ਗੁਰਦੀਪ
ਤੂੰ ਆਖੇਂ ਕਿ ਮੈਂ ਗੀਤ ਲਿਖਾਂ
ਤੇ ਗੀਤ ਲਿਖਾਂ ਫੁਲਕਾਰੀ ਦੇ
ਗੱਲ੍ਹਾਂ ਵਿੱਚ ਪੈਂਦੇ ਟੋਇਆਂ ਦੇ
ਤੇ ਜਾਂ ਸੁਰਮੇ ਦੀ ਧਾਰੀ ਦੇ।
ਤੂੰ ਆਖੇਂ ਮੈਂ ਗੀਤ ਲਿਖਾਂ..
ਗੋਰੀ ਦੀਆਂ ਉਡਦੀਆਂ ਜ਼ੁਲਫਾਂ ਦੇ
ਅੱਖੀਆਂ ਵਿੱਚ ਚੜ੍ਹੀ ਖੁਮਾਰੀ ਦੇ
ਵੀਣੀ ਤੇ ਸਜੀਆਂ ਵੰਗਾਂ ਦੇ
ਵੰਗਾਂ ਦੀ ਛਣ ਛਣ ਸਾਰੀ ਦੇ।
ਆਖੇਂ ਕਿ ਮੈਂ ਗੀਤ ਲਿਖਾਂ
ਗੋਰੀ ਦੇ ਹਿਲਦੇ ਝੁਮਕੇ ਤੇ
ਗਿੱਧੇ ਵਿੱਚ ਵੱਜਦੇ ਠੁਮਕੇ ਦੇ
ਪੈਰਾਂ ਚ' ਪੰਜੇਬਾਂ ਛਣਕਦੀਆਂ
ਬਾਂਹਾਂ ਵਿੱਚ ਵੰਗਾਂ ਖਣਕਦੀਆਂ
ਸੱਗੀ ਤੋਂ ਸਾਲੂ ਲਹਿੰਦੇ ਦੇ
ਗਿੱਟਿਆਂ ਨਾਲ ਖਹਿੰਦੇ ਲਹਿੰਗੇ ਦੇ
ਮੁੜ ਖਿੜ ਖਿੜ ਪੈਂਦੇ ਹਾਸੇ ਦੇ
ਬੁੱਲ੍ਹਾਂ ਤੇ ਮਲੇ ਦੰਦਾਸੇ ਦੇ
ਤੂੰ ਆਖੇਂ ਤੇ ਮੈ ਗੀਤ ਲਿਖਾਂ
ਕੁਝ ਠੰਢੀਆਂ ਮਿੱਠੀਆਂ ਪੌਣਾਂ ਦੇ
ਤੇ ਛਮ ਛਮ ਵਰ੍ਹਦੇ ਸੌਣਾਂ ਦੇ
ਵਰ੍ਹ ਕੇ ਲੰਘ ਗਈ ਘਟਾ ਹੋਵੇ
ਅਲਸਾਈ ਜਹੀ ਹਵਾ ਹੋਵੇ
ਕਿਸੇ ਤਿੱਤਰ ਖੰਭੀ ਬੱਦਲੀ ਦੇ
ਅੰਬਰ ਵਿੱਚ ਲਿਸ਼ਕੀ ਬੱਦਲੀ ਦੇ
ਕੁਝ ਨਾਰਾਂ ਦੇ ਗੁਲਜ਼ਾਰਾਂ ਦੇ
ਮੌਸਮ ਦੀਆਂ ਮਸਤ ਬਹਾਰਾਂ ਦੇ
ਪੌਣਾਂ ਵਿੱਚ ਘੁਲੀ ਸੁਗੰਧੀ ਦੇ
ਕੁਝ ਕੂੰਜਾਂ ਦੇ ਤੇ ਡਾਰਾਂ ਦੇ
ਤੂੰ ਆਖੇਂ ਕਿ ਮੈਂ ਗੀਤ ਲਿਖਾਂ
ਪਰ ਗੀਤ ਵੀ ਆਖੇ ਲੱਗਦੇ ਨਹੀਂ
ਜੇ ਬੋਲ ਸਮੇਂ ਦੇ ਸੱਚ ਦੇ ਨਹੀਂ
ਉਹ ਗੀਤਾਂ ਦੇ ਨਾਲ ਜੱਚਦੇ ਨਹੀਂ
ਫਿਰ ਤਾਲ ਸੁਰਾਂ ਵਿੱਚ ਨੱਚਦੇ ਨਹੀਂ
ਉਹ ਗੀਤ ਕਹਿਣ ਮੈਂ ਗੀਤ ਲਿਖਾਂ
ਮੈਂ ਗੀਤ ਲਿਖਾਂ ਮਜਬੂਰੀ ਦੇ
ਜੋ ਕਦੇ ਕਿਸੇ ਨੇ ਦਿੱਤੀ ਨਹੀਂ
ਕਿਸੇ ਕਾਮੇ ਦੀ ਮਜ਼ਦੂਰੀ ਦੇ
ਢਿਡਾਂ ਵਿੱਚ ਵਸਦੇ ਦੁਖਾਂ ਦੇ
ਰੋਟੀ ਨਾਲ ਜੰਮਦੀਆਂ ਭੁਖਾਂ ਦੇ
ਤੂੰ ਆਖੇਂ ਕਿ ਮੈਂ ਗੀਤ ਲਿਖਾਂ
ਪਰ ਗੀਤ ਕਹਿਣ ਮੈਂ ਗੀਤ ਲਿਖਾਂ..
No comments:
Post a Comment