ਮਾਂ ਦੀ ਮੌਤ / ਗੁਰਦੀਪ ਸਿੰਘ ਭਮਰਾ
ਕਹਿਣ ਨੂੰ ਤਾਂ ਉਹ ਵੀ ਜੱਟਾਂ ਦਾ ਪੁੱਤ ਸੀ ਪਰ ਥੋੜ੍ਹੀ ਜ਼ਮੀਨ ਕਰਕੇ ਉਸ ਦੀ ਹਾਲਤ ਸੀਰੀ ਤੋਂ ਵੀ ਬਦਤਰ ਹੀ ਰਹੀ। ਜਦੋਂ ਤੱਕ ਬਾਪੂ ਜੀਉਂਦਾ ਸੀ, ਉਹ ਪਿੰਡ ਵਿਚ ਆਪਣੀ ਥੋੜ੍ਹੀ ਜ਼ਮੀਨ ਦੇ ਨਾਲ਼ ਗਵਾਢੀਆਂ ਦੀ ਜ਼ਮੀਨ ਵੀ ਹਿੱਸੇ ਠੇਕੇ ਉੱਪਰ ਲੈ ਕੇ ਵਾਹੁੰਦੇ ਰਹੇ। ਉਹਨਾਂ ਦੀ ਮੋਟਰ ਤੋਂ ਆਪਣੇ ਖੇਤ ਲਈ ਪਾਣੀ ਮਿਲ਼ ਜਾਂਦਾ ਸੀ ਤੇ ਕੰਮ ਚੱਲ ਜਾਂਦਾ ਸੀ। ਬਾਪੂ ਦੇ ਮਰਨ ਪਿੱਛੋਂ ਇਹ ਆਸਰਾ ਵੀ ਜਾਂਦਾ ਰਿਹਾ। ਜ਼ਮੀਨ ਵੰਡੀ ਗਈ। ਭਰਾਵਾਂ ਨੇ ਮਰਲਾ ਮਰਲਾ ਵੰਡਾ ਲਈ। ਇਹ ਉਸ ਲਈ ਨਾਕਾਫ਼ੀ ਸੀ। ਮਰਦਾ ਕੀ ਨਾ ਕਰਦਾ, ਉਸ ਨੇ ਇੱਕ ਟਰੱਕ ਦੀ ਡਰਾਇਵਰੀ ਕਰ ਲਈ। ਸਾਰੀ ਸਾਰੀ ਰਾਤ ਸੜਕਾਂ ਗਾਹੁੰਦਿਆਂ ਉਹ ਦਿੱਲੀ ਦੱਖਣ ਕੱਛਦਾ ਰਿਹਾ। ਮਾਂ ਜੀਉਂਦੀ ਸੀ, ਉਹ ਪਿੰਡ ਨਾਲ਼ ਜੁੜਿਆ ਰਿਹਾ। ਵੀ ਵੀਹ ਦਿਨ ਬਾਹਰ ਰਹਿ ਕੇ ਜਦੋਂ ਉਹ ਘਰ ਮੁੜਦਾ ਤਾਂ ਮਾਂ ਦੀਆਂ ਅਖਾਂ ਵਿੱਚ ਚਮਕ ਹੁੰਦੀ ਪਰ ਜਦੋਂ ਰਾਤ ਰਹਿ ਕੇ ਅਗਲੇ ਦਿਨ ਉਸ ਨੂੰ ਘਰ ਛੱਡ ਕੇ ਜਾਣਾ ਹੁੰਦਾ ਤਾਂ ਮਾਂ ਬਹੁਤ ਉਦਾਸ ਹੋ ਜਾਂਦੀ। ਜਦੋਂ ਪੰਜਾਬ ਵਿੱਚ ਉਦਾਸ ਹਨੇਰੀ ਝੁੱਲ ਰਹੀ ਸੀ ਤਾਂ ਉਹਨਾਂ ਦੇ ਟਰੱਕ ਬਿਹਾਰ ਵਿੱਚ ਫੜੇ ਗਏ। ਟਰੱਕਾਂ ਨੂੰ ਸਮੇਤ ਸਾਮਾਨ ਅੱਗ ਲਾ ਦਿੱਤੀ ਗਈ। ਉਸ ਨੇ ਮਸਾਂ ਭੱਜ ਕੇ ਜਾਨ ਬਚਾਈ। ਇੱਕ ਹਫ਼ਤੇ ਦੀ ਲੁਕਣ ਮੀਟੀ ਖੇਡਦਾ ਬਚਦਾ ਬਚਾਉਂਦਾ ਉਹ ਘਰ ਪਰਤਿਆਂ ਤਾਂ ਦੇਖਿਆ ਉਸ ਦੇ ਘਰ ਦੇ ਦਰਵਾਜ਼ੇ ਉੱਪਰ ਜਿੰਦਰਾ ਲਮਕ ਰਿਹਾ ਸੀ। ਉਸ ਦੀ ਮਾਂ ਆਪਣੇ ਪੁੱਤਰ ਦੀ ਉਡੀਕ ਕਰਦੀ ਕਰਦੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ। ਭਰਾ ਇੱਕਠੇ ਹੋ ਕੇ ਮਾਂ ਦੇ ਫੁੱਲ ਤਾਰਨ ਗਏ ਹੋਏ ਸੀ।
ਮਾਂ ਦੇ ਮਰਨ ਦੀ ਖ਼ਬਰ ਸੁਣ ਕੇ ਕਿੰਨੀ ਦੇਰ ਉਹ ਦਰਵਾਜ਼ੇ ਦੇ ਬਾਹਰ ਬੈਠਾ ਰੋਂਦਾ ਰਿਹਾ। ਦੇਰ ਰਾਤ ਤੱਕ ਜਦੋਂ ਕੋਈ ਨਾ ਪਰਤਿਆ ਤਾਂ ਉਹ ਸ਼ਹਿਰ ਵੱਲ ਤੁਰ ਪਿਆ। ਬਾਊ ਰਾਜ ਨੂੰ ਮਿਲਨਾ ਵੀ ਬਹੁਤ ਜ਼ਰੁਰੀ ਸੀ। ਆਖ਼ਰ ਉਸੇ ਦਾ ਟਰੱਕ ਲੈ ਕੇ ਹੀ ਤਾਂ ਉਹ ਗਿਆ ਸੀ। ਅੱਗ ਬਾਊ ਤੇ ਉਸ ਦੇ ਚਾਰ ਪੰਜ ਦੋਸਤ ਬੈਠ ਕ ਵਿੱਚ ਬੈਠੇ ਸ਼ਰਾਬ ਪੀ ਰਹੇ ਸਨ। ਇੱਕ ਬੋਤਲ ਉਹਨਾਂ ਖ਼ਤਮ ਕਰ ਲਈ ਸੀ। ਮੇਜ਼ ਦੇ ਇੱਧਰ ਉਧਰ ਮੀਟ ਦੇ ਟੁਕੜੇ ਖਿੱਲਰੇ ਹੋਏ ਸਨ।
‘ਆ ਬਈ, ਉਹ ਇਹ ਤਾਂ ਬਿੰਦਰ ਹੈ, ਤੂੰ ਕਿੱਥੋਂ ਆ ਗਿਐਂ। ਤੇ ਗੱਡੀ ਕਿਵੇਂ ਐ?’ ਬਾਊ ਨੇ ਕਿੰਨੇ ਸਾਰੇ ਪ੍ਰਸ਼ਨ ਚਿੰਨ੍ਹ ਖੜੇ ਕਰ ਦਿੱਤੇ।
‘ਨਹੀਂ, ਆ ਇੱਥੇ ਬੈਠ, ਦਾਰੂ ਪੀ, ਤੂੰ ਆ ਗਿਐਂ ਬਹੁਤ ਹੈ। ਬੜੀ ਖ਼ੁਸ਼ੀ ਹੈ ਆਪਾਂ ਨੂੰ, ਬਾਊ ਰਾਜ ਤਾਂ ਓਦਾਂ ਹੀ ਮਰਨ ਵਾਲ਼ਾ ਹੋਇਆ ਪਿਆ ਸੀ।’ ਬਾਊ ਦਾ ਦੋਸਤ ਬੋਲਿਆ।
‘ਹੋਰ ਕੀ, ਸਾਨੂੰ ਤਾਂ ਡਰ ਸੀ ਕਿਤੇ ਦਿਲ ਦਾ ਦੌਰਾ ਹੀ ਨਾ ਪੈ ਜਾਵੇ। ਬੜੇ ਕਮਜ਼ੋਰ ਦਿਲ ਦਾ ਮਾਲਕ ਹੈ ਆਪਣਾ ਰਾਜ, ਓਦਾਂ ਭਾਂਵੇ ਇਸ ਦੇ ਟਰੱਕ ਚਲਦੇ ਨੇ।’ ਦੂਜਾ ਦੋਸਤ ਖਿੜ ਖਿੜ ਹੱਸਿਆ।
‘ਨਾ ਏਹਦੇ ਵਿੱਚ ਹੱਸਣ ਵਾਲੀ ਕੀ ਗੱਲ ਹੈ? ਬਿੰਦਰ ਆ ਗਿਐ, ਠੀਕ ਠਾਕ, ਚੰਗੀ ਗੱਲ ਹੈ, ਤੂੰ ਦਾਰੂ ਪਾ ਆਪਣੇ ਗਲਾਸ ਵਿੱਚ ਤੇ ਬਹਿ ਕੇ ਮੀਟ ਖਾਹ। ਆਪਾਂ ਨਹੀਂ ਮੰਨਦੇ ਕਿਸੇ ਵੀ ਗੱਲ ਦਾ ਹੇਰਵਾ।’ ਬਾਊ ਦੀ ਅਵਾਜ਼ ਵੀ ਟਣਕਵੀਂ ਸੀ।
ਉਸ ਦੇ ਨਾਂਹ ਨੁੱਕਰ ਕਰਦੇ ਕਰਦੇ ਇੱਕ ਗਲਾਸ ਬਿੰਦਰ ਲਈ ਵੀ ਆ ਗਿਆ। ਬਾਊ ਨੂੰ ਉਹ ਨਾਂਹ ਨਹੀਂ ਸੀ ਕਰ ਸਕਦਾ। ਉਸ ਦਾ ਆਪਣਾ ਦਿਲ ਵੀ ਭਰਿਆ ਪਿਆ ਸੀ। ਮਾਂ ਦਾ ਸਦਮਾ ਹਾਲੇ ਉਸ ਲਈ ਤਾਜ਼ਾ ਸੀ।
ਦਾਰੂ ਦੇ ਅੰਦਰ ਜਾਂਦਿਆਂ ਹੀ ਉਸ ਨੂੰ ਮਾਂ ਦਾ ਚਿਹਰਾ ਦਿਖਾਈ ਦੇਣ ਲਗ ਪਿਆ। ਉਸ ਦਾ ਰੋਣ ਨਿਕਲ ਗਿਐ। ਉਹ ਰੋਣ ਲੱਗ ਪਿਆ। ਬਾਊ ਦੇ ਦੋਸਤ ਪੁੱਛਣ ਕਿ ਕੀ ਹੋਇਆ ਹੈ, ਉਸ ਕੋਲੋਂ ਰੋਂਦੇ ਤੋਂ ਦੱਸਿਆ ਨਾ ਜਾਵੇ।
‘ਉਹ ਸਿਰ ਸੁੱਟ ਕੇ ਰੋਣ ਲੱਗ ਪਿਆ। ਬਾਊ ਦੇ ਦੋਸਤਾਂ ਨੇ ਉਸ ਨੂੰ ਬੁੱਕਲ ਵਿਚ ਲੈ ਲਿਆ, ਚੁੱਪ ਕਰਾਇਆ। ਗੱਲ ਖੁੱਲ੍ਹੀ ਤਾਂ ਬੜਾ ਅਫ਼ਸਸ ਹੋਇਆ ਸਾਰਿਆਂ ਨੂੰ।
‘ਬਾਈ ਮਾਂਵਾਂ ਤਾਂ ਵਾਕਿਆ ਹੀ ਠੰਡੀਆਂ ਛਾਂਵਾਂ ਹੁੰਦੀਆਂ ਹਨ। ਮਾਂ ਹੁੰਦੀ ਏ ਮਾਂ ਵੇ ਦੁਨੀਆ ਵਾਲਿਓ...।’ ਨਸ਼ੇ ਦੇ ਲੋਰ ਵਿੱਚ ਬਾਊ ਰਾਜ਼ ਦਾ ਉਹ ਦੋਸਤ ਗਾਉਣ ਲੱਗ ਪਿਆ। ਕੁਲਦੀਪ ਮਾਣਕ ਦੇ ਸਟਾਈਲ ਵਿੱਚ, ਉਹ ੳਾਪਣੀਆ ਉਂਗਲੀਆ ਨਾਲ਼ ਤੂੰਬੀ ਵਜਾਉਣ ਦਾ ਐਕਸ਼ਨ ਕਰ ਰਿਹਾ ਸੀ।
‘ਉਏ ਮਾਂ ਵਰਗਾ ਰਿਸ਼ਤਾ ਕਿਤੇ ਲੱਭਣਾ ਬੰਦੇ ਨੂੰ। ਇਹ ਤਾਂ ਦੁਨੀਆਂ ਵਿੱਚ ਦੁਬਾਰਾ ਜੰਮ ਕੇ ਹੀ ਨਸੀਬ ਹੁੰਦਾ ਹੈ।’ ਦੂਜਾ ਦੋਸਤ ਬੋਲਿਆ।
‘ਬਈ ਬੜਾ ਅਫ਼ਸੋਸ ਹੋਇਆ ਸੁਣ ਕੇ। ਬੜਾ ਮਾੜਾ ਹੋਇਆ। ਤੂੰ ਤੇ ਸੀ ਵੀ ਆਪਣੀ ਮਾਂ ਨਾਲ, ਪਿੱਛੋਂ ਘਰ ਖੁੱਲ੍ਹਾ ਰਹਿੰਦਾ ਸੀ। ਹੁਣ ਤੇ ਤਾਲ਼ਾ ਲੱਗ ਗਿਆ। ਨਾਲੇ ਭਰਾਵਾਂ ਨਾਲ ਵੀ ਉਦੋਂ ਤੱਕ ਹੀ ਨਿਭਦੀ ਹੈ ਜਦੋਂ ਤੱਕ ਮਾਂ ਜੀਉਂਦੀ ਹੋਵੇ। ਬਾਅਦ ਵਿੱਚ ਤਾਂ ਭਰਾ ਵੀ .... ਬੱਸ। ਛੱਲ ਛੱਡ ਤੂੰ ਆਰਾਮ ਨਾਲ਼ ਬੈਠ।’ ਬਾਊ ਰਾਜ਼ ਨੇ ਕਿਹਾ। ਉਸ ਦੇ ਖ਼ਾਲੀ ਗਲਾਸ ਵਿੱਚ ਬਾਊ ਨੇ ਹੋਰ ਦਾਰੂ ਪਾ ਦਿੱਤੀ।
‘ਘਰੋਂ ਬੇਘਰ ਹੋ ਗਏ ਬਾਈ ਸਿੰਹਾਂ!’ ਬਾਊ ਦਾ ਨਸ਼ੇੜੀ ਦੋਸਤ ਉਸ ਦੇ ਗੱਲ ਲੱਗ ਕੇ ਰੋਣ ਪਿਆ।
‘ਕੋਈ ਨਹੀਂ, ਆਪਾਂ ਮਰ ਗਏ ਹਾਂ? ਬਾਊ ਰਾਜ਼ ਦੇ ਹੁੰਦੇ ਹੋਏ ਤੈਨੂੰ ਕੋਈ ਫ਼ਿਕਰ ਨਹੀਂ। ਮੇਰਾ ਘਰ ਤੇਰਾ ਆਪਣਾ ਹੈ। ਇਹ ਸ਼ਹਿਰ ਵੀ ਆਪਣਾ ਹੈ। ਤੂੰ ਚਿੰਤਾ ਨਾ ਕਰ।’ ਬਾਊ ਰਾਜ਼ ਨੇ ਉਸ ਦਾ ਹੋਂਸਲਾ ਵਧਾਇਆ।
ਦਾਰੂ ਪੀ ਕੇ ਉਸ ਦੀ ਭੁੱਖ ਚਮਕ ਪਈ। ਉਸ ਨੇ ਡੋਂਗੇ ਚੋਂ ਚੁੱਕ ਕੇ ਮੀਟ ਖਾਣਾ ਸ਼ੁਰੂ ਕਰ ਦਿੱਤਾ। ਬਾਊ ਨਾਲ ਉਸ ਦੀ ਚਿਰੋਕਣੀ ਯਾਰੀ ਸੀ। ਜਦੋਂ ਸੀਮਿੰਟ ਦੀ ਕਿੱਲਤ ਸੀ ਤਾਂ ਉਹ ਰਾਤੋ ਰਾਤ ਰਾਜਸਥਾਨ ਚੋਂ ਸੀਮਿੰਟ ਦੀ ਗੱਡੀ ਗੁਦਾਮ ਵਿੱਚ ਪੁਚਾ ਦਿੰਦਾ ਸੀ। ਮੀਟ ਖਾਂਦਿਆਂ ਉਸ ਨੇ ਛੱਤ ਵੱਲ ਦੇਖਿਆ। ਉਹ ਬਿਲਕੁਲ ਸੁਰਖਿਅਤ ਸੀ। ਬਾਹਰ ਬਾਰਸ਼ ੋ ਰਹੀ ਸੀ। ਹੀਟਰ ਦਾ ਨਿੱਘ ਚੰਗਾ ਲੱਗ ਰਿਹਾ ਸੀ।
‘ਬਾਈ ਬਿੰਦਰ ਇੱਕ ਗੱਲ ਤਾਂ ਪੁੱਛਣੋਂ ਹੀ ਰਹਿ ਗਏ। ਉਹ ਮਾਲ਼ ਤਾਂ ਠੀਕ ਠਾਕ ਪਹੁੰਚ ਗਿਆ ਸੀ?
‘ਬਾਊ ਜੀ ਤੁਹਾਨੂੰ ਨਹੀਂ ਪਤਾ, ਆਪਣੀ ਗੱਡੀ ਤਾਂ ਰਾਂਚੀ ਨਹੀਂ ਸੀ ਟੱਪੀ । ਬੱਸ ਉਰੇ ਹੀ ਲੁੱਟ ਲਈ ਸੀ। ਪਹਿਲਾਂ ਚੌਲ ਲਾਹ ਲਿਆ ਫਿਰ ਸਾਲੇ ਬਿਹਾਰੀਆਂ ਨੇ ਰਲ਼ ਕੇ ਫ਼ੂਕ ਦਿੱਤੀ। ਮੈਂ ਤ ਮਸਾਂ ਜਾਨ ਬਚਾ ਕੇ ਆਇਆਂ। ਕਈ ਦਿਨ ਲਕ ਲੁਕਾ ਕੇ। ਤੇ ਇੱਥੇ ਆ ਕੇ ਪਤਾ ਲੱਗਿਆ, ਮਾਂ ਪੂਰੀ ਹੋ ਗਈ।’
‘ਉਏ ਫਿਰ ਏਥੇ ਕੀ ਕਰਨ ਆਇਐਂ। ਤੂੰ ਪਹਿਲਾਂ ਕਿਉਂ ਨਹੀਂ ਦੱਸਿਆ। ਗੱਡੀ ਸੜਵਾ ਲਈ ਸਾਲਿਆਂ ਤੋਂ। ਤੂੰ ਆਪ ਕਿਉਂ ਨਾ ਸੜਿਆ ਗੱਡੀ ਨਾਲ਼।’ ਬਾਊ ਰਾਜ਼ ਗਰਮ ਹੋ ਰਿਹਾ ਸੀ।
‘ਬਾਊ ਜੀ.....’ ਉਸ ਨੇ ਕੁਝ ਕਹਿਣਾ ਚਾਹਿਆ।
‘ਚੁੱਪ ਰਹਿ ਸਾਲਾ ਮਾਂ ਦਾ ਰੋ ਰੋ ਦਿਖਾਨਾ। ਤੇਰੀ ਮਾਂ ਤੋਂ ਅਸੀਂ ਕੀ ਲੈਣਾ ਮੇਰਾ ਤਾਂ ਦੋ ਲੱਖ ਰੋੜ ਦਿੱਤਾ ਹੀ। ਸ਼ੈਲਰ ਵਾਲਿਆਂ ਜਾਨ ਖਾ ਜਾਣੀ ਹੈ ਮੇਰੀ। ਦਫ਼ਾ ਹੋ ਜਾ, ਚੱਲ ਕਿਤੇ ਹੋਰ ਜਾ ਰੋ ਕੇ ਆਪਣੀ ਮਾਂ ਨੂੰ।
‘ਚੰਗਾ ਬਾਊ ਜੀ....’ ਤੇ ਉਹ ਪਰਨਾ ਚੁੱਕ ਕੇ ਤੁਰ ਪਿਆ।
ਮਾਂ ਤੇ ਸੱਚ ਮੁਚ ਮਰ ਗਈ ਸੀ।
ਕਿਸ ਦੀ? ਪਤਾ ਨਹੀਂ।
No comments:
Post a Comment