Tuesday, February 22, 2011

ਗ਼ਜ਼ਲ

ਘਰ ਦੀਆਂ ਕੰਧਾਂ ਸੀ ਭਾਵੇਂ ਲੜਦੀਆਂ।
ਮੁਸ਼ਕਲਾਂ ਵਿੱਚ ਆ ਕੇ ਸਾਹਵੇਂ ਖੜਦੀਆਂ।
ਜਾਣ ਕੇ ਮੇਰੀ ਕਹਾਣੀ ਰੋਂਦੀਆਂ,
ਮੇਰੀ ਖਾਮੋਸ਼ੀ ਚੋਂ ਸੱਭ ਕੁਝ ਪੜ੍ਹਦੀਆਂ।
ਜੇ ਕਦੀ ਮੈਂ ਘਰ ਨਾ ਪਰਤਾਂ ਰਾਤ ਭਰ
ਇਹ ਮੇਰੇ ਰਾਹਵਾਂ ਚੋਂ ਪੈੜਾਂ ਫੜਦੀਆਂ।
ਹਸਦੀਆਂ ਤੇ ਰੋਂਦੀਆਂ ਮੇਰੇ ਲਈ
ਮੇਰੇ ਲਈ ਬਿਰਹਾ ਦੀ ਅੱਗ ਵਿੱਚ ਸੜਦੀਆਂ।


ਗ਼ਜ਼ਲ

ਕੀ ਭਰੋਸਾ ਦੱਸ ਹੈ ਤੇਰੇ ਸ਼ਹਿਰ ਦਾ।
ਉੱਡਿਆ ਪੰਛੀ ਨਾ ਇੱਥੇ ਠਹਿਰਦਾ।
ਰੂਹ ਤੀਕਰ ਉਹ ਵੀ ਸਾਰਾ ਮਰ ਗਿਆ
ਚੱਲ ਗਿਆ ਜਾਦੂ ਸੀ ਤੇਰੀ ਜ਼ਹਿਰ ਦਾ।
ਇੱਕ ਮੁਸਾਫ਼ਰ ਲੱਭ ਰਿਹਾ ਕੋਈ ਸਰਾਂ,
ਬੇਘਰੇ ਲੋਕਾਂ ‘ਚ ਕਿੱਥੇ ਠਹਿਰਦਾ।
ਸ਼ਿਅਰ ਜੋ ਬਲਦੇ ਰਹੇ ਤੇ ਨਾ ਬੁਝੇ,
ਤੇਲ ਹੈ ਦੀਵੇ ਚ’ ਤੇਰੀ ਬਹਿਰ ਦਾ।
ਜੀ ਕਰੇ ਤਾਂ ਪਾਲਦੇ ਹੋਂ ਪੋਸਦੇ,
ਜੀ ਕਰੇ ਦੇਵੋਂ ਪਿਆਲਾ ਜ਼ਹਿਰ ਦਾ।
ਮਿਟ ਗਏ ਸੱਭ ਰੇਤ ਦੇ ਘਰ ਦੀ ਤਰ੍ਹਾਂ
ਰਹਿ ਗਿਆ ਚੇਤਾ ਤੂਫਾਨੀ ਲਹਿਰ ਦਾ।
________________________________________


ਗੀਤ

ਗੀਤਾਂ ਦੀ ਪਟਾਰੀ ਵਿੱਚੋਂ ਗੀਤ ਕੋਈ ਛੋਹ ਲਿਆ।
ਮਾਹੀਏ ਦੀ ਯਾਦ ਆਈ ‘ਕੱਲੇ ਬਹਿ ਕੇ ਰੋ ਲਿਆ।
ਕਿੰਨੀ ਸੀ ਉਡੀਕ ਤੇਰੀ ਤੂੰ ਨਾ ਆਇਓਂ ਢੋਲਣਾ
ਅੱਖੀਆਂ ਨੂੰ ਚਾਅ ਜਿਹਾ ਬੂਹਾ ਜਾ ਕੇ ਖੋਲ੍ਹਣਾ।
ਸਾਰੀ ਰਾਤ ਤਾਰਿਆਂ ਦੇ ਨਾਲ ਦੁੱਖ ਫੋਲਿਆ।
ਮਾਹੀਏ ਦੀ ਯਾਦ ਆਈ …………………
ਰੋਂਦੀਆਂ ਨੇ ਪੂਣੀਆਂ ਤੇ ਚਰਖੇ ਦੀ ਹੂਕ ਨੀ,
ਤਾਰ ਤਾਰ ਹੋਈ ਜਾਵੇਂ ਕਾਲਜੇ ਦੀ ਹੂਕ ਨੀ।
ਸਾਉਣ ਦਾ ਮਹੀਨਾ ਅਸਾਂ ਹੰਝੂਆਂ ‘ਚ ਰੋਲਿਆ।
ਮਾਹੀਏ ਦੀ ਯਾਦ ਆਈ …………………
ਚਾਟੀ ਤੇ ਮਧਾਣੀ  ਮੈਨੂੰ ਬਾਰ ਬਾਰ ਪੁੱਛਦੇ
ਗੁੱਝਾ ਗੁੱਝਾ ਹੱਸਦੇ ਤੇ ਝੂਠ ਮੂਠ ਰੁੱਸਦੇ।
ਸਾਰਾ ਦੁੱਖ ਸਹਿ ਕੇ ਮੂੰਹੋਂ ਕੁਝ ਵੀ ਨਾ ਬੋਲਿਆ।
ਮਾਹੀਏ ਦੀ ਯਾਦ ਆਈ ………………।


ਗ਼ਜ਼ਲ

ਇਹ ਤੇਰਾ ਸ਼ਹਿਰ ਮੇਰੇ ਪੈਰ ਦੀ ਜ਼ੰਜੀਰ ਨਾ ਬਣਿਆ।
ਨਿਰੀ ਤਸਵੀਰ ਹੀ ਬਣਿਆ ਮੇਰੀ ਤਕਦੀਰ ਨਾ ਬਣਿਆ।
ਜੋ ਉੱਡਣਾ ਜਾਣਦੇ ਸਨ ਸੜ ਗਏ ਸਭ ਸ਼ਹਿਰ ਵਿੱਚ ਬਲ ਕੇ
ਪਰਿੰਦੇ ਵਾਸਤੇ ਉੱਡਣਾ ਉਹਦੀ ਤਦਬੀਰ ਨਾ ਬਣਿਆ।
ਰਹੇ ਸੁਪਨੇ ਬੜੇ ਰੁਲਦੇ ਨੇ ਦੇਖੇ ਤੇਰੇ ਕਦਮਾਂ ਵਿੱਚ
ਕੋਈ ਸੁਪਨਾ ਵੀ ਮੇਰੇ ਵਾਸਤੇ ਤਕਦੀਰ ਨਾ ਬਣਿਆ।
ਨਾ ਮੈਨੂੰ ਰੋਕ ਸਕਿਆ ਸ਼ਹਿਰ ਇਹ ਨਾ ਮੋਹ ਜਿਹਾ ਕੀਤਾ
ਮੇਰੇ ਖਾਬਾਂ ਦੀ ਬੇੜੀ ਵਾਸਤੇ  ਇਹ ਨੀਰ ਨਾ ਬਣਿਆ।
ਤਲਿੱਸਮ ਤੋੜ ਦਿੰਦਾ, ਬਦਲ ਦਿੰਦਾ ਨਕਸ਼ ਸੱਭ ਇਸਦੇ
ਮੇਰੇ ਹੱਥਾਂ ਚ’ ਆ ਕੇ ਸ਼ਹਿਰ ਇਹ ਸ਼ਮਸ਼ੀਰ ਨਾ ਬਣਿਆ।
________________________________________



ਸ਼ੁਪਨੇ
ਸੁਪਨੇ ਮੈਨੂੰ ਢੂੰਡ ਰਹੇ ਸਨ,
ਰਾਤ ਸਿਰਹਾਣੇ ਆ ਕੇ ਬਹਿੰਦੇ
ਹਰ ਦਿਨ ਨਵੀਂ ਕਹਾਣੀ ਕਹਿੰਦੇ
ਰੀਝਾਂ ਬੀਜਣ
ਚਾਅਵਾਂ ਦਾ ਇੱਕ ਛੱਟਾ ਦੇਵਣ
ਹਰ ਦਿਨ ਮੇਰਾ ਭਰ ਦਿੰਦੇ ਸਨ
ਨਵਾਂ ਨਰੋਆ ਕਰ ਦਿੰਦੇ ਸਨ।
ਤੇਰੇ ਮੇਰੇ ਸੁਪਨੇ ਸਾਂਝੇ
ਤੂੰ ਵੀ ਦੇਖੇਂ
ਮੈਂ ਵੀ ਦੇਖਾਂ
ਤੂੰ ਮੇਰੀਆਂ ਅੱਖਾਂ ਵਿੱਚ ਦੇਖੇ
ਮੈਂ ਤੇਰੇ ਨੈਣਾਂ ਵਿੱਚ ਲੱਭਾਂ
ਮੇਰੇ ਸੁਪਨੇ,
ਤੇਰੇ ਸੁਪਨੇ।
ਤੂੰ ਜੋ ਸੁਪਨੇ ਦੇਖ ਰਹੀ ਸੀ,
ਮੇਰੇ ਮੋਢੇ ਤੇ ਸਿਰ ਧਰ ਕੇ
ਤੇ ਗੋਡੇ ਤੇ ਠੋਡੀ ਧਰ ਕੇ
ਉਹ ਸੁਪਨੇ ਸਨ
ਤੇਰੀਆਂ ਨੀਲੀਆਂ ਅੱਖਾਂ ਵਰਗੇ
ਸੋਨ ਸੁਨਹਿਰੀ ਜ਼ੁਲਫਾਂ ਵਰਗੇ
ਤੇ ਜ਼ੁਲਫਾਂ ਚੋਂ ਝਰਦੇ ਮੋਤੀ
ਜਾਂ ਫੁਲਾਂ ਦੇ ਚਿਹਰੇ ਉਪਰ
ਤਰੇਲ ਦੇ ਮੋਤੀ।
ਉਹ ਸਾਰੇ ਦੇ ਸਾਰੇ ਸੁਪਨੇ
ਜਦ ਹੱਸਦੇ ਸਨ,
ਫੁੱਲ ਝੜਦੇ ਸਨ
ਸੱਭ ਵਿੱਚ ਇੱਕ ਸ਼ਰਾਰਤ ਗੁੱਝੀ
ਮੈਂ ਫੜਦਾ ਸਾਂ
ਹੱਥ ਨਾ ਆਉਦੇ
ਮੈਂ ਭੱਜਦਾ ਉਹ ਉੱਡ ਪੁਡ ਜਾਂਦੇ
ਜਾਂ ਹੱਥਾਂ ਵਿੱਚ ਹੀ ਖਿੰਡ ਜਾਂਦੇ
ਉਹ ਸੁਪਨੇ
ਤੂੰ ਦੇਖ ਰਹੀ ਸੈਂ
ਤਾਰਿਆਂ ਵਰਗੇ
ਝਿਲਮਿਲ ਕਰਦੇ
ਦੂਰ ਦੁਰਾਡੇ ਸੁਪਨੇ ਮੇਰੇ
ਨੇੜੇ ਨੇੜੇ ਜਾਪ ਰਹੇ ਸਨ
ਬਾਲਾਂ ਦੀ ਕਿਲਕਾਰੀ ਵਰਗੇ
ਗੋਰੀ ਦੀ ਫੁਲਕਾਰੀ ਵਰਗੇ
ਫੁੱਲਾਂ ਭਰੀ ਕਿਆਰੀ ਵਰਗੇ
ਉਹ ਸੁਪਨੇ
ਮੈਂ ਪਾਲ ਰਿਹਾਂ ਸਾਂ
ਇੱਕ ਇੱਕ ਕਰਕੇ ਸਾਂਭ ਰਿਹਾ ਸਾਂ
ਆਈ ਨ੍ਹੇਰੀ ਕਾਲੀ ਬੋਲੀ
ਸਾਰੇ ਸੁਪਨੇ ਬਿਖਰ ਗਏ ਹਨ
ਰੀਝਾਂ ਦੇ ਰੁੱਖ ਉਜੜ ਗਏ ਹਨ
ਖਾਲੀ ਖਾਲੀ ਝਾਕ ਰਹੇ ਹਾਂ
ਖਾਲੀ ਖਾਲੀ ਜੂਝ ਰਹੇ ਹਾਂ
ਮੈਂ ਸੁਪਨੇ ਨੂੰ ਢੂੰਡ ਰਿਹਾਂ ਹਾਂ
ਪਰ ਹੁਣ ਸੁਪਨਾ ਹੱਥ ਨਾ ਆਵੇ
ਪਰ ਹੁਣ ਸੁਪਨਾ ਹੱਥ ਨਾ ਆਵੇ।

________________________________________

ਜਾਦੂਗਰ

ਇੱਕ ਜਾਦੂਗਰ ਐਸਾ ਆਇਆ,
ਸੱਭ ਕੁਝ ਉਲਟਾ ਕਰ ਦਿਖਲਾਇਆ,
ਉਲਟੀ ਧਰਤੀ ਉਲਟਾ ਅੰਬਰ
ਉਲੱਟੇ ਪਰਬਤ
ਉਲਟੇ ਪੱਥਰ
ਰੁੱਖਾਂ ਨੂੰ ਉਲਟਾ ਲਟਕਾਇਆ।
ਸੂਰਜ ਠੰਡਾ, ਸੇਕ ਚੰਨ ਦਾ,
ਤਾਰੇ ਟੰਗੇ ਵਿੱਚ ਸਮੁੰਦਰ
ਜੋ ਜਾਦੂਗਰ ਬੋਲੀ ਜਾਵੇ
ਉਹ ਸਾਰੇ ਹੀ ਬੋਲੀ ਜਾਵਣ
ਉਹ ਆਖੇ ਤਾਂ ਦਿਨ ਚੜ੍ਹ ਜਾਵੇ
ਉਹ ਆਖੇ ਤਾਂ ਪੀਵਣ ਖਾਵਣ
ਉਹ ਆਖੇ ਤਾਂ ਸੱਚ ਲਗਦਾ ਹੈ
ਬਾਕੀ ਸੱਭ ਕੁਝ ਝੂਠ ਜਾਪਦੈ
ਗਰੰਥ ਬਦਲ ਗਏ
ਵੇਦ ਬਦਲ ਗਏ
ਸਾਰੇ ਵੇਦ ਕਤੇਬ ਬਦਲ ਗਏ
ਸੱਭ ਕੁਝ ਉਸਦੀ ਹੀ ਰਹਿਮਤ ਹੈ
ਹਰ ਕੋਈ ਉਸ ਨਾਲ ਬੱਸ ਸਹਿਮਤ ਹੈ
ਉਹ ਆਖੇ ਤਾਂ ਰੱਬ ਦਿਸਦਾ ਹੈ
ਉਹ ਆਖੇ ਤਾਂ ਸੱਭ ਦਿਸਦਾ ਹੈ
ਐਸਾ ਸੱਭ ਤੇ ਜਾਦੂ ਪਾਇਆ,
ਇਹ ਜਾਦੂਗਰ ਕੈਸਾ ਆਇਆ।
ਨਾ ਐਸਾ ਹੈ ਨਾ ਇਹ ਵੈਸਾ
ਇਸ ਦਾ ਜਾਦੂ ਤਾਂ ਬੱਸ ਪੈਸਾ,
ਸਾਰੇ ਰਿਸ਼ਤੇ ਬਦਲ ਗਏ ਨੇ
ਇੱਕੋ ਰਿਸ਼ਤਾ ਜਦ ਸਮਝਾਇਆ।
ਹਰ ਪਾਸੇ ਸਰਕਾਰ ਏਸਦੀ
ਹਰ ਗੱਲ ਹੈ ਦਰਕਾਰ ਏਸਦੀ
ਹਰ ਨਾਚੀ ਫਨਕਾਰ ਏਸਦੀ
ਜੋ ਦਿਖਲਾਵੇ ਸੱਭ ਦਿਸਦਾ ਹੈ
ਜੋ ਸਮਝਾਵੇ ਸੱਭ ਸਿੱਖਦਾ ਹੈ
ਇਸ ਨੇ ਸੱਭ ਤੇ ਜਾਦੂ ਪਾਇਆ
ਇੱਕ ਜਾਦੂਗਰ ਐਸਾ ਆਇਆ।
ਜਦ ਚਾਹੇ ਸਰਕਾਰ ਬਦਲ ਦਏ।
ਜਦ ਚਾਹੇ ਅਖ਼ਬਾਰ ਬਦਲ ਦਏ
ਜੋ ਚਾਹੇ ਇਸ ਨੇ ਛਪਵਾਇਆ,
ਜੋ ਚਾਹੇ ਇਸ ਨੇ ਸਮਝਾਇਆ
ਜੋ ਚਾਹੇ ਇਸ ਨੇ ਦਿਖਲਾਇਆ
ਹਰ ਕੋਈ ਬੋਲੇ ਇਸ ਦੀ ਬੋਲੀ
ਕੱਲ ਦੀ ਰਾਣੀ ਇਸ ਦੀ ਗੋਲੀ
ਹਰ ਕੋਈ ਲੱਭਦਾ ਇਸ ਦੀ ਟੋਲੀ
ਇਸ ਨੇ ਹਰ ਇੱਕ ਇੱਜ਼ਤ ਰੋਲੀ
ਸੱਭ ਦੇ ਉਪਰ ਕਾਠੀ ਪਾਵੇ
ਹਰ ਥਾਂ ਇਹ ਹਾਕਮ ਬਣ ਜਾਵੇ
ਹੱਥਾਂ ਚੋ’ ਰੋਟੀ ਲੈ ਜਾਵੇ
ਬੁੱਢੇ ਤੋਂ ਸੋਟੀ ਲੈ ਜਾਵੇ
ਜਿਸ ਥਾਂ ਚਾਹਵੇ
ਦਾਅ ਲਗਾਵੇ
ਪਿੰਜਰ ਚੋਂ ਬੋਟੀ ਲੈ ਜਾਵੇ।
ਸੱਭ ਨੂੰ ਇਹ ਗ਼ੁਲਾਮ ਕਰ ਗਿਆ
ਜਾਦੂ ਇਹ ਸ਼ਰੇ ਆਮ ਕਰ ਗਿਆ।
ਇਹ ਜਾਦੂਗਰ ਕੈਸਾ ਆਇਆ।
ਇਸ ਨੇ ਕੈਸਾ ਜਾਦੂ ਪਾਇਆ।

ਗ਼ਜ਼ਲ

ਦਿਲਾਸਾ ਦੇਣ ਵਾਲੇ ਰੋ ਰਹੇ ਨੇ।
ਕਿਹੋ ਜਹੇ ਹਾਦਸੇ ਇਹ ਹੋ ਰਹੇ ਨੇ।
ਅਜੇ ਵੀ ਤੈਰਦੀ ਹੈ ਮੁਸਕਰਾਹਟ
ਤੇ ਹੰਝੂ ਅੱਖੀਆਂ ਤੋਂ ਚੋ ਰਹੇ ਨੇ।
ਨਹੀਂ ਭੁੱਲੇਗੀ ਉਸਦੀ ਬੇਵਫਾਈ
ਵਫ਼ਾਦਾਰੀ ਦੇ ਚਿਹਰੇ ਜੋ ਰਹੇ ਨੇ।
ਨਾ ਛੇੜੋ, ਨਾ ਜਗਾਓ ਦਰਦ ਮੇਰੇ
ਜ਼ਖ਼ਮ ਅੱਲ੍ਹੜ ਵਿਚਾਰੇ ਸੌਂ ਰਹੇ ਨੇ।


ਯਾਦ ਹੈ

ਗੁਰਦੀਪ ਸਿੰਘ
ਯਾਦ ਹੈ
ਮੈਨੂੰ ਤੇਰਾ
ਮੁੜ ਮੁੜ ਕੇ ਮੈਨੂੰ ਵੇਖਣਾ
ਤੱਕਣਾ ਹੌਲੀ ਜਿਹੀ
ਫਿਰ ਮੁਸਕਰਾ ਕੇ
ਨੀਵੀਂ ਪਾਉਣਾ
ਸਿਮਟ ਜਾਣਾ
ਇੱਕ ਬਿੰਦੂ ਦੀ ਤਰ੍ਹਾਂ-
ਨਜ਼ਰਾਂ ਉਠਾਉਣਾ
ਫੈਲ ਜਾਣਾ
ਦੂਰ ਤੱਕ
ਉਤਰ ਜਾਣਾ
ਮੇਰੇ ਅੰਦਰ
ਸਿਰ ਝੁਕਾ ਕੇ ਬੈਠ ਰਹਿਣਾ
ਰੱਖ ਕੇ ਠੋਡੀ ‘ਤੇ ਚੀਚੀ
ਸੋਚਣਾ, ਤੇ ਮੁਸਕਰਾੳਣਾ
ਜਾਂ
ਕੰਨ ਦੇ ਪਿੱਛੇ ਕਿਸੇ
ਵਾਲਾਂ ਦੀ ਲਿੱਟ ਨੂੰ ਛੇੜਣਾ
ਜਾਂ
ਰੇਤ ਉਪਰ
ਕੁਝ ਕੁ ਲਿਖਣਾ
ਫਿਰ ਮਿਟਾਉਣਾ
ਫੇਰ ਲਿਖਣਾ
ਫਿਰ ਕਿਸੇ ਦਾ ਇੱਕ ਹਲੂਣਾ
ਹਾਸਿਆਂ ਦੇ ਵਿੱਚ ਰਲ ਜਾਣਾ ਤੇਰਾ
ਯਾਦ ਹੈ
ਮੈਨੂੰ ਤੇਰਾ
ਉਹ ਮੁਸਕਰਾਉਣਾ
ਕੁਝ ਨਾ ਕਹਿਣਾ
ਚੁੱਪ ਰਹਿਣਾ
ਨੀਵੀਂ ਪਾ ਕੇ ਲੰਘ ਜਾਣਾ
ਮੁੜ ਕੇ ਤੱਕਣਾ
ਪੈਰ ਦੀ ਝਾਂਜਰ ਨੂੰ ਛੋਹਣਾ
ਮੇਰਾ ਰੁਕਣਾ
ਤੇਰਾ ਝੁਕਣਾ
ਕਾਫ਼ਲੇ ਦੇ ਨਾਲ ਰਲ ਜਾਣਾ
ਯਾਦ ਹੈ।
ਯਾਦ ਹੈ
ਮੈਨੂੰ ਤੇਰਾ
ਸੁਪਨੇ ਵਿੱਚ ਆਉਣਾ
ਮੇਰੇ ਕੰਨ ਦੇ ਕੋਲ ਆ ਕੇ
ਕੁਝ ਵੀ ਕਹਿਣਾ
ਮੇਰੀ ਦੁਨੀਆ ਵਿੱਚ
ਮਹਿਕ ਭਰ ਦੇਣਾ ਤੇਰਾ
ਮੇਰੇ ਕਦਮਾਂ ਵਿੱਚ
ਭਰ ਦੇਣਾ ਨਸ਼ਾ
ਤਾਜ ਰੱਖ ਦੇਣਾ ਜਿਵੇਂ
ਮੇਰੇ ਹੀ ਸਿਰ ‘ਤੇ
ਬਖ਼ਸ਼ ਦੇਣੀ ਬਾਦਸ਼ਾਹਤ
ਫਿਰ ਨਾ
ਰਾਹਵਾਂ ਦੇ ਖਾਰ ਦਿੱਸਣ
ਦੁਸ਼ਮਣਾਂ ਦੇ ਨਾ ਯਾਰ ਦਿੱਸਣ
ਆਪਣੀ ਦੁਨੀਆ ‘ਚ ਰਹਿਣਾ
ਯਾਦ ਹੈ ਮੈਨੂੰ ਤੇਰਾ
ਬੱਸ ਯਾਦ ਹੈ।
ਬਾਦਸ਼ਾਹਤ ਵੀ ਮਿਲ ਗਈ ਹੈ
ਤਾਜ ਵੀ ਹੈ
ਤਖ਼ਤ ਵੀ ਹੈ
ਚੀਰ ਦੇਵੇ ਜੋ ਸੱਭ ਹਨੇਰੇ
ਜਾਦੂਈ ਤਲਵਾਰ ਵੀ ਹੈ
ਜਿੰਨ ਵੀ ਹੈ
ਚਿਰਾਗ਼ ਵੀ ਹੈ
ਯਾਦ ਤੇਰੀ
ਤਾਂ ਯਾਦ ਹੀ ਹੈ
ਯਾਦ ਤੇਰੀ ਤਾਂ
ਬੱਸ ਯਾਦ ਹੀ ਹੈ।

ਮੇਰੀ ਦੁਨੀਆ
________________________________________
ਗੁਰਦੀਪ ਸਿੰਘ
ਖ਼ੁਸ਼ਬੂ ਖ਼ੁਸ਼ਬੂ ਫੈਲ ਗਈ ਹੈ
ਮੇਰੀ ਦੁਨੀਆ ਮਹਿਕ ਗਈ ਹੈ।
ਤੇਰੀ ਛੋਹ ਨੂੰ ਤਰਸ ਗਈ ਸੀ
ਤੜਪ ਰਹੀ ਸੀ
ਸਿਸਕ ਰਹੀ ਸੀ
ਮੇਰੀ ਦੁਨੀਆ।
ਮੇਰੇ ਸੁਪਨੇ
ਮੇਰੀ ਰੂਹ
ਤੇ
ਮੇਰੀਆਂ ਰੀਝਾਂ
ਮੇਰੇ ਖ਼ਿਆਲ
ਤੇਰੀ ਛੋਹ ਨੂੰ ਤਰਸ ਰਹੇ ਸਨ।
ਸੱਭ ਕੁਝ ਭੈੜਾ ਹੀ ਲੱਗਦਾ ਸੀ
ਮੇਰੀ ਦੁਨੀਆ
ਮੇਰੇ ਸੁਪਨੇ
ਮੇਰੀਆਂ ਰੀਝਾਂ।
ਮੈਂ ਚੁੱਪ ਸਾਂ
ਤੇ ਉਹ ਵੀ ਚੁੱਪ ਸਨ
ਘੂਰ ਰਹੇ ਸਾਂ ਇੱਕ ਦੂਜੇ ਨੂੰ
ਤੜਪ ਰਹੇ ਸਾਂ
ਸਿਸਕ ਰਹੇ ਸਾਂ
ਤੇਰੀ ਛੋਹ ਨੂੰ ਤਰਸ ਰਹੇ ਸਾਂ।
ਖ਼ੁਸ਼ਕ ਜ਼ਮੀਨ
ਤੇ ਬੰਜਰ ਧਰਤੀ
ਮੇਰੇ ਰੂਹ ਦੇ ਵਿਹੜੇ ਅੰਦਰ
ਮੋਹ ਪੱਤੀਆਂ ਦਾ ਕੋਮਲ ਬੂਟਾ
ਮੁਰਝਾਇਆ
ਕੁਮਲਾਇਆ ਬੂਟਾ
ਜਿਉਂ ਸਾਵਣ ਨੂੰ ਤਰਸ ਰਿਹਾ ਸੀ
ਰੀਝਾਂ ਦੇ ਰੁੱਖਾਂ ਦਾ ਮਰਨਾ
ਆਲ੍ਹਣਿਆਂ ਵਿੱਚ
ਮਰਦੇ ਬੋਟਾਂ ਦਾ ਚਿਚਲਾਉਣਾ
ਤੇ ਖੰਭਾਂ ਦਾ  ਚੀਕ ਚਿਹਾੜਾ
ਸੁਣ ਨਾ ਹੋਵੇ
ਸਹਿਣ ਨਾ ਹੋਵੇ
ਰੋਂਦੇ ਸੁਪਨੇ
ਨੀਂਦਰ ਦੀ ਉਂਗਲੀ ਨਾ ਫੜਦੇ
ਨਾ ਫੜਦੇ ਨੇ ਚੰਨ ਸਿਤਾਰੇ
ਨਾ ਸੁਣਦੇ ਨੇ ਕੋਈ ਕਹਾਣੀ
ਨਾ ਕੋਈ ਲੋਰੀ
ਨਾ ਕੋਈ ਘੂਰੀ
ਸਿਸਕ ਰਹੇ ਸੀ
ਤਰਸ ਰਹੇ ਸੀ
ਤਾਂਘ ਰਹੇ ਸੀ
ਤੇਰੀ ਛੋਹ ਨੂੰ ਤਰਸ ਗਏ ਸਨ
ਤੇਰੀ ਛੋਹ ਨੂੰ ਤਰਸ ਰਹੇ ਸਨ।
ਤੂੰ ਯਾਦਾਂ ਦੇ ਖੰਭ ਲਗਾ ਕੇ
ਸੁਪਨੇ ਅੰਦਰ ਜੋ ਕੁਝ ਛੋਹਿਆ
ਬਦਲ ਗਿਆ ਹੈ
ਖ਼ੁਸ਼ਬੂ ਖ਼ੁਸ਼ਬੂ ਫੈਲ ਗਈ ਹੈ
ਮੇਰੀ ਦੁਨੀਆ ਮਹਿਕ ਗਈ ਹੈ
ਛਮ ਛਮ ਛਮ ਛਮ
ਸਾਵਣ ਵੱਸਿਆ
ਮੌਲ ਪਈ ਹੈ
ਮੇਰੀ ਦੁਨੀਆ
ਮੇਰੀ ਰੂਹ
ਤੇ
ਮੇਰੀਆਂ ਰੀਝਾਂ
ਸਾਰੇ ਹੀ ਨਸ਼ਿਆਏ ਜਾਪਣ।
ਇਹ ਜਾਪੇ ਕੋਈ ਪਰੀ ਕਹਾਣੀ
ਤੂੰ ਹੋਵੇਂ ਪਰੀਆਂ ਦੀ ਰਾਣੀ
ਬੁੱਤ ਦੇ ਪੱਥਰ ਦੇ
ਮੇਰੇ ਸੁਪਨੇ
ਤੂੰ ਛੋਹੇਂ
ਤਾਂ ਜੀ ਉੱਠਦੇ ਨੇ
ਮੋਹ ਪੱਤੀਆਂ ਦੇ ਕੋਮਲ ਬੂਟੇ
ਨੱਚ ਉਠਦੇ ਨੇ।
ਚਿੱਤ ਕਰਦਾ ਹੈ
ਪਰੀ ਕਹਾਣੀ ਮੇਰੀ ਹੋਵੇ
ਮੇਰੀ ਦੁਨੀਆ
ਮੇਰੀਆਂ ਰੀਝਾਂ
ਮੇਰੇ ਸੁਪਨੇ
ਮੇਰੀ ਰੂਹ।
ਤੇ ਦੂਨੀਆ ਖੁਸ਼ਬੋਈ ਹੋਵੇ।
*****

ਗ਼ਜ਼ਲ

ਛੱਡ ਰਾਹਵਾਂ ਨੂੰ ਘਰ ਵੱਲ ਚੱਲੀਏ।
ਆਪੋ ਆਪਣਾ ਬੂਹਾ ਮੱਲੀਏ।
ਕੌਣ ਕਿਸੇ ਨੂੰ ਚਾਨਣ ਦੇਵੇ
ਆਪੇ ਬੁਝੀਏ ਆਪੇ ਬਲੀਏ।
ਗਲ਼ੀਆਂ ਅੰਦਰ ਭੀੜ ਬੜੀ ਸੀ,
ਤੇ ਭੀੜਾਂ ਵਿੱਚ ਛਲੀਏ ਛਲੀਏ।
ਆਪੋ ਆਪਣੀ ਉਮਰ ਪੁਗਾਈਏ
ਸੂਰਜ ਦੇ ਨਾਲ ਚੜ੍ਹੀਏ ਢਲੀਏ।
ਦੀਵੇ ਵਰਗੀ ਜੂਨ ਅਸਾਡੀ
ਆਲੇ ਜਗੀਏ ਕਬਰੀਂ ਬਲੀਏ।

No comments:

Post a Comment