Thursday, December 16, 2010


 ਮਨ 

ਗੁਰਦੀਪ ਸਿੰਘ
ਮੈਂ ਇਹ ਲੈਣਾ
ਮੈਂ ਅਹੁ ਲੈਣਾ
ਇਹ ਵੀ ਮੇਰੇ ਕੋਲ ਨਹੀਂ ਹੈ
ਅਹੁ ਵੀ ਮੇਰੇ ਕੋਲ ਨਹੀਂ ਹੈ।
ਆਹ ਵੀ ਲੈਣਾ
, ਤੇ ਅਹੁ ਵੀ ਲੈਣਾ।
ਮਨ ਬੇਚੈਨ
ਬੜਾ ਸ਼ੈਤਾਨ
ਬੜਾ ਹੈ ਜ਼ਿੱਦੀ

ਰੰਗ ਬਰੰਗੀਆਂ ਚੀਜ਼ਾਂ ਤੱਕ ਕੇ
ਡੁੱਲ੍ਹ ਜਾਂਦਾ ਹੈ

ਭੁੱਲ ਜਾਂਦਾ ਹੈ ਬਹੁਤੀ ਵਾਰੀ
ਆਪਣੀ ਹਸਤੀ
ਚਾਹੇ ਮਹਿੰਗੀ
ਚਾਹੇ ਸਸਤੀ।
ਸੱਭ ਕੁਝ ਹਾਸਲ ਕਰਨਾ ਚਾਹੇ
ਮੈਂ ਸਮਝਾਵਾਂ,
ਕਹਿਣ ਸਿਆਣੇ-
-ਬਹੁਤਾ ਕੁਝ ਨਾ
'ਕੱਠਾ ਕਰੀਏ
-ਬਹੁਤੇ ਕੁਝ ਦੀ ਸਾਂਭ ਨਾ ਹੋਵੇ
-ਸਾਂਭ ਸਕੇਂ ਸੋ 'ਕੱਠਾ ਕਰੀਏ
ਪਰ ਬਾਜ਼ਾਰ ਬੜਾ ਰੰਗੀਲਾ

ਰੋਜ਼ ਏਸ ਨੂੰ 'ਵਾਜ਼ਾਂ ਮਾਰੇ
ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ
ਰੋਜ਼ ਬੁਲਾਵੇ।
ਮਨ ਸ਼ੈਤਾਨ

ਆਖੇ ਨਾ ਲੱਗੇ
ਬਾਜ਼ਾਰ ਬੁਲਾਵੇ
ਭੱਜਿਆ ਜਾਵੇ
ਫੇਰ ਕਹੇ-
ਮੈਂ ਆਹ ਵੀ ਲੈਣਾ
ਅਹੁ ਵੀ ਲੈਣਾ
ਜੇ ਨਾ ਲੈ ਕੇ ਦੇਵਾਂ ਇਸ ਨੂੰ
ਭਰੇ ਬਾਜ਼ਾਰ ਹੀ
ਲਿਟ ਜਾਂਦਾ ਹੈ

ਵਿੱਚ ਚੌਰਾਹੇ
ਖਿੰਡ ਜਾਂਦਾ ਹੈ
ਰੋਂਦਾ ਤੇ ਰੌਲਾ ਪਾਂਦਾ ਹੈ
-ਮੈਨੂੰ ਕਦੇ ਵੀ ਕੁਝ ਨਹੀਂ ਮਿਲਦਾ
ਉਚੀ ਉਚੀ ਆਖ ਸੁਣਾਵੇ

ਰੰਗ ਬਰੰਗੇ ਸੁਪਨੇ ਤਕੱਦਾ
ਰੋਜ਼ ਕਿਸੇ ਸੁਪਨੇ ਦੇ ਪਿਛੇ ਤੁਰ ਜਾਂਦਾ ਹੈ।
ਮੈਂ ਬੁਲਾਵਾਂ

ਵਾਜ਼ਾਂ ਮਾਰਾਂ
ਬਹੁਤ ਹਟਾਵਾਂ
ਝਿੜਕਾਂ
ਵਰਜਾਂ
ਤੇ ਸਮਝਾਵਾਂ

-ਨਾ ਕਰ ਅੜੀਆਂ
ਇਹ ਨਾ ਚੰਗੀਆਂ

ਕੁਝ ਤਾਂ ਸਿੱਖ ਲੈ ਜਰਨਾ ਤੰਗੀਆਂ
ਸਬਰ ਸਿਦਕ ਸੰਤੋਖ ਦੀਆਂ ਗੱਲਾਂ

ਇਹ ਨਾ ਮੰਨੇ।
ਇਹ ਨਾ ਦੇਖੇ ਖੀਸੇ ਵੱਲੇ
ਮੋਲ ਤੋਲ ਦੀ ਗੱਲ ਨਾ ਕਰਦਾ
ਹਰ ਇਕ ਵਸਤੂ ਲੈਣਾ ਚਾਹਵੇ
ਜੀ ਆਪਣਾ ਪਰਚਾਉਣਾ ਚਾਹਵੇ
ਮੈਨੂੰ ਵੀ ਭਰਮਾਉਣਾ ਚਾਹਵੇ
ਤਰ੍ਹਾਂ ਦੀਆਂ ਘੜੇ ਦਲੀਲਾਂ
ਆਪ ਕਿਸੇ ਦੀ ਗੱਲ ਨਾ ਸੁਣਦਾ
ਹਰ ਵਾਰੀ ਇਹ ਜ਼ਿਦ ਪੁਗਾਵੇ

ਬਾਜ਼ਾਰ ਬੁਲਾਵੇ
ਭੱਜਿਆ ਜਾਵੇ।
ਥੋਹੜੇ ਵਿੱਚ ਵੀ ਸਬਰ ਨਾ ਆਵੇ।
ਮਨ ਹੈ ਜਾਂ ਕੋਈ ਅੱਥਰਾ ਘੋੜਾ।

No comments:

Post a Comment