ਦੇਸ਼
ਗੁਰਦੀਪ ਸਿੰਘ ਭਮਰਾਦੇਸ਼ ਮੇਰਾ ਸੋਨੇ ਦਾ ਪੰਛੀ ਚੂੰਡਣ ਪੈ ਗਏ ਸਾਰੇ
ਕੁਝ ਖੰਭ ਖੋਹ ਆਪਣਿਆਂ ਨੇ
ਕਾਂਵਾਂ ਹੋਣ ਖਿਲਾਰੇ।
ਪੈ ਗਏ ਸਾਰੇ
ਦੇਸ ਮੇਰੇ ਨੂੰ ਚੂੰਡਣ ਪੈ ਗਏ ਕੁੱਤਿਆਂ ਵਾਂਗ ਸ਼ਿਕਾਰੀ
ਬੋਟੀ ਬੋਟੀ ਕਰਕੇ ਇਸਦੀ
ਮਿੱਟੀ ਵਿੱਚ ਖਿਲਾਰੀ
ਰੋਲੀ ਸਾਰੀ।
ਖੋਹ ਕੇ ਲੈ ਗਏ ਦੇਸ਼ ਮੇਰੇ ਨੂੰ ਮੇਰ ਹੱਥੋਂ ਸਾਰਾ
ਪੌਣਾ ਕੋਲੋਂ ਮਹਿਕਾਂ ਲੈ ਗਏ
ਨਦੀਆਂ ਤੋਂ ਜਾਲ ਸਾਰਾ
ਲਾ ਕੇ ਲਾਰਾ।
ਪੈਰਾਂ ਹੇਠੋਂ ਧਰਤੀ ਖੋਹ ਲਈ ਮਿਣ ਕੇ ਮਰਲਾ ਮਰਲਾ
ਅੰਬਰ ਦੀ ਛਤਰੀ ਵੀ ਖੋਹ ਲਈ
ਬੁੱਲੀਆਂ ਕੋਲੋਂ ਤਰਲਾ
ਕਰਕੇ ਹਰਲਾ।
ਐਸੀ ਵਗੀ ਹਵਾ ਕਿ ਮੇਰਾ ਦੇਸ਼ ਬੇਗਾਨਾ ਜਾਪੇ
ਮਾਂਵਾਂ ਕੋਲੋਂ ਪੁੱਤਰ ਖੋਹ ਲਏ
ਪੁਤਰਾਂ ਕੋਲੋਂ ਮਾਂਪੇ
ਨਵੇਂ ਸਿਆਪੇ।
ਫੁੱਲਾਂ ਤੋਂ ਰੰਗ ਖੋਹ ਲਏ ਰੁੱਤਾਂ, ਸੂਰਜ ਤੋਂ ਧੁੱਪ ਖੋਹੀ
ਵੰਗਾਂ ਕੋਲੌਂ ਛਣ ਛਣ ਖੋਹ ਲਈ
ਰੰਗਾਂ ਤੋਂ ਖੁਸ਼ਬੋਈ
ਕੀ ਅਰਜ਼ੋਈ।
ਸ਼ਬਦਾਂ ਕੋਲੋ ਅਰਥ ਵੀ ਖੋਹ ਲਏ ਅਰਥਾਂ ਕੋਲੋਂ ਘੂਰੀ
ਬੇਬਸ ਹਰਫ ਵੀ ਤੱਕਦੇ ਰਹਿ ਗਏ
ਸ਼ਬਦਾਂ ਦੀ ਮਜ਼ਬੂਰੀ
ਕਿੰਨੀ ਦੂਰੀ।
ਬਾਹਵਾਂ ਕੋਲੋਂ ਡੌਲੇ ਖੋਹ ਲਏ, ਬੁਲ੍ਹਾਂ ਤੋਂ ਸੱਭ ਨਾਹਰੇ
ਇੱਕਲਵਾਂਝੇ ਰਹੇ ਖਲੋਤੇ
ਕਿਸ ਨੂੰ ਵਾਜ਼ਾਂ ਮਾਰੇ
ਗਰਜ਼ਾਂ ਮਾਰੇ।
ਗੂੰਗੇ ਗੀਤ ਗਵਾਹੀ ਦੇ ਲਈ ਜਦੋਂ ਕਚਹਿਰੀ ਆਏ
ਅਰਥਾਂ ਨੂੰ ਸਮਝਾਵਣ ਦੇ ਲਈ
ਵੇਦ ਕਿਤਾਬਾਂ ਆਏ
ਮਾਂ ਦੇ ਜਾਏ।
ਸਾਥ ਨਿਭਾਵਣ ਦੇ ਲਈ ਉਹਨਾਂ ਲੱਭੇ ਜੋ ਪਰਛਾਵੇਂ
ਲੋੜ ਪੈਣ ਤੇ ਨਜ਼ਰ ਨਾ ਆਉਂਦੇ
ਨਾ ਧੁੱਪੇ ਨਾ ਛਾਵੇਂ
ਕਿੱਥੇ ਜਾਵੇ।
ਚਲੀਏ ਰਲ ਕੇ ਦੇਸ਼ ਮੇਰੇ ਦੀ ਸਾਰ ਜਿਹੀ ਈ ਲਈਏ
ਭੀੜ ਬਣੀ ਤੇ ਚੁੱਪ ਨਾ ਰਹੀਏ
ਕੁਝ ਸੁਣੀਏ ਕੁਝ ਕਹੀਏ
ਰਾਹੇ ਪਈਏ।
No comments:
Post a Comment