Friday, December 31, 2010

Happy New year - 2011

image

ਯਾਦਾਂ ਨੇ ਗਿਲਾ ਕੀਤਾ
ਬੜੇ ਸ਼ਿਕਵੇ ਸ਼ਿਕਾਇਤਾਂ ਦਾ
ਇੱਕ ਐਸਾ ਸਿਲਸਿਲਾ ਕੀਤਾ।
ਕਿ ਹੁਣ ਮਹਿਫ਼ਲ ਨਹੀਂ ਸਜਦੀ
ਕਿ ਹੁਣ ਚਰਚਾ ਨਹੀਂ ਹੁੰਦਾ
ਜੋ ਮਿਲਦਾ ਹੈ
ਦੁਆ ਵਾਂਗੂ
ਸਦਾ ਵਾਂਗੂ ਨਹੀਂ ਹੁੰਦਾ
ਨਾ ਪੁੱਛਦਾ ਹਾਲ ਹੈ ਮੇਰਾ
ਨਾ ਦਸਦਾ ਹਾਲ ਆਪਣਾ ਹੈ
ਕਿ ਦੋ ਹਰਫਾਂ ਦੇ ਮਗਰੋਂ
ਚੁੱਪ ਦਾ ਹੈ ਸਿਲਸਿਲਾ ਹੁੰਦਾ
ਨਾ ਉਹ ਬੋਲੇ
ਨਾ ਮੈਂ ਪੁੱਛਾਂ
ਨਾ ਉਹ ਪੁੱਛੇ
ਨਾ ਮੈਂ ਦੱਸਾਂ
ਦੀਵਾਂਰਾਂ ਵਿਚ ਚਿਣੇ ਜਾਂਦੇ
ਤਾਂ ਹੁੰਦਾ ਦੁਰ ਤੱਕ ਚਰਚਾ
ਅਸੀਂ ਚਿਣ ਕੇ ਦੀਵਾਰ ਬੈਠ ਜਾਈਏ
ਕਿ ਹੁਣ ਉਹਨਾਂ ਦੀਵਾਰਾਂ ਤੇ
ਸਜਾ ਕੇ ਚਾਰ ਤਸਵੀਰਾਂ
ਸਮਝ ਬੈਠੇ ਹਾਂ
ਕਿ ਹਰੀਆਂ ਕਪਾਹਾਂ ਹਸਦੀਆਂ ਹਰ ਸੂ
ਕਿ ਰੁਖਾਂ ਨੂੰ ਸਦਾ ਫਲ ਲਗਦੇ ਦੇਖੇ
ਕਿ ਦੀਵੇ ਆਸ ਦੇ ਜਗਦੇ
ਸਦਾ ਬਨੇਰਿਆਂ ਉਪਰ
ਕਿਸੇ ਚੌਖਟ ਦੇ ਦੀਵੇ ਦੀ
ਹਾਂ ਲੋਅ ਤਸਵੀਰ ਚੋਂ ਲੱਭੀਏ
ਤੇ ਆਪਣੇ ਹੀ ਘਰਾਂ ਦੇ ਦੇਵਤੇ
ਮਨਾਂ ਅੰਦਰ ਹਨੇਰੇ ਨੇ
ਹੈ ਘਰ ਕਰ ਲਿਆ ਚਿਰ ਤੋਂ
ਨਾ ਉਸ ਦਾ ਜਿਕਰ ਕਰਦੇ ਹਾਂ
ਨਾ ਚਰਚਾ ਉਸ ਦਾ ਕਰੀਏ
ਕਦੇ ਰੋਈਏ ਤਾਂ ਚੁੱਪ ਕਰਕੇ
ਕਦੇ ਲੜੀਏ ਖਾਮੋਸ਼ੀ ਵਿਚ
ਕਦੇ ਝੁਰੀਏ ਤਾਂ ਕੰਧਾਂ ਨਾਲ ਟਕਰਾਂ ਮਾਰ ਕੇ ਮੁੜੀਏ
ਕਿ ਜਿੱਥੇ ਹਾਂ ਖੜੇ ਕੱਲ ਦੇ
ਹਾਂ ਉੱਥੇ ਹੀ ਖੜੇ ਰਹੀਏ
ਕਦੇ ਬਾਹਰ ਨਹੀਂ ਆਉਂਦੇ
ਕਦੇ ਬਾਜ਼ਾਰ ਨਹੀਂ ਜਾਂਦੇ
ਕਦੇ ਬੈਠਕ ਚ’ ਬਹਿੰਦੇ ਨਹੀਂ
ਕਦੇ ਚਰਚਾ ਨਹੀਂ ਕਰਦੇ
ਕਿ ਅੰਬਰ ਤੇ ਜੋ ਸੂਰਜ ਹੈ
ਇਹ ਸੂਰਜ ਵੀ ਨਹੀਂ ਆਪਣਾ
ਨਾ ਤਾਰੇ ਚੰਨ ਆਪਣੇ ਹਨ
ਨਾ ਅੰਬਰ ਨਾ ਹਵਾ ਪਾਣੀ
ਨਾ ਧਰਤੀ ਹੈ
ਨਾ ਰਸਤਾ ਹੈਂ
ਪੈਰਾਂ ਦੀ ਰਵਾਨੀ ਹੀ
ਕੋਈ ਤਾਂ ਲੈ ਗਿਆ ਸ਼ਹਿਰ
ਸਿਰਾਂ ਤੇ ਧੂੜ ਕੇ ਜਾਦੂ
ਨਾ ਉਹ ਨਿਕਲੇ
ਤੁਸੀਂ ਨਾ ਮੈਂ ਨਾ ਬਹਿਕੇ ਹੀ ਗਿਲਾ ਕੀਤਾ
ਕਿ ਹੁਣ ਰੋਂਦੇ ਹਾਂ ਤਾਂ
ਹੰਝੂ ਵੀ ਆਪਣਾ ਸਾਥ ਨਹੀਂ ਦਿੰਦੇ
ਤੇ ਸ਼ਬਦਾਂ ਦਾ ਗਿਲਾ ਤਾਂ
ਜੰਗ ਖਾਧੇ ਤੀਰ ਵਰਗਾ ਹੈ
ਨਾ ਸ਼ਬਦਾਂ ਵਿੱਚ ਰਿਹਾ ਜਾਦੂ
ਰਿਹਾ ਦਮ ਹੀ ਨਾ ਅਰਥਾਂ ਵਿੱਚ
ਤੇ ਇੱਕ ਇੱਕ ਦੌਰ ਕੋਈ ਵੀ ਪੰਨਾ
ਕਿਤਾਬਾਂ ਵਿੱਚ ਨਹੀਂ ਮਿਲਣਾ
ਨਾ ਤੁੰ ਲਿਖਿਆ
ਨਾ ਮੈਂ ਲਿਖਿਆ
ਨਾ ਮੈਂ ਪੜ੍ਹਿਆ
ਨਾ ਤੁੰ ਪੜ੍ਹਿਆ
ਨਾ ਮੈਂ ਸੁਣਿਆ
ਨਾ ਤੂੰ ਸੁਣਿਆ
ਇਹ ਜਿਹੜੇ ਸ਼ਬਦ ਸਨ ਤੇਰੇ
ਇਹ ਜਿਹੜੇ ਸ਼ਬਦ ਹਨ ਮੇਰੇ
ਇਹ ਜਿਹੜੇ ਸ਼ਬਦ ਆਪਾਂ
ਕਦੇ ਸੀ ਬੋਲਦੇ ਮਿਲਕੇ
ਕਦੇ ਸਾਂ ਗੀਤ ਗਾਉਂਦੇ
ਕਦੇ ਉਹ ਗੀਤ ਗਾਉਂਦੇ ਸਨ
ਤੈਨੂੰ…., ਮੈਨੂੰ…,
ਮੈਨੂੰ ਤੈਨੂੰ
ਉਹ ਸਾਰੇ ਸ਼ਬਦ ਸਾਰੇ ਅਰਥ
ਕਿਤਾਬਾਂ ਵਿੱਚ ਨਹੀਂ ਲੱਭਣੇ
ਅਸੀਂ ਇਤਿਹਾਸ ਦੇ ਸਫਿਆਂ ਚੋਂ
ਮਿਟਾ ਦਿਤੇ ਗਏ ਹੋਵਾਂਗੇ
ਬੀਤੇ ਦੀ ਸਦੀ ਵਾਂਗਰ

ਕਿ ਯਾਰਾਂ ਨੇ ਗਿਲਾ ਕੀਤਾ
ਬੜੇ ਸ਼ਿਕਵੇ ਸ਼ਿਕਾਇਤਾਂ ਦਾ
ਇੱਕ ਐਸਾ ਸਿਲਸਿਲਾ ਕੀਤਾ।
ਕਿ ਹੁਣ ਮਹਿਫ਼ਲ ਨਹੀਂ ਸਜਦੀ
ਕਿ ਹੁਣ ਚਰਚਾ ਨਹੀਂ ਹੁੰਦਾ।
ਕਿ ਬੱਸ ਚਰਚਾ ਨਹੀਂ ਹੁੰਦਾ।


 

Happy New year - 2011

image

Wish you all
nears and dears, friends and foes

A very Happy Prosperous New Year 2011

Gurdip Singh
01-01-11

Thursday, December 30, 2010

New Year Greetings

.....ਸਾਲ 2011

ਗੁਰਦੀਪ ਸਿੰਘ

ਪਲ ਪਲ ਛਿਣ ਛਿਣ ਕਰਕੇ ਇਹ ਵੀ ਬੀਤ ਗਿਆ ਹੈ
ਕੁਝ ਦੰਦਾਂ ਦੇ ਥੱਲੇ ਲੰਘਿਆ
ਕੁਝ ਕੰਧਾਂ ਦੇ ਥੱਲੇ ਲੰਘਿਆ
ਕੁਝ ਹੱਦਾਂ ਦੇ ਬੰਨੇ ਬੰਨੇ
ਫਿਰਦਾ ਤੱਕਿਆ,
ਬਹੁਤ ਬੁਲਾਇਆ,
ਪਰ ਨਾ ਆਇਆ
ਸੁਪਨੇ ਵੰਡਦਾ
ਰੀਝਾਂ ਛੰਡਦਾ
ਸਾਲ ਉਮਰ ਦਾ
ਪਲ ਪਲ ਛਿਣ ਛਿਣ ਕਰਕੇ
ਅਸਾਂ ਬਿਤਾਇਆ
ਜਿਵੇਂ ਬਿਤਾਇਆ ਬੀਤ ਗਿਆ ਹੈ।
ਨਵੇਂ ਸਾਲ ਦੇ ਨਵੇਂ ਦਿਹਾੜੇ
ਨਵੀਂ ਸੁਬਹ ਦੀਆਂ ਨਵੀਆਂ ਗੱਲਾਂ
ਚਿਣ ਚਿਣ ਰੱਖੀਆਂ
ਸੋਚ ਸੋਚ ਕੇ ਬੋਚ ਬੋਚ ਕੇ
ਨਵੇਂ ਸਾਲ ਸਾਲ ਦੀਆਂ ਨਵੀਆਂ ਗੱਲਾਂ
ਨਵੀਆਂ ਰੀਝਾਂ
ਅਤੇ ਉਮੰਗਾਂ
ਇਸ ਬੂਟੇ ਨੂੰ ਫਲ ਲੱਗੇਗਾ
ਇਹ ਬੁਟਾ ਵੀ ਛਾਂ ਦੇਵੇਗਾ
ਪੀਂਘ ਕੋਈ ਅਸਮਾਨੀ
ਜਾ ਛੋਹੇਗੀ ਤਾਰੇ
ਜਾਂ ਬੱਦਲ,
ਜਾ ਸੂਰਜ
ਜਾਂ ਕੋਈ ਰੰਗਲਾ ਸੁਪਨਾ
ਤੋੜ ਲਿਆਵੇ
ਨਵੇਂ ਸਾਲ ਦੀਆਂ ਅਨੰਤ ਤਰੰਗਾਂ
ਇੱਕ ਆਵੇ ਇੱਕ ਜਾਵੇ
ਕੀ ਮੰਗਾਂ
ਕੁਝ ਆਪਣੇ ਲਈ ਕੁਝ ਆਪਣਿਆਂ ਲਈ
ਕੁਝ ਯਾਰਾਂ ਮਿਤਰਾਂ ਸਮਬੰਧੀਆਂ
ਕੁਝ ਹਮਰਾਹੀਆਂ, ਹਮਸਾਹੀਆਂ ਲਈ
ਕੁਝ ਦੇਸੀਂ, ਪਰਦੇਸੀਂ ਬੈਠੇ
ਸੱਭ ਲਈ ਖੁਸ਼ੀਆਂ ਸੁਖ ਸੁਨੇਹੇ
ਰੀਝਾਂ ਲਈ ਸਿਰਨਾਵੇਂ ਮੰਗਾਂ
ਨਵੇਂ ਸਾਲ ਦਾ ਸਾਥ ਲੰਮੇਰਾ ਮੰਗਾਂ
ਜੇਰਾ ਲੰਮੇ ਪੈਂਡੇ ਝਾਗ ਸਕਣ ਦਾ
ਮੱਥੇ ਉਪਰ ਜਗਦਾ ਰਹੇ ਜੋ ਦੀਵਾ
ਅਤੇ ਬਰੂਹਾਂ ਉਪਰ ਟਿਕਿਆ ਰਹੇ ਸਿਰਨਾਵਾਂ
ਤਿੱਖੀ ਹੋਵੇ ਸੋਚ ਤੇ ਸੁਰ ਵੀ ਤਿੱਖੀ
ਦੁਰ ਦੁਰਾਡੇ ਪਹੁੰਚੇ
ਨਵੇਂ ਸਾਲ ਦਾ ਸੁਪਨਾ।

Sunday, December 26, 2010

ਸੰਵਾਦ - 2011

ਸੰਵਾਦ ਨਵੇਂ ਸਾਲ 2011 ਵਿੱਚ ਪੇਰ ਧਰ ਰਿਹਾ ਹੈ।

ਸ਼ੁਭ ਇਛਾਵਾਂ

ਗੁਰਦੀਪ

Saturday, December 25, 2010


Ring in 2011


In comes the new year
out goes the old
old, unsweetened, embittered and cold.
Chilled are the events
that befell on us
We tend to forget
The bury the hatchet
And buy the New Year
From the stores
It comes free with every card we buy
Every gift we choose
We can choose every thing
But cannot choose ourselves
The wishes
The dreams
The desires
The longings
The yearnings
And the earnings
May all be balanced
Into a profit and loss statement
May the New Year
2011
Be the best
To see your best
In the best of colours
Spirit
And action.


Thursday, December 23, 2010

ਪੌੜੀ ਦਾ ਹੇਠਲਾ ਡੰਡਾ

ਪੌੜੀ ਦਾ ਹੇਠਲਾ ਡੰਡਾ

ਗੁਰਦੀਪ ਸਿੰਘ / 9878961218

ਹਰ ਕੋਈ ਪੌੜੀ ਫੜ ਕੇ

ਪੌੜੀ ਚੜ੍ਹ ਕੇ

ਸੱਭ ਉਚਾਈਆਂ ਛੂਹਣਾ ਚਾਹੇ

ਜੋ ਜਾਵੇ ਉਹ ਪਰਤ ਨਾ ਥਲੇ ਆਵੇ

ਪਰ ਪੌੜੀ ਦਾ ਡੰਡਾ

ਸੱਭ ਤੋਂ ਹੇਠਾਂ

ਸੱਭ ਤੋਂ ਹੇਠਾਂ ਰਹਿ ਕੇ

ਸੱਭ ਦਾ ਰਾਹ ਬਣਾਵੇ

ਡੰਡਾ ਡੰਡਾ ਜੁੜ ਕੇ ਹੀ

ਤਾਂ ਪੌੜੀ ਬਣਦੀ ਹੈ

ਤੇ ਪੌੜੀ ਦੇ ਸਾਰੇ ਡੰਡੇ

ਆਪੋ ਦੇ ਵਿੱਚ

ਤੱਕਦੇ ਰਹਿੰਦੇ

ਸੁਣਦੇ ਰਹਿੰਦੇ

ਸੋਚਣ ਲੱਗਦੇ

ਜੋ ਚੜ੍ਹਦਾ ਹੈ

ਪਰਤ ਕਦੇ ਨਾ ਆਵੇ।

ਪੌੜੀ ਉੱਥੇ ਦੀ ਉੱਥੇ ਹੈ

ਖੜੀ ਖੜੋਤੀ

ਢੇਰ ਪੁਰਾਣੀ ਹੁੰਦੀ ਜਾਵੇ

ਚਿਰ ਮਿਰ ਕਰਦੀਚੂੰ ਚੂੰ ਕਰਦੀ

ਪੈਰ ਪੈਰ ਲਈ ਰਾਹ ਬਣਾਉਂਦੀ

ਚਿੱਕੜ ਲਿਬੜੀ

ਝੁਰਦੀ ਰਹਿੰਦੀ

ਤੇ ਪੌੜੀ ਦਾ ਥੱਲੜਾ ਡੰਡਾ।

ਕ੍ਰਿਸਮਸ ਦਾ ਰੁਖ

ਕ੍ਰਿਸਮਸ ਦਾ ਰੁਖ

 

ਗੁਰਦੀਪ ਸਿੰਘ / 9878961218

 

ਰੀਝਾਂ ਨੂੰ ਰੁਖਾਂ ਤੇ ਟੁੰਗੀਏ

ਆਪਣੇ ਇਕਲਾਪੇ ਨੂੰ ਟੁੰਬੀਏ

ਰੀਝਾਂ ਟੁੰਗੀਏ ਚੀਜ਼ਾਂ ਮੰਗੀਏ

ਨਿੱਕੀਆਂ ਨਿੱਕੀਆ ਖੁਸ਼ੀਆਂ ਲੱਭੀਏ

ਜੀਣ ਲਈ

ਦੋ ਘੁੱਟ ਖੁਸ਼ੀਆਂ ਦੇ ਜਾਹ ਸਾਨੂੰ ਪੀਣ ਲਈ

ਸਾਹਵਾਂ ਦੇ ਨਾਲ ਸਾਹ ਨਹੀਂ ਰਲਦਾ

ਰਾਹਵਾਂ ਦੇ ਨਾਲ ਰਾਹ ਨਹੀਂ ਰਲਦਾ

ਫਿਰ ਵੀ ਪੈਂਡਾ ਕਰਨਾ ਪੈਂਦਾ

ਸਾਰਾ ਨਾ ਸਾਨੂੰ ਜਿਨ ਰਾਹਾਂ ਦੀ

ਉਹਨੀਂ ਰਾਹੀਂ ਟੁਰਨਾ ਪੈਂਦਾ

ਕੱਲਮ ਕਲੇ ਹੋ ਜਾਂਦੇ ਹਾਂ

ਜੇ ਰਾਹ ਵਿੱਚ ਖਲੋ ਜਾਂਦੇ ਹਾਂ

ਚੇਤਿਆ ਵਿੱਚੋਂ ਡੁਲ੍ਹ ਨਾ ਜਾਈਏ

ਵੇਖੀ ਕਿਧਰੇ ਭੁਲ ਨਾ ਜਾਈਏ

ਟੁਰਨਾ ਹੈ ਟੁਰਦੇ ਜਾਂਦੇ ਜਾਂਦੇ ਹਾਂ

ਭੁਰਨਾ ਹੈ ਭੁਰਦੇ ਜਾਂਦੇ ਹਾਂ

ਕਤਰਾ ਕਤਰਾ ਹੋ ਕੇ ਆਪਾਂ

ਆਪੋ ਵਿੱਚ ਹੀ ਖੁਰ ਜਾਂਦੇ ਹਾਂ

ਹਰ ਇਕ ਸਾਲ ਭੁਲਾਵਣ ਦੇ ਲਈ

ਨਵੇਂ ਸਾਲ ਦੀਆਂ ਰੀਝਾਂ ਕਰੀਏ

ਦਿਲ ਦੇ ਸੱਖਣੇ ਆਲੇ ਦੇ ਵਿੱਚ

ਜਾਂ ਦੀਵੇ, ਮੋਮਬੱਤੀਆਂ ਧਰੀਏ

ਕੋਈ ਸ਼ਗਨ ਮਨਾਈਏ ਆਪਾਂ

ਮਿਤਰਾਂ ਨਾਮ ਸੁਨੇਹੇ ਕਰੀਏ।

ਰਾਤ ਪਈ ਤੋਂ ਬਿੜਕਾਂ ਲਈਏ

ਦਿਨ ਚੜ੍ਹਦੇ ਨੂੰ ਸਿਜਦੇ ਕਰੀਏ

ਰੁਖ ਤਾਂ ਐਪਰ ਰੁਖ ਹੁੰਦਾ ਹੈ

ਸਾਰੀਆਂ ਰੀਝਾਂ ਪੂਰੀਆਂ ਕਰਦਾ

ਰਾਤਾਂ ਠਰਦਾ ਧੁਪੇ ਸੜਦਾ

ਐਪਰ ਪੂਰੀਆਂ ਰੀਝਾਂ ਕਰਦਾ।

Friday, December 17, 2010

ਗ਼ਜ਼ਲ

ਗੁਰਦੀਪ ਸਿੰਘ ਭਮਰਾ

 

ਦਹਿਸ਼ਤ ਇੰਨੀ ਹੈ ਕਿ ਪੰਛੀ ਵੀ ਹੁਣ ਸੁਣਿਆ ਗਾਉਂਦੇ ਨਹੀਂ
ਡਰਦੇ ਮਾਰੇ ਉਹ ਦੁਬਕੇ ਹਨ ਹੁਣ ਅੰਬਰ ਤੇ
' ਭਾਉਂਦੇ ਨਹੀਂ।

ਹੰਝੂ ਵੀ ਅੱਖੀਆਂ ਵਿੱਚ ਆ ਕੇ ਰੋਂਦੇ ਨੇ ਪਰ ਚੋਂਦੇ ਨਹੀਂ
ਹਉਕੇ ਤਾਂ ਉੱਠਦੇ ਨੇ ਐਪਰ ਬੁਲ੍ਹਾਂ ਕੋਲ ਖਲੋਂਦੇ ਨਹੀਂ।

ਸੁਣ ਲੈਂਦੇ ਨੇ ਸੱਭ ਦੀ ਐਪਰ ਆਪਣੇ ਦਿਲ ਦੀ ਕਹਿੰਦੇ ਨਹੀਂ
ਕੰਧਾਂ ਤੋਂ ਡਰਦੇ ਨੇ ਸਾਰੇ ਆਪਣੀ ਆਖ ਸੁਣਾਉਂਦੇ ਨਹੀਂ।

ਵੰਡ ਦਿਤਾ ਹੈ ਸੱਭ ਨੇ ਸੱਭ ਨੂੰ ਡੱਬਿਆਂ ਦੇ ਵਿੱਚ ਰੱਖਿਆ ਹੈ
ਕੈਦ ਚੋਂ ਮੁਕਤੀ ਚਾਹੁੰਦੇ ਨੇ ਪਰ ਕੈਦ ਚੋਂ ਬਾਹਰ ਆਉਂਦੇ ਨਹੀਂ।

ਹਰ ਇੱਕ ਬੰਦਾ ਗਰਜ਼ਾਂ ਖਾਤਰ ਮਿੱਟੀ ਬਹੁਤ ਉਡਾਉਂਦਾ ਹੈ
ਕੌਣ ਕਹੇ ਹੁਣ ਖੋਤੇ ਵਾਂਗੂ ਆਪਾਂ ਬੋਝਾ ਢੋਂਦੇ ਨਹੀ।

ਰੋਣਾ ਹੈ ਤਾਂ ਬਹਿ ਰੋ ਲੈ ਆਪੇ ਆਪਣੀ ਢੇਰੀ ਤੇ
ਫੇਰ ਨਾ ਆਖੀਂ ਕਬਰਾਂ ਉੱਤੇ ਲੋਕੀਂ ਏਥੇ ਰੋਂਦੇ ਨਹੀਂ।

ਦੀਪ ਜਗਾਵਣ ਦੇ ਲਈ ਇੱਥੇ ਹਰ ਇੱਕ ਬੰਦਾ ਕਾਹਲਾ ਹੈ
ਰਸਤੇ ਪੂਜਣ ਜਾਂਦੇ ਹਨ ਪਰ ਰਸਤਾ ਨੂੰ ਅਪਣਾਉਂਦੇ ਨਹੀਂ।

ਗੀਤ ਬਹਾਰਾਂ ਦੇ ਉੱਗਦੇ ਹਨ ਸਾਲਾਂ ਤੋਂ ਪਰ ਸੂਲੀ ਤੇ
ਬਾਰੀ ਵਿੱਚੋਂ ਤੱਕਦੇ ਨੇ ਸੱਭ ਐਪਰ ਬਾਹਰ ਆਉਂਦੇ ਨਹੀਂ।

 

Thursday, December 16, 2010


 ਮਨ 

ਗੁਰਦੀਪ ਸਿੰਘ
ਮੈਂ ਇਹ ਲੈਣਾ
ਮੈਂ ਅਹੁ ਲੈਣਾ
ਇਹ ਵੀ ਮੇਰੇ ਕੋਲ ਨਹੀਂ ਹੈ
ਅਹੁ ਵੀ ਮੇਰੇ ਕੋਲ ਨਹੀਂ ਹੈ।
ਆਹ ਵੀ ਲੈਣਾ
, ਤੇ ਅਹੁ ਵੀ ਲੈਣਾ।
ਮਨ ਬੇਚੈਨ
ਬੜਾ ਸ਼ੈਤਾਨ
ਬੜਾ ਹੈ ਜ਼ਿੱਦੀ

ਰੰਗ ਬਰੰਗੀਆਂ ਚੀਜ਼ਾਂ ਤੱਕ ਕੇ
ਡੁੱਲ੍ਹ ਜਾਂਦਾ ਹੈ

ਭੁੱਲ ਜਾਂਦਾ ਹੈ ਬਹੁਤੀ ਵਾਰੀ
ਆਪਣੀ ਹਸਤੀ
ਚਾਹੇ ਮਹਿੰਗੀ
ਚਾਹੇ ਸਸਤੀ।
ਸੱਭ ਕੁਝ ਹਾਸਲ ਕਰਨਾ ਚਾਹੇ
ਮੈਂ ਸਮਝਾਵਾਂ,
ਕਹਿਣ ਸਿਆਣੇ-
-ਬਹੁਤਾ ਕੁਝ ਨਾ
'ਕੱਠਾ ਕਰੀਏ
-ਬਹੁਤੇ ਕੁਝ ਦੀ ਸਾਂਭ ਨਾ ਹੋਵੇ
-ਸਾਂਭ ਸਕੇਂ ਸੋ 'ਕੱਠਾ ਕਰੀਏ
ਪਰ ਬਾਜ਼ਾਰ ਬੜਾ ਰੰਗੀਲਾ

ਰੋਜ਼ ਏਸ ਨੂੰ 'ਵਾਜ਼ਾਂ ਮਾਰੇ
ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ
ਰੋਜ਼ ਬੁਲਾਵੇ।
ਮਨ ਸ਼ੈਤਾਨ

ਆਖੇ ਨਾ ਲੱਗੇ
ਬਾਜ਼ਾਰ ਬੁਲਾਵੇ
ਭੱਜਿਆ ਜਾਵੇ
ਫੇਰ ਕਹੇ-
ਮੈਂ ਆਹ ਵੀ ਲੈਣਾ
ਅਹੁ ਵੀ ਲੈਣਾ
ਜੇ ਨਾ ਲੈ ਕੇ ਦੇਵਾਂ ਇਸ ਨੂੰ
ਭਰੇ ਬਾਜ਼ਾਰ ਹੀ
ਲਿਟ ਜਾਂਦਾ ਹੈ

ਵਿੱਚ ਚੌਰਾਹੇ
ਖਿੰਡ ਜਾਂਦਾ ਹੈ
ਰੋਂਦਾ ਤੇ ਰੌਲਾ ਪਾਂਦਾ ਹੈ
-ਮੈਨੂੰ ਕਦੇ ਵੀ ਕੁਝ ਨਹੀਂ ਮਿਲਦਾ
ਉਚੀ ਉਚੀ ਆਖ ਸੁਣਾਵੇ

ਰੰਗ ਬਰੰਗੇ ਸੁਪਨੇ ਤਕੱਦਾ
ਰੋਜ਼ ਕਿਸੇ ਸੁਪਨੇ ਦੇ ਪਿਛੇ ਤੁਰ ਜਾਂਦਾ ਹੈ।
ਮੈਂ ਬੁਲਾਵਾਂ

ਵਾਜ਼ਾਂ ਮਾਰਾਂ
ਬਹੁਤ ਹਟਾਵਾਂ
ਝਿੜਕਾਂ
ਵਰਜਾਂ
ਤੇ ਸਮਝਾਵਾਂ

-ਨਾ ਕਰ ਅੜੀਆਂ
ਇਹ ਨਾ ਚੰਗੀਆਂ

ਕੁਝ ਤਾਂ ਸਿੱਖ ਲੈ ਜਰਨਾ ਤੰਗੀਆਂ
ਸਬਰ ਸਿਦਕ ਸੰਤੋਖ ਦੀਆਂ ਗੱਲਾਂ

ਇਹ ਨਾ ਮੰਨੇ।
ਇਹ ਨਾ ਦੇਖੇ ਖੀਸੇ ਵੱਲੇ
ਮੋਲ ਤੋਲ ਦੀ ਗੱਲ ਨਾ ਕਰਦਾ
ਹਰ ਇਕ ਵਸਤੂ ਲੈਣਾ ਚਾਹਵੇ
ਜੀ ਆਪਣਾ ਪਰਚਾਉਣਾ ਚਾਹਵੇ
ਮੈਨੂੰ ਵੀ ਭਰਮਾਉਣਾ ਚਾਹਵੇ
ਤਰ੍ਹਾਂ ਦੀਆਂ ਘੜੇ ਦਲੀਲਾਂ
ਆਪ ਕਿਸੇ ਦੀ ਗੱਲ ਨਾ ਸੁਣਦਾ
ਹਰ ਵਾਰੀ ਇਹ ਜ਼ਿਦ ਪੁਗਾਵੇ

ਬਾਜ਼ਾਰ ਬੁਲਾਵੇ
ਭੱਜਿਆ ਜਾਵੇ।
ਥੋਹੜੇ ਵਿੱਚ ਵੀ ਸਬਰ ਨਾ ਆਵੇ।
ਮਨ ਹੈ ਜਾਂ ਕੋਈ ਅੱਥਰਾ ਘੋੜਾ।

Tuesday, December 14, 2010


  
ਉਚੀਆਂ ਲੰਮੀਆਂ ਟਾਹਲੀਆਂ
 ਗੁਰਦੀਪ ਸਿੰਘ ਭਮਰਾ
ਉਚੀਆਂ ਲੰਮੀਆਂ ਟਾਹਲੀਆਂ
ਉਹ ਪੱਤਾਂ ਵਾਲੀਆਂ
ਪੁਤਾਂ ਵਾਲੀਆਂ
ਖੜੀਆਂ ਵਿਹੜੇ ਵਿਚਕਾਰ
ਨਾ ਕੋਈ ਪੁੱਛਦਾ
ਨਾ ਕੋਈ ਦੱਸਦਾ
ਖੜੀਆਂ ਬਾਹਵਾਂ ਨੂੰ ਖਿਲਾਰ
ਤੈਨੂੰ ਤੱਕਦੀਆਂ
ਰਹਿ ਨਾ ਸਕਦੀਆਂ
 ਉਚੀਆਂ ਲੰਮੀਆਂ ਟਾਹਲੀਆਂ
ਤੇ ਪਾਈ ਪੀਂਘ ਜਦ
ਝੂਟੇ ਖਾਂਦੀਆਂ ਝੂਟੇ ਦੇਂਦੀਆਂ
ਗਿਧਾ ਪਾਉਂਦੀਆਂ
ਲੋਰੀ ਗਾਉਂਦੀਆਂ
ਕਿਕਲੀ ਪਾਉਂਦੀਆਂ
ਕਦੇ ਹਸਦੀਆਂ
ਵਿਹੜੇ ਵਸਦੀਆਂ
ਛਾਂਵਾਂ ਮਾਣ ਕੇ
ਮਾਂਵਾਂ ਜਾਣ ਕੇ
ਬੁੱਲੇ ਸੌਣ ਦੇ
ਠੰਢੀ ਪੌਣ ਦੇ
ਉਚੀਆਂ ਲੰਮੀਆਂ ਟਾਹਲੀਆਂ
ਉਹ ਪੱਤਾਂ ਵਾਲੀਆਂ
ਉਹ ਪੁੱਤਾਂ ਵਾਲੀਆਂ
ਖਿੜ ਖਿੜ ਹਸਦੀਆਂ
ਵਿਹੜੇ ਵੱਸਦੀਆਂ
ਖੇਡਾਂ ਖੇਡਦੇ ਨੂੰ
ਤੈਨੂੰ ਦੇਖ ਕੇ
ਤੇਰੇ ਵਾਸਤੇ
ਜਿੰਦ ਕੀਤੀ ਕੁਰਬਾਨ
ਕਦੇ ਟਾਹਣੀਆਂ ਕਦੇ ਲਕੜੀਆਂ
ਕਦੇ ਲੈਂਦੀਆਂ
ਤਨ ਲਿਆ ਚਿਰਵਾ
ਆਰੇ ਸਹਿੰਦੀਆਂ
ਕੁਝ ਨਾ ਕਹਿੰਦੀਆਂ
ਉਚੀਆਂ ਲੰਮੀਆਂ ਟਾਹਲੀਆਂ
ਪੁੱਤਾਂ ਵਾਲੀਆਂ
ਪੱਤੇ ਝਾੜ ਕੇ
ਹੁਣ ਨਾ ਇਸ ਦੀ ਛਾਂ
ਇਹ ਕੀ ਕਰਨੀਆਂ
ਵੱਢੋ ਮੁੱਢ ਵਿਚਕਾਰ
ਇਹ ਬੇਕਾਰ
ਹੁਣ ਨਾ ਸੋਹੰਦੀਆਂ
ਇਹ ਕੋਠੀ ਵਾਸਤੇ
ਲੀਕਾਂ ਮਾਰ ਕੇ
ਨੀਹਾਂ ਵਾਸਤੇ
ਇਹਨਾਂ ਦੀ ਕੀ ਹੈ ਲੋੜ
ਵੱਢੋ ਛਾਂਗ ਕੇ
 ਉਚੀਆਂ ਲੰਮੀਆਂ ਟਾਹਲੀਆਂ
ਜੋ ਪਤਾ ਵਾਲੀਆਂ
ਉਹ ਪੁੱਤਾਂ ਵਾਸਤੇ
ਹੁਣ ਕੀਕਰ ਬੇਕਾਰ
ਕੋਈ ਸਮਝ ਨਾ
ਖੜੀ ਆਵਾਜ਼ਾ ਮਾਰ
ਮੈਨੂੰ ਚੀਰ ਕੇ
ਮੈਨੂੰ ਰੰਦ ਕੇ ਜਾਹ ਕੇ ਖੜਾਂ ਤੇਰੇ ਦਰਬਾਰ
ਤੇਰੇ ਵਾਸਤੇ
ਤੇਰੇ ਦਰ ਬੂਹੇ ਤੇ ਦੁਆਰ
ਖੜਾਂ ਰੋਕ ਕੇ
ਹਿੱਕ ਠੋਕ ਕੇ
ਤੇਰੇ ਵਾਸਤੇ
ਕਿਤੇ ਨਾ ਦਿਸਦੀਆਂ ਟਾਹਲੀਆਂ
ਉਹ ਪੱਤਾਂ ਵਾਲੀਆਂ
ਉਹ ਪੁੱਤਾਂ ਵਾਸਤੇ
ਬਦਲਨ ਰੂਪ ਹਜ਼ਾਰ
ਪੁੱਤਾਂ ਵਾਸਤੇ
ਧੀਆਂ ਵਾਸਤੇ






Monday, December 13, 2010

ਗੁਰਦੀਪ ਸਿੰਘ ਭਮਰਾ

ਗ਼ਜ਼ਲ

 

ਇੱਕ ਦੂਜੇ ਦੇ ਹੋ ਕੇ ਰਹੀਏ।
ਬਹੁਤੀ ਸੁਣੀਏ ਥੋੜ੍ਹੀ ਕਹੀਏ।

 

ਤੇਰੇ ਬਿਨ ਹੁਣ ਰਹਿ ਨਹੀ ਹੋਣਾ
ਉਪਰੋ ਉਪਰੋਂ ਐਵੇਂ ਸਹੀਏ।

 

ਫੇਰ ਮਿਲੇਂਗੀ ਕਹਿ ਜਾਦੀਂ ਏ

ਦੂਰੋਂ ਦੂਰੋਂ ਤੈਨੂੰ ਤਕੱਦੇ ਰਹੀਏ।

 

ਆਪਣੇ ਦਿਲ ਨੂੰ ਚੈਨ ਨਹੀਂ ਹੈ
ਛਾਂਵੇ ਬਹੀਏ, ਧੁੱਪੇ ਬਹੀਏ।

 

ਹੁਣ ਤਾਂ ਮਿਲਣਾ ਮੁਸ਼ਕਿਲ ਲਗਦਾ

ਫਾਸਲਿਆਂ ਨੂੰ ਲੱਗੇ ਪਹੀਏ।

 

14/12/2010

 

ਗੁਰਦੀਪ ਸਿੰਘ ਭਮਰਾ

ਕੁੜੀਆਂ ਤੇ ਚਿੜੀਆਂ

ਕੁੜੀਆਂ ਤੇ ਚਿੜੀਆਂ

ਚਹਿਕਦੀਆਂ

ਮਹਿਕਦੀਆਂ

ਟਹਿਕਦੀਆਂ

ਨਚਦੀਆਂ

ਟਪਦੀਆਂ

ਫੁਦਕਦੀਆਂ

ਹਵਾ ਵਾਂਗ ਰੁਮਕਦੀਆਂ

ਫੁੱਲਾਂ ਵਾਂਗ ਹਸਦੀਆਂ

ਤੇਂਲ ਦੇ ਤੁਪਕਿਆਂ ਵਾਂਗ

ਸੂਰਜ ਦੇ ਨਿੱਘ ਵਿੱਚ ਲਿਸ਼ਕਦੀਆਂ

ਟਾਹਣੀਓਂ ਟਾਹਣੀ

ਚੀਂ ਚੀਂ ਕਰਦੀਆਂ ਹੀ ਚੰਗੀਆਂ ਲੱਗਦੀਆਂ

ਇਹਨਾਂ ਤੋਂ ਸੱਖਣੀ

ਚੁੱਪ ਚੰਗੀ ਨਹੀਂ ਲੱਗਦੀ

ਇਹਨਾਂ ਤੋਂ ਬਗ਼ੈਰ ਧੁੱਪ ਚੰਗੀ ਨਹੀਂ ਲੱਗਦੀ

ਕਦੇ ਇਹ ਸੂਰਜ ਨੂੰ ਇਹ ਝਾਤ ਆਖਦੀਆਂ ਹਨ
ਕਦੇ ਸੂਰਜ ਇਹਨਾਂ ਨੂੰ ਲੱਭਦਾ
ਬਨੇਰਿਓ ਬਨੇਰੀ

ਟਾਹਣੀਓ ਟਾਹਣੀ
ਸਾਹੋ ਸਾਹ ਹੁੰਦਾ ਰਹਿੰਦਾ ਹੈ।

ਕੁੜੀਆਂ ਚਿੜੀਆਂ

ਬਿਨਾਂ ਪੁੱਛੇ

ਬਿਨਾਂ ਦੱਸੇ

ਲੰਮੀ ਉਡਾਰੀ ਮਾਰ ਜਾਂਦੀਆਂ ਹਨ

ਤੇ ਮੁੜ ਨਹੀਂ ਪਰਤਦੀਆਂ

ਅਸਮਾਨ ਦੀ ਨੀਲੀ ਚਾਦਰ ਵਿੱਚ ਗਵਾਚ ਜਾਂਦੀਆਂ ਹਨ।

ਤਾਰਿਆਂ ਦੇ ਦੇਸ ਜਾਣ ਲਈ

ਤਾਰਿਆਂ ਦੀ ਰੋਸ਼ਨੀ

ਅੱਖਾਂ ਵਿੱਚ ਵਸਾ ਲੈਣ ਲਈ ਕਾਹਲੀਆਂ

ਕੁੜੀਆਂ ਤੇ ਚਿੜੀਆਂ

ਰੁਖਾਂ ਤੇ ਟਾਹਣੀਆਂ ਦੇ ਅੰਗ ਸੰਗ

ਪਿਪਲੀ ਦੇ ਪਤਿਆਂ ਉਪਰ ਆਪਣੀਆਂ ਰੀਝਾਂ

ਦੇ ਸਿਰਨਾਵੇਂ ਲਿਖ ਕੇ ਤੀਆਂ ਪਾਉਂਦੀਆਂ

ਅਵੇਂ ਹੀ ਏਧਰ ਓਧਰ ਗਵਾਚ ਜਾਂਦੀਆਂ

ਕਦੇ ਨਾ ਪਰਤਣ ਲਈ

ਕਦੇ ਨਾ ਲੱਭਣ ਲਈ

ਕੁੜੀਆਂ ਤੇ ਚਿੜੀਆਂ

ਰੀਝਾਂ ਦੇ ਸਿਰਨਾਵੇਂ।

 

 

 

 

ਗ਼ਜ਼ਲ

ਬਣਾ ਕੇ ਬੁੱਤ ਬੁੱਤਖਾਨੇ ਚ'ਨਾ ਮੈਨੂੰ ਸਜਾ ਦੇਵੀਂ।

ਤੇਰਾ ਬੰਦਾ ਹਾਂ ਮੈਂ ਬੰਦੈ ਜੇਹੀ ਮੈਂਨੂੰ ਸਜ਼ਾ ਦੇਵੀਂ।

   

ਇਹਦੇ ਵਿੱਚ ਕੁਫ਼ਰ ਨਹੀਂ ਭੋਰਾ ਤੂੰ ਕਾਫ਼ਿਰ ਰਹਿਣ ਦੇ ਮੈਂਨੂੰ

ਕਿਸੇ ਨੂੰ ਸੱਚ ਆਖਣ ਦਾ ਖੁਦਾਯਾ ਹੌਂਸਲਾ ਦੇਵੀਂ।

   

ਬਣਾਇਆ ਫਾਸਲਾ ਤੂੰ ਫਾਸਲਾ ਦੇ ਵਾਸਤੇ ਮੈਥੋਂ

ਕਿਸੇ ਦੇ ਹੌਸਲੇ ਦੇ ਵਾਸਤੇ ਤੂੰ ਮੈਂਨੂੰ ਫਾਸਲਾ ਦੇਵੀਂ।

   

ਕਿਸੇ ਦਾ ਫੈਸਲਾ ਕਿ ਫਾਸਲੇ ਵਿੱਚ ਹੋਂਸਲਾ ਰੱਖਣਾ

ਕਿਸੇ ਨੂੰ ਹੌਂਸਲੇ ਵਿੱਚ ਫਾਸਲੇ ਦਾ ਫੈਸਲਾ ਦੇਵੀਂ।

   

ਖੁਦਾ ਕਹਿਰ ਵੀ ਕਰਨਾ ਤਾਂ ਏਨਾ ਕਹਿਰ ਨਾ ਕਰਨਾ

ਕਿ ਹਰ ਇੱਕ ਕਹਿਰ ਨੂੰ ਕਹਿਰ ਦਾ ਹੀ ਵਾਸਤਾ ਦੇਵੀਂ।

 

14/12/2010

Saturday, December 11, 2010

ਗੁਰਦੀਪ ਸਿੰਘ

ਜਮ੍ਹਾ ਪੂੰਜੀ

ਗੁਰਦੀਪ ਸਿੰਘ ਭਮਰਾ

ਸਾਲ ਬੀਤਣ 'ਤੇ ਹੈ
ਛਿਣ ਛਿਣ ਕਰਕੇ ਕਿੰਨਾ ਕੁਝ ਬੀਤ ਗਿਆ ਹੈ
ਇਹ ਸਾਲ ਵੀ
ਹਰ ਉਹਨਾਂ ਸਾਲਾਂ ਦੇ ਵਾਂਗ
ਜੋ ਮੈਂ ਤੇਰੀ ਯਾਦ ਵਿੱਚ ਗੁਜ਼ਾਰੇ
ਕਦੀ ਤੇ ਆਵੇਗਾ
ਮੈਂ ਸੋਚਦਾ
ਕਦੀ ਤੇ ਮੇਰੇ ਹਿੱਸੇ ਦਾ ਵੀ ਕੋਈ ਇੱਕ ਪਲ ਦੇਵੇਂਗਾ
ਆਪਣੀ ਦੋਸਤੀ ਦੇ ਨਾਂ
ਦੋ ਅੱਖਰ ਲਿਖੇਗਾਂ
ਸਮੇਂ ਦੇ ਸਫੇ ਉਪਰ
ਪਰ ਅਜਿਹਾ ਕਦੀ ਨਹੀਂ ਹੋਇਆ
ਨਾ ਇਸ ਸਾਲ
ਨਾ ਪਿਛਲੇ ਸਾਲ
ਨਾ ਉਸ ਤੋਂ ਪਿਛਲੇ ਸਾਲ
ਇਸ ਸਾਲ ਵੀ ਬਾਕੀ ਸਾਲਾਂ ਵਾਂਗ
ਡਾੲਰੀ ਦੇ ਪੰਨੇ
ਕੁਝ ਸਿਰਨਾਵੇਂ
ਕੁਝ ਨਵੇਂ ਕੁਝ ਪੁਰਾਣੇ
ਕੁਝ ਫੋਨ ਨੰਬਰ
ਜਿਹਨਾਂ ਦਾ ਦਸ ਅੰਕਾਂ ਵਿੱਚ ਹੋਣਾ ਜ਼ਰੁਰੀ ਹੈ
ਕੁਝ ਹਿਸਾਬ ਕਿਤਾਬ ਸਾਹਾਂ ਦਾ
ਕੁਝ ਖਾਧੀ ਖੁਰਾਕ ਦਾ
ਕੁਝ ਡਾਕਟਰ ਦੀ ਤਾਰੀਕ ਦਾ
ਕੁਝ ਜਮ੍ਹਾ ਕੁਝ ਮਨਫੀ,
ਕੁਝ ਵੰਡ ਵੰਡਈਆ
ਕੁਝ ਲੀਕਾਂ ਕੁਝ ਤਰੀਕਾਂ
ਸੱਭ ਕੁਝ ਉਵੇਂ ਹੀ ਰਿਹਾ
ਇਸ ਵਿੱਚ ਤੇਰਾ ਕੁਝ ਵੀ ਨਹੀਂ ਸੀ।
ਕੁਝ ਸਿਰਨਾਵੇਂ ਛੋਟੇ ਹੋ ਗਏ,
ਕੁਝ ਲਪੇਟੇ ਗਏ,
ਕੁਝ ਸਮੇਟੇ ਗਏ
ਕੁਝ ਥਾਂਵਾਂ ਬਦਲ ਗਏ
ਕੁਝ ਅਧੂਰੇ
ਕੁਝ ਪੁਰੇ
ਕੁਝ ਦੇਸ਼
ਕੁਝ ਵਿਦੇਸ਼
ਕੁਝ ਘਾਟੇ
ਕੁਝ ਵਾਧੇ
ਪਰ ਇਸ ਵਿੱਚ ਤੇਰਾ ਕੁਝ ਵੀ ਨਹੀਂ ਸੀ।
ਮੇਰੇ ਦੋਸਤ ਕਹਿੰਦੇ ਨੇ
ਕਿ ਹੁਣ ਯੁਗ ਬਦਲ ਗਿਆ ਹੈ
ਕੈਲੰਡਰ ਵੀ ਬਦਲ ਜਾਣਾ ਚਾਹੀਦਾ ਹੈ
ਵਕਤ ਤੇਜ਼ੀ ਨਾਲ ਬਦਲਦਾ ਹੈ
ਤੇ ਕੈਲੰਡਰ ਵੀ
ਇਸ ਦੀ ਇਬਾਰਤ ਧੁੰਦਲੀ ਹੋ ਗਈ ਹੈ
ਹੁਣ ਮੈ ਵੀ ਕਮਜ਼ੋਰ ਪੈ ਗਿਆ ਹਾਂ।
ਪਰ ਇਹ ਕੈਲੰਡਰ ਨਹੀਂ
ਦਿਲੋ-ਦਿਮਾਗ਼ ਦੀ ਦੀਵਾਰ ਉਪਰ ਉਕਰੀ ਤਸਵੀਰ ਹੈ
ਜੋ ਸ਼ਾਇਦ ਕਦੇ ਨਹੀਂ ਬਦਲੇਗਾ
ਤੇ ਨਾ ਇਸ ਉਪਰ ਤੇਰੇ ਆਉਣ ਦੀ ਤਾਰੀਕ.
ਗੱਲ ਤਾਂ ਸਿਰਫ਼ ਇੰਤਜ਼ਾਰ ਦੀ ਹੈ।

A Song for you

Wanna a song to live with

Gurdip

 

Give me a song to live with
Sing me a song to give with
song to live
song to live
all the cold
of winter.

Give me song to live with
song to endure
to feel secure
in the dark to live with
give me a song to live.

Give me a sun to live for
give me a sun to give for
all the songs
all along
to feel the heat
and hold a treat to live with
Give me a song to live with.
Give me a song to live with.

ਗ਼ਜ਼ਲ / ਰੁੱਖ

ਗ਼ਜ਼ਲ / ਰੁੱਖ

ਜੰਗਲ ਦੇ ਰੁੱਖ ਗੱਲਾਂ ਕਰਦੇ ਵੇਖੇ ਮੇਂ।
ਦੁਖ ਸੁਖ ਕਰਦੇ ਹਉਕੇ ਭਰਦੇ ਵੇਖੇ ਮੈਂ।

ਸੇਕ ਬੜਾ ਸੀ ਰਗ਼ ਰਗ਼ ਤੇ ਟਾਹਣੀ ਟਾਹਣੀ
ਸੀਤ ਲਹਿਰ ਵਿੱਚ ਉਹ ਵੀ ਠਰਦੇ ਵੇਖੇ ਮੈਂ।

ਰਾਤ ਜਿਨਾਂ ਤੋਂ ਆਉਂਦਾ ਸੀ ਇਕ ਸਹਿਮ ਜਿਹਾ
ਸ਼ਿਖਰ ਦੁਪਹਿਰੇ ਉਹ ਰੁੱਖ ਡਰਦੇ ਵੇਖੇ ਮੈਂ।

ਠਰਦੀ ਧਰਤੀ ਕੱਜਣ ਲਈ ਸੱਭ ਕੁਝ ਦੇ ਕੇ
ਸੱਭ ਕੁਝ ਆਪਣੇ ਉਪਰ ਜਰਦੇ ਵੇਖੇ ਮੈਂ।

ਬਣ ਕੇ ਦਸਤੇ ਆਰੀ ਅਤੇ ਕੁਹਾੜੀ ਦੇ
ਆਪੇ ਆਪਣੇ ਹੱਥੋਂ ਮਰਦੇ ਵੇਖੇ ਮੈਂ।

Friday, December 10, 2010

Gurdip Singh

Missing is the girl

 

Missing is the girl
whose name sounds same as love
and brings back memories
of minutes and hours
I spent in endless wait
She will come definitely today
She has not forgot, winds would say.
Missing is the girl
whose face and eyes
lips and smiles
filled the night sky
with countless stars
that guided the destiny
and helped me
navigate
through
turmoil and troubles
whose whip of breath
enabled me to bear
long summer of youth
and autumn of age
I look forward…
.. once and always.

Missing is she, whose love
kept me apiece
and from break asunder
Rains come and go
having cast my sky
with dark clouds
she remained aloft
high in my sky
a beautiful rainbow
to come alive
and keep the heart warm
Missing is the girl
If ye found her
sitting anywhere
under the trees,
edged from the hustle and rustle of life
tell her
I still love her.

ਨਜ਼ਮ

ਨਾਂ ਮੈਂ ਤੈਥੋਂ ਜੁਦਾ ਹੋ ਸਕਦਾ ਹਾਂ
ਨਾ ਤੂੰ ਮੈਥੋਂ ਵਿਦਾ ਹੋ ਸਕਦੀ ਹੈ

ਮੈਂ ਤੈਨੂੰ ਅਲਵਿਦਾ ਨਹੀਂ ਕਹਾਂਗਾ।

ਮੈਂ ਤੈਨੂੰ ਅਲਵਿਦਾ ਨਹੀਂ ਕਹਾਂਗਾ
ਨਾ ਤੂੰ ਮੈਥੋਂ ਵਿਦਾ ਹੋਈ
ਨਾ ਮੈਂ ਜੁਦਾ ਹੋਇਆ
ਹਵਾ ਤੈਨੂੰ ਵੀ ਛੋਹ ਕੇ ਆਉਂਦੀ ਰਹੀ
ਹਵਾ ਮੈਨੂੰ ਵੀ ਛੋਹ ਕੇ ਜਾਂਦੀ ਰਹੀ

ਹਵਾ ਵਿੱਚ ਸੇਕ ਵੀ ਸਿਲ੍ਹਾਬ ਵੀ
ਦਰਦ ਵੀ ਸੀ ਪਿਆਸ ਵੀ
ਉਦਾਸੀ ਵੀ ਸੀ ਤੇ ਆਸ ਵੀ
ਮੈਂ ਤੈਨੂੰ ਅਲਵਿਦਾ ਨਹੀਂ ਕਹਾਂਗਾ।

ਇਸ ਸਤਰੰਗੀ ਪੀਘ ਦੇ ਰੰਗ ਮਲਣ ਵੇਲੇ
ਤੇਰਾ ਰੰਗ ਤੇ ਮੇਰਾ ਰੰਗ ਨਾਲੋ ਨਾਲ ਸਨ
ਤੇਰੇ ਤੇ ਮੇਰੇ
ਚਾਅਵਾਂ ਤੇ ਰੀਝਾਂ ਦੇ ਪੰਛੀਆਂ ਨੇ
ਇਕਠਿਆਂ ਉਡਣਾ ਸਿਖਿਆ
ਚੁਗਣਾ ਸਿਖਿਆ
ਤੇ ਅਸੀਂ ਦੋਵੇਂ
ਉਹਨਾਂ ਨੂੰ ਦੂਰ ਹਵਾ ਵਿੱਚ ਤੈਰਦਿਆਂ ਦੇਖਦੇ ਹਾਂ
ਸਾਵਣ ਦੇ ਬਦਲਾਂ ਵਾਂਗ
ਕਾਲੀਆਂ ਘਟਾਵਾਂ ਵਾਂਗ
ਵਗਦੀਆਂ ਹਵਾਵਾਂ ਵਾਂਗ
ਸ਼ੂਕਦੇ ਦਰਿਆਵਾਂ ਵਾਂਗ
ਭਰ ਭਰ ਉਛਲਦੇ ਸਾਗਰਾਂ ਵਾਂਗ
ਬੂੰਦ ਬੂੰਦ ਹੋ ਕੇ
ਹਵਾ ਵਿੱਚ ਪਲ੍ਹਮਦੀ ਧੁੰਦ ਵਾਂਗ
ਤੇਰੇ ਤੇ ਮੇਰੇ ਪੈਰਾਂ ਨੂੰ ਚੁੰਮਦੀ ਤ੍ਰੇਲ ਵਾਂਗ
ਨਿਘੀ ਤੇ ਕੋਸੀ ਧੁੱਪ ਵਾਂਗ
ਮੈਂ ਤੈਨੂੰ ਅਲਵਿਦਾ ਨਹੀਂ ਕਹਾਂਗਾ।
ਤੁੰ ਤੇ ਮੈਂ
ਮੈਂ ਤੇ ਤੁੰ
ਹੁਣ ਨਾ ਜੁਦਾ ਹੋ ਸਕਦੇ ਹਾਂ
ਨਾ ਵਿਦਾ।

 


 

Monday, December 6, 2010

ਨੀ ਬੱਲੀਏ...

ਨੀ ਬੱਲੀਏ

ਨੀ ਬੱਲੀਏ
ਚੱਲ ਚੱਲੀਏ
ਇੱਥੇ ਕੱਲਿਆਂ ਜੀਣ ਨਾ ਹੋਵੇ
ਦੁਨੀਆ ਮਤਲਬ ਦੀ।

ਨੀ ਬੱਲੀਏ
ਚੱਲ ਚੱਲੀਏ
ਇੱਥੇ ਪੈਸੇ ਨਾਲ ਸਲਾਮਾਂ
ਉਵੇਂ ਪੁੱਛਦਾ ਨਹੀਂ

ਨੀ ਬੱਲੀਏ
ਚੱਲ ਚੱਲੀਏ
ਇਥੇ ਰੀਝਾਂ ਨੂੰ ਦੁਸ਼ਵਾਰੀ
ਦੁਨੀਆ ਮਤਲਬ ਦੀ।

ਨੀ ਬੱਲੀਏ
ਚੱਲ ਚੱਲੀਏ
ਇੱਥੇ ਸੁੱਕਾ ਸੌਣ ਮਹੀਨਾ
ਧਰਤੀ ਨੂੰ ਅੱਗ ਲੱਗ ਗਈ।

ਨੀ ਬੱਲੀਏ
ਚੱਲ ਚੱਲੀਏ
ਇੱਥੇ ਜੀਭਾਂ ਲੱਗੇ ਜੰਦਰੇ
ਹੱਥੀ ਹੱਥਕੜੀਆਂ।

ਨੀ ਬੱਲੀਏ
ਚੱਲ ਚੱਲੀਏ
ਇੱਕ ਦੁਨੀਆ ਨਵੀਂ ਵਸਾਈਏ
ਮੁੜਕੇ ਸੱਧਰਾਂ ਦੀ।

ਨੀ ਬੱਲੀਏ
ਚੱਲ ਚੱਲੀਏ
ਹਾਲੇ ਮਿਲਖਾਂ ਵਾਲੇ ਰਾਜੇ
ਦੁਨੀਆ ਮਤਲਬ ਦੀ।


ਹੋਣੀ

ਨਾ ਰੂਪ ਹੈ ਨਾ ਰੰਗ ਹੈ
ਨਾ ਜਾਤ ਹੈ ਨਾ ਪਾਤ ਹੈ
ਇਹ ਜੋ ਸੁਪਨਿਆਂ ਦਾ ਸ਼ਹਿਰ ਹੈ
ਕਿਉਂ ਹੱਥੋਂ ਕਿਰਦਾ ਜਾ ਰਿਹਾ
ਮੈਂ ਰੋਕਦਾ ਤੇ ਫੜ ਰਿਹਾ
ਇਹ ਫਿਰ ਵੀ ਫਿਰਦਾ ਜਾ ਰਿਹਾ
ਨਾ ਰੂਪ ਹੈ ਨਾ ਰੰਗ ਹੈ

ਇਸ ਸ਼ਹਿਰ ਦੀ ਆਬੋ ਹਵਾ
ਦੀ ਮਹਿਕ ਦਾ ਘਰ ਜਾਪਦੀ
ਹੁਣ ਰਾਸ ਕਿਉਂ ਆਉਂਦੀ ਨਹੀਂ
ਇਸ ਸ਼ਹਿਰ ਦੀ ਹਰ ਇੱਕ ਅਦਾ
ਮੇਰੇ ਸੁਪਨਿਆਂ ਦੇ ਵਾਸਤੇ
ਰੀਝਾਂ ਨੂੰ ਹੀ ਭਾਉਂਦੀ ਨਹੀਂ।
ਜੋ ਕੁਝ ਬਣਾਇਆ ਸੀ ਕਦੇ
ਇੱਟ ਇੱਟ 'ਚ ਪਾਇਆ ਸੀ ਕਦੇ
ਜਿਸ ਦੀ ਉਸਾਰੀ ਵਾਸਤੇ
ਰੀਝਾਂ ਨੂੰ ਚਿਣ ਕੇ ਕੰਧ ਵਿੱਚ
ਇੱਕ ਦਰ ਜੋ ਲਾਇਆ ਸੀ ਕਦੇ
ਹੁਣ ਉਹੀ ਦਰਵਾਜ਼ਾ ਮੇਰਾ
ਮੇਰੇ ਲਈ ਹੈ ਅਜਨਬੀ
ਜਿਸ ਦੇ ਲਈ ਸੀ ਮੈਂ ਕਦੀ
ਇੱਕ ਰੁਖ ਜਿਹਦੀ ਛਾਂ ਸੰਘਣੀ
ਹੁਣ ਟੋਟੇ ਹੋ ਗਿਆ
ਤੇ ਦੂਰ ਤੀਕਰ ਬਿਖਰਿਆ
ਕੁਝ ਚੀਰਿਆ ਕੁਝ ਕੱਟਿਆ
ਕੁਝ ਟਾਹਣੀਆ ਵਿੱਚ ਰੁਲ ਰਿਹਾ
ਕੁਝ ਪਤਿਆਂ ਵਿੱਚ ਰੁਲ ਗਿਆ
ਉਹ ਦੂਰ ਬੈਠਦਾ ਦੇਖਦਾ
ਪੰਛੀ ਕਿ ਜਿਹਦਾ ਆਲ੍ਹਣਾ
ਹੁਣ ਤੀਲ੍ਹਾ ਤੀਲ੍ਹਾ ਖਿੰਡ ਗਿਆ।

ਇਕ ਉਹੀ ਹੈ ਜੋ ਰੋ ਰਿਹਾ
ਬਾਕੀ ਨਾ ਕੋਈ ਜਾਣਦਾ
ਨਾ ਰੂਹ ਨੂੰ ਹੁਣ ਪਹਿਚਾਣਦਾ
ਇਹ ਸ਼ਹਿਰ ਹੋਇਆ ਅਜਨਬੀ
ਮੇਰਾ ਜੋ ਸੀ ਮੇਰਾ ਕਦੀ
ਇਹ ਹੁਣ ਪਰਾਇਆ ਜਾਪਦਾ।

 

 

 

 

 

Saturday, December 4, 2010

ਗ਼ਜ਼ਲ

ਗੁਰਦੀਪ

ਕੀ ਕੋਈ ਮੈਂਨੂੰ ਕਹੇ ਤੇ ਕੀ ਆਖੇ।
ਮੈਂ ਵੀ ਆਪਣਾ ਜਵਾਬ ਹਾਂ ਆਪੇ।

ਪੀੜ ਹੁੰਦੀ ਹੈ ਮੁਸਕਰਾਉਂਦਾ ਹਾਂ
ਹਾਸੇ ਮੇਰੇ ਵੀ ਹੰਝੂਆਂ ਨਾਪੇ।

ਬਣ ਕੇ ਖੁਸ਼ਬੂ ਜਿਹਾ ਉਹ ਫੈਲ ਗਿਆ
ਪੌਣ ਦਸਦੀ ਹੈ ਆ ਗਿਆ ਜਾਪੇ।

ਮੇਰੇ ਰਾਹਵਾਂ 'ਚ ਹਮਸਫ਼ਰ ਕਿੰਨੇ
ਸੂਲਾਂ ਕੰਡੇ ਤੇ ਪੋਹਲੀਆਂ ਛਾਪੇ।

Thursday, December 2, 2010

ਇੱਕ ਖ਼ਤ ਆਇਆ ਏ..

ਗੀਤ

ਇੱਕ ਖ਼ਤ ਆਇਆ
ਖ਼ਤ ਵਿੱਚ ਢੇਰ ਦੁਆਵਾਂ
ਖ਼ਤ ਫੜਿਆ ਤਾਂ ਦਿਲ ਨੇ ਚਾਹਿਆ
ਸੀਨੇ ਨਾਲ ਲਗਾਵਾਂ।
ਇੱਕ ਖ਼ਤ ਆਇਆ ਏ..

ਇੱਕ ਖ਼ਤ ਮੇਰੇ ਦੇਸੋਂ ਆਇਆ
ਕਿਸ ਨੂੰ ਆਖ ਸੁਣਾਵਾਂ
ਮਿੱਠੀਆਂ ਮਿੱਠੀਆਂ ਗੱਲਾਂ ਜਾਪਣ
ਕਰਦੀਆਂ ਹੋਵਣ ਛਾਂਵਾਂ
ਇੱਕ ਖ਼ਤ ਆਇਆ ਏ...

ਇੱਕ ਖ਼ਤ ਮੇਰੇ ਦੇਸੋਂ ਆਇਆ
ਲੈ ਕੇ ਢੇਰ ਪਿਆਰ
ਆਖੇ ਮੇਰੇ ਦੇਸ ਦੀ
ਮਿੱਟੀ ਰਹੀ ਅਵਾਜ਼ਾਂ ਮਾਰ।
ਇੱਕ ਖ਼ਤ ਆਇਆ ਏ...

ਖ਼ਤ ਪੜ੍ਹਿਆ ਤਾਂ ਫੈਲ ਗਈ ਏ
ਕਮਰੇ ਵਿੱਚ ਖੁਸ਼ਬੋਈ
ਆਖੇ ਮੈਨੂੰ ਯਾਦ ਕਰੇਂਦੀ
ਉਹ ਮੋਰੀ ਕਿ ਮੋਈ।
ਇੱਕ ਖ਼ਤ ਆਇਆ ਏ...

ਇੱਕ ਖ਼ਤ ਮੇਰੇ ਦੇਸੋਂ ਆਇਆ
ਲੈ ਭੈਣਾਂ ਦੇ ਤਰਲੇ
ਵੀਰ ਕਹੇ ਤੇਰੇ ਨਾਂ ਪੁੱਛਣ
ਬਾਪੂ ਦੇ ਦੋ ਮਰਲੇ
ਇੱਕ ਖ਼ਤ ਆਇਆ ਏ...

ਹੌਕੇ ਹੰਝੂ ਤੇ ਮਜ਼ਬੂਰੀ
ਖ਼ਤ ਵਿੱਚ ਪਾ ਕੇ ਘੱਲੇ
ਖ਼ਤ ਪੜ੍ਹਿਆ ਤਾਂ ਰਹਿ ਗਏ ਹਾਂ
ਪਰਦੇਸਾਂ ਅੰਦਰ ਕੱਲੇ।
ਇੱਕ ਖ਼ਤ ਆਇਆ ਏ...

ਅੰਦਰੋਂ ਅੰਦਰੀ ਘੁੱਟਦੇ ਵੱਟਦੇ
ਰੋਂਦੇ ਜਾਣ ਨਾ ਝੱਲੇ
ਅਗਲੇ ਖ਼ਤ ਦੇ ਆਵਣ
ਤੀਕਰ ਏਹੋ ਦੌਲਤ ਪੱਲੇ
ਇੱਕ ਖ਼ਤ ਆਇਆ ਏ...