Monday, February 21, 2011

ਕੀ ਕਿਹਾ ਹੈ?

ਗੁਰਦੀਪ ਸਿੰਘ ਭਮਰਾ

ਕੀ ਕਿਹਾ?
ਸੂਰਜ ਫੜੋਗੇ?
ਤੇ ਭੋਰਾ ਭੋਰਾ ਓਸ ਦਾ
ਸਭ ਘਰਾਂ ਅੰਦਰ ਧਰੋਗੇ
ਤੇ ਹਨੇਰਾ ਰਹਿਣ ਨਹੀਂ ਦੇਣਾ
ਨਾ ਘਰਾਂ ਵਿਚ
ਨਾ ਮਨਾਂ ਵਿਚ
ਨਾ ਦਿਲਾਂ ਵਿਚ
ਨਾ ਤਨਾਂ ਵਿਚ
ਤੇ ਵਿਛਾ ਦੇਵੋਗੇ
ਦੂਰ ਤੱਕ ਚਾਨਣ ਕਰੋਗੇ
ਤੇ ਵਿਛਾ ਦੇਵੋਗੇ
ਇਸ ਦੀ ਚਾਦਰ
ਦੂਰ ਤੀਕਰ
ਧਰਤ ਉਪਰ
ਸੁਪਨਿਆਂ ਦੇ ਬੀਜ ਬੋਏ
ਬੂਰ ਤਾਂ ਅਉਂਦਾ ਹੈ
ਰੀਝਾਂ ਨੂੰ
ਮਗ਼ਰ
ਲਗਦੇ ਨੇ
ਉਸ ਨੂੰ ਸੁਪਨੇ ਮੋਏ ਹੋੇਏ
ਲਿਸ਼ਕਦੀ ਬਿਜਲੀ ਜੇ ਕਿਧਰੇ
ਹਰ ਫਸਲ ਤੇ
ਗੜ੍ਹਿਆਂ ਦੀ ਮਾਰ ਝੱਲਦੀ
ਹੌਕਿਆਂ ਨਾਲ ਸਾਹ ਰਲਾਉਂਦੀ
ਧ੍ਰੀਕਦੀ ਰਹਿੰਦੀ ਹੈ
ਜ਼ਿੰਦਗੀ
ਤਾਰ ਤਾਰ ਹੋ ਕੇ।
ਕੀ ਕਿਹਾ
ਸਾਰੇ ਤਾਰੇ
ਸਾਰਾ ਅੰਬਰ
ਵੰਡ ਦੇਵੇਗੋ
ਕਿਸਮਤਾਂ ਨੂੰ ਵੀ ਮਿਲੇਗਾ ਹੱਕ ਹੁਣ ਤਾਂ
ਕਿ ਤਾਰਿਆਂ ਦੀ ਥਾਂ
ਉਹ ਅੱਟਣਾ ਤੇ ਬਿਆਈਆਂ ਦੀ ਗੱਲ ਮੰਨਣ
ਹਵਾ ਭਰਪੂਰ ਵਗੇ
ਸਰਦ ਰਾਤਾਂ ਦੀ
ਉਹ ਠੰਢੀ ਚਾਨਣੀ
ਕੀ ਕਿਹਾ
ਇਹ ਮੇਰੇ ਨਾਂ ਕਰੋਗੇ
ਤੇ ਲਿਖ ਦੇਵੋਗੇ
ਮੇਰਾ ਨਾਂ ਵੀ
ਸ਼ਾਹੀ ਮਹਿਲ ਅੰਦਰ
ਕੀ ਕਿਹਾ ਹੈ?
ਹੁਣ ਹਵਾ ਬਦਲੀ ਹੈ
ਤੇ ਮੌਸਮ ਵੀ ਬਦਲ ਜਾਵਣਗੇ ਸਾਰੇ
ਤੇ ਕਥਾ ਇਤਹਾਸ ਦੀ ਵੀ।





ਕੌਣ ਹੈ?

ਗੁਰਦੀਪ ਸਿੰਘ ਭਮਰਾ

ਕੌਣ ਹੈ?
ਜੋ ਮੇਰੇ ਹਿਸੇ ਦੀ ਹਵਾ ਹੈ ਜੀ ਰਿਹਾ
ਤੇ ਪੀ ਰਿਹਾ ਹੈ
ਜਲ ਮੇਰੇ ਹਿਸੇ ਦਾ
ਤੇ ਮੈਨੂੰ ਘੋਲ ਕੇ ਹੈ ਦੇ ਰਿਹਾ
ਉਹ ਜ਼ਹਿਰ
ਤੇ ਫਿਰ ਆਖਦਾ ਹੈ
ਇਹ ਤੇਰੇ ਕਰਮਾਂ ਦੀ ਖੇਡ
ਕੌਣ ਹੈ?
ਕੌਣ ਹੈ ਜੋ ਰੰਗ ਗੋਰੇ ਚੋਂ
ਮਹਿਕ ਦੀ ਆਬ ਲੱਭਦਾ
ਕੌਣ ਹੈ
ਜਿਸ ਨੂੰ ਮੇਰੇ
ਰੰਗ ਕਾਲੇ ਚੋਂ
ਇਕ ਬੋਅ ਜਹੀ ਆਵੇ
ਜਦ ਕਦੇ ਚਾਹਵੇ
ਉਹ ਜਿੱਥੇ ਜੀ ਕਰੇ
ਕਾਲੇ ਰੰਗ ਦੀ ਤਸਵੀਰ ਵਿੱਚੋਂ
ਲੱਭਦਾ ਹੈ
ਤੇ
ਵਾਸ਼ਨਾਂ ਨੂੰ ਜੀ ਰਿਹਾ ਹੈ
ਕੌਣ ਹੈ ਜੋ
ਮੇਰੇ ਹਿਸੇ ਦੇ ਸਿਤਾਰੇ
ਟੁੰਗ ਕੇ ਵਾਲਾਂ ਦੇ ਅੰਦਰ
ਪਹਿਨ ਕੇ ਬੈਠਾ ਹੈ
ਬਾਦਸ਼ਾਹੀ ਤਾਜ ਆਪਣਾ
ਤੇ
ਧਰਤ ਸਾਰੀ
ਆਪਣੇ ਨਾਂ ਕਰ ਰਿਹਾ ਹੈ
ਕੌਣ ਹੈ
ਜੋ ਜੀ ਰਿਹਾ ਹੈ ਮੇਰੇ ਹਿਸੇ ਦਾ
ਮਰ ਰਿਹਾ ਮੈਂ ਜਿਸ ਦੇ ਹਿਸੇ ਦਾ
ਉਹ ਦੱਸੋ ਕੌਣ ਹੈ।

 

No comments:

Post a Comment