ਨਾਂ ਮੈਂ ਤੈਥੋਂ ਜੁਦਾ ਹੋ ਸਕਦਾ ਹਾਂ
ਨਾ ਤੂੰ ਮੈਥੋਂ ਵਿਦਾ ਹੋ ਸਕਦੀ ਹੈ
ਮੈਂ ਤੈਨੂੰ ਅਲਵਿਦਾ ਨਹੀਂ ਕਹਾਂਗਾ।
ਮੈਂ ਤੈਨੂੰ ਅਲਵਿਦਾ ਨਹੀਂ ਕਹਾਂਗਾ
ਨਾ ਤੂੰ ਮੈਥੋਂ ਵਿਦਾ ਹੋਈ
ਨਾ ਮੈਂ ਜੁਦਾ ਹੋਇਆ
ਹਵਾ ਤੈਨੂੰ ਵੀ ਛੋਹ ਕੇ ਆਉਂਦੀ ਰਹੀ
ਹਵਾ ਮੈਨੂੰ ਵੀ ਛੋਹ ਕੇ ਜਾਂਦੀ ਰਹੀ
ਹਵਾ ਵਿੱਚ ਸੇਕ ਵੀ ਸਿਲ੍ਹਾਬ ਵੀ
ਦਰਦ ਵੀ ਸੀ ਪਿਆਸ ਵੀ
ਉਦਾਸੀ ਵੀ ਸੀ ਤੇ ਆਸ ਵੀ
ਮੈਂ ਤੈਨੂੰ ਅਲਵਿਦਾ ਨਹੀਂ ਕਹਾਂਗਾ।
ਇਸ ਸਤਰੰਗੀ ਪੀਘ ਦੇ ਰੰਗ ਮਲਣ ਵੇਲੇ
ਤੇਰਾ ਰੰਗ ਤੇ ਮੇਰਾ ਰੰਗ ਨਾਲੋ ਨਾਲ ਸਨ
ਤੇਰੇ ਤੇ ਮੇਰੇ
ਚਾਅਵਾਂ ਤੇ ਰੀਝਾਂ ਦੇ ਪੰਛੀਆਂ ਨੇ
ਇਕਠਿਆਂ ਉਡਣਾ ਸਿਖਿਆ
ਚੁਗਣਾ ਸਿਖਿਆ
ਤੇ ਅਸੀਂ ਦੋਵੇਂ
ਉਹਨਾਂ ਨੂੰ ਦੂਰ ਹਵਾ ਵਿੱਚ ਤੈਰਦਿਆਂ ਦੇਖਦੇ ਹਾਂ
ਸਾਵਣ ਦੇ ਬਦਲਾਂ ਵਾਂਗ
ਕਾਲੀਆਂ ਘਟਾਵਾਂ ਵਾਂਗ
ਵਗਦੀਆਂ ਹਵਾਵਾਂ ਵਾਂਗ
ਸ਼ੂਕਦੇ ਦਰਿਆਵਾਂ ਵਾਂਗ
ਭਰ ਭਰ ਉਛਲਦੇ ਸਾਗਰਾਂ ਵਾਂਗ
ਬੂੰਦ ਬੂੰਦ ਹੋ ਕੇ
ਹਵਾ ਵਿੱਚ ਪਲ੍ਹਮਦੀ ਧੁੰਦ ਵਾਂਗ
ਤੇਰੇ ਤੇ ਮੇਰੇ ਪੈਰਾਂ ਨੂੰ ਚੁੰਮਦੀ ਤ੍ਰੇਲ ਵਾਂਗ
ਨਿਘੀ ਤੇ ਕੋਸੀ ਧੁੱਪ ਵਾਂਗ
ਮੈਂ ਤੈਨੂੰ ਅਲਵਿਦਾ ਨਹੀਂ ਕਹਾਂਗਾ।
ਤੁੰ ਤੇ ਮੈਂ
ਮੈਂ ਤੇ ਤੁੰ
ਹੁਣ ਨਾ ਜੁਦਾ ਹੋ ਸਕਦੇ ਹਾਂ
ਨਾ ਵਿਦਾ।
No comments:
Post a Comment