ਉਦਾਸ ਚੁੱਪ
ਸੋਚਿਆਂ ਸੀ ਮਿਲ ਕੇ ਤੁਰਾਂਗੇ
ਤੇ ਗਾਵਾਂਗੇ
ਕਦੇ ਉੱਚੀ, ਕਦੇ ਮੱਧਮ ਸੁਰ ਵਿੱਚ
ਹਵਾ ਦੇ ਗੀਤ
ਹਵਾ ਦੇ ਨਾਲ ਨਾਲ
ਕਲਕਲ ਕਰਦੇ ਪਾਣੀਆਂ ਦੇ ਗੀਤ
ਭਰ ਭਰ ਕੇ ਵਗਦੀਆਂ ਦੇ ਗੀਤ
ਲਟ ਲਟ ਜਗਦੀਆਂ ਸੋਚਾਂ ਦੇ ਗੀਤ
ਸੂਰਜ ਦੇ ਗੀਤ
ਚੰਨ ਚਾਨਣੀ ਦੇ ਗੀਤ
ਟੁੱਟੇ ਤਾਰਿਆਂ ਦੇ ਗੀਤ
ਜਗ ਮਗ ਕਰਦੇ ਤਾਰਿਆਂ ਦੇ ਗੀਤ
ਉਛਲਦੇ ਮਚਲਦੇ ਪਾਣੀਆਂ ਦੇ ਗੀਤ
ਸ਼ਾਂਤ ਝੀਲਾਂ ਦੀ ਗਹਿਰਾਈ ਦੇ ਗੀਤ
ਜੰਗਲ ਵਿੱਚ ਪਸਰੀ ਚੁੱਪ ਦੇ ਗੀਤ
ਚਹਿਚਹਾਉਂਦੇ ਪੰਛੀਆਂ ਦੇ ਗੀਤ
ਉਡਣ ਲਈ ਤਿਆਰ ਗੁਟਕਦੇ ਮਮੋਲਿਆਂ ਦੇ ਗੀਤ
ਸ਼ਹਿਰਾਂ ਵਿੱਚ ਪਸਰੀ ਚੁੱਪ ਦੇ ਗੀਤ
ਪਿੰਡਾਂ ਵਿੱਚ ਉੱਠਦੇ ਗੀਤ
ਨਗਾਰਿਆਂ ਦੇ ਗੀਤ
ਢੋਲ ਤੇ ਲੱਗਦੇ ਡੱਗੇ ਨਾਲ ਥਿਰਕਦੇ
ਨਚਦੇ ਪੈਰਾਂ ਦੇ ਗੀਤ
ਮੱਕੀ ਦੀਆਂ ਦੌਧੀਆਂ ਛੱਲੀਆਂ ਦੇ ਗੀਤ
ਕਣਕਾਂ ਦੇ ਗੀਤ
ਸਿੱਟਿਆਂ ਦੇ ਗੀਤ
ਬਾਲਾਂ ਦੇ ਤੇੜ ਤੜਾਗੀ ਦੇ ਖਣਕਦੇ ਘੁੰਗਰੂ ਦੇ ਗੀਤ
ਚਾਟੀਆਂ ਵਿੱਚ ਘੁੰਮਦੀਆਂ ਮਧਾਣੀਆਂ ਦੇ ਗੀਤ
ਕਹੀਆਂ ਦੇ ਗੀਤ
ਦਾਤੀਆਂ ਦੇ ਗੀਤ
ਰੰਬਿਆਂ ਦੇ ਗੀਤ
ਘਣਾਂ ਵਰਗੇ ਹਥੋੜਿਆਂ ਦੇ ਗੀਤ
ਨਿਘੀਆਂ ਗਲੱਵਕੜੀਆਂ ਦੇ ਗੀਤ
ਹੱਥ ਘੁੱਟਣੀਆਂ ਤੇ ਪਿਆਰ ਤਾਂਘਾਂ ਦੇ ਗੀਤ
ਸੋਚਿਆਂ ਸੀ ਮਿਲ ਕੇ ਗਾਵਾਂਗੇ
ਦੋਸਤੀ ਦੇ ਸੁਰ ਵਿੱਚ ਓਤਪੋਤ
ਸਾਂਝੀ ਅਵਾਜ਼ ਸਾਂਝੇ ਜੋਸ਼ ਨਾਲ
ਜਦੋਂ ਗਾਵਾਂਗੇ ਤਾਂ
ਕਾਇਨਾਤ ਗਾਵੇਗੀ
ਸਾਡੇ ਨਾਲ ਸਮਿਆਂ ਦੇ ਸਾਜ਼ ਤੇ ਸਦੀਆਂ ਦਾ ਗੀਤ
ਪਰ ਇਹ ਗੀਤ
ਦਗ਼ਾ ਹੁੰਦੀਆਂ ਦੋਸਤੀਆਂ
ਬਦਲਦੀਆਂ ਨਜ਼ਰਾਂ
ਰੁਕਦੇ ਪੈਰਾਂ
ਸੁਕਦੇ ਸਾਹਾਂ
ਵੱਖ ਹੁੰਦੇ ਰਾਹਾਂ
ਟੁਟੀਆਂ ਬਾਹਾਂ
ਨੂੰ ਵੇਖ
ਬੇਸੁਰ
ਬੇਅਸਰ
ਹੋ ਕੇ ਰਹਿ ਗਏ
ਬੇਅਵਾਜ਼ ਬੁਲ੍ਹ ਤਾਂ ਫਰਕੇ
ਪਰ ਗੀਤ ਨਾ ਧੜਕੇ
ਸਾਰੀ ਚੁੱਪ
ਉਦਾਸੀ ਵਿੱਚ ਬਦਲ ਗਈ।
No comments:
Post a Comment