ਗੁਰਦੀਪ ਸਿੰਘ
(ਉਹਨਾਂ ਸਾਰਿਆਂ ਨੂੰ ਜਿਹਨਾਂ ਪੰਜਾਬੀ ਨੂੰ ਭੁਲਾ ਦਿੱਤਾ ਹੈ।)
ਨਿੱਜ ਮੈਂ ਜੰਮਦੀ ਚਾਅ ਅਨੋਖੇ
ਨਿੱਜ ਮੈਂ ਲਾਡ ਲਡਾਉਂਦੀ
ਨਿੱਜ ਪੈਰਾਂ ਹੇਠਾਂ ਹੱਥ ਧਰਦੀ
ਨਿੱਜ ਮੈਂ ਖੇਡ ਖਿਡਾਉਂਦੀ।
ਨਿੱਜ ਮੈਂ ਚੂਰੀ ਚੋਗ ਚੁਗਾਉਂਦੀ
ਨਿੱਜ ਮੈਂ ਨੀਰ ਛੁਹਾਉਂਦੀ
ਨਿੱਜ ਮੈਂ ਰੋਂਦੀਆਂ ਬੁੱਲ੍ਹੀਆਂ ਚੁੰਮ ਕੇ
ਨਿੱਜ ਮੈਂ ਚੁੱਪ ਕਰਾਉਂਦੀ।
ਗੋਦੀ ਦੇ ਵਿੱਚ ਲੈ ਕੇ ਨਿੱਜ ਮੈਂ
ਲੋਰੀ ਬੋਲ ਸੁਣਾਉਂਦੀ
ਨਿੱਜ ਮੈਂ ਪਰੀਆਂ ਰੋਜ਼ ਬੁਲਾ ਕੇ
ਸੁਪਨੇ ਤੇਰੇ ਸਜਾਉਂਦੀ।
ਨਿੱਜ ਮੈਂ ਤੈਨੂੰ ਬੋਲੀ ਦਿੰਦੀ
ਨਿੱਜ ਮੈਂ ਬੋਲ ਪੁਗਾਉਂਦੀ
ਨਿੱਜ ਮੈਂ ਤੇਰੇ ਤੋਤਲਿਆਂ ਬੋਲਾਂ ਨੂੰ
ਅਰਥ ਫੜਾਉਂਦੀ।
ਨਿੱਜ ਮੈਂ ਤੈਨੂੰ ਰਾਜਾ ਕਹਿੰਦੀ
ਰਾਣੀ ਨੂੰ ਪਰਨਾਉਂਦੀ
ਨਿੱਜ ਮੈਂ ਰਾਤਾਂ ਝਾਗ ਝਾਗ ਕੇ
ਲੰਮੀਆਂ ਬਾਤਾਂ ਪਾਉਂਦੀ।
ਤੈਨੂੰ ਬੋਲਦਿਆਂ ਨੂੰ ਤੱਕ ਕੇ
ਨਿੱਜ ਮੈਂ ਕਿੱਕਲੀ ਪਾਉਂਦੀ
ਨਿੱਜ ਮੈਂ ਝੋਲੀਆਂ ਅੱਡ ਅੱਡ ਮੰਗਦੀ
ਨਿੱਜ ਮੈਂ ਸ਼ਗਨ ਮਨਾਉਂਦੀ।
ਨਿੱਜ ਮੈਂ ਤੇਰੇ ਰਾਹਵਾਂ ਅੰਦਰ
ਬਾਲ ਕੇ ਦੀਵੇ ਧਰਦੀ
ਨਿੱਜ ਮੈਂ ਤੇਰੀਆਂ ਰਾਹਵਾਂ ਦੇ ਵਿੱਚ
ਆਪਣੇ ਨੈਣ ਵਿਛਾਉਂਦੀ।
ਗਏ ਗਵਾਚੇ ਪੈਰ ਨਾ ਪਾਇਆ
ਜਾ ਪਰਦੇਸ ਸਿਧਾਇਆ
ਨਾ ਵਿਹੜੇ ਦਾ ਚੇਤਾ ਆਇਆ
ਜਿਸ ਵਿਹੜੇ ਦਾ ਜਾਇਆ।
No comments:
Post a Comment