Thursday, December 23, 2010

ਕ੍ਰਿਸਮਸ ਦਾ ਰੁਖ

ਕ੍ਰਿਸਮਸ ਦਾ ਰੁਖ

 

ਗੁਰਦੀਪ ਸਿੰਘ / 9878961218

 

ਰੀਝਾਂ ਨੂੰ ਰੁਖਾਂ ਤੇ ਟੁੰਗੀਏ

ਆਪਣੇ ਇਕਲਾਪੇ ਨੂੰ ਟੁੰਬੀਏ

ਰੀਝਾਂ ਟੁੰਗੀਏ ਚੀਜ਼ਾਂ ਮੰਗੀਏ

ਨਿੱਕੀਆਂ ਨਿੱਕੀਆ ਖੁਸ਼ੀਆਂ ਲੱਭੀਏ

ਜੀਣ ਲਈ

ਦੋ ਘੁੱਟ ਖੁਸ਼ੀਆਂ ਦੇ ਜਾਹ ਸਾਨੂੰ ਪੀਣ ਲਈ

ਸਾਹਵਾਂ ਦੇ ਨਾਲ ਸਾਹ ਨਹੀਂ ਰਲਦਾ

ਰਾਹਵਾਂ ਦੇ ਨਾਲ ਰਾਹ ਨਹੀਂ ਰਲਦਾ

ਫਿਰ ਵੀ ਪੈਂਡਾ ਕਰਨਾ ਪੈਂਦਾ

ਸਾਰਾ ਨਾ ਸਾਨੂੰ ਜਿਨ ਰਾਹਾਂ ਦੀ

ਉਹਨੀਂ ਰਾਹੀਂ ਟੁਰਨਾ ਪੈਂਦਾ

ਕੱਲਮ ਕਲੇ ਹੋ ਜਾਂਦੇ ਹਾਂ

ਜੇ ਰਾਹ ਵਿੱਚ ਖਲੋ ਜਾਂਦੇ ਹਾਂ

ਚੇਤਿਆ ਵਿੱਚੋਂ ਡੁਲ੍ਹ ਨਾ ਜਾਈਏ

ਵੇਖੀ ਕਿਧਰੇ ਭੁਲ ਨਾ ਜਾਈਏ

ਟੁਰਨਾ ਹੈ ਟੁਰਦੇ ਜਾਂਦੇ ਜਾਂਦੇ ਹਾਂ

ਭੁਰਨਾ ਹੈ ਭੁਰਦੇ ਜਾਂਦੇ ਹਾਂ

ਕਤਰਾ ਕਤਰਾ ਹੋ ਕੇ ਆਪਾਂ

ਆਪੋ ਵਿੱਚ ਹੀ ਖੁਰ ਜਾਂਦੇ ਹਾਂ

ਹਰ ਇਕ ਸਾਲ ਭੁਲਾਵਣ ਦੇ ਲਈ

ਨਵੇਂ ਸਾਲ ਦੀਆਂ ਰੀਝਾਂ ਕਰੀਏ

ਦਿਲ ਦੇ ਸੱਖਣੇ ਆਲੇ ਦੇ ਵਿੱਚ

ਜਾਂ ਦੀਵੇ, ਮੋਮਬੱਤੀਆਂ ਧਰੀਏ

ਕੋਈ ਸ਼ਗਨ ਮਨਾਈਏ ਆਪਾਂ

ਮਿਤਰਾਂ ਨਾਮ ਸੁਨੇਹੇ ਕਰੀਏ।

ਰਾਤ ਪਈ ਤੋਂ ਬਿੜਕਾਂ ਲਈਏ

ਦਿਨ ਚੜ੍ਹਦੇ ਨੂੰ ਸਿਜਦੇ ਕਰੀਏ

ਰੁਖ ਤਾਂ ਐਪਰ ਰੁਖ ਹੁੰਦਾ ਹੈ

ਸਾਰੀਆਂ ਰੀਝਾਂ ਪੂਰੀਆਂ ਕਰਦਾ

ਰਾਤਾਂ ਠਰਦਾ ਧੁਪੇ ਸੜਦਾ

ਐਪਰ ਪੂਰੀਆਂ ਰੀਝਾਂ ਕਰਦਾ।

No comments:

Post a Comment