ਗੀਤ
ਇੱਕ ਖ਼ਤ ਆਇਆ
ਖ਼ਤ ਵਿੱਚ ਢੇਰ ਦੁਆਵਾਂ
ਖ਼ਤ ਫੜਿਆ ਤਾਂ ਦਿਲ ਨੇ ਚਾਹਿਆ
ਸੀਨੇ ਨਾਲ ਲਗਾਵਾਂ।
ਇੱਕ ਖ਼ਤ ਆਇਆ ਏ..
ਇੱਕ ਖ਼ਤ ਮੇਰੇ ਦੇਸੋਂ ਆਇਆ
ਕਿਸ ਨੂੰ ਆਖ ਸੁਣਾਵਾਂ
ਮਿੱਠੀਆਂ ਮਿੱਠੀਆਂ ਗੱਲਾਂ ਜਾਪਣ
ਕਰਦੀਆਂ ਹੋਵਣ ਛਾਂਵਾਂ
ਇੱਕ ਖ਼ਤ ਆਇਆ ਏ...
ਇੱਕ ਖ਼ਤ ਮੇਰੇ ਦੇਸੋਂ ਆਇਆ
ਲੈ ਕੇ ਢੇਰ ਪਿਆਰ
ਆਖੇ ਮੇਰੇ ਦੇਸ ਦੀ
ਮਿੱਟੀ ਰਹੀ ਅਵਾਜ਼ਾਂ ਮਾਰ।
ਇੱਕ ਖ਼ਤ ਆਇਆ ਏ...
ਖ਼ਤ ਪੜ੍ਹਿਆ ਤਾਂ ਫੈਲ ਗਈ ਏ
ਕਮਰੇ ਵਿੱਚ ਖੁਸ਼ਬੋਈ
ਆਖੇ ਮੈਨੂੰ ਯਾਦ ਕਰੇਂਦੀ
ਉਹ ਮੋਰੀ ਕਿ ਮੋਈ।
ਇੱਕ ਖ਼ਤ ਆਇਆ ਏ...
ਇੱਕ ਖ਼ਤ ਮੇਰੇ ਦੇਸੋਂ ਆਇਆ
ਲੈ ਭੈਣਾਂ ਦੇ ਤਰਲੇ
ਵੀਰ ਕਹੇ ਤੇਰੇ ਨਾਂ ਪੁੱਛਣ
ਬਾਪੂ ਦੇ ਦੋ ਮਰਲੇ
ਇੱਕ ਖ਼ਤ ਆਇਆ ਏ...
ਹੌਕੇ ਹੰਝੂ ਤੇ ਮਜ਼ਬੂਰੀ
ਖ਼ਤ ਵਿੱਚ ਪਾ ਕੇ ਘੱਲੇ
ਖ਼ਤ ਪੜ੍ਹਿਆ ਤਾਂ ਰਹਿ ਗਏ ਹਾਂ
ਪਰਦੇਸਾਂ ਅੰਦਰ ਕੱਲੇ।
ਇੱਕ ਖ਼ਤ ਆਇਆ ਏ...
ਅੰਦਰੋਂ ਅੰਦਰੀ ਘੁੱਟਦੇ ਵੱਟਦੇ
ਰੋਂਦੇ ਜਾਣ ਨਾ ਝੱਲੇ
ਅਗਲੇ ਖ਼ਤ ਦੇ ਆਵਣ
ਤੀਕਰ ਏਹੋ ਦੌਲਤ ਪੱਲੇ
ਇੱਕ ਖ਼ਤ ਆਇਆ ਏ...
No comments:
Post a Comment