱਕ ਟੁਰ ਦੇ ਸਿਲਸਿਲੇ ਵਿੱਚ ਸਾਡੇ ਕਾਲਜ ਆ ਗਏ। ਉਹ ਕਿਸੇ ਸਮੇਂ ਸਾਡੇ ਕਾਲਜ ਦੇ ਪ੍ਰਿੰਸੀਪਲ ਰਹਿ ਕੇ ਗਏ ਸਨ, ਮੈਂ ਉਹਨਾਂ ਨੂੰ ਜਾਣਦਾ ਸਾਂ। ਉਹ ਬੜੇ ਸਖ਼ਤ ਪਰ ਅਸੂਲ ਵਾਲੇ ਵਿਅਕਤੀ ਜਾਣੇ ਜਾਂਦੇ ਸਨ ਤੇ ਕਿਸੇ ਦੀ ਪਰਵਾਹ ਨਹੀਂ ਸਨ ਕਰਦੇ। ਜਲਦੀ ਉਹ ਕਿਸੇ ਦਾ ਪ੍ਰਭਾਵ ਨਹੀਂ ਸਨ ਕਬੂਲਦੇ ਤੇ ਜੇ ਉਹ ਅੜ ਜਾਣ ਤਾਂ ਉਹਨਾਂ ਨੂੰ ਕੋਈ ਹਿਲਾਉਣ ਵਾਲਾ ਪੈਦਾ ਨਹੀਂ ਸੀ ਹੋਇਆ। ਅਸੀਂ ਦਸ ਬਾਰਾਂ ਵਿਦਿਆਰਥੀ ਸਿੱਧੇ ਉਸ ਜਗਹ ਜਾ ਪਹੁੰਚੇ ਜਿੱਥੇ ਉਹ ਸਾਡੇ ਕਾਲਜ ਦੇ ਉਸ ਵੇਲੇ ਦੇ ਪ੍ਰਿੰਸੀਪਲ ਨਾਲ ਖੜੋਤੇ ਸਨ, ਅਸੀਂ ਉਹਨਾਂ ਦੇ ਪੈਰੀ ਹੱਥ ਲਾਇਆ ਤੇ ਉਹਨਾਂ ਨੂੰ ਆਪਣੀ ਸਮਸਿਆ ਦੱਸ ਦਿੱਤੀ। ਉਹ ਇੱਕ ਪਲ ਲਈ ਕੁਝ ਗੰਭੀਰ ਹੋ ਗਏ ਫਿਰ ਬੋਲੇ ਕਿ ਅੰਗਰੇਜ਼ੀ ਦਾ ਅਧਿਆਪਕ ਮੈਂ ਕਲ ਹੀ ਲੁਧਿਆਣੇ ਤੋਂ ਇੱਥੇ ਭੇਜ ਦਿੰਦਾ ਹਾਂ ਤੇ ਅਰਥ ਸ਼ਾਸ਼ਤਰ ਦਾ ਜੇ ਕੋਈ ਲੈਕਚਰਾਰ ਮਿਲੇ ਤਾਂ ਮੇਰੇ ਕੋਲ ਲੈ ਆਓ, ਮੈਂ ਉਸ ਨੂੰ ਨਿਯੁਕਤੀ ਪਤਰ ਦੇ ਦਿਆਂਗਾ। ਇਹ ਉਹਨਾਂ ਦੇ ਵੱਸ ਵਿੱਚ ਸੀ। ਅਸੀਂ ਖੁਸ਼ ਹੋ ਗਏ। ਉਹਨਾਂ ਆਪਣਾ ਵਾਅਦਾ ਪੂਰਾ ਕੀਤਾ ਤੇ ਜਲਦੀ ਹੀ ਸਾਨੂੰ ਅੰਗਰੇਜ਼ੀ ਪੜ੍ਹਾਉਣ ਲਈ ਪ੍ਰੋ. ਮੋਹਨ ਸਰੂਪ, ਲੁਧਿਆਣੇ ਤੋਂ ਪਹੁੰਚ ਗਏ। ਜੋ ਉਹਨਾਂ ਪੜ੍ਹਾਇਆ ਤੇ ਜਿਵੇਂ ਪੜ੍ਹਾਇਆ, ਉਹ ਬਹੁਤ ਹੀ ਯਾਦਗਾਰੀ ਘੜੀਆਂ ਸਨ।
ਸਾਡੇ ਕਾਲਜ ਦੇ ਵਿਦਿਆਰਥੀ ਪੰਜਾਬੀ ਤੋਂ ਛੁਟ ਹੋਰ ਕੁਝ ਨਹੀਂ ਸਨ ਜਾਣਦੇ, ਅੰਗਰੇਜ਼ੀ ਉਹਨਾਂ ਦੇ ਨੇੜਿਓ ਵੀ ਨਹੀਂ ਸੀ ਲੰਘੀ, ਜੋ ਭਾਸ਼ਾ ਆਵੇ ਨਾ ਉਸ ਦਾ ਕਾਲਾ ਅੱਖਰ ਭੈਂਸ ਬਰਾਬਰ ਸਮਝਿਆ ਜਾਂਦਾ ਹੈ ਪਰ ਅਸ਼ਕੇ ਪ੍ਰੋ. ਮੋਹਨ ਸਰੂਪ ਜੀ ਦੇ ਉਹਨਾਂ ਸਾਰੀਆਂ ਕਿਤਾਬਾਂ ਬਿਨਾਂ ਅਨੁਵਾਦ ਕੀਤੇ, ਨਿਰੋਲ ਅੰਗਰੇਜ਼ੀ ਵਿੱਚ ਇੰਜ ਪੜ੍ਹਾਈਆਂ ਜਿਵੇਂ ਅਸੀਂ ਸਾਰੇ ਅੰਗਰੇਜ਼ੀ ਜਾਣਦੇ ਹੋਈਏ। ਕਵਿਤਾ ਉਪਰ ਉਹਨਾਂ ਤਕਰੀਬਨ ਦਸ ਦਿਨ ਲਗਾਏ, ਤੇ ਨਾਟਕ ਜੂਲੀਅਸ ਸੀਜ਼ਰ ਉਹਨਾਂ ਸਿਰਫ਼ ਸੱਤ ਦਿਨਾਂ ਵਿੱਚ ਪੜ੍ਹਾ ਦਿਤਾ। ਜਦੋਂ ਉਹ ਕਵਿਤਾ ਪੜ੍ਹਾਉਂਦੇ ਤਾਂ ਉਹ ਕੀਟਸ, ਵਰਡਸਵਰਥ ਤੇ ਸ਼ੈਲੇ ਦੀ ਦੁਨੀਆ ਵਿੱਚ ਲੈ ਜਾਂਦੇ, ਧੂੰਏ ਦੇ ਨਾਲ ਹੌਲੀ ਹੌਲੀ ਉਪਰ ਉਠਦੇ ਬਿੰਬ ਤੇ ਅਲੰਕਾਰ, ਸਾਰੇ ਸਮਝ ਆ ਗਏ। ਸ਼ੈਕਸਪੀਅਰ ਦਾ ਸਾਰਾ ਨਾਟਕ ਉਹਨਾਂ ਜਮਾਤ ਵਿੱਚ ਰੱਖੇ ਮਧਰੇ ਜਿਹੇ ਤਖਤਪੋਸ਼ ਨੂੰ ਸਟੇਜ ਮੰਨ ਕੇ ਖੇਡ ਕੇ ਦਿੱਖਾ ਦਿੱਤੇ, ਹਰ ਡਾਇਲਾਗ ਉਸ ਵੇਲੇ ਕਿਵੇਂ ਬੋਲਿਆ ਜਾਦਾ ਹੋਵੇਗਾ, ਸੋਲੀਲਕਵੀ ਕਿੰਜ ਬੋਲਦੇ ਸਨ, ਹਰ ਅਦਾ, ਹਰ ਭਾਵ ਸਪਸ਼ਟ ਸਮਝ ਆ ਰਿਹਾ ਸੀ। ਕਿਸੇ ਅਨੁਵਾਦ ਦੀ ਕੋਈ ਲੋੜ ਨਹੀਂ ਸੀ। ਉਦੋਂ ਸਮਝ ਆਈ ਕਿ ਸਾਹਿਤ ਨੂੰ ਸਮਝਣ ਲਈ ਬੋਲੀ ਦੀ ਇੰਨੀ ਲੋੜ ਨਹੀਂ ਹੁੰਦੀ, ਭਾਸ਼ਾ ਕੋਲ ਆਪਣੇ ਲਈ ਸੰਚਾਰ ਦੇ ਦੂਜੇ ਕਈ ਤਰੀਕੇ ਹੁੰਦੇ ਹਨ। ਇਸ ਤੋਂ ਪਹਿਲਾਂ ਜਦੋਂ ਵੀ ਸਾਨੂੰ ਕਿਸੇ ਨੇ ਅੰਗਰੇਜ਼ੀ ਪੜ੍ਹਾਈ ਉਹ ਅਨੁਵਾਦ ਕਰ ਕਰ ਕੇ, ਸ਼ਬਦਾਂ ਦੇ ਅਰਥ ਲਿਖਵਾ ਕੇ ਤੇ ਹਰ ਵਾਰੀ ‘ਰੂਪੀ, ਭਾਵ,’ ਆਦਿ ਸ਼ਬਦਾਂ ਦੀ ਵਰਤੋਂ ਨਾਲ। ਪਹਿਲੀ ਵਾਰੀ ਸਾਨੂੰ ਕਿਸੇ ਨੇ ਅੰਗਰੇਜ਼ੀ ਪੜ੍ਹਾਈ ਤੇ ਉਹ ਵੀ ਅਜਿਹੇ ਤਰੀਕੇ ਨਾਲ ਕਿ ਅਸੀਂ ਕੀਲੇ ਗਏ ਤੇ ਮੈਂ ਉਹਨਾਂ ਦੇ ਪਿਛੇ ਲੱਗ ਕੇ ਪੰਜਾਬੀ ਦੀ ਬਜਾਏ ਅੰਗਰੇਜ਼ੀ ਦੀ ਐਮ ਏ ਕਰਨ ਲੁਧਿਆਣੇ ਸਰਕਾਰੀ ਕਾਲਜ ਵਿੱਚ ਦਾਖਲ ਹੋ ਗਿਆ। ਪ੍ਰੋਫੈਸਰ ਮੋਹਨ ਸਰੂਪ ਜੀ 55% ਦੀ ਸ਼ਰਤ ਪੂਰੀ ਨਹੀਂ ਸਨ ਕਰਦੇ ਪਰ ਜੋ ਉਹਨਾਂ ਕੋਲ ਸੀ ਉਹ ਦੇਸ਼ ਦੀ ਇੱਡੀ ਵੱਡੀ ਸੰਸਥਾ ਯੂ ਜੀ ਸੀ ਕੋਲ ਵੀ ਨਹੀਂ ਸੀ।
ਸਾਡੇ ਇਸ ਪੇਂਡੂ ਕਾਲਜ ਨੇ ਪੰਜ ਐਮ ਏ ਅੰਗਰੇਜ਼ੀ ਪੈਦਾ ਕੀਤੇ ਜਿਹਨਾਂ ਅੱਗੇ ਜਾ ਕੇ ਆਪੋ ਆਪਣੇ ਖੇਤਰ ਵਿੱਚ ਨਾਮਣਾ ਖੱਟਿਆ। ਸਰਕਾਰੀ ਕਾਲਜ ਜ਼ੀਰਾ ਨੂੰ ਮਾਣ ਹਾਸਲ ਹੈ ਕਿ ਇਸ ਨੇ ਸ਼੍ਰੀ ਅਸ਼ੋਕ ਕੁਮਾਰ ਗੁਪਤਾ, ਸ. ਰਾਜਿੰਦਰਪਾਲ ਸਿੰਘ, ਸ਼੍ਰੀ ਸੁਰਿੰਦਰ ਕੁਮਾਰ ਅਰੋੜਾ ਵਰਗੇ ਕਾਬਲ ਅਫ਼ਸਰ ਪੈਦਾ ਕੀਤੇ, ਸ਼੍ਰੀ ਰੋਸ਼ਨ ਲਾਲ ਜੋ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟ ਕਪੂਰਾ ਵਿੱਚ ਅੰਗਰੇਜ਼ੀ ਦੇ ਅਧਿਆਪਕ ਹਨ, ਇਸੇ ਕਾਲਜ ਦੀ ਦੇਣ ਹਨ। ਮੈਨੂੰ ਮਾਣ ਹੈ ਕਿ ਮੈਂ ਡੀ ਏ ਵੀ ਕਾਲਜ ਜਲੰਧਰ ਤਾਂ ਨਹੀਂ ਪਰ ਸਰਕਾਰੀ ਕਾਲਜ ਜ਼ੀਰਾ ਦਾ ਵਿਦਿਆਰਥੀ ਰਿਹਾ ਹਾਂ ਤੇ ਇਹ ਕਾਲਜ ਉਹ ਕਾਲਜ ਸੀ ਜਿੱਥੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਸੀ।
ਬਾਰ ਬਾਰ ਡੀ ਏ ਵੀ ਕਾਲਜ ਜਲੰਧਰ ਦਾ ਨਾਂ ਲੈਣ ਦਾ ਇੱਕ ਵਿਸ਼ੇਸ਼ ਕਾਰਨ ਹੈ। ਉਸ ਸਮੇਂ ਇਹ ਕਲਜ ਪੰਜਾਬ ਦੇ ਵਧੀਆ ਕਲਜਾਂ ਵਿੱਚ ਗਿਣਿਆ ਜਾਂਦਾ ਸੀ। ਤੇ ਹੁਣ ਵੀ ਇਸ ਕਾਲਜ ਦਾ ਨਾਂ ਚੰਗੇ ਪ੍ਰਾਈਵੇਟ ਕਾਲਜਾਂ ਵਿੱਚ ਆਉਂਦਾ ਹੈ। ਕਾਲਜ ਦੇ ਪਰਾਸਪੈਟਕਸ ਵਿੱਚ ਇਸ ਕਾਲਜ ਦੀਆਂ ਬਹੁਤ ਖੂਬੀਆਂ ਗਿਣਾਈਆਂ ਜਾਂਦੀ ਹਨ। ਸਾਡੇ ਵੇਲੇ ਜ਼ੀਰੇ ਤੋਂ ਨੇੜੇ ਮੱਖੂ ਤੋਂ ਜਲਧਰ ਵਾਸਤੇ ਗੱਡੀ ਚੱਲਦੀ ਸੀ ਜੋ ਜਲੰਧਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਡੀ ਏ ਵੀ ਦੇ ਹਾਲਟ ਉਪਰ ਰੁਕਦੀ ਸੀ ਸੋ ਸਰਕਾਰੀ ਸਕੂਲ ਤੋਂ ਨਿਕਲੇ ਹਰ ਵਿਦਿਆਰਥੀ ਦਾ ਅਗਲਾ ਪੜਾਅ ਡੀ ਏ ਵੀ ਕਾਲਜ ਹੁੰਦਾ ਸੀ ਤੇ ਪਰਵਾਰਾਂ ਵਿੱਚ ਇਸ ਕਾਲਜ ਦਾ ਨਾਂ ਬੜੇ ਹੀ ਅਦਬ ਨਾਲ ਲਿਆ ਜਾਂਦਾ ਸੀ। ਡੀ ਏ ਵੀ ਕਾਲਜ ਵਿੱਚ ਵਿਗਿਆਨ ਦੇ ਵਿਸ਼ੇ ਵਿੱਚ ਦਾਖਲ ਹੋ ਕੇ ਇੱਕ ਦੋ ਸਾਲਾਂ ਤੋਂ ਬਾਅਦ ਉਹ ਆਰਟਸ ਵਿੱਚ ਆ ਜਾਂਦੇ ਸਨ। ਮੇਰੇ ਮਨ ਉਪਰ ਵੀ ਕਈ ਸਾਲ ਡੀ ਏ ਵੀ ਕਾਲਜ ਬਾਰੇ ਇਹ ਭਰਮ ਬਣਿਆ ਰਿਹਾ। ਪਰ ਪਿਛਲੇ ਦਿਨੀਂ ਇਸ ਕਾਲਜ ਬਾਰੇ ਜੋ ਮੇਰਾ ਅਨੁਭਵ ਹੋਇਆ ਉਸ ਨੇ ਮੇਰੇ ਸਾਰੇ ਪੁਰਾਣੇ ਵਿਸ਼ਵਾਸ ਤੋੜ ਕੇ ਰੱਖ ਦਿਤੇ।
(ਬਾਕੀ ਅਗਲੀ ਕਿਸ਼ਤ ਵਿੱਚ)









No comments:

Post a Comment