.....ਸਾਲ 2011
ਗੁਰਦੀਪ ਸਿੰਘ
ਪਲ ਪਲ ਛਿਣ ਛਿਣ ਕਰਕੇ ਇਹ ਵੀ ਬੀਤ ਗਿਆ ਹੈ
ਕੁਝ ਦੰਦਾਂ ਦੇ ਥੱਲੇ ਲੰਘਿਆ
ਕੁਝ ਕੰਧਾਂ ਦੇ ਥੱਲੇ ਲੰਘਿਆ
ਕੁਝ ਹੱਦਾਂ ਦੇ ਬੰਨੇ ਬੰਨੇ
ਫਿਰਦਾ ਤੱਕਿਆ,
ਬਹੁਤ ਬੁਲਾਇਆ,
ਪਰ ਨਾ ਆਇਆ
ਸੁਪਨੇ ਵੰਡਦਾ
ਰੀਝਾਂ ਛੰਡਦਾ
ਸਾਲ ਉਮਰ ਦਾ
ਪਲ ਪਲ ਛਿਣ ਛਿਣ ਕਰਕੇ
ਅਸਾਂ ਬਿਤਾਇਆ
ਜਿਵੇਂ ਬਿਤਾਇਆ ਬੀਤ ਗਿਆ ਹੈ।
ਨਵੇਂ ਸਾਲ ਦੇ ਨਵੇਂ ਦਿਹਾੜੇ
ਨਵੀਂ ਸੁਬਹ ਦੀਆਂ ਨਵੀਆਂ ਗੱਲਾਂ
ਚਿਣ ਚਿਣ ਰੱਖੀਆਂ
ਸੋਚ ਸੋਚ ਕੇ ਬੋਚ ਬੋਚ ਕੇ
ਨਵੇਂ ਸਾਲ ਸਾਲ ਦੀਆਂ ਨਵੀਆਂ ਗੱਲਾਂ
ਨਵੀਆਂ ਰੀਝਾਂ
ਅਤੇ ਉਮੰਗਾਂ
ਇਸ ਬੂਟੇ ਨੂੰ ਫਲ ਲੱਗੇਗਾ
ਇਹ ਬੁਟਾ ਵੀ ਛਾਂ ਦੇਵੇਗਾ
ਪੀਂਘ ਕੋਈ ਅਸਮਾਨੀ
ਜਾ ਛੋਹੇਗੀ ਤਾਰੇ
ਜਾਂ ਬੱਦਲ,
ਜਾ ਸੂਰਜ
ਜਾਂ ਕੋਈ ਰੰਗਲਾ ਸੁਪਨਾ
ਤੋੜ ਲਿਆਵੇ
ਨਵੇਂ ਸਾਲ ਦੀਆਂ ਅਨੰਤ ਤਰੰਗਾਂ
ਇੱਕ ਆਵੇ ਇੱਕ ਜਾਵੇ
ਕੀ ਮੰਗਾਂ
ਕੁਝ ਆਪਣੇ ਲਈ ਕੁਝ ਆਪਣਿਆਂ ਲਈ
ਕੁਝ ਯਾਰਾਂ ਮਿਤਰਾਂ ਸਮਬੰਧੀਆਂ
ਕੁਝ ਹਮਰਾਹੀਆਂ, ਹਮਸਾਹੀਆਂ ਲਈ
ਕੁਝ ਦੇਸੀਂ, ਪਰਦੇਸੀਂ ਬੈਠੇ
ਸੱਭ ਲਈ ਖੁਸ਼ੀਆਂ ਸੁਖ ਸੁਨੇਹੇ
ਰੀਝਾਂ ਲਈ ਸਿਰਨਾਵੇਂ ਮੰਗਾਂ
ਨਵੇਂ ਸਾਲ ਦਾ ਸਾਥ ਲੰਮੇਰਾ ਮੰਗਾਂ
ਜੇਰਾ ਲੰਮੇ ਪੈਂਡੇ ਝਾਗ ਸਕਣ ਦਾ
ਮੱਥੇ ਉਪਰ ਜਗਦਾ ਰਹੇ ਜੋ ਦੀਵਾ
ਅਤੇ ਬਰੂਹਾਂ ਉਪਰ ਟਿਕਿਆ ਰਹੇ ਸਿਰਨਾਵਾਂ
ਤਿੱਖੀ ਹੋਵੇ ਸੋਚ ਤੇ ਸੁਰ ਵੀ ਤਿੱਖੀ
ਦੁਰ ਦੁਰਾਡੇ ਪਹੁੰਚੇ
ਨਵੇਂ ਸਾਲ ਦਾ ਸੁਪਨਾ।
No comments:
Post a Comment