Saturday, September 8, 2012

ਕੁੜੀਆਂ ਦੇ ਕਾਲਜਾਂ ਦਾ ਹਾਲ


ਕੁੜੀਆਂ ਦੇ ਕਾਲਜਾਂ ਦਾ ਹਾਲ


ਅਸੀਂ ਬੱਚਿਆਂ ਨੂੰ ਸਕੂਲ ਕਿਉਂ ਭੇਜਦੇ ਹਾਂ?
ਸਿਰਫ ਕਿਤਾਬਾਂ ਰਟਣ ਲਈ ਜਾਂ ਕੁਝ ਸਵਾਲਾਂ ਨੂੰ ਯਾਦ ਕਰਕੇ ਉਹਨਾਂ ਨੂੰ ਪ੍ਰੀਖਿਆ ਪੱਤਰਾਂ ਵਿੱਚ ਲਿਖ ਕੇ ਡਿਗਰੀਆਂ ਲੈਣ ਲਈ। ਕਾਲਜਾਂ ਵਿੱਚ ਜੇ ਅਧਿਆਪਕ ਸਮਝਣ ਕਿ ਕਲਾਸ ਰੂਮ ਵਿੱਚ ਖੜੇ ਹੋ ਕੇ ਸਿਲੇਬਸ ਖਤਮ ਕਰ ਦੇਣ ਨਾਲ ਉਹ ਆਪਣੇ ਫਰਜ਼ ਤੋਂ ਮੁਕਤ ਹੋ ਗਏ ਹਨ ਤਾਂ ਸ਼ਾਇਦ ਇਹ ਉਹਨਾਂ ਦੀ ਵੱਡੀ ਭੁੱਲ ਹੋਵੇਗੀ।
ਅਕਸਰ ਕਾਲਜ ਦੀ ਸਟੇਜ ਤੋਂ ਬੋਲਦਿਆਂ ਤੁਸੀਂ ਕਿਸੇ ਵੀ ਪ੍ਰਿੰਸੀਪਲ ਨੂੰ ਸੁਣਿਆ ਹੋਵੇਗਾ, ਉਹ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਹਨ। ਚੂੰਕਿ ਮੈਂ ਇਹ ਲਿਖਤ ਸਿਰਫ ਕੁੜੀਆਂ ਦੇ ਕਾਲਜਾਂ ਤੱਕ ਹੀ ਸੀਮਤ ਰੱਖਣੀ ਹੈ ਸੋ ਮੈਂ ਆਪਣੀ ਭਾਸ਼ਾ ਨੂੰ ਵੀ ਉਸੇ ਅਨੁਸਾਰ ਢਾਲ ਕੇ ਲਿਖ ਰਿਹਾ ਹਾਂ। ਇਸ ਨੂੰ ਇਸ ਲੇਖ ਤੇ ਵਿਸ਼ੇ ਦੀ ਮਜ਼ਬੂਰੀ ਸਮਝਣਾ। ਉਹ ਆਪਣੇ ਭਾਸ਼ਣਾਂ ਵਿੱਚ ਸ਼ਖਸੀਅਤ ਦੇ ਸਰਬ ਪੱਖੀ ਵਿਕਾਸ ਦੀ ਗੱਲ ਕਰਦੀਆਂ ਸੁਣੀਆਂ ਜਾ ਸਕਦੀਆਂ ਹਨ। ਇਸ ਸਰਬ ਪੱਖੀ ਵਿਕਾਸ ਵਿੱਚ ਸੱਭ ਕੁਝ ਆਉਂਦਾ ਹੈ, ਸਰੀਰਕ ਵਿਕਾਸ, ਮਾਨਸਿਕ ਵਿਕਾਸ ਤੇ ਬੌਧਿਕ ਵਿਕਾਸ ਪਰ ਜੇ ਨਹੀਂ ਆਉਂਦਾ ਤਾਂ ਉਹ ਹੈ ਤਹਜ਼ੀਬ ਦਾ ਵਿਕਾਸ।
ਤਹਿਜ਼ੀਬ ਦੀ ਪੜ੍ਹਾਈ ਕਿਤੇ ਨਹੀਂ ਕਰਾਈ ਜਾਂਦੀ। ਬੱਚਿਆਂ ਨੂੰ ਇਹ ਤਾਂ ਸਿਖਾਇਆ ਜਾਂਦਾ ਹੋਵੇਗਾ ਕਿ ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਕੀ ਕੀ ਹਨ ਪਰ ਇਹ ਕਦੇ ਵੀ ਨਹੀਂ ਦਸਿਆ ਜਾਂਦਾ ਕਿ ਉਹਨਾਂ ਦੇ ਅੰਦਰ ਕਿਹੀ ਵਿਲਖਣ ਸ਼ਕਤੀ ਭਰੀ ਹੋਈ ਹੈ। ਭਰੀ ਜਮਾਤ ਵਿੱਚ ਊਟ ਪਟਾਂਗ ਬੋਲਿਆ ਜਾ ਸਕਦਾ ਹੈ ਤੇ ਸੁਣਿਆ ਵੀ ਜਾ ਸਕਦਾ ਹੈ ਤੇ ਇਕ ਮੁਸਕਰਾਹਟ ਨਾਲ ਟਾਲਿਆ ਵੀ ਜਾ ਸਕਦਾ ਹੈ ਪਰ ਸੰਜੀਦਾ ਗੱਲਬਾਤ ਲਈ ਕੋਈ ਵੀ ਤਿਆਰ ਨਹੀਂ ਹੁੰਦਾ। ਸੰਜੀਦਾ ਗੱਲ ਜੇ ਕੋਈ ਵਿਦਿਆਰਥੀ ਕਰਨੀ ਵੀ ਚਾਹੇ ਤਾਂ ਕੋਈ ਉਸ ਨੂੰ ਇਸ ਦੀ ਇਜ਼ਾਜ਼ਤ ਨਹੀਂ ਦਿੰਦਾ।
ਕਾਲਜ ਵਿੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ, ਵੱਡਿਆਂ ਸਾਹਮਣੇ ਨਾ ਬੋਲੋ, ਫਾਲਤੂ ਸਵਾਲ ਨਾ ਕਰੋ, ਕਤਾਰ ਵਿੱਚ ਆਓ, ਸਿਸਟਮ ਦੀ ਵਿਰੋਧਤਾ ਨਾ ਕਰੋ ਚਾਹੇ ਉਹ ਕਿੰਨਾ ਵੀ ਗ਼ਲਤ ਕਿਉਂ ਨਾ ਹੋਵੇ। ਆਪਣੇ ਵਾਸਤੇ ਕੋਈ ਮੰਗ ਨਾ ਕਰੋ। ਕਿਸੇ ਅਧਿਆਪਕ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਵਾਲ ਨਾ ਕਰੋ। ਉਸ ਦੇ ਕਿਸੇ ਵੀ ਫੈਸਲੇ ਉਪਰ ਉਂਗਲ ਨਾ ਰੱਖੋ। ਸਿਰ ਝੁਕਾ ਕੇ ਚੱਲੋ। ਅੱਖਾਂ ਨੀਵੀਆਂ ਰੱਖੋ। ਹਮੇਸ਼ਾ ਆਦਰ ਨਾਲ ਪੇਸ਼ ਆਵੋ, ਤੇ ਸਿਰਫ਼ ਇਸ ਤਰਹਾਂ ਹੀ ਸੋਚੋ ਕਿ ਉਹਨਾਂ ਦੇ ਸਾਹਮਣੇ ਵਾਲਾ ਉਮਰ ਵਿੱਚ ਵੱਡਾ ਹੈ, ਸਿਆਣਾ ਹੈ ਤੇ ਉਸ ਦੀ ਹਰ ਗੱਲ ਮੰਨਣਾ ਉਹਨਾਂ ਦਾ ਫਰਜ਼ ਹੈ।
ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜੁਰਮਾਨਾ ਹੋ ਸਕਦਾ ਹੈ, ਨੰਬਰ ਘੱਟ ਮਿਲਦੇ ਹਨ, ਕਿਸੇ ਪ੍ਰੀਖਿਆ ਵਿੱਚ ਅਯੋਗ ਕੀਤੇ ਜਾ ਸਕਦੇ ਹੋ। ਤੁਹਾਡੇ ਬਾਰੇ ਮਾੜੀ ਰਿਪੋਰਟ ਦਿਤੀ ਜਾ ਸਕਦੀ ਹੈ। ਮਾਂ ਬਾਪ ਨੂੰ ਬੁਲਾ ਕੇ ਉਹਨਾਂ ਸਾਹਮਣੇ ਤੁਹਾਡੀ ਇੱਜ਼ਤ ਦਿਆਂ ਧੱਜੀਆਂ ਉਡਾਈਆਂ ਜਾ ਸਕਦੀਆਂ ਹਨ। ਤੁਹਾਨੂੰ ਕਾਲਜ ਵਿੱਚ ਬਦਨਾਮ ਕੀਤਾ ਜਾ ਸਕਦਾ ਹੈ। ਕਸੂਰ, ਤੁਸੀਂ ਸਵੈ ਮਾਨ ਨਾਲ ਤੁਰਨਾ ਸਿਖ ਲਿਆ ਹੈ। ਕੁੜੀਆਂ ਦਾ ਸਵੈਮਾਨ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ। ਜੇ ਕਿਸੇ ਕੁੜੀ ਨੇ ਕੁਝ ਅਜਿਹਾ ਕਰ ਲਿਆ ਤਾਂ ਉਸ ਨੂੰ ਬਾਗ਼ੀ ਕਰਾਰ ਦੇ ਦਿੱਤਾ ਜਾਂਦਾ ਹੈ ਤੇ ਕਾਲਜ ਦਾ ਸਿਸਟਮ ਹੀ ਉਸ ਨੂੰ ਬਰਦਾਸ਼ਤ ਨਹੀਂ ਕਰਦਾ। ਇਹ ਹਾਲ ਕੁੜੀਆਂ ਦੇ ਕਾਲਜਾਂ ਦਾ ਹੈ। ਇਹ ਰਿਪੋਰਟ ਮੈਨੂੰ ਇਕ ਕਾਲਜ ਦੀ ਮਿਲੀ ਹੈ। ਜਿਸ ਕਾਲਜ ਵਿੱਚ ਮੇਰੇ ਬੱਚੇ ਨੇ ਬੀ ਏ ਦੀ ਡਿਗਰੀ ਲਈ ਹੈ। ਵੈਸੇ ਜੇ ਮੈਂ ਸਾਧਾਰਨ ਬਾਪ ਹੁੰਦਾ ਤਾਂ ਮੈਨੂੰ ਉਹਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਪਰ ਮੇਰੀ ਮਜ਼ਬੂਰੀ ਹੈ ਕਿ ਮੈਂ ਸਿਖਿਆ ਦੇ ਸਾਰੇ ਨਿਯਮ ਕਾਇਦੇ ਢੰਗ ਤਰੀਕੇ, ਪ੍ਰਣਾਲੀਆਂ, ਸੱਭ ਕੁਝ ਦੀ ਬਹੁਤ ਵਿਸਥਾਰ ਨਾਲ ਸਮਝ ਰੱਖਦਾ ਹਾਂ ਤੇ ਕੀ ਹੋਣਾ ਚਾਹੀਦਾ ਹੈ ਇਸ ਬਾਰੇ ਮੇਰੀ ਪੁਖਤਾ ਜਾਣਕਾਰੀ ਹੈ।
ਕੁੜੀ ਨੇ ਸਿਰ ਚੁੱਕਿਆ ਨਹੀਂ ਕਿ ਉਸ ਦੀ ਖੁੰਬ ਠੱਪੀ ਨਹੀਂ। ਉਸ ਨੂੰ ਜ਼ਲੀਲ ਕੀਤਾ ਜਾਂਦਾ ਹੈ, ਤੈਨੂੰ ਨਹੀਂ ਪਤਾ, ਤੂੰ ਬਹੁਤ ਸਿਆਣੀ ਸਮਝਦੀ ਹੈਂ ਆਪਣੇ ਆਪ ਨੂੰ, ਤੇਰੀ ਉਮਰ ਜਿੰਨਾ ਤਾਂ ਸਾਨੂੰ ਤਜਰਬਾ ਹੈ, ਤੇਰੇ ਵਰਗੀਆਂ ਕਈ ਆਈਆਂ ਕਿਸੇ ਦੀ ਪਰਵਾਹ ਨਹੀਂ ਸਾਨੂੰ; ਇਹੋ ਜਿਹਾ ਵਾਕਾਂ ਨਾਲ ਸਵਾਗਤ ਹੁੰਦਾ ਹੈ। ਮੇਰਾ ਨਹੀਂ ਖਿਆਲ ਕਿ ਕਦੇ ਕਿਸੇ ਨੇ ਬੱਚੀਆਂ ਨੂੰ ਆਪਣੇ ਵਿਸ਼ਵਾਸ ਵਿੱਚ ਲਿਆ ਹੋਵੇ ਤੇ ਉਹਨਾਂ ਦੀ ਸਮਸਿਆ ਸੁਣੀ ਹੋਵੇ ਤੇ ਉਹਨਾਂ ਨਾਲ ਹਮਦਰਦੀ ਭਰਿਆ ਰੱਵਈਆ ਅਪਣਾਇਆ ਹੋਵੇ। ਜੇ ਕਦੇ ਅਜਿਹਾ ਹੋਵੇਗਾ ਤਾਂ ਇਹ ਬਹੁਤ ਵਿਕੋੱਲਿਤਰੀ ਗੱਲ ਹੋਵੇਗੀ।
ਮੈਨੂੰ ਇਸ ਕਾਲਜ ਵਿੱਚ ਜਾਣ ਦਾ ਮੌਕਾ ਮਿਲਿਆ। ਮੇਰੀ ਵਜ਼ਾਹ ਕਤਾਹ ਤੋਂ ਮੈਂ ਅਣਪੜ੍ਹ ਬਿਲਕੁਲ ਨਹੀਂ ਦਿਖਾਈ ਦਿੰਦਾ। ਇਕ ਸਰਟੀਫਿਕੇਟ ਲੈਣਾ ਸੀ ਜੋ ਯੂਨੀਵਰਸਿਟੀ ਦੀ ਮਾਰਕਸ ਲਿਸਟ ਆਉਣ ਤੋਂ ਪਹਿਲਾਂ ਕਾਲਜ ਵਾਲੇ ਆਪਣੇ ਵਿਦਿਆਰਥੀ ਨੂੰ ਦਿੰਦੇ ਹਨ ਤਾਂ ਕਿ ਉਹ ਅਗਲੀ ਪੜ੍ਹਾਈ ਵਿੱਚ ਦਾਖਲਾ ਲੈ ਸਕੇ। ਕਨੂੰਨੀ ਇਹ ਵਿਦਿਆਰਥੀ ਦਾ ਹੱਕ ਹੈ। ਇਸ ਵਿੱਚ ਤਸਦੀਕ ਕਰਨਾ ਹੁੰਦਾ ਹੈ ਕਿ ਇਹ ਬੱਚਾ ਸਾਡੇ ਕਾਲਜ ਦਾ ਵਿਦਿਆਰਥੀ ਹੈ ਤੇ ਇਸ ਨੇ ਇਸ ਰੋਲ ਨੰਬਰ ਉਪਰ ਇਹ ਪ੍ਰੀਖਿਆ ਪਾਸ ਕੀਤੀ ਹੈ ਤੇ ਇਸ ਨੇ ਇਤਨੇ ਨੰਬਰ ਲਏ ਹਨ। ਜਦੋਂ ਮੈਂ ਇਹ ਸਰਟੀਫਿਕੇਟ ਲੈਣ ਗਿਆ ਤਾਂ ਮੈਨੂੰ ਇਸ ਵਾਸਤੇ 100 ਰੁਪਏ ਫੀਸ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਮੈਂ ਇਸ ਦਾ ਵਿਰੋਧ ਕੀਤਾ ਤਾਂ ਮੈਨੂੰ ਉਪਰਲੇ ਬਾਊ ਨੂੰ ਮਿਲਣ ਲਈ ਕਿਹਾ ਗਿਆ। ਮੈਂ ਉਸ ਨੂੰ ਕਿਹਾ ਕਿ ਇਹ ਫੀਸ ਕਿਉਂ ਲਈ ਜਾ ਰਹੀ ਹੈ। ਮੈਨੂੰ ਦੱਸਿਆ ਗਿਆ ਕਿ ਇਹ ਫੀਸ ਤਾਂ ਇਕ ਪੁਰਾਣੇ ਵਿਦਿਆਰਥੀਆਂ ਦੀ ਇਕ ਸੰਸਥਾ ਦੀ ਮੈਂਬਰਸ਼ਿਪ ਫੀਸ ਹੈ, ਮੈਂ ਕਿਹਾ ਜੇ ਅਸੀਂ ਮੈਂਬਰ ਨਾ ਬਣਨਾ ਚਾਹੀਏ ਤਾਂ ਉਸ ਨੇ ਕਿਹਾ ਕਿ ਮੈਂ ਇਸ ਬਾਰੇ ਕਾਲਜ ਦੇ ਪ੍ਰਿੰਸੀਪਲ ਨਾਲ ਗੱਲ ਕਰ ਲਵਾਂ। ਕਾਲਜ ਦੀ ਕੈਸ਼ੀਅਰ ਤੋਂ ਰਸੀਦ ਕਟਵਾਉਣ ਤੋਂ ਬਾਦ ਮੈਂ ਦੇਖਿਆ ਕਿ ਇਸ ਉਪਰ ਮੈਂਬਰਸਿਪ ਜਾਂ ਸੰਸਥਾ ਦਾ ਕੋਈ ਨਾਂ ਨਹੀਂ ਸੀ। ਖੈਰ ਮੈਂ ਸਰਟੀਫਿਕੇਟ ਲਿਆ ਤੇ ਉਸ ਤੋਂ ਬਾਦ ਮੈਂ ਕਾਲਜ ਦੀ ਪ੍ਰਿੰਸੀਪਲ ਨੂੰ ਮਿਲਣ ਦਾ ਫੈਸਲਾ ਕੀਤਾ। ਮਾਂਪਿਆਂ ਨਾਲ ਮਿਲਣ ਦਾ ਕੋਈ ਸਮਾਂ ਨਿਸ਼ਚਤ ਨਹੀਂ ਸੀ। ਮੈਂ ਦਫਤਰ ਵਿੱਚ ਜਾ ਕੇ ਮੈਡਮ ਕੋਲ ਆਪਣਾ ਸ਼ੰਕਾ ਜ਼ਾਹਰ ਕੀਤਾ। ਉਸ ਨੇ ਮੇਰੀ ਗੱਲ ਸੁਣ ਕੇ ਉਲਟਾ ਮੈਨੂੰ ਹੀ ਦੋਸ਼ੀ ਬਣਾ ਦਿਤਾ ਕਿ ਮੈਂ ਇਹ ਗੱਲ ਪੜ੍ਹਾਈ ਖਤਮ ਹੋਣ ਤੋਂ ਬਾਦ ਕਿਉਂ ਕਰ ਰਿਹਾ ਹਾਂ। ਮੈਂ ਉਸ ਨੂੰ ਕਿਹਾ ਕਿ ਦੇਖੋ ਜੋ ਕਹਿੰਦੇ ਹੋ ਉਹੀ ਰਸੀਦ ਉਪਰ ਲਿਖੋ, ਤੁਸੀਂ ਕੁਝ ਹੋਰ ਆਖਦੇ ਹੋ ਤੇ ਕਰ ਕੁਝ ਹੋਰ ਰਹੇ ਹੋ। ਪਰ ਉਸ ਮੈਡਮ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਤੇ ਮੈਨੂੰ ਹੀ ਲੈਕਚਰ ਦੇਣਾ ਸ਼ੁਰੂ ਕਰ ਦਿਤਾ। ਆਕਰ ਤੰਗ ਆ ਕੇ ਮੈਨੂੰ ਅੰਗਰੇਜ਼ੀ ਵਿੱਚ ਕਹਿਣਾ ਪਿਆ ਕਿ ਮੈਡਮ ਸ਼ੁਕਰੀਆ ਆਪਣੇ ਦਫਤਰ ਵਿੱਚ ਮੇਰੇ ਨਾਲ ਇਨੇ ਘਟੀਆ ਤਰੀਕੇ ਨਾਲ ਪੇਸ਼ ਆਉਣ ਦਾ ਤੇ ਮੈਨੂੰ ਇਸ ਕੌੜੇ ਅਨੁਭਵ ਤੋਂ ਜਾਣੂ ਕਰਵਾਉਣ ਦਾ। ਇਹ ਆਖ ਕੇ ਮੈਂ ਬਾਹਰ ਆ ਗਿਆ। ਇਹ ਘਟਨਾ ਜਲੰਧਰ ਦੇ ਇਕ ਬਹੁਤ ਹੀ ਵੱਡੇ ਕਾਲਜ ਦੀ ਪ੍ਰਿੰਸੀਪਲ ਦਾ ਹੈ ਜਿਸ ਨੂੰ ਦੇਸ਼ ਦੀ ਇਕ ਨਾਮੀ ਸੰਸਥਾ ਚਲਾ ਰਹੀ ਹੈ। ਜੇ ਮੈਨੂੰ ਇਸ ਸੱਭ ਦਾ ਪਹਿਲਾ ਪਤਾ ਹੁੰਦਾ ਤਾਂ ਸ਼ਾਇਦ ਮੈਂ ਕਦੇ ਵੀ ਆਪਣੇ ਬੱਚੇ ਨੂੰ ਇਹੋ ਜਿਹੇ ਜਲਾਦਾਂ ਦੇ ਹਵਾਲੇ ਨਾ ਕਰਦਾ। ਜੇ ਇਹ ਕਾਲਜਾਂ ਵਾਲੇ ਮੇਰੀ ਏਨੀ ਕੁ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕੇ ਤਾਂ ਮੇਰੇ ਬੱਚੇ ਦਾ ਏਹਨਾਂ ਕਿੰਨਾ ਮਾੜਾ ਹਾਲ ਕੀਤਾ ਹੋਵੇਗਾ ਮੈਨੂੰ ਅੰਦਾਜ਼ਾ ਹੋ ਗਿਆ। ਮੇਰਾ ਜੀਅ ਕੀਤਾ ਕਿ ਕਾਲਜ ਦੇ ਬਾਹਰ ਖੜੇ ਹੋ ਕੇ ਐਸੇ ਘਟੀਆ ਲੋਕਾਂ ਦਾ ਜਲੂਸ ਕੱਢ ਦਿਆਂ। 
ਇਹ ਇਕ ਥਾਂ ਦਾ ਹਾਲ ਹੈ। ਇਸ ਕਾਲਜ ਨੇ ਮੈਨੂੰ ਇਕ ਵਾਰ ਨਹੀਂ ਕਈ ਵਾਰੀ ਪੇਰੇਂਟ ਟੀਚਰਜ਼ ਮੀਟਿੰਗ ਵਿੱਚ ਬੁਲਾ ਕੇ ਕਈ ਵਾਰ ਜ਼ਲੀਲ ਕੀਤਾ ਕਿ ਮੇਰਾ ਬੱਚਾ ਪੜ੍ਹਦਾ ਨਹੀਂ, ਉਹ ਕਾਲਜ ਵਿੱਚ ਰੈਗੂਲਰ ਨਹੀਂ ਹੁੰਦਾ। ਉਸ ਦੇ ਨੰਬਰ ਘੱਟ ਆ ਰਹੇ ਹਨ। ਪਰ ਮੈਂ ਬੱਚੇ ਦੀ ਖਾਤਰ ਸੱਭ ਕੁਝ ਬਰਦਾਸ਼ਤ ਕੀਤਾ। ਆਖਰੀ ਪ੍ਰੀਖਿਆ ਵਿਚ ਮੇਰੇ ਬੱਚੇ ਨੇ ਬਹੁਤ ਵੀ ਵਧੀਆ ਨੰਬਰ ਲੈ ਕੇ ਪਹਿਲੇ ਦਰਜੇ ਵਿੱਚ ਡਿਗਰੀ ਲਈ। ਉਚੇਰੀ ਵਿਦਿਆ ਲਈ ਮੁਕਾਬਲੇ ਵਾਲੇ ਟੈਸਟ ਵਿਚ ਵੀ ਪਿਹਲੇ ਦਸਾਂ ਵਿੱਚ ਥਾਂ ਬਣਾਈ ਤੇ ਉਸ ਤੋਂ ਬਾਦ ਉਸ ਨੇ ਦੇਸ਼ ਦੀ ਸੱਭ ਤੋਂ ਵਧੀਆ ਯੂਨੀਵਰਸਿਟੀ ਵਿੱਚ ਦਾਖਲਾ ਵੀ ਲਿਆ ਤੇ ਉਹ ਵੀ ਸਰਕਾਰੀ ਰੇਟਾਂ ਉਪਰ। ਜੇ ਕਾਲਜ ਦਾ ਵੱਸ ਚੱਲਦਾ ਤਾਂ ਉਹ ਉਸ ਨੂੰ ਅੰਨ੍ਹੇ ਖੂਹ ਵਿੱਚ ਧੱਕ ਦਿੰਦੇ ਪਰ ਮੈਨੂੰ ਉਸ ਦੇ ਸਵੈਮਾਨ ਵਿੱਚ ਭਰੋਸਾ ਸੀ ਤੇ ਮੈਂ ਉਸ ਦੇ ਨਾਲ ਖੜ੍ਹੇ ਰਹਿਣ ਦੀ ਜ਼ੁਰਅਤ ਕੀਤੀ।
ਸ਼ਿਵਾਲੀ ਆਤਮ ਹੱਤਿਆ ਕੇਸ ਵਿੱਚ ਸਾਫ ਜ਼ਾਹਰ ਹੈ ਕਿ ਕੁੜੀਆਂ ਦੇ ਕਾਲਜਾਂ ਵਿੱਚ ਉਹਨਾਂ ਨੂੰ ਸਿਲੇਬਸ ਦੇ ਵਿਸ਼ਿਆਂ ਤੋਂ ਬਿਨਾਂ ਹੋਰ ਕੁਝ ਨਹੀਂ ਦੱਸਿਆ ਜਾਂਦਾ। ਉਹਨਾਂ ਨੂੰ ਸਵੈਮਾਨ ਨਾਲ ਖੜ੍ਹਣਾ ਤੇ ਸੋਚਣਾ ਨਹੀਂ ਸਿਖਾਇਆ ਗਿਆ। ਇਹੋ ਕਾਰਨ ਹੈ ਕਿ ਬਲਵਿੰਦਰ ਕੌਰ ਦੇ ਵਤੀਰੇ ਤੋਂ ਬਅਦ ਉਸ ਦੇ ਦਿਮਾਗ਼ ਵਿੱਚ ਹੋਰ ਕੁਝ ਨਹੀਂ ਆਇਆ ਸਿਵਾਏ ਜਾਨ ਦੇ ਦੇਣ ਦੇ। ਉਹ ਚਾਹੁੰਦੀ ਤਾਂ ਆਪਣੇ ਕਾਲਜ ਦੀਆਂ ਸਾਰੀਆਂ ਕੁੜੀਆਂ ਨੂੰ ਆਪਣੇ ਫੋਨ ਤੇ ਬੁਲਾ ਸਕਦੀ ਸੀ। ਉਹ ਕੁਝ ਵੀ ਗ਼ਲਤ ਨਹੀਂ ਸੀ ਕਰ ਰਹੀ। ਕਿਸੇ ਮੁੰਡੇ ਨਾਲ ਦੋਸਤੀ ਕਰਨੀ ਗ਼ਲਤ ਨਹੀਂ ਹੈ। ਆਖਰ 12 ਵੀਂ ਤੱਕ ਦੀ ਪੜ੍ਹਾਈ ਸਹਿ ਸਿਖਿਆ ਵਿੱਚ ਹੀ ਹੁੰਦੀ ਹੈ। ਕਿਉਂ ਉਹੀ ਮੁੰਡਾ ਜੋ ਇਕ ਸਾਲ ਪਹਿਲਾਂ ਉਸ ਦੀ ਕਲਾਸ ਦਾ ਸਾਥੀ ਹੁੰਦਾ ਹੈ ਜੋ ਉਸ ਨਾਲ ਇਕ ਹੀ ਅਧਿਆਪਕ ਤੋਂ ਪੜ੍ਹ ਰਿਹਾ ਹੁੰਦਾ ਹੈ ਹੁਣ ਪਰਾਇਆ, ਓਪਰਾ ਹੋ ਜਾਂਦਾ ਹੈ। ਉਸ ਨਾਲ ਗੱਲ ਕਰਨਾ ਵੀ ਗੁਨਾਹ ਸਮਝਿਆ ਜਾਂਦਾ ਹੈ।
ਇਸ ਘਟਨਾ ਕ੍ਰਮ ਵਿੱਚ ਕਾਲਜ ਦਾ ਵੀ ਪੂਰਾ ਦੋਸ਼ ਹੈ ਉਹਨਾਂ ਨੇ ਵਿਦਿਆਰਥੀਆਂ ਨੂੰ ਸਥਿਤੀ ਨਾਲ ਨੱਜਿਠਣਾ ਨਹੀਂ ਸਿਖਾਇਆ ਹੁੰਦਾ। ਉਹ ਇਸ ਦੇ ਦੋਸ਼ੀ ਹਨ ਕਿ ਉਹਨਾਂ ਨੇ ਵਿਦਿਆਰਥੀਆਂ ਦੀ ਸੋਚ ਪੁਖਤਾ ਨਹੀਂ ਕੀਤੀ। ਅੱਜ ਵੀ ਲੋੜ ਹੈ ਕੁੜੀਆਂ ਨੂੰ ਜੀਣ ਦੀ ਕਲਾ ਸਿਖਾਈ ਜਾਵੇ ਅਜਿਹੀ ਕਲਾ ਜਿਸ ਨਾਲ ਉਹ ਦਾਜ, ਭਰੁਣ ਹੱਤਿਆ, ਦਫਤਰਾਂ ਵਿੱਚ ਆਉਣਾ ਜਾਣਾ, ਪੁਲੀਸ ਨਾਲ ਪੇਸ਼ ਆਉਣਾ, ਸਰਕਾਰੀ ਕਾਗਜ਼ ਪੱਤਰ, ਦਫਤਰ ਦੇ ਤਰੀਕੇ, ਥਾਣੇ ਵਿੱਚ ਸ਼ਿਕਾਇਤ ਲਿਖਾਉਣਾ, ਸਰਕਾਰ ਦੇ ਕਨੂੰਨ ਅਨੁਸਾਰ ਉਹਨਾਂ ਦੇ ਹੱਕ, ਮਿਲ ਕੇ ਚੱਲਣਾ, ਘਰੇਲੂ ਕੰਮ ਵਿੱਚ ਹਿਸਾਬ ਕਿਤਾਬ, ਜਾਇਦਾਦ ਦੀ ਜਾਣਕਾਰੀ, ਇਸ ਨਾਲ ਸਬੰਧਤ ਕਾਗਜ਼ਾਂ ਦੀ ਜਾਣਕਾਰੀ, ਬੈਂਕ ਵਿੱਚ ਤੇ ਡਾਕਖਾਨੇ ਵਿੱਚ ਖਾਤਾ ਖੋਲਹਣ ਦੀ ਜਾਣਕਾਰੀ, ਬੱਸਾਂ ਗਡੀਆਂ ਵਿੱਚ ਆਉਣਾ ਜਾਣਾ ਤੇ ਬੁਕਿੰਗ, ਅਖਬਰ ਕਿਵੇਂ ਪੜ੍ਹੀਏ, ਪੁਸਤਕਾਂ ਕਿਵੇਂ ਪੜ੍ਹੀਏ, ਸਿਹਤ ਸਾਹਿਤ,  ਸੁੰਦਰਤਾ ਬਾਰੇ ਜਾਣਕਾਰੀ, ਘਰ ਦਾ ਰੱਖ ਰਖਾਵ, ਕੰਪਉਟਰ ਪ੍ਰਣਾਲੀ, ਸ਼ੋਸ਼ਲ ਨੈਟਵਰਕਿੰਗ, ਚੈਟਿੰਗ, ਟੈਲੀਫੋਨ ਕਿਵੇਂ ਕਰੀਏ, ਆਪਣੇ ਬਾਰੇ ਕਿਵੇਂ ਸੋਚਈਏ, ਫੈਸਲੇ ਦੀ ਘੜੀ, ਫੈਸਲੇ ਕਿਵੇਂ ਲਈਏ, ਮਦਦ ਦੀ ਮੰਗ ਕਿਥੋਂ ਤੇ ਕਿਵੇਂ, ਮਦਦ ਕਿਵੇਂ ਕਰੀਏ ਤੇ ਹੋਰ ਕਿੰਨੇ ਵਿਸ਼ੇ ਹਨ ਜਿਹਨਾਂ ਬਾਰੇ ਕੁੜੀਆਂ ਨੂੰ ਸਾਰੀ ਜਾਣਕਾਰੀ ਦੇਣਾ ਤੇ ਉਸ ਦੀ ਵਰਤੋਂ ਕਰਨਾ ਸਿਖਾਏ ਜਾਣ ਦੀ ਲੋੜ ਹੈ।
ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਸਮਾਜ ਦੇ ਵਿਰੋਧੀ ਬਣਾ ਦਿਓ, ਨਹੀਂ ਉਹਨਾਂ ਨੂੰ ਸਮਾਜ ਦੇ ਉਸਰਈਏ ਤਾਂ ਬਣਾਉਣਾ ਚਾਹੀਦਾ ਹੈ ਤਾਂ ਕਿ ਮਰਦ ਦੇ ਬਰਾਬਰ ਖੜੇ ਹੋ ਕੇ ਜ਼ਿੰਦਗੀ ਦੇ ਨਕਸ਼ ਸਿਰਜ ਸਕਣ। ਮੁਥਾਜ ਨਾ ਬਣਾਓ, ਤੇ ਨਾ ਹੀ ਉਹਨਾਂ ਨੂੰ ਕਮਜ਼ੋਰ ਬਣਾਓ, ਉਹਨਾਂ ਨੂੰ ਦਲੇਰ, ਬਹਾਦਰ, ਸਾਰਥਕ ਸੋਚ ਵਾਲੀਆਂ ਕੁੜੀਆਂ ਬਣਾਓ।
ਇਹ ਸਮੇਂ ਦੀ ਲੋੜ ਹੈ। ਇਹ ਸਮੇਂ ਦੀ ਮੰਗ ਹੈ।

Tuesday, February 7, 2012

ਚੰਗੀ ਗੱਲ


ਚੰਗੀ ਗੱਲ

ਚੇਤਿਆਂ ‘ਚ ਆਉਣਾ ਤੇ ਆ ਕੇ ਮੁਸਕਾਉਣਾ
ਹੱਸਣਾ ਹਸਾਉਣਾ ਤੇ ਰੁਸੇ ਨੂੰ ਮਨਾਉਣਾ
ਯਾਂਦਾਂ ਵਿੱਚ ਰੁਸਿਆ ਨੂੰ ਘਰ ਲੈ ਕੇ ਆਉਣਾ
ਚੰਗੀ ਗੱਲ ਆ.... ਚੰਗੀ ਗੱਲ ਆ।
ਦੋਸਤਾਂ ਦੀ ਦੋਸਤੀ ਤੇ ਨਾਜ਼ ਕਰੀ ਜਾਣਾ
ਮੁਕਦਾ ਗਿਲਾਸ ਬਾਰ ਬਾਰ ਭਰੀ ਜਾਣਾ
ਦੁਖ ਵਿੱਚ ਦੁਖੀਆਂ ਦੇ ਨਾਲ ਬੈਠ ਜਾਣਾ
ਸੁਖ ਵਿੱਚ ਵੰਡਣਾ ਤੇ ਵੰਡ ਕੇ ਵਧਾਉਣਾ
ਚੰਗੀ ਗੱਲ ਆ.... ਚੰਗੀ ਗੱਲ ਆ।
ਮਾਂਵਾਂ ਕੋਲ ਬੈਠ ਕੇ ਹੁੰਗਾਰੇ ਭਰੀ ਜਾਣਾ
ਝਿੜਕਾਂ ਉਲਾਂਭਿਆਂ ਨੂੰ ਆਪ ਜਰੀ ਜਾਣਾ
ਨਾਲੇ ਗੋਡੇ ਘੁੱਟਣਾ ਨਾਲੇ ਡਰੀ ਜਾਣਾ
ਸੇਵਾ ਨਾਲ ਮੇਵਾ ਨਾਲੇ ਨੇਕੀਆਂ ਕਮਾਉਣਾ
ਚੰਗੀ ਗੱਲ ਆ .... ਚੰਗੀ ਗੱਲ ਆ।
ਮਾੜੇ ਬੰਦਾ ਲੱਗੇ ਤਾਂ ਰੋਹਬ ਚ’ ਨਾ ਆਵੇ
ਭਾਰ ਬਹੁਤਾ ਆਪਣੇ ਸਰੀਰ ਤੇ ਨਾ ਪਾਵੇ
ਫੋਕੀਆਂ ਅਮੀਰੀਆਂ ਦਾ ਰੋਹਬ ਨਾ ਦਿਖਾਵੇ
ਉੱਚਾ ਬਣ ਦੂਜਿਆਂ ਨੂੰ ਨੀਵਾਂ ਨਾ ਦਿਖਾਵੇ
ਚਾਲ ਚਾਪਲੂਸੀ ਵਾਲੀ ਦੂਰੋਂ ਤਾੜ ਦੇਵੇ
ਮਿਠੇ ਮਿੱਠੇ ਸ਼ਬਦਾਂ ਚ’ ਆਪ ਝਾੜ ਦੇਵੇ
ਈਰਖਾ ਤੇ ਹੈਂਕੜ ਤੋਂ ਪਾਸਾ ਵੱਟ ਜਾਣਾ
ਚੰਗੀ ਗੱਲ ਆ ... ਚੰਗੀ ਗੱਲ ਆ।
ਨੇਕ ਪੁਤ ਬਣਨਾ ਤੇ ਨੇਕੀਆ ਕਮਾਉਣਾ
ਦੁਖ ਹੋਵੇ ਸੁਖ ਹੋਵੇ ਬਹਤਾ ਨਾ ਵਧਾਉਣਾ
ਚੰਗਿਆਂ ਦੀ ਸੋਹਬਤ ਤੇ ਚੰਗੇ ਅਖਵਾਉਣਾ
ਝੂਠਿਆਂ ਦੇ ਝੂਠ ਕੋਲੋ ਬਚ ਬਚ ਰਹਿਣਾ
ਸੱਚ ਦੀ ਦਲੇਰੀ ਤੇ ਡਟ ਕੇ ਵਿਖਾਉਣਾ।
ਚੰਗੀ ਗੱਲ ਆ ... ਚੰਗੀ ਗੱਲ ਆ।

Monday, July 4, 2011


ਬਾਲ ਸਾਹਿਤ

ਗੁਰ.ਦੀਪ

























ਬੱਚਿਆਂ ਨੂੰ ਕੀ ਚੰਗਾ ਲੱਗਦਾ ਹੈ?
























ਸੁਖਦ ਅਹਿਸਾਸ























ਸੁਖਦ ਅਹਿਸਾਸ ਕਦੋਂ ਪੈਦਾ ਹੁੰਦਾ ਹੈ?






















































































ਬਾਲ ਸਾਹਿਤ ਕਿਹੋ ਜਿਹਾ ਹੋਵੇ?


ਅਕਸਰ ਬਾਲ ਸਾਹਿਤ ਬਾਰੇ ਗੱਲ ਕਰਦਿਆਂ ਅਸੀਂ ਇਸ ਵੱਲ ਕਦੇ ਵੀ ਧਿਆਨ ਨਹੀਂ ਦਿੰਦੇ ਕਿ ਬਾਲ ਕੀ ਚਾਹੁੰਦੇ ਹਨ। ਬਾਲ ਸਾਹਿਤ ਲਿਖਣ ਵਾਲੇ ਪਕੇਰੀ ਉਮਰ ਦੇ ਲੋਕ ਹੁੰਦੇ ਹਨ ਜੋ ਜਾਂ ਤਾਂ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਕੇ ਕਵਿਤਾ ਕਹਾਣੀ ਲਿਖਦੇ ਹਨ ਜਾਂ ਉਹ ਸਮਝਦੇ ਹਨ ਕਿ ਬੱਚਿਆਂ ਨੂੰ ਜਾਨਵਰਾਂ, ਪੰਛੀਆਂ ਦੀਆਂ ਕਹਾਣੀਆਂ ਸੁਣਨਾ ਚੰਗਾ ਲੱਗਦਾ ਹੈ, (ਇਸ ਵਿੱਚ ਖੌਰੇ ਵਾਲੇ ਸ਼ਬਦ ਵੀ ਆਉਣੇ ਚਾਹੀਦੇ ਹਨ। ਕਿਉਂ ਜੋ ਇਹ ਉਹਨਾਂ ਦਾ ਵਿਸ਼ਵਾਸ ਹੁੰਦਾ ਹੈ ਕਿ ਸ਼ਾਇਦ ਬੱਚੇ ਵੀ ਅਜਿਹਾ ਸੋਚਦੇ ਹੋਣਗੇ।) ਤੇ ਉਹਨਾਂ ਲਈ ਜਾਨਵਰ ਕਥਾਵਾਂ ਹੀ ਵਧੀਆ ਬਾਲ ਸਾਹਿਤ ਹੁੰਦਾ ਹੈ। ਉਹ ਇਹ ਵੀ ਸੋਚਦੇ ਹਨ  ਕਿ ਬਚਿਆਂ ਦੇ ਮੁਢਲੇ ਸਾਲ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ ਇਸ ਲਈ ਉਹ ਬਚਿਆਂ ਦੀਆਂ ਸਾਰੀਆਂ ਕਹਾਣੀਆਂ ਵਿੱਚ ਕੋਈ ਨਾ ਕੋਈ ਸਿਖਿਆ ਜੋੜ ਦਿੰਦੇ ਹਨ। (ਮੈਂ ਸ਼ਬਦ ਜੋੜ ਦਿੰਦੇ ਹਨ ਵਰਤੇ ਹਨ, ਜਦੋਂ ਕਿ ਇਹ ਠੋਸ ਦਿੰਦੇ ਹਨ ਹੋਣੇ ਚਾਹੀਦੇ ਸਨ।) ਪਰ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਬੱਚੇ ਕੀ ਚਾਹੁੰਦੇ ਹਨ ਜਾਂ ਕੀ ਸੋਚਦੇ ਹਨ।

ਬਚਿਆਂ ਦੀ ਆਪਣੀ ਕੋਈ ਦੁਨੀਆ ਨਹੀਂ ਹੁੰਦੀ। ਜਿਹੜੀ ਦੁਨੀਆ ਨਾਲ ਉਹਨਾਂ ਦਾ ਵਾਹ ਵਾਸਤਾ ਪੈਂਦਾ ਹੈ ਉਹ ਅਕਸਰ ਬਾਲਗ਼ਾਂ ਦੀ ਦੁਨੀਆ ਹੁੰਦੀ ਹੈ। ਜਿਸ ਨੂੰ ਬਾਲਗ਼ ਆਪਣੀ ਮਰਜ਼ੀ ਨਾਲ ਚਲਾਉਂਦੇ ਹਨ। ਇਸ ਦੇ ਸਾਰੇ ਨਿਯਮ ਬਾਲਗ਼ਾਂ ਨੇ ਆਪੇ ਘੜੇ ਹੁੰਦੇ ਹਨ ਤੇ ਬਚਿਆਂ ਨੂੰ ਤਾਂ ਉਹਨਾਂ ਨਿਯਮਾਂ ਮੁਤਾਬਕ ਚਲੱਣਾ ਪੈਂਦਾ ਹੈ। ਉਹ ਇਹਨਾਂ ਵਿੱਚ ਬਹੁਤਾ ਕੁਝ ਕਰ ਨਹੀਂ ਸਕਦੇ। ਸੋ ਬਚਿਆਂ ਦੀ ਦੁਨੀਆ ਸਾਡੀ ਦੁਨੀਆ ਤੋਂ ਵੱਖ ਹੁੰਦੀ ਹੈ। ਉਹਨਾਂ ਦੀਆਂ ਸਮਸਿਆਂਵਾ ਵੀ ਵੱਖ ਹੁੰਦੀਆਂ ਹਨ। ਮੁਢਲੇ ਤੌਰ ਤੇ ਉਹ ਆਪਣੇ ਆਲੇ ਦੁਆਲੇ ਦੀ ਦੁਨਿਆਂ ਦੇਖ ਕੇ ਕੁਦਰਤੀ ਤੌਰ ਤੇ ਉਤਸੁਕ ਹੁੰਦੇ ਹਨ ਤੇ ਉਹ ਬਹੁਤ ਕੁਝ ਜਾਣਨਾ ਚਾਹੁੰਦੇ ਹਨ। ਇਹ ਕਿਉਂ ਹੈ, ਕਿਵੇਂ ਹੈ। ਬਹੁਤਾ ਕਰਕੇ ਉਹ ਹਰ ਚੀਜ਼ ਨੂੰ ਛੂਹਣਾ ਲੋਚਦੇ ਹਨ। ਪਰ ਅਜਿਹਾ ਉਹ ਕਰ ਨਹੀਂ ਸਕਦੇ, ਕਿਉਂ ਕਿ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਡਿਆਂ ਨੇ ਨਿਯਮ ਬਣਾਏ ਹੁੰਦੇ ਹਨ, ਕਿ ਇਹ ਕਰਨਾ ਹੈ ਤੇ ਇਹ ਨਹੀਂ ਕਰਨਾ, ਇਸ ਨੂੰ ਛੋਹਣਾ ਹੈ ਤੇ ਇਸ ਨੂੰ ਹੱਥ ਨਹੀ ਲਾਉਣਾ। ਪਾਬੰਦੀਆਂ ਤੇ ਬੰਦਸ਼ਾਂ ਦੀ ਇੱਹ ਦੁਨੀਆ ਉਹਨਾਂ ਵਾਸਤੇ ਬੜੀ ਤੰਗ ਤੇ ਸੌੜੀ ਜਹੀ ਥਾਂ ਦਿੰਦੀ ਹੈ ਜਿਸ ਵਿੱਚ ਉਹ ਬੜੀ ਮੁਸ਼ਕਲ ਨਾਲ ਖੜੇ ਹੋ ਸਕਦੇ ਹਨ। ਥੋਹੜੀ ਦੇਰ ਬਾਅਦ ਉਹ ਅਨੁਕੂਲਤਾ ਵਿਕਸਤ ਕਰ ਲੈਂਦੇ ਹਨ। ਇਹ ਅਨੁਕੂਲਤਾ ਉਹਨਾਂ ਨੂੰ ਦਮ ਘੁੱਟਦੇ ਮਾਹੌਲ ਵਿੱਚ ਸਾਹ ਲੈਣ ਵਿੱਚ ਮਦਦ ਕਰਦੀ ਹੈ।

ਇਹ ਬੜਾ ਮੁਸ਼ਕਲ ਸਵਾਲ ਹੈ ਕਿਉਂ ਕਿ ਜਵਾਬ ਦੇਣ ਵਾਲੇ ਇਸ ਤੋਂ ਸੁਚੇਤ ਨਹੀਂ ਹੁੰਦੇ। ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਕੀ ਚਾਹੁੰਦੇ ਹਨ। ਉਹਨਾਂ ਦੀ ਪਸੰਦ – ਨਾ ਪਸੰਦ ਬਹੁਤ ਤੇਜ਼ੀ ਨਾਲ ਬਦਲਦੀ ਰਹਿੰਦੀ ਹੈ। ਖੇਡਣਾ ਉਹਨਾਂ ਨੁੰ ਚੰਗਾ ਲੱਗਦਾ ਹੈ। ਪਰ ਸ਼ਾਇਦ ਇਹ ਵੀ ਇਸ ਲਈ ਕਿ ਖੇਡਣ ਵਿੱਚ ਪਾਬੰਦੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਇੱਕ ਵਿਚਾਰ ਹੈ ਕਿ ਬਚਿਆਂ ਦਾ ਕੰਮ ਖੇਡਣਾ ਹੈ ਜਾਂ ਇਓਂ ਕਹਿ ਲਵੋ ਕਿ ਖੇਡ ਬਚਿਆਂ ਦਾ ਕੰਮ ਹੈ। ਖੇਡਣ ਲਈ ਖਿਡੌਣੇ ਚਾਹੀਦੇ ਹਨ ਤੇ ਉਹ ਇਸ ਲਈ ਚੰਗੇ ਲੱਗਦੇ ਹਨ, ਇੱਕ ਉਹ ਦੁਨੀਆਂ ਜੋ ਬਚਿਆਂ ਦੇ ਚਾਰੇ ਪਾਸੇ ਹੁੰਦੀ ਹੈ, ਖਿਡੌਣੇ ਉਸ ਦੁਨੀਆਂ ਵਿੱਚ ਦਿਕਾਈ ਦਿੰਦੀਆਂ ਚੀਜ਼ਾਂ ਦੀ ਨਕਲ ਮਾਤਰ ਹਨ, ਭਾਵ ਉਸ ਨਾਲ ਮਿਲਦੇ ਜੁਲਦੇ ਹਨ। ਦੂਸਰਾ ਇਹ ਖਿਡੌਣੇ ਬਚਿਆਂ ਦੀ ਨਿੱਜੀ ਮਾਲਕੀ ਵਿੱਚ ਚਲੇ ਜਾਂਦੇ ਹਨ ਤੇ ਇਹਨਾਂ ਨਲਾ ਖੇਡਣ ਉਪਰ ਉਹਨਾਂ ਨੂੰ ਕਿਸੇ ਵੀ ਬੰਦਸ਼ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਦਾਰਹਨ ਲਈ ਇੱਕ ਬੱਚੇ ਨੂੰ ਜਦੋਂ ਉਹ ਰਿੜ੍ਹਣਾ ਸ਼ੁਰੂ ਕਰਦਾ ਹੈ ਤਾਂ ਉਸ ਦੇ ਮਾਪੇ ਇਸ ਡਰ ਤੋਂ ਕਿ ਕਿਤੇ ਉਹ ਮੰਜੇ ਜਾਂ ਬਿਸਤਰੇ ਤੋਂ ਹੇਠਾਂ ਨਾ ਡਿਗ ਪਵੇ, ਉਸ ਲਈ ਰੋਕ ਲਾ ਦਿੰਦੇ ਹਨ। ਜਦੋਂ ਵੀ ਉਹ ਰਤਾ ਇੱਧਰ ਉਧਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਖਦੇ ਹਨ, ਨਾ, ਇਸ ਤਰ੍ਹਾਂ ਨਾ ਕਰੀਂ। ਅੱਗੇ ਨਹੀਂ ਜਾਣਾ। ਇਹ ਨਹੀਂ ਕਰਨਾ ਆਦਿ। ਪਰ ਜਦੋਂ ਉਹ ਕਿਸੇ ਖਿਡੌਣੇ ਨਾਲ ਖੇਡਦਾ ਹੈ ਤਾਂ ਉਸ ਨੂੰ ਕੋਈ ਰੋਕ ਨਹੀਂ ਹੁੰਦੀ।

ਬੱਚੇ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਜਾਣਨਾ ਚਾਹੁੰਦੇ ਹਨ ਤੇ ਸ਼ਾਇਦ ਇਹ ਕੁਦਰਤੀ ਉਤਸੁਕਤਾ ਹੈ ਜੋ ਜਾਨਵਰਾਂ ਤੇ ਇਨਸਾਨਾਂ ਵਿੱਚ ਦੇਖੀ ਜਾ ਸਕਦੀ ਹੈ। ਖੋਜਣਾ, ਲੱਭਣਾ ਤੇ ਜਾਣਨਾ ਇਹ ਪਹਿਲਾ ਕੰਮ ਹੈ ਜੋ ਸ਼ਾਇਦ ਸਾਰੇ ਹੀ ਕਰਦੇ ਹਨ। ਕੀ ਬੱਚੇ, ਕੀ ਵੱਡੇ ਤੇ ਕੀ ਜਾਨਵਰ, ਘਰ ਵਿੱਚ ਕੋਈ ਨਵਾਂ ਜਾਨਵਰ ਲਿਆਓ, ਉਸ ਨੂੰ ਖੁਲ੍ਹਾ ਛੱਡ ਦਿਓ, ਸੱਭ ਤੋਂ ਪਹਿਲਾਂ ਉਹ ਸਾਰੇ ਘਰ ਨੂੰ ਜਾਣਨ ਲਈ ਸਾਰੇ ਘਰ ਦੀ ਫੋਲਾ ਫੋਲੀ ਕਰੇਗਾ। ਪੰਛੀ ਵੀ ਆਪਣੇ ਰਹਿਣ ਵਾਲੀ ਥਾਂ ਦੀ ਜਾਂਚ ਪੜਤਾਲ ਕਰਦੇ ਹਨ। ਸੋ ਆਲੇ ਦੁਆਲੇ ਨੂੰ ਜਾਣਨ ਲਈ ਲੱਭਣਾ, ਕਿਸੇ ਵੀ ਬੱਚੇ ਦੀ ਮੁਢਲੀ ਪਹਿਲ ਵਿੱਚ ਸ਼ਾਮਲ ਹੁੰਦੀ ਹੈ।

ਜਾਣਕਾਰੀ ਜਿੰਨੀ ਉਹ ਆਲੇ ਦੁਆਲੇ ਚੋਂ ਪ੍ਰਾਪਤ ਕਰਦੇ ਹਨ, ਉਸਦੀ ਉਹ ਆਪਣੇ ਤਰੀਕੇ ਨਾਲ ਸ਼੍ਰੇਣੀ ਵੰਡ ਕਰਨਾ ਚਾਹੁੰਦੇ ਹਨ, ਉਸ ਬਾਰੇ ਆਪਣੇ ਵਿਸ਼ਾਵਾਸ, ਆਪਣੇ ਖਿਆਲ ਘੜਦੇ ਹਨ। ਇਸ ਵਿੱਚ ਉਹਨਾਂ ਦੀ ਕਲਪਨਾ ਸ਼ਕਤੀ ਦਾ ਵੀ ਬਹੁਤ ਵੱਡਾ ਰੋਲ  ਹੁੰਦਾ ਹੈ। ਉਹ ਆਪਣੇ ਤਰੀਕੇ ਨਾਲ ਸੋਚਦੇ ਹਨ ਤੇ ਲੋੜੀਂਦੇ ਫੈਸਲੇ ਕਰਦੇ ਹਨ। ਪਰ ਇਸ ਵਿੱਚ ਵੀ ਉਹ ਬਹੁਤਾ ਆਪਣੇ ਤੋਂ ਵਡਿਆਂ ਦਾ ਅਨੁਕਰਨ ਕਰਦੇ ਹਨ।

ਬੱਚੇ discomfort & displeasure ਔਖ ਅਤੇ ਨਾਖੁਸ਼ੀ ਤੋਂ ਬਚਣਾ ਚਾਹੁੰਦੇ ਹਨ। ਉਹਨਾਂ ਦੇ ਸਰੀਰ ਵਿੱਚ ਤੇ ਦਿਮਾਗ਼ ਵਿੱਚ ਜਿਹੜੇ ਦ੍ਰਵ ਖੁਸ਼ੀ ਤੇ ਆਰਾਮ ਦਾ ਸੰਚਾਰ ਕਰਦੇ ਹਨ, ਉਹੋ ਹੀ ਉਹਨਾਂ ਦੀ ਅਗਵਾਈ ਕਰਦੇ ਹਨ। ਬੱਚੇ ਕਿਉਂ ਰੋਂਦੇ ਹਨ, ਉਹ ਵੀ ਜ਼ਰਾ ਜਿੰਨੀ ਗੱਲ ਉਪਰ, ਕਦੇ ਕਦੇ ਉਹ ਗੱਲ ਵੀ ਇੰਨੀ ਮਹੱਤਵਪੂਰਨ ਨਹੀਂ ਹੁੰਦੀ ਪਰ ਫਿਰ ਵੀ ਉਹ ਰੋਣਾ ਸ਼ੁਰੂ ਕਰ ਦਿੰਦੇ ਹਨ। ਮਾਂ ਤੋਂ ਜੁਦਾਈ ਦਾ ਅਹਿਸਾਸ ਉਨਾਂ ਅੰਦਰ ਡੀ ਐਂਡ ਡੀ ਦਾ ਪ੍ਰਸਾਰ ਕਰਦਾ ਹੈ ਤੇ ਉਹ ਇਸੇ ਖਿਆਲ ਤੋਂ ਹੀ ਰੋਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਤੁਸੀਂ ਬਚਿਆਂ ਨੂੰ ਧੱਫਾ ਮਾਰਦੇ ਹੋ, ਕਦੇ ਪਿੱਠ ਤੇ ਕਦੇ ਸਿਰ ਦੇ ਪਿਛੇ, ਤਾਂ ਉਹਨਾਂ ਦੇ ਅੰਦਰ ਇੱਹੋ ਡੀ ਐਂਡ ਡੀ ਦਾ ਪ੍ਰੀਕ੍ਰਿਆ ਸ਼ੁਰੂ ਹੋ ਜਾਂਦੀ ਹੈ। ਦਿਮਾਗ਼ ਵਿੱਚ ਅਜਿਹੇ ਦ੍ਰਵ ਬਣ ਜਾਂਦੇ ਹਨ ਜਿਹਨਾਂ ਦੀ ਮੋਜੂਦਗੀ ਨਾਲ ਉਹ ਆਪਣੇ ਬਚਾਅ ਲਈ ਰੋਣਾ ਸ਼ੁਰੂ ਕਰ ਦਿੰਦੇ ਹਨ। ਇਸ ਲਈ ਬਾਲਾਂ ਨੂੰ ਕਦੇ ਵੀ ਮਾਰਨਾ ਨਹੀਂ ਚਾਹੀਦਾ। ਆਨੰਦ ਤੇ ਖੁਸ਼ੀ ਹੀ ਉਹਨਾਂ ਦੀ ਅਸਲੀ ਸਪਿਰਿਟ ਹੈ ਤੇ ਇਸ ਨੂੰ ਕਦੇ ਵੀ ਦਬਾਉਣਾ, ਬੁਝਾਉਣਾ ਨਹੀਂ ਚਾਹੀਦਾ ਤੇ ਨਾ ਹੀ ਉਸ ਦੀ ਬੇਅਦਬੀ ਕਰਨੀ ਚਾਹੀਦੀ ਹੈ।

ਕੁਝ ਮਾਂਪੇ ਬਚਿਆਂ ਦੀ ਇਸ ਗੱਲ ਤੋਂ ਪਰਵਾਹ ਨਹੀਂ ਕਰਦੇ ਤੇ ਉਹ ਉਹਨਾਂ ਨਾਲ ਸਖਤੀ ਨਾਲ ਪੇਸ਼ ਆਉਂਦੇ ਹਨ। ਵਕਤੀ ਤੋਰ ਤੇ ਸ਼ਾਇਦ ਇਹ ਠੀਕ ਰਹਿੰਦਾ ਹੈ ਪਰ ਅੱਗੇ ਜਾ ਕੇ ਦਿਮਾਗ਼ ਉਪਰ ਇਹੋ ਪ੍ਰਭਾਵ ਅੱਗੇ ਜਾ ਕੇ ਉਹਨਾਂ ਦੇ ਜੀਵਨ ਦਾ ਸੱਭ ਤੋਂ ਕੋਝਾ ਪੱਖ ਬਣ ਜਾਂਦੇ ਹਨ। ਸਾਡੇ ਖੁਸ਼ ਜਾਂ ਨਾ ਖੁਸ਼ ਹੋਣ ਦਾ ਬਹੁਤਾ ਸਬੰਧ ਸਾਡੇ ਦਿਮਾਗ਼ ਵਿੱਚ ਮੋਜੂਦ ਉਹਨਾਂ ਰਸਾਇਣਾਂ ਨਾਲ ਹੈ ਜੋ ਜਦੋਂ ਲੋੜੀਂਦੀ ਮਾਤਰਾ ਵਿੱਚ ਸਰੀਰ ਦੇ ਅੰਦਰ ਮੋਜੂਦ ਹੁੰਦੇ ਹਨ ਤਾਂ ਦਿਮਾਗ਼ ਦਾ ਇੱਕ ਸੁਖਦ ਅਹਿਸਾਸ ਨੂੰ ਮਹਿਸੂਸ ਕਰਦਾ ਹੈ ਤੇ ਇਸੇ ਬਾਰੇ ਸਾਰੇ ਸਰੀਰ ਨੂੰ ਸੁਨੇਹੇ ਭੇਜਦਾ ਹੈ। ਇਸ ਸਥਿਤੀ ਨੂੰ ਆਨੰਦ ਦੀ ਅਨੁਭੂਤੀ ਕਹਿੰਦੇ ਹਨ। ਸਾਡਾ ਦਿਮਾਗ਼ ਹਰ ਹੀਲੇ ਤੇ ਹਰ ਕੋਸ਼ਿਸ਼ ਵਿੱਚ ਇਸੇ ਅਨੁਭੂਤੀ ਨੂੰ ਭਾਲਦਾ ਹੈ। ਇਸ ਦੀ ਅਣਹੋਂਦ ਸਾਨੂੰ ਬੇਚੈਨ ਤੇ ਦੁਖੀ ਕਰਦੀ ਹੈ। ਬੱਚਿਆਂ ਨਾਲ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਜਦੋਂ ਕੋਈ ਉਹਨਾਂ ਨੂੰ ਮਾਰਦਾ ਹੈ ਜਾਂ ਤੰਗ ਕਰਦਾ ਹੈ ਤਾਂ ਦਿਮਾਗ਼ ਇੱਕ ਸਕਤੇ ਵਿੱਚ ਆ ਜਾਂਦਾ ਹੈ ਤੇ ਇਸਦਾ ਬਹੁਤ ਧਿਆਨ ਆਪਣੇ ਆਪ ਨੂੰ ਬਚਾਉਣ ਤੇ ਬਚਾਅ ਦੇ ਤਰੀਕੇ ਘੜਨ ਵਿੱਚ ਲੱਗ ਜਾਂਦਾ ਹੈ ਸੋ ਇਹ ਸਿਖਣ ਤੇ ਯਾਦ ਰੱਖਣ ਦੀ ਅਵਸਥਾ ਵਿੱਚ ਨਹੀਂ ਰਹਿੰਦਾ। ਜੋ ਸਿਖਦਾ ਹੈ ਜਾਂ ਜੋ ਰਿਕਾਰਡ ਕਰਦਾ ਹੈ ਉਹ ਇੱਕ ਬੜਾ ਉਦਾਸ ਤੇ ਦੁਖੀ ਅਨੁਭਵ ਹੁੰਦਾ ਹੈ ਜੋ ਇਸ ਤਰ੍ਹਾਂ ਹੈ ਜਿਵੇਂ ਕਿਸੇ ਸ਼ੀਸ਼ੇ ਉਪਰ ਝਰੀਟ ਵੱਜ ਜਾਵੇ। ਇਹ ਝਰੀਟ ਸਾਰੀ ਉਮਰ ਤੰਗ ਕਰਦੀ ਹੈ। ਦੁਖ ਦੀਆਂ ਗੱਲਾਂ ਬਹੁਤ ਪੱਕੇ ਤੌਰ ਤੇ ਯਾਦਾਸ਼ਤ ਦਾ ਹਿੱਸਾ ਬਣ ਜਾਂਦੀਆਂ ਹਨ। ਇਸ ਲਈ ਬੱਚੇ ਵੀ ਸੁਖਦ ਅਹਿਸਾਸ ਹੀ ਲੋੜਦੇ ਹਨ।

ਕਿਸੇ ਵੀ ਵਿਅਕਤੀ ਦਾ ਆਪਣੇ ਤੋਂ ਬਾਹਰ ਹਰ ਵਸਤੂ ਨਾਲ ਤੇ ਹਰ ਘਟਨਾ ਨਾਲ ਜਦੋਂ ਵਾਹ ਪੈਂਦਾ ਹੈ ਤਾਂ ਇੱਕ ਪ੍ਰਤੀਕ੍ਰਮ ਉਸ ਦੇ ਅੰਦਰ ਵਾਪਰਦਾ ਹੈ। ਇਹ ਪ੍ਰਤੀਕ੍ਰਮ ਇੱਕ ਟਕਰਾਅ ਦਾ ਰੂਪ ਲੈਂਦਾ ਹੈ। ਜੇ ਇਸ ਟਕਰਾਅ ਤੋਂ ਬਾਅਦ ਦੀ ਸਥਿਤੀ ਮਨ ਦੇ ਅਨੁਕੂਲ ਹੋਵੇ ਤਾਂ ਸੁਖਦ ਅਹਿਸਾਸ ਹੁੰਦਾ ਹੈ ਪਰ ਜੇ ਇਸ ਵਿੱਚੋਂ ਕੋਈ ਦਵੰਦ ਪੈਦਾ ਹੋ ਜਾਵੇ, ਜਾਂ ਕਿਸੇ ਮਾੜੇ ਅਨੁਭਵ ਦਾ ਸਾਹਮਣਾ ਕਰਨਾ ਪਵੇ ਜੋ ਆਪਣੇ ਤੌਰ ਤੇ ਮਨ ਨੂੰ ਚੰਗਾ ਨਾ ਲਗੇ ਤਾਂ ਇਹ ਦੁਖਦ ਅਹਿਸਾਸ ਹੁੰਦਾ ਹੈ। ਖੁਸ਼ੀ ਸੁਖਦ ਅਹਿਸਾਸ ਦਾ ਦੂਜਾ ਜਾਂ ਹੈ ਤੇ ਦੁਖ ਕਿਸੇ ਵੀ ਨਾਖੁਸ਼ਗਵਾਰ ਅਹਿਸਾਸ ਨੂੰ ਆਖਦੇ ਹਨ। ਖੁਸ਼ੀ ਸਰੀਰ ਦੀਆਂ ਨਸਾਂ ਨੂੰ ਢਿੱਲੀਆਂ ਕਰਨ ਵਿੱਚ ਤੇ ਸਰੀਰ ਦੇ ਵਾਧੇ ਵਿੱਚ ਮਦਦ ਕਰਦੀ ਹੈ ਜਦੋਂ ਕਿ ਦੁਖੀ ਵਿਅਕਤੀ ਮਾਨਸਕ ਤੌਰ ਤੇ ਇੱਕ ਦਬਾਅ ਵਿੱਚ ਰਹਿੰਦਾ ਹੈ ਜੋ ਬਾਅਦ ਵਿੱਚ ਸਰੀਰ ਦਿਆਂ ਬਾਕੀ ਗਤੀਵਿਧੀਆਂ ਉਪਰ ਦੇਖਿਆ ਜਾ ਸਕਦਾ ਹੈ।

ਬੱਚੇ ਆਮ ਤੌਰ ਤੇ ਜਦੋਂ ਹੋਸ਼ ਸਮਭਾਲਦੇ ਹਨ ਤਾਂ ਉਹ ਵੀ ਆਪਣੇ ਆਲੇ ਦੁਆਲੇ ਦੀ ਫੋਲਾ ਫਾਲੀ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਨਿਸ਼ਚਿਤ ਤੌਰ ਤੇ ਆਪਣੇ ਵੱਡਿਆਂ ਨੂੰ ਚੀਜ਼ਾਂ ਵਸਤੂਆਂ ਦੇ ਫੜਨ ਤੇ ਵਰਤਣ ਦਾ ਢੰਗ ਬਹੁਤ ਗਹੁ ਨਾਲ ਦੇਖਦੇ ਹਨ ਤੇ ਫਿਰ ਉਸੇ ਤਰ੍ਹਾਂ ਕਰਨਾ ਚਾਹੁੰਦੇ ਹਨ। ਜਿਵੇਂ ਤੁਸੀਂ ਚਮਚਾ ਫੜਦੇ ਹੋ, ਮੋਬਾਈਲ ਕੰਨ ਨਾਲ ਲਾ ਕੇ ਸੁਣਦੇ ਹੋ, ਪਾਣੀ ਪੀਂਦੇ ਹੋ, ਪੈਨ ਨਾਲ ਲਿਖਦੇ ਹੋ, ਮੂੰਹ ਨਾਲ ਬੋਲਦੇ ਹੋ,  ਹਜਾਮਤ ਬਣਾਉਂਦੇ ਹੋ, ਵਾਹ ਵਾਹੁੰਦੇ ਹੋ, ਬੁਲ੍ਹਾ ਉਪਰ ਸੁਰਖੀ ਦੀ ਵਰਤੋਂ ਕਰਦੇ ਹੋ, ਬੱਚੇ ਵੀ ਇਹ ਸੱਭ ਕਰਨਾ ਚਾਹੁੰਦੇ ਹਨ। ਭਾਵ ਕੁਦਰਤ ਨੇ ਉਹਨਾਂ ਦੀ ਪ੍ਰੋਗਰਾਮਿੰਗ ਵਿੱਚ ਇਹ ਸਤਰ ਦਰਜ ਕੀਤੀ ਹੋਈ ਹੈ ਕਿ ਜੈਸਾ ਦੇਸ ਵੇਸਾ ਭੇਸ, ਜਿਵੇਂ ਦੇਖਦੇ ਹੋ ਉਵੇਂ ਕਰੋ।

ਤੁਸੀਂ ਵੀ ਬਚਿਆਂ ਨੂੰ ਇਹ ਸਭ ਕਰਨ ਦਿੰਦੇ ਹੋ। ਤੁਹਾਨੂੰ ਇਹ ਸੱਭ ਦੇਖ ਕੇ ਚੰਗਾ ਲੱਗਦਾ ਹੈ। ਕਈ ਵਾਰੀ ਤੁਸੀਂ ਗ਼ਲਤੀ ਨਾਲ ਆਪਣੀ ਬੇਟੀ ਦੇ ਮੂੰਹ ਉਪਰ ਸ਼ੇਵ ਦੀ ਝੱਗ ਵਾਲਾ ਬੁਰਸ਼ ਘਸਾ ਦਿੰਦੇ ਹੋ, ਮੁੰਡੇ ਦੇ ਬੁਲ੍ਹਾਂ ਉਪਰ ਲਿਪਸਟਿਕ ਦਾ ਨਿਸ਼ਾਨ ਜਾਂ ਬਿੰਦੀ ਲਾ ਦਿੰਦੇ ਹੋ, ਉਸ ਨੂੰ ਆਪਣੇ ਉੱਚੀ ਉਚੀ ਅੱਡੀ ਵਾਲੇ ਸੈਂਡਲ ਪਾ ਕੇ ਇਧਰ ਉਧਰ ਘੁੰਮਣ ਦਿੰਦੇ ਹੋ, ਇਹ ਸਾਰੇ ਅਨੁਭਵ ਬੱਚੇ ਦੇ ਮਨ ਵਿੱਚ ਰਿਕਾਰਡ ਹੋ ਰਹੇ ਹੁੰਦੇ ਹਨ। ਕਿਉਂ ਕਿ ਇਸ ਅਵਸਥਾ ਵਿੱਚ ਬੱਚੇ ਦੀਆਂ ਗਿਆਨ ਇੰਦਰੀਆਂ ਆਪਣੇ ਪੂਰੇ ਜਾਹੋ ਜਲਾਲ ਵਿੱਚ ਹੁੰਦੀਆਂ ਹਨ, ਇਹਨਾਂ ਨਾਲ ਮਿਲਨ ਵਾਲੇ ਹਰ ਅਨੁਭਵ ਨੂੰ ਉਹ ਆਪਣੇ ਗਿਆਨ ਕੋਸ਼ – ਯਾਦਾਸ਼ਤ ਵਿੱਚ ਬਹੁਤ ਚੰਗੀ ਤਰ੍ਹਾਂ ਦਰਜ ਕਰ ਲੈਂਦਾ ਹੈ, ਇਸ ਨਾਲ ਬਾਅਦ ਵਿੱਚ ਕਈ ਤਰਹਾਂ ਦੇ ਲੈਂਗਿਕ ਰੁਝਾਣਾਂ ਨਾਲ ਸਬੰਧਤ ਕਈ ਤਰ੍ਹਾਂ ਦੇ ਦੋਸ਼ ਵੀ ਪੈਦਾ ਹੋ ਸਕਦੇ ਹਨ, ਇਸ ਲਈ ਸੂਝਵਾਨ ਮਾਂਪੇ ਹੋਣ ਦੇ ਨਾਤੇ ਤੁਹਾਨੂੰ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ। ਅਸਲ ਵਿੱਚ ਜਦੋਂ ਅਸੀਂ ਕਿਸੇ ਵੀ ਬੱਚੇ ਦੇ ਮੁਢਲੇ ਸਾਲਾਂ ਦੀ ਗੱਲ ਕਰਦੇ ਹਾਂ ਤਾਂ ਨਿਸ਼ਚੇ ਹੀ ਇਹਨਾਂ ਦੀ ਮਹੱਤਤਾ ਵੱਧ ਜਾਂਦੀ ਹੈ ਚੂੰਕਿ ਬੱਚਾ ਬਾਕੀ ਸਾਰੀ ਉਮਰ ਦੇ ਅਨੁਭਵ ਆਪਣੇ ਮੁਢਲੇ ਅਨੁਭਵਾਂ ਨਾਲ ਹੀ ਜੋੜ ਕੇ ਦੇਖਦਾ ਹੈ।

ਮਾਂਟਸੇਰੀ ਦਾ ਵਿਚਾਰ ਹੈ ਕਿ ਬੱਚਾ ਮੁੱਢ ਤੋਂ ਹੀ ਆਪਣੇ ਆਲੇ ਦੁਆਲੇ ਨਾਲ ਕ ਜੱਦੋ ਜਹਿਦ ਲੜਦਾ ਹੈ ਜਿਸ ਵਿੱਚ ਉਹ ਹਮੇਸ਼ਾ ਆਪਣਾ ਬਚਾਅ ਹੀ ਕਰਦਾ ਰਹਿੰਦਾ ਹੈ। ਬਦਕਿਸਮਤੀ ਨਾਲ ਉਸ ਨੂੰ ਸ਼ੁਰੂ ਤੋਂ ਹੀ ਆਪਣੇ ਆਲੇ ਦੁਆਲੇ ਪ੍ਰਤੀ ਇੱਕ ਵਿਰੋਧ ਪੈਦਾ ਕਰਨ ਦਿਤਾ ਜਾਂਦਾ ਹੈ ਤੇ ਉਹ ਸਮਝਦਾ ਹੈ ਕਿ ਇਹ ਆਲਾ ਦੁਆਲਾ ਉਸ ਦੇ ਅਨੁਕੂਲ ਨਹੀਂ ਤੇ ਉਹ ਆਪਣੇ ਆਪ ਨੂੰ ਇਸ ਦੇ ਵਿਰੋਧ ਵਿੱਚ ਖੜਾ ਕਰਦਾ ਹੈ। ਇਹ ਪ੍ਰਤੀਕੂਲਤਾ ਚੰਗੀ ਨਹੀਂ। ਇਹ ਅਕਸਰ ਬਾਲਗਾਂ ਅੰਦਰ ਵੀ ਪਨਪਦੀ ਹੈ ਬਾਲਗ਼ ਇਸ ਵਿਰੋਧ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾ ਦਿੰਦੇ ਹਨ ਜੋ ਉਹਨਾਂ ਦੇ ਅਚੇਤ ਮਨ ਵਿੱਚ ਜਮ੍ਹਾਂ ਹੋ ਜਾਂਦਾ ਹੈ ਤੇ ਜਿਸ ਨੂੰ ਮਨੋ ਵਿਗਿਆਨਕ ਵਿਸ਼ੇਲਸ਼ਣ ਦੀਆਂ ਵਿਧੀਆਂ ਨਾਲ ਜਾਣਿਆਂ ਜਾ ਸਕਦਾ ਹੈ ਪਰ ਬੱਚਿਆਂ ਦੇ ਸਬੰਧ ਵਿੱਚ ਅਜਿਹਾ ਕਰਨਾ ਸੰਭਵ ਨਹੀਂ। ਉਹ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਸੋ ਉਹਨਾਂ ਅੰਦਰੋਂ ਇਹ ਵਿਰੋਧ ਖ਼ਤਮ ਕਰਨਾ ਬਹੁਤ ਜ਼ਰੂਰੀ ਬਣ ਜਾਂਦਾ ਹੈ। ਜੇ ਅਸੀਂ ਇਹ ਜਾਨਣ ਦੀ ਕੋਸ਼ਿਸ਼ ਕਰੀਏ ਕਿ ਬੱਚੇ ਕੀ ਚਾਹੁੰਦੇ ਹਨ ਤਾਂ ਇਸ ਲਈ ਜ਼ਰੂਰੀ ਹੋਵੇਗਾ ਕਿ ਉਹਨਾਂ ਨੂੰ ਜੋ ਉਹ ਚਾਹੁੰਦੇ ਹਨ ਕਰਨ ਦਿੱਤਾ ਜਾਵੇ। ਘੱਟ ਤੋਂ ਘੱਟ ਰੋਕਾਂ ਦਾ ਉਹ ਸਾਹਮਣਾ ਕਰਨ ਤੇ ਵੱਧ ਤੋਂ ਵੱਧ ਉਹ ਆਪਣੇ ਆਲੇ ਦੁਆਲੇ ਨੂੰ ਜਾਣ ਸਕਣ। ਇੱਕ ਪਾਸੇ ਜਦੋਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਹਰ ਆਉਣ ਵਾਲੀ ਪੀੜ੍ਹੀ ਆਪਣੀ ਪਿਛਲੀ ਨਸਲ ਤੋਂ ਚੰਗੇਰੀ ਹੁੰਦੀ ਹੈ, ਦੂਜੇ ਪਾਸੇ ਅਸੀਂ ਉਹਨਾਂ ਲਈ ਇਕ ਅਜਿਹਾ ਵਾਤਾਵਰਨ ਤਿਆਰ ਕਰਨ ਵਿੱਚ ਲੱਗੇ ਰਹਿੰਦੇ ਹਾਂ ਜੋ ਪੂਰੀ ਤਰ੍ਹਾਂ ਬੰਦਸ਼ਾਂ ਤੇ ਰੋਕਾਂ ਉਪਰ ਅਧਾਰਤ ਹੈ, ਬੱਚੇ ਉਸ ਵਿੱਚੋਂ ਕੀ ਸਿਖਣਗੇ।

ਸੋ ਬੱਚਿਆਂ ਦੀ ਮਨ ਭਾਉਂਦੀ ਖੁਰਾਕ ਉਹ ਹੈ ਜੋ ਉਹ ਖਾਣਾ ਚਾਹੁੰਦੇ ਹਨ। ਆਲੇ ਦੁਆਲੇ ਚੋਂ ਆਪਣੇ ਆਪ ਲੱਭਣਾ, ਖੋਜਣਾ, ਤੇ ਫਿਰ ਉਸ ਨੂੰ ਆਪਣੀ ਜੱਦ ਵਿੱਚ ਲਿਆ ਕੇ ਉਸ ਨੂੰ ਮਹਿਸੂਸ ਕਰਨਾ ਚਾਹੁੰਦੇ ਹਨ ਤੇ ਉਸ ਬਾਰੇ ਆਪਣੇ ਫੈਸਲੇ ਲੈਂਦੇ ਹਨ। ਆਪਣੇ ਮਾਪ ਦੰਡ ਘੜਦੇ ਹਨ ਤੇ ਫਿਰ ਉਹਨਾਂ ਨੂੰ ਪਰਖਦੇ ਹਨ। ਬਾਲ ਸਾਹਿਤ ਵਿੱਚ ਕੀ ਹੋਣਾ ਚਾਹੀਦਾ ਹੈ ਇਸ ਦੀ ਇੱਕ ਉਦਾਰਹਣ ਇੱਕ ਅਜਿਹੀ ਕਹਾਣੀ ਤੋਂ ਦਿੱਤੀ ਜਾ ਸਕਦੀ ਹੈ ਜੋ ਬੱਚਿਆਂ ਨੇ ਮਿਲ ਕੇ ਬਣਾਈ ਨਹੀਂ ਸਗੋਂ ਘੜੀ।

ਸੂਰਜ ਨੂੰ ਚਮਕਦਿਆਂ ਦੇਖ ਕੇ ਬੱਚੇ ਜਦੋਂ ਰੁਖ ਦੀ ਛਾਂਵੇ ਬੈਠੇ ਤਾਂ ਉਹਨਾਂ ਨੇ ਰਲ ਕੇ ਇੱਕ ਕਹਾਣੀ ਬਣਾਈ। ਸੂਰਜ ਸੁਨਿਹਰੀ ਸੋਨੇ ਦਾ ਗੋਲਾ ਹੈ। ਤੇ ਇਹ ਸੋਨੇ ਦੀਆਂ ਕਿਰਨਾ ਛੱਡਦਾ ਹੈ। ਉਸ ਸੋਨੇ ਦੀਆਂ ਕਿਰਨਾਂ ਨੂੰ ਦੋ ਸੁਨਿਆਰੇ ਸੋਨੇ ਦੀਆਂ ਤਾਰਾਂ ਵਿੱਚ ਬਦਲ ਦੇਂਦੇ ਹਨ। ਇੱਕ ਦਿਨ ਉਹ ਸੂਰਜ ਸੌਂ ਗਿਆ ਪਰ ਸੁਨਿਆਰੇ ਆਪਣਾ ਕੰਮ ਕਰਦੇ ਰਹੇ। ਸੋਨਾ ਠੰਢਾ ਹੋ ਕੇ ਚਾਂਦੀ ਦੀਆਂ ਤਾਰਾਂ ਵਿੱਚ ਬਦਲ ਗਿਆ। ਸੁਨਿਆਰਿਆਂ ਨੇ ਜਿਵੇਂ ਹੀ ਚਾਂਦੀ ਦੀਆਂ ਠੰਢੀਆਂ ਹੋ ਰਹੀਆਂ ਤਾਰਾਂ ਉਪਰ ਹਥੋੜਾ ਮਾਰਿਆ ਤੇ ਉਹ ਤਾਰਾਂ ਨਿਕੱਕੇ ਟੁਕੜੇ ਚਾਂਦੀ ਦੇ ਟੋਟਿਆਂ ਵਿੱਚ ਖਿੰਡ ਗਈਆਂ। ਸੁਨਿਆਰੇ ਨੇ ਜਦੋਂ ਉਹਨਾਂ ਕਪੜਾ ਝਾੜਿਆਂ ਤਾਂ ਉਹ ਤਾਰੇ ਬਣ ਕੇ ਅਸਮਾਨ ਉਪਰ ਚਲੇ ਗਏ ਜੋ ਹਰ ਰੋਜ਼ ਸ਼ਾਮ ਨੂੰ ਨਜ਼ਰ ਆਉਂਦੇ ਹਨ। ਕਲਪਨਾ ਕਮਾਲ ਦੀ ਹੈ ਪਰ ਉਹ ਯਥਾਰਥ ਦੇ ਨੇੜੇ ਤੇੜੇ ਵੀ ਜਾਪਦੀ ਹੈ। ਬਾਲ ਸਹਿਤ ਵਿੱਚ ਸਿਖਣ ਸਿਖਾਉਣ ਵਾਲਾ ਕੁਝ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਸਿਖਣ ਤੇ ਸਿਖਾਉਣ ਦੀ ਗੱਲ ਕਰਦੇ ਹਾਂ ਤਾਂ ਬਾਲ ਸਾਹਿਤ ਸਿਖਿਆਦਾਇਕ ਸਾਹਿਤ ਬਣ ਜਾਂਦਾ ਹੈ। ਹਰ ਕਹਾਣੀ ਵਿੱਚ ਸਿਖਿਆ ਦਾ ਮੋਜੂਦ ਹੋਣਾ ਬਿਲਕੁਲ ਉਵੇਂ ਹੈ ਜਿਵੇਂ ਹਰ ਫਲ ਵਿੱਚ ਬੀਜ ਤੇ ਅਕਸਾਰ ਹਰ ਫਲ ਖਾਣ ਤੋਂ ਬਾਅਦ ਬੀਜ ਦਾ ਜੋ ਹਸ਼ਰ ਹੁੰਦਾ ਹੈ ਉਹੋ ਸਾਡੀਆਂ ਸਿਖਿਆਦਾਇਕ ਕਹਾਣੀਆਂ ਦੀਆਂ ਸਿਖਿਆਵਾਂ ਦਾ ਵੀ ਹੁੰਦਾ ਹੈ।

ਪੰਚ ਤੰਤਰ ਦੀਆਂ ਕਹਾਣੀਆਂ, ਇਸਪ ਦੀਆਂ ਕਹਾਣੀਆਂ ਤੇ ਹੋਰ ਬਾਲ ਕਥਾਵਾਂ ਜੋ ਦੁਨੀਆਂ ਵਿੱਚ ਜਨੌਰ ਕਥਾਵਾਂ ਦੇ ਤੌਰ ਤੇ ਪ੍ਰਸਿਧ ਹਨ, ਤੇ ਜਿਹਨਾਂ ਨੂੰ ਸਾਰੀਆਂ ਦੁਨੀਆਂ ਵਿੱਚ ਪੜ੍ਹਿਆ ਤੇ ਸਲਾਹਿਆ ਜਾਂਦਾ ਹੈ ਅਕਸਰ ਬਾਲ ਸਾਹਿਤ ਦਾ ਹਿੱਸਾ ਹੀ ਮੰਨੀਆਂ ਜਾਂਦੀਆਂ ਹਨ। ਇਹ ਠੀਕ ਹੈ ਕਿ ਜਾਨਵਰ ਬੱਚਿਆਂ ਨੂੰ ਚੰਗੇ ਲੱਗਦੇ ਹਨ। ਇਸਦਾ ਇੱਕ ਕਾਰਨ ਉਹਨਾਂ ਦਾ ਛੋਟਾ ਹੋਣਾ ਹੈ ਦੂਸਰਾ ਉਹਨਾਂ ਉਪਰ ਕਿਸੇ ਪਾਬੰਦੀ ਦਾ ਨਾ ਹੋਣਾ ਹੈ। ਪਰ ਇਹ ਜਾਨਵਰ ਕਥਾਵਾਂ ਬਾਲਗ਼ਾ ਲਈ ਵੀ ਓਨੀ ਹੀ ਰੁਚੀ ਦਾ ਕਾਰਨ ਹਨ ਜਿਹਨਾ ਕਿ ਬਾਲਾਂ ਲਈ। ਜੇ ਪੰਚ ਤੰਤਰ ਦੀਆਂ ਕਹਾਣੀਆਂ ਦਾ ਆਰੰਭ ਦੇਖੋ ਤਾਂ ਇਹ ਇੱਕ ਵਚਿਤਰ ਸਮਸਿਆ ਨਾਲ ਸ਼ੁਰੂ ਹੁੰਦਾ ਹੈ। ਇੱਕ ਰਾਜੇ ਦੇ ਜਵਾਨ ਜਹਾਨ ਬੱਚੇ ਜਿਹਨਾਂ ਦੀ ਉਮਰ 15 ਤੋਂ 20 ਸਾਲ ਹੋ ਸਕਦੀ ਹੈ ਉਹ ਪੂਰੀ ਤਰ੍ਹਾਂ ਗਿਆਨਹੀਣ, ਵਿਚਾਰ ਹੀਣ, ਬੁੱਧ ਹੀਣ ਤੇ ਵਿਵੇਕ ਹੀਣ ਹਨ ਜਿਹਨਾਂ ਦੀ ਸਿਖਿਆ ਦੀ ਜਿੰਮੇਵਾਰੀ ਬਾਅਦ ਵਿੱਚ ਪੰਡਿਤ ਵਿਸ਼ਨੂੰ ਦੱਤ ਸ਼ਰਮਾ ਲੈਂਦੇ ਹਨ ਤੇ ਕਹਾਣੀਆਂ ਰਾਹੀਂ ਜੀਵਨ ਦੇ ਸੱਚ ਤੇ ਨੀਤੀਆਂ ਸਮਝਾਉਂਦੇ ਹਨ। ਪਿਆਸਾ ਕਾਂ, ਚਲਾਕ ਲੂੰਬੜੀ, ਮੂਰਖ ਆਜੜੀ ਤੇ ਅਜਿਹੀਆਂ ਹੋਰ ਕਿੰਨੀਆਂ ਹੀ ਕਹਾਣੀਆਂ ਉਹ ਘੜਦੇ ਹਨ, ਪਰ ਇਹ ਕਹਾਣੀਆਂ ਕਿਸੇ ਕੇਸ ਸਟਡੀ ਵਾਂਗ ਹੋਰ ਬਹੁਤ ਸਾਰੀਆਂ ਗੱਲਾਂ ਉਘਾੜਦੀਆਂ ਹਨ ਪਰ ਜਿੱਥੋਂ ਤੱਕ ਇਸ ਦਾ ਬਾਲ ਸਾਹਿਤ ਨਾਲ ਸਬੰਧ ਹੈ ਇਹ ਕਿਵੇਂ ਵੀ ਇਸ ਸ਼੍ਰੇਣੀ ਦੇ ਮਾਪ ਦੰਡਾਂ ਉਪਰ ਖਰੀਆਂ ਨਹੀਂ ਉਤਰਦੀਆਂ।

ਇੱਕ ਦੂਜੀ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਕਵਿਤਾਵਾਂ ਵੀ ਪ੍ਰਚਲਤ ਹਨ ਜੋ ਕਈ ਤਰ੍ਹਾਂ ਦੀਆਂ ਸਾਹਸੀ ਯਾਤਰਾਂਵਾਂ ਦੇ ਵਿਸਤਰਤ ਵਿਵਰਨ ਨਾਲ ਭਰੀਆਂ ਪਈਆਂ ਹਨ, ਜਿਹਨਾਂ ਵਿੱਚ ਅਣਜਾਣੀਆਂ ਥਾਂਵਾਂ ਦੀ ਯਾਤਰਾ, ਵੱਖਰੀ ਤਰ੍ਹਾਂ ਦੇ ਜਾਨਵਰਾਂ ਤੇ ਵਿਅਕਤੀਆਂ ਨਾਲ ਸਾਹਮਣਾ ਤੇ ਉਹਨਾਂ ਦੇ ਹਮਲਿਆਂ ਤੋਂ ਬਚਣ ਦੇ ਭਰਪੂਰ ਵਰਣਨ ਦੇ ਰੂਪ ਵਿੱਚ ਮਿਲਦੀਆਂ ਹਨ, ਕੁਝ ਲੋਕਾਂ ਦਾ ਖਿਆਲ ਹੈ ਕਿ ਉਹ ਵੀ ਬੱਚਿਆਂ ਦਾ ਧਿਆਨ ਆਪਣੇ ਵੱਲ ਖਿਚਦੀਆਂ ਹਨ। ਇਹਨਾਂ ਵਿੱਚ ਅਲਿਫ ਲੈਲਾ ਦੀਆਂ ਕਹਾਣੀਆਂ. ਅਰਬੀ ਕਹਾਣੀਆਂ, ਫਾਰਸੀ ਚੋਂ ਸਿੰਧਬਾਦ ਜਹਾਜ਼ਰਾਨ ਦੀਆਂ ਕਹਾਣੀਆਂ ਬਹੁਤ ਪ੍ਰਸਿਧ ਹਨ। ਬੱਚਿਆਂ ਨੂੰ ਓਪਰੀਆਂ ਥਾਂਵਾਂ ਉਪਰ ਜਾਣਾ, ਉਹਨਾਂ ਨੂੰ ਲੱਭਣਾ, ਖੋਜਣਾ ਨਿਰਸੰਦੇਹ ਬਹੁਤ ਚੰਗਾ ਲਗਦਾ ਹੈ। ਇਹ ਉਹਨਾਂ ਦਾ ਮਨ ਭਾਉਂਦਾ ਵਿਸ਼ਾ ਹੈ ਪਰ ਇਹ ਸੱਭ ਇੱਕ ਵਿਸ਼ੇਸ਼ ਉਮਰ ਵਿੱਚ ਪਹੁੰਚ ਕੇ ਹੀ ਚੰਗਾ ਲੱਗਦਾ ਹੈ। ਇਹ ਰੁਚੀ ਚੰਗੀ ਰੁਚੀ ਹੈ। ਬਹਾਦਰੀ ਤੇ ਸਾਹਸ ਪੈਦਾ ਕਰਦੀ ਹੈ ਤੇ ਅਜਿਹੇ ਬੱਚੇ ਮਗ਼ਰਲੀ ਉਮਰ ਵਿੱਚ ਵੱਡੇ ਹੋ ਕੇ ਚੰਗੇ ਢੁੰਢਾਊ ਬਣਦੇ ਹਨ।

ਇਹ ਬੜਾ ਪੇਚੀਦਾ ਸਵਾਲ ਹੈ। ਜਿਵੇਂ ਕਿਸੇ ਗੂੰਗੇ ਕੋਲੋਂ ਕੋਈ ਅੰਨਾ ਵਿਅਕਤੀ ਮਠਿਆਈਆਂ ਦੇ ਨਾਂ ਪੁੱਛੇ। ਅਸਲ ਵਿੱਚ ਬਾਲ ਸਾਹਿਤ ਬਾਤ ਸਾਹਿਤ ਹੋਣਾ ਚਾਹੀਦਾ ਹੈ ਤੇ ਕੁਦਰਤ ਦੇ ਅਥਾਹ ਤੇ ਬੇਸ਼ੁਮਾਰ ਵਰਤਾਰਿਆਂ ਦੀ ਜਾਣਕਾਰੀ ਨਾਲ ਭਰਪੂਰ ਹੋਣਾ ਚਾਹੀਦਾ ਹੈ। ਇੱਕ ਕਹਾਣੀ ਹੈ। ਹਵਾ ਤੇ ਬੱਦਲ ਦੀ; ਬੱਦਲ ਅਸਮਾਨ ਵਿੱਚ ਤੈਰਦੇ ਸੱਭ ਨੂੰ ਸੋਹਣੇ ਲਗੱਦੇ ਹਨ। ਨੀਲੇ ਅਸਮਾਨ ਵਿੱਚ ਉਹ ਕਈ ਤਰ੍ਹਾਂ ਦੀਆਂ ਸ਼ਕਲਾਂ ਤੇ ਰੂਪ ਵਟਾਉਂਦੇ ਹਨ। ਕਦੇ ਕੋਈ ਬੱਦਲ ਵਿਸ਼ਾਲ ਹਾਥੀ ਦਾ ਰੂਪ ਲੈ ਲੈਂਦਾ ਹੈ ਤੇ ਕਦੇ ਕਿਸੇ ਖਰਗੋਸ਼ ਦਾ। ਬੱਚਾ ਹਰ ਤਬਦੀਲੀ ਪ੍ਰਤੀ ਆਪਣੀ ਪ੍ਰਤੀ ਕ੍ਰਿਆ ਦਿੰਦਾ ਹੈ। ਇਸ ਉਸ ਦਾ ਕੁਦਰਤੀ ਤਰੀਕਾ ਹੈ ਆਪਣੇ ਆਲੇ ਦੁਆਲੇ ਨੂੰ ਸਮਝਣ ਦਾ ਤੇ ਉਸ ਵਿੱਚ ਆਪਣੇ ਆਪ ਨੂੰ ਸਥਾਪਤ ਕਰਕੇ ਦੇਖਣ ਦਾ। ਜਿਵੇਂ ਜਿਵੇਂ ਉਸ ਦੀਆਂ ਗਿਆਨ ਦੀ ਸੀਮਾ ਵੱਧਦੀ ਜਾਂਦੀ ਹੈ, ਉਸ ਦੀਆਂ ਕਹਾਣੀਆਂ ਦਾ ਮਿੱਥ ਵੀ ਬਦਲਦਾ ਜਾਂਦਾ ਹੈ। ਬੱਦਲ ਹਵਾ ਵਿੱਚ ਵਿੱਚ ਤੈਰਦਾ ਹੈ। ਹਵਾ ਉਸ ਦੇ ਨਾਲ ਨਾਲ ਰਹਿੰਦੀ ਹੈ ਬਿਲਕੁਲ ਮਾਂ ਵਾਂਗ। ਹਵਾ ਤੇ ਬੱਦਲ ਦਾ ਆਪ ਵਿਚਲਾ ਰਿਸ਼ਤਾ ਮਾਂ ਪੁਤਰ ਦਾ ਰਿਸ਼ਤਾ ਹੈ। ਮਾਂ ਬੱਦਲ ਨੂੰ ਦੂਰ ਜਾਣੋਂ ਰੋਕਦੀ ਹੈ। ਪਰ ਬੱਦਲ ਆਜ਼ਾਦ ਘੁੰਮਣਾ ਚਾਹੁੰਦਾ ਹੈ। ਉਹ ਦੂਰ ਦੇਸ਼ ਦੀ ਸੈਰ ਕਰਨਾ ਚਾਹੁੰਦਾ ਹੈ। ਹਵਾ ਦੀਆਂ ਦੋ ਭੈਣਾਂ, ਹਨੇਰੀ ਤੇ ਤੂਫਾਨ, ਜਿਹਨਾਂ ਨੂੰ ਹਵਾ ਇਕ ਗੁਫਾ ਵਿੱਚ ਬੰਦ ਕਰਕੇ ਰਖਦੀ ਹੈ। ਇੱਕ ਦਿਨ ਦੋਵੇਂ ਆਜ਼ਾਦ ਹੋ ਜਾਂਦੀਆਂ ਹਨ। ਬੱਦਲ ਉਹਨਾਂ ਨੂੰ ਮਿਲਦਾ ਹੈ ਤੇ ਉਹ ਬੱਦਲ ਨੂੰ ਵਰਗਲਾ ਕੇ ਆਪਣੇ ਨਾਲ ਲੈ ਜਾਂਦੀਆਂ ਹਨ। ਤਿੰਨੇ ਜਣੇ ਇੱਕ ਦੂਜੇ ਦਾ ਹੱਥ ਫੜ ਕੇ ਘੁੰਮਦੇ ਹਨ, ਤੇਜ਼, ਤੇਜ਼, ਤੇ ਬੱਦਲ ਵਾਵਰੋਲੇ ਦਾ ਹਿੱਸਾ ਬਣ ਜਾਂਦਾ ਹੈ ਤੇ ਉਹ ਹੋਰ ਉਪਰ ਚਲਾ ਜਾਂਦਾ ਹੈ। ਬੱਦਲ ਨੂੰ ਠੰਢ ਲਗਦੀ ਹੈ ਉਹ ਠੰਢ ਨਾਲ ਜੰਮ ਜਾਂਦਾ ਹੈ। ਤੇ ਫਿਰ ਉਹ ਤੇਜ਼ੀ ਨਾਲ ਹੇਠਾਂ ਡਿੱਗਦਾ ਹੈ। ਹੇਠਾਂ ਆਉਂਦਿਆਂ ਉਹ ਮੀਂਹ ਦੀਆਂ ਬੂੰਦਾਂ ਵਿੱਚ ਵੱਟ ਜਾਂਦਾ ਹੈ। ਮੀਂਹ ਪਹਾੜਾਂ ਉਪਰ ਵੱਸਦਾ ਹੈ ਪਹਾੜਾਂ ਉਪਰੋਂ ਪਾਣੀ ਦਰਿਆਵਾਂ ਵਿੱਚ ਰਲਦਾ ਸਮੁੰਦਰ ਵਿੱਚ ਜਾ ਡਿੱਗਦਾ ਹੈ। ਹਵਾ ਵਿਚਾਰੀ ਆਪਣੇ ਬੱਦਲ ਨੂੰ ਲੱਭਦੀ ਫਿਰਦੀ ਹੈ। ਉਹ ਰੋਜ਼ ਸਮੁੰਦਰ ਚੋਂ ਪਾਣੀ ਉਡਾ ਕੇ ਬੱਦਲ ਬਣਾਉਂਦੀ ਹੈ ਪਰ ਉਸ ਨੂੰ ਆਪਣਾ ਪੁਤਰ ਨਹੀਂ ਲਭ ਰਿਹਾ।

ਕਹਾਣੀ ਵਿੱਚ ਸਿਰਜਿਆ ਗਿਆ ਮਿੱਥ ਆਪਣੇ ਆਪ ਵਿੱਚ ਪੂਰਾ ਹੈ। ਵਿਗਿਆਨਕ ਹੈ ਤੇ ਸੱਚ ਦੇ ਨੇੜੇ ਹੈ। ਬੱਚੇ ਵੀ ਆਪਣਾ ਮਿੱਥ ਸਿਰਜਦੇ ਹਨ ਪਰ ਇਹ ਜ਼ਿਆਦਾ ਦੂਰ ਤੱਕ ਨਿਭਦਾ ਨਹੀਂ। ਯਥਾਰਥ ਦੇ ਨੇੜੇ ਜਾਂਦਿਆਂ ਹੀ ਟੁੱਟ ਜਾਂਦਾ ਹੈ। ਪਰ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਮਿੱਥ ਸਿਰਜਣ ਦੀ ਪ੍ਰੀਕ੍ਰਿਆ ਵਿੱਚ ਕਈ ਦੋਸ਼ ਹੈ। ਅਸਲ ਵਿੱਚ ਇਹ ਮਿੱਥ ਹੀ ਬੱਚੇ ਦੇ ਬਚਪਨ ਦਾ ਅਸਲੀ ਖ਼ਜ਼ਾਨਾ ਹੁੰਦਾ ਹੈ ਜੋ ਉਹ ਆਪ ਘੜਦਾ ਹੈ, ਜਿਸ ਦੀ ਮਦਦ ਨਾਲ ਉਹ ਆਪਣੇ ਆਲੇ ਦੁਆਲੇ ਨੂੰ ਸਮਝਣਾ ਚਾਹੁੰਦਾ ਹੈ। ਇਸ ਮਿੱਥ ਦਾ ਉਸਾਰੂ ਪੱਖ ਇਹ ਹੈ ਕਿ ਇਸ ਵਿੱਚੋਂ ਅਸਲੀਅਤ ਦਾ ਚੇਹਰਾ ਮੁਹਰਾ ਝਲਕਦਾ ਹੈ। ਤੁਸੀਂ ਕਿਸੇ ਬੱਚੇ ਦੇ ਕੋਲ ਬੈਠੋ ਤੇ ਉਸ ਨੂੰ ਆਪਣੀਆਂ ਚਿਜ਼ਾਂ ਨਾਲ ਖੇਡਦਿਆਂ ਦੇਖੋ। ਬੱਚੇ ਨੇ ਆਪਣੀ ਪੂਰੀ ਦੁਨਿਆ ਵਸਾ ਰੱਖੀ ਹੁੰਦੀ ਹੈ। ਉਸ ਵਿੱਚ ਉਸ ਦੀ ਆਪਣੀ ਕਲਪਨਾ ਹੈ। ਸਕੂਲ ਜਾਣ ਵਾਲੇ ਬੱਚਿਆਂ ਨੂੰ ਮੈਂ ਬਸਤਿਆਂ ਦੀ ਕਤਾਰ ਬਣਾ ਕੇ ਜਮਾਤ ਸਜਾ ਕੇ ਅਧਿਆਪਕ ਦਾ ਅਨੁਕਰਨ ਕਰਦਿਆਂ ਦੇਖਿਆ ਹੈ। ਉਸ ਦੇ ਖਿਡੌਣੇ ਬੇਜਾਨ ਨਹੀਂ ਹੁੰਦੇ, ਉਸ ਦੀਆਂ ਗੁਡੀਆਂ ਪਟੋਲੇ ਆਪਣੀ ਇੱਕ ਕਹਾਣੀ ਲੈ ਕੇ ਵਿਚਰਦੇ ਹਨ। ਹਰ ਬੱਚੇ ਦੇ ਖਿਡੌਣਿਆਂ ਦੀ ਕਹਾਣੀ ਦੂਜੇ ਬੱਚੇ ਦੇ ਖਿਡੌਣਿਆਂ ਦੀ ਕਹਾਣੀ ਤੋਂ ਵੱਖਰੀ ਹੁੰਦੀ ਹੈ।

ਬੱਚਿਆਂ ਨੂੰ ਉਹ ਸਾਹਿਤ ਜ਼ਰੂਰ ਚੰਗਾ ਲੱਗਦਾ ਹੈ, ਜਿਸ ਵਿੱਚ ਬੇਜਾਨ ਚੀਜ਼ਾਂ ਬੋਲਦੀਆਂ ਹਨ। ਉਹਨਾਂ ਨੂੰ ਜ਼ਰੁਰ ਚੰਗਾ ਲੱਗਦਾ ਹੋਵੇਗਾ ਜਦੋਂ ਉਹ ਵੱਡੇ ਲੋਕ (ਬਾਲਗ਼) ਉਹਨਾਂ ਵਾਂਗ ਵਰਤਾਉ ਕਰਦੇ ਹਨ। ਪਰ ਬੱਚਿਆਂ ਦੀ ਦੁਨੀਆ ਵਿੱਚ ਨਿਗ਼ਮ ਨਾਂ ਚੀਜ਼ ਨਹੀਂ ਹੁੰਦੀ। ਉਹ ਇਕ ਸੋਟੀ ਦੀ ਟੇਕ ਨਾਲ ਕਦੇ ਬੁੱਢਾ ਬਾਬਾ ਬਣ ਜਾਂਦਾ ਹੈ ਕਦੇ ਉਹ ਉਸ ਨੂੰ ਆਪਣੀਆਂ ਦੋਵੇਂ ਲੱਤਾਂ ਵਿੱਚ ਫਸਾ ਕੇ ਘੋੜਾ ਬਣਾ ਲੈਂਦਾ ਹੈ, ਕਦੇ ਉਹ ਉਸ ਨੂੰ ਤਲਵਾਰ ਬਣਾ ਲੈਂਦਾ ਹੈ ਤੇ ਕਦੇ ਨੇਜ਼ਾ, ਕਦੇ ਉਸ ਨਾਲ ਉਹ ਅਸਮਾਨ ਵਿੱਚ ਬਦਲ ਘੁੰਮਾਉਣ ਲੱਗਦਾ ਹੈ। ਕਦੇ ਉਹ ਸੋਟੀ ਜ਼ਮੀਨ ਉਪਰ ਹੱਦ ਬੰਦੀ ਦੇ ਕੰਮ ਆਉਂਦੀ ਹੈ। ਸੋਟੀ ਤੇ ਬੱਚੇ ਵਿਚਾਲੇ ਕੋਈ ਨੇਮ ਨਹੀਂ ਹੁੰਦਾ ਤੇ ਇੱਕ ਸੋਟੀ ਨਾਲ ਹੀ ਉਹ ਬਹੁਤ ਅਮੀਰ ਵਿਅਕਤੀ ਹੁੰਦਾ ਹੈ

ਬਾਲ ਸਾਹਿਤ ਵਿੱਚ ਪ੍ਰਚਾਰ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਇਸ ਨੂੰ ਕਿਸੇ ਪ੍ਰਚਾਰ ਲਈ ਵਰਤਣਾ ਚਾਹੀਦਾ ਹੈ। ਇਹ ਬਿਲਕੁਲ ਇਸਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਕਿਸੇ ਅੜੋਣੀ ਨੂੰ ਹੱਲ ਕਰਨ ਦੀ ਪ੍ਰੀਕ੍ਰਿਆ। ਉਸ ਦੇ ਕਈ ਰਸਤੇ ਹੋਣੇ ਚਾਹੀਦੇ ਹਨ ਤੇ ਸਾਰਿਆਂ ਲਈ ਕੋਈ ਨਾ ਕੋਈ ਪਹੁੰਚ ਹੋਣੀ ਚਾਹੀਦੀ ਹੈ। ਹਰ ਪਹੁੰਚ ਪ੍ਰਵਾਨ ਹੋਣੀ ਚਾਹੀਦੀ ਹੈ। ਕੀ ਠੀਕ ਕੀ ਗ਼ਲਤ ਦਾ ਫੈਸਲਾ ਕਹਾਣੀ ਵਿੱਚ ਆਪਣੇ ਆਪ ਹੋਣਾ ਚਾਹੀਦਾ ਹੈ। ਬਾਲ ਸਾਹਿਤ ਨੂੰ ਸਮਾਜਕ ਕਦਰਾਂ ਕੀਮਤਾਂ ਨੂੰ ਸਿਰਜਣ ਦੀ ਬਜਾਏ ਬੱਚਿਆਂ ਅੰਦਰ ਸਾਰਥਕ ਤੇ ਸਿਰਜਨਾਤਮਕ ਰੁਚੀਆਂ  ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਅਹਿੰਸਾ, ਮਾਰ ਕੁਟਾਈ, ਗਾਲੀ ਗਲੋਚ ਬੱਚਿਆਂ ਦੇ ਮਨ ਭਾਉਂਦੇ ਵਿਸ਼ੇ ਹਨ। ਇਹ ਬਹੁਤਾ ਕਰਕੇ ਵੀ ਚੰਗੇ ਲੱਗਦੇ ਹਨ ਕਿਉਂ ਕਿ ਇਹ ਬੱਚਿਆਂ ਦੇ ਅੰਦਰ ਪਨਪ ਰਹੀ ਨਿਰਾਸ਼ਾ ਜਾਂ ਰੋਹ ਦੇ ਸਿੱਟੇ ਵੱਜੋਂ ਉਠਦੇ ਕੁਦਰਤੀ ਪ੍ਰਤੀਕਰਮ ਨਾਲ ਤਾਲਮੇਲ ਬਿਠਾਉਂਦੇ ਹਨ। ਜੋ ਉਹ ਆਪਣੀ ਅਮਲੀ ਜ਼ਿੰਦਗੀ ਵਿੱਚ ਨਹੀਂ ਕਰ ਸਕਦੇ ਉਹ ਆਪਣੇ ਸਾਹਮਣੇ ਕਿਸੇ ਕਹਾਣੀ ਵਿੱਚ ਹੁੰਦਾ ਦੇਖਦੇ ਹਨ ਤਾਂ ਉਹਨਾਂ ਅਮਦਰ ਇੱਕ ਸੁਖਦ ਅਹਿਸਾਸ ਦਾ ਸੰਚਾਰ ਹੁੰਦਾ ਹੈ। ਉਹ ਤਨਾਅ ਮੁਕਤ ਮਹਿਸੂਸ ਕਰਦੇ ਹਨ। ਤੇ ਇਸ ਨੂੰ ਬਾਰ ਬਰ ਦੁਹਰਾਉਣਾ ਵੀ ਚਾਹੁੰਦੇ ਹਨ। 

ਸਾਹਿਤ ਉਪਰ ਇੱਕ ਭਾਂਜ ਵਾਦੀ ਰੁਚੀ ਪੈਦਾ ਕਰਨ ਦਾ ਇਲਜ਼ਾਮ ਲੱਗਦਾ ਹੈ। ਕਿਤਾਬਾਂ ਜਿੱਥੇ ਰੋਚਕਤਾ ਪੈਦਾ ਕਰਦੀਆਂ ਹਨ ਤੇ ਮਨ-ਪ੍ਰਚਾਵੇ ਦਾ ਵੱਡਾ ਸਾਧਨ ਸਮਝੀਆਂ ਜਾਂਦੀਆਂ ਹਨ ਉੱਥੇ ਜ਼ਿੰਦਗੀ ਦੇ ਮਸਲਿਆਂ ਤੋਂ ਹਾਰੇ ਹੋਏ ਤੇ ਭੱਜੇ ਹੋਏ ਲੋਕਾਂ ਲਈ ਸਮਾਂ ਬਤੀਤ ਕਰਨ ਵਿੱਚ ਸਹਾਈ ਹੁੰਦੀਆਂ ਹਨ। ਇਹ ਕਿਤਾਬਾਂ ਦਾ ਨੈਗੇਟਿਵ ਪਹਿਲੂ ਹੈ। ਅਸਲ ਵਿੱਚ ਜ਼ਿੰਦਗੀ ਦੇ ਮਸਲਿਆਂ ਨਾਲ ਜੂਝਦੇ ਹੋਏ ਲੋਕ ਜੇ ਮਸਲਿਆਂ ਦੇ ਹੱਲ ਲੱਭਣ ਲਈ ਤਤਪਰ ਰਹਿਣ ਤਾਂ ਉਹ ਸਫ਼ਲ ਸਮਝੇ ਜਾਂਦੇ ਹਨ ਪਰ ਜੇ ਉਹ ਮਸਲਿਆਂ ਦਾ ਹਲ ਲਭਣ ਦੀ ਬਜਾਏ ਨਾਲ ਜੂਝਦੇ ਨਜ਼ਰ ਆਉਣ ਤਾਂ ਉਹ ਬਚਿਆਂ ਦੇ ਮਨ ਉਪਰ ਵਧੇਰੇ ਚੰਗਾ ਅਸਰ ਛੱਡ ਸਕਦੇ ਹਨ।

ਬਾਲ ਸਾਹਿਤ ਦੀਆਂ ਪੁਸਤਕਾਂ ਆਮ ਸਾਹਿਤ ਨਾਲੋਂ ਚੰਗੀਆਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਦੀ ਦਿਖ ਤੇ ਬਣਤਰ ਦੇ ਰੂਪਕ ਪੱਖ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਇਸ ਵਿੱਚ ਦੋ ਵਿਧੀਆਂ ਦੀ ਵਰਤੋਂ ਹੋ ਸਕਦੀ ਹੈ। ਪਹਿਲੀ ਵਿਧੀ ਵਿੱਚ ਕਹਾਣੀ ਇਸ ਤਰ੍ਹਾਂ ਪੇਸ਼ ਕੀਤੀ ਜਾਵੇ ਕਿ ਬੱਚਿਆਂ ਨੂੰ ਉਸ ਚੋਂ ਆਨੰਦ ਤੇ ਮਜ਼ੇ ਦੇ ਨਾਲ ਨਾਲ ਕੁਝ ਨਾ ਕੁਝ ਸਿਖਣ ਲਈ ਵੀ ਮਿਲੇ। ਮਸਲਨ ਸਮੁੰਦਰ ਤੇ ਪਹਾੜ ਦੇ ਖੇਤਰ ਦਾ ਚਿਤਰਨ ਬੱਚਿਆਂ ਲਈ ਹਮੇਸ਼ਾ ਦਿਲਚਸਪੀ ਦਾ ਕਾਰਨ ਰਿਹਾ ਹੈ। ਪਹਾੜਾਂ ਉਪਰ ਰਹਿਣ ਵਾਲੇ ਬਚਿਆਂ ਨੂੰ ਸਮੁੰਦਰ ਤੇ ਮੱਛੀਆਂ ਬਾਰੇ ਜਾਣਨਾ ਚੰਗਾ ਲਗੇਗਾ ਕਿਉਂ ਜੁ ਇਸ ਚੀਜ਼ ਦਾ ਉਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਘਾਟ ਰਹੀ ਹੈ। ਦੂਸਰਾ ਸਮੁੰਦਰ ਦੇ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੇ ਕਦੇ ਪਹਾੜ ਤੇ ਦਰਿਆ ਨਹੀਂ ਦੇਖੇ ਹੁੰਦੇ ਸੋ ਉਹ ਇਹਨਾਂ ਬਾਰੇ ਜਾਣਨਾ ਚਾਹੁੰਦੇ ਹਨ। ਦੂਸਰੀ ਵਿਧੀ ਕੁਝ ਅਜਿਹੇ ਤਰੀਕੇ ਨਾਲ ਕਹਾਣੀ ਪੇਸ਼ ਕਰਨ ਦੀ ਵਿਧੀ ਹੈ ਜਿਸ ਵਿੱਚ ਕੁਝ ਫੈਸਲੇ ਕਰਨ ਦਾ ਹੱਕ ਬਚਿਆਂ ਕੋਲ ਰਹਿਣਾ ਚਾਹੀਦਾ ਹੈ। ਅੱਗੇ ਕੀ ਹੋਵੇਗਾ ਇਹ ਫੈਸਲਾ ਕਰਨ ਦਾ ਹੱਕ ਬਚਿਆਂ ਨੂੰ ਦੇਣਾ ਚਾਹੀਦਾ ਹੈ।

ਭਾਸਾ ਚਾਹੇ ਕੋਈ ਵੀ ਹੋਵੇ ਬੱਚਿਆਂ ਬਾਰੇ ਲਿਖਣ ਵਿੱਚ ਬਹੁਤ ਤਰਤੀਬ ਨਾਲ ਸੁਧਾਈ ਤੇ ਸਿਧਾਈ ਦੀ ਲੋੜ ਹੈ। ਚੰਗਾ ਹੋਵੇ ਜੇ ਲੇਖਕ ਮਿਲ ਬੈਠ ਕੇ ਕੋਈ ਸਾਂਝਾ ਉਦਮ ਸ਼ੁਰੂ ਕਰਨ।



Tuesday, May 31, 2011

ਮੇਰੇ ਆਪਣੇ ਦੇਸ਼ ਦੇ ਨਾਂ


ਗੁਰਦੀਪ ਸਿੰਘ

(ਇਹ ਦੇਸ਼ ਜੇਹੋ ਜਿਹਾ ਵੀ ਹੈ ਸਾਡਾ ਹੈ। ਅਸੀਂ ਇਸ ਦੇ ਹਰ ਦੁਖ ਸੁੱਖ ਦੇ ਸਾਂਝੀਦਾਰ ਵੀ ਹਾਂ ਤੇ ਇਸ ਦੀ ਹਰ ਮੁਸ਼ਕਲ ਵਿੱਚ ਪਹਿਰੇਦਾਰ ਵੀ ਹਾਂ। ਇਸ ਨਾਲ ਸਾਡਾ ਜੀਣ-ਮਰਨ ਜੁੜਿਆ ਹੋਇਆ ਹੈ। ਜੇ ਇਹ ਸਾਥੋਂ ਵੱਖ ਨਹੀਂ ਤਾਂ ਅਸੀਂ ਵੀ ਇਸ ਤੋਂ ਵੱਖ ਨਹੀਂ। ਸਾਨੂੰ ਆਪਣੇ ਦੇਸ਼ ਵਾਸੀ ਹੋਣ ਦਾ ਮਾਣ ਹੈ। ਇਹ ਕਵਿਤਾ ਉਹਨਾਂ ਸੱਭ ਦੇ ਨਾਂ ਜੋ ਇਸ ਦੇਸ਼ ਨੂੰ ਆਪਣਾ ਨਹੀਂ ਕਹਿਣਾ ਚਾਹੁੰਦੇ। ਜਿਹਨਾਂ ਨੂੰ ਭਾਰਤੀ ਹੋਣ ਦਾ ਕੋਈ ਫਖਰ ਨਹੀਂ ਹੈ।)

ਕੁਝ ਵੀ ਕਹੀਂ ਨਾ ਓਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ
ਆਵੇਗਾ ਜੇ ਕਦੀ ਉਹ
ਕੁਝ ਨਾ ਕਹੀ ਨਾ ਉਸ ਨੂੰ।

ਸਾਂਝੀ ਨਹੀਂ ਹੈ ਧਰਤੀ
ਸਾਂਝੇ ਨਾ ਪੌਣ ਪਾਣੀ
ਸਾਂਝੀ ਨਾ ਪੀੜ ਆਪਣੀ
ਸਾਂਝੀ ਨਾ ਓਹ ਕਹਾਣੀ
ਸਾਂਝੀ ਰਹੀ ਨਾ ਬੋਲੀ
ਸਾਂਝਾ ਨਾ ਦੇਸ਼ ਜਾਣੀ
ਜੇ ਕੋਲ ਬਹਿ ਕੇ ਪੁਛੇ
ਸ਼ਿਕਵੇਂ ਗਿਲੇ ਸ਼ਿਕਾਇਤਾਂ
ਕੁਝ ਵੀ ਕਹੀ ਨਾ ਉਸ ਨੂੰ
ਸ਼ਿਕਵਾ ਕਰੀ ਨਾ ਉਸ ਨੂੰ।

ਵੱਖਰੀ ਤਰਹਾਂ ਪਰਿੰਦੇ
ਵੱਖਰੀ ਤਰ੍ਹਾਂ ਉਡਾਰੀ
ਪਰਵਾਸ ਦੇ ਦਿਨਾਂ ਵਿੱਚ
ਧਰਵਾਸ ਦੇ ਪਲਾਂ ਵਿਚ
ਉੱਡੇ ਘਰੀ ਨਾ ਪਰਤੇ
ਗੁਜ਼ਰੇ ਨਾ ਇਸ ਗਲੀ ਉਹ
ਐਵੇਂ ਨਾ ਕੇਰ ਹੰਝੂ
ਮੋਹ ਦੇ ਨਾ ਬਾਲ ਦੀਵੇ
ਸਰਦਲ ਤੇ ਨਾ ਧਰੀ ਤੂੰ
ਬਹਿ ਕੇ ਝੁਰੀ ਨਾ ਉਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ।

ਆਉਂਦੇ ਨੇ ਆਣ ਦੇਵੀਂ
ਬਹਿੰਦੇ ਨੇ ਬਹਿਣ ਦੇਵੀਂ
ਫੁਦਕਣਗੇ ਜੇ ਕਦੀ ਉਹ
ਉਹਨਾਂ ਨੂੰ ਰਹਿਣ ਦੇਵੀਂ
ਆਖਣਗੇ ਜੇ ਕਦੀ ਉਹ
ਸੱਭ ਕੁਝ ਨੂੰ ਕਹਿਣ ਦੇਵੀਂ
ਜੋ ਉਡ ਗਏ ਘਰਾਂ ਤੋਂ
ਆਪਣਾ ਕਹੀਂ ਨਾ ਉਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ

ਕਹਿੰਦੇ ਨੇ ਦੇਸ਼ ਵੱਖਰਾ
ਲਗਦੇ ਨੇ ਉਹ ਪਰਾਏ
ਬੋਲੀ ਤੇ ਵੇਸ ਵੱਖਰਾ
ਵੱਖਰਾ ਹੈ ਜੀਣਾ ਮਰਨਾ
ਵੱਖਰਾ ਝਨਾ ਚ
ਤਰਨਾ
ਵੱਖਰੀ ਹੈ ਲੋਚ ਉਸ ਦੀ
ਵਖਰੀ ਹੈ ਸੋਚ ਉਸ ਦੀ
ਵੱਖਰਾ ਜੋ ਚਾਹੁੰਦੇ ਤੁਰਨਾ
ਵੱਖਰਾ ਤੁਰੀਂ ਤੂੰ ਓਸ ਤੋਂ
ਹਮਰਾਹ ਕਹੀਂ ਨਾ ਉਸ ਨੂੰ।

ਤੁਰਨਾ ਹੈ ਤੁਰ ਲਵਾਂਗੇ
ਤਰਨਾ ਹੈ ਤਰ ਲਵਾਂਗੇ
ਇਹ ਪੌਣ ਪਾਣੀ ਸਾਡਾ
ਸਾਹਾਂ ਚ
ਭਰ ਲਵਾਂਗੇ
ਜੀਵਾਂਗੇ ਜੇ ਜੀਏਗਾ
ਮਰਿਆ ਤਾਂ ਮਰ ਲਵਾਂਗੇ
ਗਾਂਵਾਂਗੇ ਗੀਤ ਇਸ ਦੇ
ਬੁੱਕਲ ਚ
ਭਰ ਲਵਾਂਗੇ
ਜੇਹਾ ਵੀ ਹੈ ਇਹ ਸਾਡਾ
ਸਾਡਾ ਹੈ ਦੇਸ਼ ਪਿਆਰਾ
ਇਹ ਰਾਜ਼ ਜ਼ਿੰਦਗੀ ਦਾ
ਐਵੇਂ ਕਹੀ ਨਾ ਉਸ ਨੂੰ।
ਕੁਝ ਵੀ ਕਹੀ ਨਾ ਉਸ ਨੂੰ।




ਮੇਰੇ ਆਪਣੇ ਦੇਸ਼ ਦੇ ਨਾਂ


ਗੁਰਦੀਪ ਸਿੰਘ

(ਇਹ ਦੇਸ਼ ਜੇਹੋ ਜਿਹਾ ਵੀ ਹੈ ਸਾਡਾ ਹੈ। ਅਸੀਂ ਇਸ ਦੇ ਹਰ ਦੁਖ ਸੁੱਖ ਦੇ ਸਾਂਝੀਦਾਰ ਵੀ ਹਾਂ ਤੇ ਇਸ ਦੀ ਹਰ ਮੁਸ਼ਕਲ ਵਿੱਚ ਪਹਿਰੇਦਾਰ ਵੀ ਹਾਂ। ਇਸ ਨਾਲ ਸਾਡਾ ਜੀਣ-ਮਰਨ ਜੁੜਿਆ ਹੋਇਆ ਹੈ। ਜੇ ਇਹ ਸਾਥੋਂ ਵੱਖ ਨਹੀਂ ਤਾਂ ਅਸੀਂ ਵੀ ਇਸ ਤੋਂ ਵੱਖ ਨਹੀਂ। ਸਾਨੂੰ ਆਪਣੇ ਦੇਸ਼ ਵਾਸੀ ਹੋਣ ਦਾ ਮਾਣ ਹੈ। ਇਹ ਕਵਿਤਾ ਉਹਨਾਂ ਸੱਭ ਦੇ ਨਾਂ ਜੋ ਇਸ ਦੇਸ਼ ਨੂੰ ਆਪਣਾ ਨਹੀਂ ਕਹਿਣਾ ਚਾਹੁੰਦੇ। ਜਿਹਨਾਂ ਨੂੰ ਭਾਰਤੀ ਹੋਣ ਦਾ ਕੋਈ ਫਖਰ ਨਹੀਂ ਹੈ।)

ਕੁਝ ਵੀ ਕਹੀਂ ਨਾ ਓਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ
ਆਵੇਗਾ ਜੇ ਕਦੀ ਉਹ
ਕੁਝ ਨਾ ਕਹੀ ਨਾ ਉਸ ਨੂੰ।

ਸਾਂਝੀ ਨਹੀਂ ਹੈ ਧਰਤੀ
ਸਾਂਝੇ ਨਾ ਪੌਣ ਪਾਣੀ
ਸਾਂਝੀ ਨਾ ਪੀੜ ਆਪਣੀ
ਸਾਂਝੀ ਨਾ ਓਹ ਕਹਾਣੀ
ਸਾਂਝੀ ਰਹੀ ਨਾ ਬੋਲੀ
ਸਾਂਝਾ ਨਾ ਦੇਸ਼ ਜਾਣੀ
ਜੇ ਕੋਲ ਬਹਿ ਕੇ ਪੁਛੇ
ਸ਼ਿਕਵੇਂ ਗਿਲੇ ਸ਼ਿਕਾਇਤਾਂ
ਕੁਝ ਵੀ ਕਹੀ ਨਾ ਉਸ ਨੂੰ
ਸ਼ਿਕਵਾ ਕਰੀ ਨਾ ਉਸ ਨੂੰ।

ਵੱਖਰੀ ਤਰਹਾਂ ਪਰਿੰਦੇ
ਵੱਖਰੀ ਤਰ੍ਹਾਂ ਉਡਾਰੀ
ਪਰਵਾਸ ਦੇ ਦਿਨਾਂ ਵਿੱਚ
ਧਰਵਾਸ ਦੇ ਪਲਾਂ ਵਿਚ
ਉੱਡੇ ਘਰੀ ਨਾ ਪਰਤੇ
ਗੁਜ਼ਰੇ ਨਾ ਇਸ ਗਲੀ ਉਹ
ਐਵੇਂ ਨਾ ਕੇਰ ਹੰਝੂ
ਮੋਹ ਦੇ ਨਾ ਬਾਲ ਦੀਵੇ
ਸਰਦਲ ਤੇ ਨਾ ਧਰੀ ਤੂੰ
ਬਹਿ ਕੇ ਝੁਰੀ ਨਾ ਉਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ।

ਆਉਂਦੇ ਨੇ ਆਣ ਦੇਵੀਂ
ਬਹਿੰਦੇ ਨੇ ਬਹਿਣ ਦੇਵੀਂ
ਫੁਦਕਣਗੇ ਜੇ ਕਦੀ ਉਹ
ਉਹਨਾਂ ਨੂੰ ਰਹਿਣ ਦੇਵੀਂ
ਆਖਣਗੇ ਜੇ ਕਦੀ ਉਹ
ਸੱਭ ਕੁਝ ਨੂੰ ਕਹਿਣ ਦੇਵੀਂ
ਜੋ ਉਡ ਗਏ ਘਰਾਂ ਤੋਂ
ਆਪਣਾ ਕਹੀਂ ਨਾ ਉਸ ਨੂੰ
ਕੁਝ ਵੀ ਕਹੀਂ ਨਾ ਉਸ ਨੂੰ

ਕਹਿੰਦੇ ਨੇ ਦੇਸ਼ ਵੱਖਰਾ
ਲਗਦੇ ਨੇ ਉਹ ਪਰਾਏ
ਬੋਲੀ ਤੇ ਵੇਸ ਵੱਖਰਾ
ਵੱਖਰਾ ਹੈ ਜੀਣਾ ਮਰਨਾ
ਵੱਖਰਾ ਝਨਾ ਚ
ਤਰਨਾ
ਵੱਖਰੀ ਹੈ ਲੋਚ ਉਸ ਦੀ
ਵਖਰੀ ਹੈ ਸੋਚ ਉਸ ਦੀ
ਵੱਖਰਾ ਜੋ ਚਾਹੁੰਦੇ ਤੁਰਨਾ
ਵੱਖਰਾ ਤੁਰੀਂ ਤੂੰ ਓਸ ਤੋਂ
ਹਮਰਾਹ ਕਹੀਂ ਨਾ ਉਸ ਨੂੰ।

ਤੁਰਨਾ ਹੈ ਤੁਰ ਲਵਾਂਗੇ
ਤਰਨਾ ਹੈ ਤਰ ਲਵਾਂਗੇ
ਇਹ ਪੌਣ ਪਾਣੀ ਸਾਡਾ
ਸਾਹਾਂ ਚ
ਭਰ ਲਵਾਂਗੇ
ਜੀਵਾਂਗੇ ਜੇ ਜੀਏਗਾ
ਮਰਿਆ ਤਾਂ ਮਰ ਲਵਾਂਗੇ
ਗਾਂਵਾਂਗੇ ਗੀਤ ਇਸ ਦੇ
ਬੁੱਕਲ ਚ
ਭਰ ਲਵਾਂਗੇ
ਜੇਹਾ ਵੀ ਹੈ ਇਹ ਸਾਡਾ
ਸਾਡਾ ਹੈ ਦੇਸ਼ ਪਿਆਰਾ
ਇਹ ਰਾਜ਼ ਜ਼ਿੰਦਗੀ ਦਾ
ਐਵੇਂ ਕਹੀ ਨਾ ਉਸ ਨੂੰ।
ਕੁਝ ਵੀ ਕਹੀ ਨਾ ਉਸ ਨੂੰ।




Tuesday, February 22, 2011

ਗ਼ਜ਼ਲ

ਘਰ ਦੀਆਂ ਕੰਧਾਂ ਸੀ ਭਾਵੇਂ ਲੜਦੀਆਂ।
ਮੁਸ਼ਕਲਾਂ ਵਿੱਚ ਆ ਕੇ ਸਾਹਵੇਂ ਖੜਦੀਆਂ।
ਜਾਣ ਕੇ ਮੇਰੀ ਕਹਾਣੀ ਰੋਂਦੀਆਂ,
ਮੇਰੀ ਖਾਮੋਸ਼ੀ ਚੋਂ ਸੱਭ ਕੁਝ ਪੜ੍ਹਦੀਆਂ।
ਜੇ ਕਦੀ ਮੈਂ ਘਰ ਨਾ ਪਰਤਾਂ ਰਾਤ ਭਰ
ਇਹ ਮੇਰੇ ਰਾਹਵਾਂ ਚੋਂ ਪੈੜਾਂ ਫੜਦੀਆਂ।
ਹਸਦੀਆਂ ਤੇ ਰੋਂਦੀਆਂ ਮੇਰੇ ਲਈ
ਮੇਰੇ ਲਈ ਬਿਰਹਾ ਦੀ ਅੱਗ ਵਿੱਚ ਸੜਦੀਆਂ।


Monday, February 21, 2011

ਕੀ ਕਿਹਾ ਹੈ?

ਗੁਰਦੀਪ ਸਿੰਘ ਭਮਰਾ

ਕੀ ਕਿਹਾ?
ਸੂਰਜ ਫੜੋਗੇ?
ਤੇ ਭੋਰਾ ਭੋਰਾ ਓਸ ਦਾ
ਸਭ ਘਰਾਂ ਅੰਦਰ ਧਰੋਗੇ
ਤੇ ਹਨੇਰਾ ਰਹਿਣ ਨਹੀਂ ਦੇਣਾ
ਨਾ ਘਰਾਂ ਵਿਚ
ਨਾ ਮਨਾਂ ਵਿਚ
ਨਾ ਦਿਲਾਂ ਵਿਚ
ਨਾ ਤਨਾਂ ਵਿਚ
ਤੇ ਵਿਛਾ ਦੇਵੋਗੇ
ਦੂਰ ਤੱਕ ਚਾਨਣ ਕਰੋਗੇ
ਤੇ ਵਿਛਾ ਦੇਵੋਗੇ
ਇਸ ਦੀ ਚਾਦਰ
ਦੂਰ ਤੀਕਰ
ਧਰਤ ਉਪਰ
ਸੁਪਨਿਆਂ ਦੇ ਬੀਜ ਬੋਏ
ਬੂਰ ਤਾਂ ਅਉਂਦਾ ਹੈ
ਰੀਝਾਂ ਨੂੰ
ਮਗ਼ਰ
ਲਗਦੇ ਨੇ
ਉਸ ਨੂੰ ਸੁਪਨੇ ਮੋਏ ਹੋੇਏ
ਲਿਸ਼ਕਦੀ ਬਿਜਲੀ ਜੇ ਕਿਧਰੇ
ਹਰ ਫਸਲ ਤੇ
ਗੜ੍ਹਿਆਂ ਦੀ ਮਾਰ ਝੱਲਦੀ
ਹੌਕਿਆਂ ਨਾਲ ਸਾਹ ਰਲਾਉਂਦੀ
ਧ੍ਰੀਕਦੀ ਰਹਿੰਦੀ ਹੈ
ਜ਼ਿੰਦਗੀ
ਤਾਰ ਤਾਰ ਹੋ ਕੇ।
ਕੀ ਕਿਹਾ
ਸਾਰੇ ਤਾਰੇ
ਸਾਰਾ ਅੰਬਰ
ਵੰਡ ਦੇਵੇਗੋ
ਕਿਸਮਤਾਂ ਨੂੰ ਵੀ ਮਿਲੇਗਾ ਹੱਕ ਹੁਣ ਤਾਂ
ਕਿ ਤਾਰਿਆਂ ਦੀ ਥਾਂ
ਉਹ ਅੱਟਣਾ ਤੇ ਬਿਆਈਆਂ ਦੀ ਗੱਲ ਮੰਨਣ
ਹਵਾ ਭਰਪੂਰ ਵਗੇ
ਸਰਦ ਰਾਤਾਂ ਦੀ
ਉਹ ਠੰਢੀ ਚਾਨਣੀ
ਕੀ ਕਿਹਾ
ਇਹ ਮੇਰੇ ਨਾਂ ਕਰੋਗੇ
ਤੇ ਲਿਖ ਦੇਵੋਗੇ
ਮੇਰਾ ਨਾਂ ਵੀ
ਸ਼ਾਹੀ ਮਹਿਲ ਅੰਦਰ
ਕੀ ਕਿਹਾ ਹੈ?
ਹੁਣ ਹਵਾ ਬਦਲੀ ਹੈ
ਤੇ ਮੌਸਮ ਵੀ ਬਦਲ ਜਾਵਣਗੇ ਸਾਰੇ
ਤੇ ਕਥਾ ਇਤਹਾਸ ਦੀ ਵੀ।





ਕੌਣ ਹੈ?

ਗੁਰਦੀਪ ਸਿੰਘ ਭਮਰਾ

ਕੌਣ ਹੈ?
ਜੋ ਮੇਰੇ ਹਿਸੇ ਦੀ ਹਵਾ ਹੈ ਜੀ ਰਿਹਾ
ਤੇ ਪੀ ਰਿਹਾ ਹੈ
ਜਲ ਮੇਰੇ ਹਿਸੇ ਦਾ
ਤੇ ਮੈਨੂੰ ਘੋਲ ਕੇ ਹੈ ਦੇ ਰਿਹਾ
ਉਹ ਜ਼ਹਿਰ
ਤੇ ਫਿਰ ਆਖਦਾ ਹੈ
ਇਹ ਤੇਰੇ ਕਰਮਾਂ ਦੀ ਖੇਡ
ਕੌਣ ਹੈ?
ਕੌਣ ਹੈ ਜੋ ਰੰਗ ਗੋਰੇ ਚੋਂ
ਮਹਿਕ ਦੀ ਆਬ ਲੱਭਦਾ
ਕੌਣ ਹੈ
ਜਿਸ ਨੂੰ ਮੇਰੇ
ਰੰਗ ਕਾਲੇ ਚੋਂ
ਇਕ ਬੋਅ ਜਹੀ ਆਵੇ
ਜਦ ਕਦੇ ਚਾਹਵੇ
ਉਹ ਜਿੱਥੇ ਜੀ ਕਰੇ
ਕਾਲੇ ਰੰਗ ਦੀ ਤਸਵੀਰ ਵਿੱਚੋਂ
ਲੱਭਦਾ ਹੈ
ਤੇ
ਵਾਸ਼ਨਾਂ ਨੂੰ ਜੀ ਰਿਹਾ ਹੈ
ਕੌਣ ਹੈ ਜੋ
ਮੇਰੇ ਹਿਸੇ ਦੇ ਸਿਤਾਰੇ
ਟੁੰਗ ਕੇ ਵਾਲਾਂ ਦੇ ਅੰਦਰ
ਪਹਿਨ ਕੇ ਬੈਠਾ ਹੈ
ਬਾਦਸ਼ਾਹੀ ਤਾਜ ਆਪਣਾ
ਤੇ
ਧਰਤ ਸਾਰੀ
ਆਪਣੇ ਨਾਂ ਕਰ ਰਿਹਾ ਹੈ
ਕੌਣ ਹੈ
ਜੋ ਜੀ ਰਿਹਾ ਹੈ ਮੇਰੇ ਹਿਸੇ ਦਾ
ਮਰ ਰਿਹਾ ਮੈਂ ਜਿਸ ਦੇ ਹਿਸੇ ਦਾ
ਉਹ ਦੱਸੋ ਕੌਣ ਹੈ।

 

Saturday, February 19, 2011

ਮਾਂ ਦੀ ਮੌਤ / ਗੁਰਦੀਪ ਸਿੰਘ ਭਮਰਾ

ਕਹਿਣ ਨੂੰ ਤਾਂ ਉਹ ਵੀ ਜੱਟਾਂ ਦਾ ਪੁੱਤ ਸੀ ਪਰ ਥੋੜ੍ਹੀ ਜ਼ਮੀਨ ਕਰਕੇ ਉਸ ਦੀ ਹਾਲਤ ਸੀਰੀ ਤੋਂ ਵੀ ਬਦਤਰ ਹੀ ਰਹੀ। ਜਦੋਂ ਤੱਕ ਬਾਪੂ ਜੀਉਂਦਾ ਸੀ, ਉਹ ਪਿੰਡ ਵਿਚ ਆਪਣੀ ਥੋੜ੍ਹੀ ਜ਼ਮੀਨ ਦੇ ਨਾਲ਼ ਗਵਾਢੀਆਂ ਦੀ ਜ਼ਮੀਨ ਵੀ ਹਿੱਸੇ ਠੇਕੇ ਉੱਪਰ ਲੈ ਕੇ ਵਾਹੁੰਦੇ ਰਹੇ। ਉਹਨਾਂ ਦੀ ਮੋਟਰ ਤੋਂ ਆਪਣੇ ਖੇਤ ਲਈ ਪਾਣੀ ਮਿਲ਼ ਜਾਂਦਾ ਸੀ ਤੇ ਕੰਮ ਚੱਲ ਜਾਂਦਾ ਸੀ। ਬਾਪੂ ਦੇ ਮਰਨ ਪਿੱਛੋਂ ਇਹ ਆਸਰਾ ਵੀ ਜਾਂਦਾ ਰਿਹਾ। ਜ਼ਮੀਨ ਵੰਡੀ ਗਈ। ਭਰਾਵਾਂ ਨੇ ਮਰਲਾ ਮਰਲਾ ਵੰਡਾ ਲਈ। ਇਹ ਉਸ ਲਈ ਨਾਕਾਫ਼ੀ ਸੀ। ਮਰਦਾ ਕੀ ਨਾ ਕਰਦਾ, ਉਸ ਨੇ ਇੱਕ ਟਰੱਕ ਦੀ ਡਰਾਇਵਰੀ ਕਰ ਲਈ। ਸਾਰੀ ਸਾਰੀ ਰਾਤ ਸੜਕਾਂ ਗਾਹੁੰਦਿਆਂ ਉਹ ਦਿੱਲੀ ਦੱਖਣ ਕੱਛਦਾ ਰਿਹਾ। ਮਾਂ ਜੀਉਂਦੀ ਸੀ, ਉਹ ਪਿੰਡ ਨਾਲ਼ ਜੁੜਿਆ ਰਿਹਾ। ਵੀ ਵੀਹ ਦਿਨ ਬਾਹਰ ਰਹਿ ਕੇ ਜਦੋਂ ਉਹ ਘਰ ਮੁੜਦਾ ਤਾਂ ਮਾਂ ਦੀਆਂ ਅਖਾਂ ਵਿੱਚ ਚਮਕ ਹੁੰਦੀ ਪਰ ਜਦੋਂ ਰਾਤ ਰਹਿ ਕੇ ਅਗਲੇ ਦਿਨ ਉਸ ਨੂੰ ਘਰ ਛੱਡ ਕੇ ਜਾਣਾ ਹੁੰਦਾ ਤਾਂ ਮਾਂ ਬਹੁਤ ਉਦਾਸ ਹੋ ਜਾਂਦੀ। ਜਦੋਂ ਪੰਜਾਬ ਵਿੱਚ ਉਦਾਸ ਹਨੇਰੀ ਝੁੱਲ ਰਹੀ ਸੀ ਤਾਂ ਉਹਨਾਂ ਦੇ ਟਰੱਕ ਬਿਹਾਰ ਵਿੱਚ ਫੜੇ ਗਏ। ਟਰੱਕਾਂ ਨੂੰ ਸਮੇਤ ਸਾਮਾਨ ਅੱਗ ਲਾ ਦਿੱਤੀ ਗਈ। ਉਸ ਨੇ ਮਸਾਂ ਭੱਜ ਕੇ ਜਾਨ ਬਚਾਈ। ਇੱਕ ਹਫ਼ਤੇ ਦੀ ਲੁਕਣ ਮੀਟੀ ਖੇਡਦਾ ਬਚਦਾ ਬਚਾਉਂਦਾ ਉਹ ਘਰ ਪਰਤਿਆਂ ਤਾਂ ਦੇਖਿਆ ਉਸ ਦੇ ਘਰ ਦੇ ਦਰਵਾਜ਼ੇ ਉੱਪਰ ਜਿੰਦਰਾ ਲਮਕ ਰਿਹਾ ਸੀ। ਉਸ ਦੀ ਮਾਂ ਆਪਣੇ ਪੁੱਤਰ ਦੀ ਉਡੀਕ ਕਰਦੀ ਕਰਦੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ। ਭਰਾ ਇੱਕਠੇ ਹੋ ਕੇ ਮਾਂ ਦੇ ਫੁੱਲ ਤਾਰਨ ਗਏ ਹੋਏ ਸੀ।
            ਮਾਂ ਦੇ ਮਰਨ ਦੀ ਖ਼ਬਰ ਸੁਣ ਕੇ ਕਿੰਨੀ ਦੇਰ ਉਹ ਦਰਵਾਜ਼ੇ ਦੇ ਬਾਹਰ ਬੈਠਾ ਰੋਂਦਾ ਰਿਹਾ।  ਦੇਰ ਰਾਤ ਤੱਕ ਜਦੋਂ ਕੋਈ ਨਾ ਪਰਤਿਆ ਤਾਂ ਉਹ ਸ਼ਹਿਰ ਵੱਲ ਤੁਰ ਪਿਆ। ਬਾਊ ਰਾਜ ਨੂੰ ਮਿਲਨਾ ਵੀ ਬਹੁਤ ਜ਼ਰੁਰੀ ਸੀ। ਆਖ਼ਰ ਉਸੇ ਦਾ ਟਰੱਕ ਲੈ ਕੇ ਹੀ ਤਾਂ ਉਹ ਗਿਆ ਸੀ। ਅੱਗ ਬਾਊ ਤੇ ਉਸ ਦੇ ਚਾਰ ਪੰਜ ਦੋਸਤ ਬੈਠ ਕ ਵਿੱਚ ਬੈਠੇ ਸ਼ਰਾਬ ਪੀ ਰਹੇ ਸਨ। ਇੱਕ ਬੋਤਲ ਉਹਨਾਂ ਖ਼ਤਮ ਕਰ ਲਈ ਸੀ। ਮੇਜ਼ ਦੇ ਇੱਧਰ ਉਧਰ ਮੀਟ ਦੇ ਟੁਕੜੇ ਖਿੱਲਰੇ ਹੋਏ ਸਨ।
            ਆ ਬਈ, ਉਹ ਇਹ ਤਾਂ ਬਿੰਦਰ ਹੈ, ਤੂੰ ਕਿੱਥੋਂ ਆ ਗਿਐਂ। ਤੇ ਗੱਡੀ ਕਿਵੇਂ ਐ?’ ਬਾਊ ਨੇ ਕਿੰਨੇ ਸਾਰੇ ਪ੍ਰਸ਼ਨ ਚਿੰਨ੍ਹ ਖੜੇ ਕਰ ਦਿੱਤੇ।
            ਨਹੀਂ, ਆ ਇੱਥੇ ਬੈਠ, ਦਾਰੂ ਪੀ, ਤੂੰ ਆ ਗਿਐਂ ਬਹੁਤ ਹੈ। ਬੜੀ ਖ਼ੁਸ਼ੀ ਹੈ ਆਪਾਂ ਨੂੰ, ਬਾਊ ਰਾਜ ਤਾਂ ਓਦਾਂ ਹੀ ਮਰਨ ਵਾਲ਼ਾ ਹੋਇਆ ਪਿਆ ਸੀ।ਬਾਊ ਦਾ ਦੋਸਤ ਬੋਲਿਆ।
            ਹੋਰ ਕੀ, ਸਾਨੂੰ ਤਾਂ ਡਰ ਸੀ ਕਿਤੇ ਦਿਲ ਦਾ ਦੌਰਾ ਹੀ ਨਾ ਪੈ ਜਾਵੇ। ਬੜੇ ਕਮਜ਼ੋਰ ਦਿਲ ਦਾ ਮਾਲਕ ਹੈ ਆਪਣਾ ਰਾਜ, ਓਦਾਂ ਭਾਂਵੇ ਇਸ ਦੇ ਟਰੱਕ ਚਲਦੇ ਨੇ।ਦੂਜਾ ਦੋਸਤ ਖਿੜ ਖਿੜ ਹੱਸਿਆ।
            ਨਾ ਏਹਦੇ ਵਿੱਚ ਹੱਸਣ ਵਾਲੀ ਕੀ ਗੱਲ ਹੈ? ਬਿੰਦਰ ਆ ਗਿਐ, ਠੀਕ ਠਾਕ, ਚੰਗੀ ਗੱਲ ਹੈ, ਤੂੰ ਦਾਰੂ ਪਾ ਆਪਣੇ ਗਲਾਸ ਵਿੱਚ ਤੇ ਬਹਿ ਕੇ ਮੀਟ ਖਾਹ। ਆਪਾਂ ਨਹੀਂ ਮੰਨਦੇ ਕਿਸੇ ਵੀ ਗੱਲ ਦਾ ਹੇਰਵਾ।ਬਾਊ ਦੀ ਅਵਾਜ਼ ਵੀ ਟਣਕਵੀਂ ਸੀ।
            ਉਸ ਦੇ ਨਾਂਹ ਨੁੱਕਰ ਕਰਦੇ ਕਰਦੇ ਇੱਕ ਗਲਾਸ ਬਿੰਦਰ ਲਈ ਵੀ ਆ ਗਿਆ। ਬਾਊ ਨੂੰ ਉਹ ਨਾਂਹ ਨਹੀਂ ਸੀ ਕਰ ਸਕਦਾ। ਉਸ ਦਾ ਆਪਣਾ ਦਿਲ ਵੀ ਭਰਿਆ ਪਿਆ ਸੀ। ਮਾਂ ਦਾ ਸਦਮਾ ਹਾਲੇ  ਉਸ ਲਈ ਤਾਜ਼ਾ ਸੀ।
            ਦਾਰੂ ਦੇ ਅੰਦਰ ਜਾਂਦਿਆਂ ਹੀ ਉਸ ਨੂੰ ਮਾਂ ਦਾ ਚਿਹਰਾ ਦਿਖਾਈ ਦੇਣ ਲਗ ਪਿਆ। ਉਸ ਦਾ ਰੋਣ ਨਿਕਲ ਗਿਐ। ਉਹ ਰੋਣ ਲੱਗ ਪਿਆ। ਬਾਊ ਦੇ ਦੋਸਤ ਪੁੱਛਣ ਕਿ ਕੀ ਹੋਇਆ ਹੈ, ਉਸ ਕੋਲੋਂ ਰੋਂਦੇ ਤੋਂ ਦੱਸਿਆ ਨਾ ਜਾਵੇ।
            ਉਹ ਸਿਰ ਸੁੱਟ ਕੇ ਰੋਣ ਲੱਗ ਪਿਆ। ਬਾਊ ਦੇ ਦੋਸਤਾਂ ਨੇ ਉਸ ਨੂੰ ਬੁੱਕਲ ਵਿਚ ਲੈ ਲਿਆ, ਚੁੱਪ ਕਰਾਇਆ। ਗੱਲ ਖੁੱਲ੍ਹੀ ਤਾਂ ਬੜਾ ਅਫ਼ਸਸ ਹੋਇਆ ਸਾਰਿਆਂ ਨੂੰ।
            ਬਾਈ ਮਾਂਵਾਂ ਤਾਂ ਵਾਕਿਆ ਹੀ ਠੰਡੀਆਂ ਛਾਂਵਾਂ ਹੁੰਦੀਆਂ ਹਨ।  ਮਾਂ ਹੁੰਦੀ ਏ ਮਾਂ ਵੇ ਦੁਨੀਆ ਵਾਲਿਓ...।ਨਸ਼ੇ ਦੇ ਲੋਰ ਵਿੱਚ ਬਾਊ ਰਾਜ਼ ਦਾ ਉਹ ਦੋਸਤ ਗਾਉਣ ਲੱਗ ਪਿਆ। ਕੁਲਦੀਪ ਮਾਣਕ ਦੇ ਸਟਾਈਲ ਵਿੱਚ, ਉਹ ੳਾਪਣੀਆ ਉਂਗਲੀਆ ਨਾਲ਼ ਤੂੰਬੀ ਵਜਾਉਣ ਦਾ ਐਕਸ਼ਨ ਕਰ ਰਿਹਾ ਸੀ।
            ਉਏ ਮਾਂ ਵਰਗਾ ਰਿਸ਼ਤਾ ਕਿਤੇ ਲੱਭਣਾ ਬੰਦੇ ਨੂੰ। ਇਹ ਤਾਂ ਦੁਨੀਆਂ ਵਿੱਚ ਦੁਬਾਰਾ ਜੰਮ ਕੇ ਹੀ ਨਸੀਬ ਹੁੰਦਾ ਹੈ।ਦੂਜਾ ਦੋਸਤ ਬੋਲਿਆ।
            ਬਈ ਬੜਾ ਅਫ਼ਸੋਸ ਹੋਇਆ ਸੁਣ ਕੇ। ਬੜਾ ਮਾੜਾ ਹੋਇਆ। ਤੂੰ ਤੇ ਸੀ ਵੀ ਆਪਣੀ ਮਾਂ ਨਾਲ, ਪਿੱਛੋਂ ਘਰ ਖੁੱਲ੍ਹਾ ਰਹਿੰਦਾ ਸੀ। ਹੁਣ ਤੇ ਤਾਲ਼ਾ ਲੱਗ ਗਿਆ। ਨਾਲੇ ਭਰਾਵਾਂ ਨਾਲ ਵੀ ਉਦੋਂ ਤੱਕ ਹੀ ਨਿਭਦੀ ਹੈ ਜਦੋਂ ਤੱਕ ਮਾਂ ਜੀਉਂਦੀ ਹੋਵੇ। ਬਾਅਦ ਵਿੱਚ ਤਾਂ ਭਰਾ ਵੀ .... ਬੱਸ। ਛੱਲ ਛੱਡ ਤੂੰ ਆਰਾਮ ਨਾਲ਼ ਬੈਠ।ਬਾਊ ਰਾਜ਼ ਨੇ ਕਿਹਾ। ਉਸ ਦੇ ਖ਼ਾਲੀ ਗਲਾਸ ਵਿੱਚ ਬਾਊ ਨੇ ਹੋਰ ਦਾਰੂ ਪਾ ਦਿੱਤੀ।
            ਘਰੋਂ ਬੇਘਰ ਹੋ ਗਏ ਬਾਈ ਸਿੰਹਾਂ!ਬਾਊ ਦਾ ਨਸ਼ੇੜੀ ਦੋਸਤ ਉਸ ਦੇ ਗੱਲ ਲੱਗ ਕੇ ਰੋਣ ਪਿਆ।
            ਕੋਈ ਨਹੀਂ, ਆਪਾਂ ਮਰ ਗਏ ਹਾਂ? ਬਾਊ ਰਾਜ਼ ਦੇ ਹੁੰਦੇ ਹੋਏ ਤੈਨੂੰ ਕੋਈ ਫ਼ਿਕਰ ਨਹੀਂ। ਮੇਰਾ ਘਰ ਤੇਰਾ ਆਪਣਾ ਹੈ। ਇਹ ਸ਼ਹਿਰ ਵੀ ਆਪਣਾ ਹੈ। ਤੂੰ ਚਿੰਤਾ ਨਾ ਕਰ।ਬਾਊ ਰਾਜ਼ ਨੇ ਉਸ ਦਾ ਹੋਂਸਲਾ ਵਧਾਇਆ।
            ਦਾਰੂ ਪੀ ਕੇ ਉਸ ਦੀ ਭੁੱਖ ਚਮਕ ਪਈ। ਉਸ ਨੇ ਡੋਂਗੇ ਚੋਂ ਚੁੱਕ ਕੇ ਮੀਟ ਖਾਣਾ ਸ਼ੁਰੂ ਕਰ ਦਿੱਤਾ। ਬਾਊ ਨਾਲ ਉਸ ਦੀ ਚਿਰੋਕਣੀ ਯਾਰੀ ਸੀ। ਜਦੋਂ ਸੀਮਿੰਟ ਦੀ ਕਿੱਲਤ ਸੀ ਤਾਂ ਉਹ ਰਾਤੋ ਰਾਤ ਰਾਜਸਥਾਨ ਚੋਂ ਸੀਮਿੰਟ ਦੀ ਗੱਡੀ ਗੁਦਾਮ ਵਿੱਚ ਪੁਚਾ ਦਿੰਦਾ ਸੀ। ਮੀਟ ਖਾਂਦਿਆਂ ਉਸ ਨੇ ਛੱਤ ਵੱਲ ਦੇਖਿਆ। ਉਹ ਬਿਲਕੁਲ ਸੁਰਖਿਅਤ ਸੀ। ਬਾਹਰ ਬਾਰਸ਼ ੋ ਰਹੀ ਸੀ। ਹੀਟਰ ਦਾ ਨਿੱਘ ਚੰਗਾ ਲੱਗ ਰਿਹਾ ਸੀ।
            ਬਾਈ ਬਿੰਦਰ ਇੱਕ ਗੱਲ ਤਾਂ ਪੁੱਛਣੋਂ ਹੀ ਰਹਿ ਗਏ। ਉਹ ਮਾਲ਼ ਤਾਂ ਠੀਕ ਠਾਕ ਪਹੁੰਚ ਗਿਆ ਸੀ?
            ਬਾਊ ਜੀ ਤੁਹਾਨੂੰ ਨਹੀਂ ਪਤਾ, ਆਪਣੀ ਗੱਡੀ ਤਾਂ ਰਾਂਚੀ ਨਹੀਂ ਸੀ ਟੱਪੀ । ਬੱਸ ਉਰੇ ਹੀ ਲੁੱਟ ਲਈ ਸੀ। ਪਹਿਲਾਂ ਚੌਲ ਲਾਹ ਲਿਆ ਫਿਰ ਸਾਲੇ ਬਿਹਾਰੀਆਂ ਨੇ ਰਲ਼ ਕੇ ਫ਼ੂਕ ਦਿੱਤੀ। ਮੈਂ ਤ ਮਸਾਂ ਜਾਨ ਬਚਾ ਕੇ ਆਇਆਂ। ਕਈ ਦਿਨ ਲਕ ਲੁਕਾ ਕੇ। ਤੇ ਇੱਥੇ ਆ ਕੇ ਪਤਾ ਲੱਗਿਆ, ਮਾਂ ਪੂਰੀ ਹੋ ਗਈ।
            ਉਏ ਫਿਰ ਏਥੇ ਕੀ ਕਰਨ ਆਇਐਂ। ਤੂੰ ਪਹਿਲਾਂ ਕਿਉਂ ਨਹੀਂ ਦੱਸਿਆ। ਗੱਡੀ ਸੜਵਾ ਲਈ ਸਾਲਿਆਂ ਤੋਂ। ਤੂੰ ਆਪ ਕਿਉਂ ਨਾ ਸੜਿਆ ਗੱਡੀ ਨਾਲ਼।ਬਾਊ ਰਾਜ਼ ਗਰਮ ਹੋ ਰਿਹਾ ਸੀ।
            ਬਾਊ ਜੀ.....ਉਸ ਨੇ ਕੁਝ ਕਹਿਣਾ ਚਾਹਿਆ।
            ਚੁੱਪ ਰਹਿ ਸਾਲਾ ਮਾਂ ਦਾ ਰੋ ਰੋ ਦਿਖਾਨਾ। ਤੇਰੀ ਮਾਂ ਤੋਂ ਅਸੀਂ ਕੀ ਲੈਣਾ ਮੇਰਾ ਤਾਂ ਦੋ ਲੱਖ ਰੋੜ ਦਿੱਤਾ ਹੀ। ਸ਼ੈਲਰ ਵਾਲਿਆਂ ਜਾਨ ਖਾ ਜਾਣੀ ਹੈ ਮੇਰੀ। ਦਫ਼ਾ ਹੋ ਜਾ, ਚੱਲ ਕਿਤੇ ਹੋਰ ਜਾ ਰੋ ਕੇ ਆਪਣੀ ਮਾਂ ਨੂੰ।
            ਚੰਗਾ ਬਾਊ ਜੀ....ਤੇ ਉਹ ਪਰਨਾ ਚੁੱਕ ਕੇ ਤੁਰ ਪਿਆ।
            ਮਾਂ ਤੇ ਸੱਚ ਮੁਚ ਮਰ ਗਈ ਸੀ।
            ਕਿਸ ਦੀ? ਪਤਾ ਨਹੀਂ।

Friday, February 11, 2011

ਸਰਕਾਰੀ ਬਨਾਮ ਪ੍ਰਾਈਵੇਟ

ਸਰਕਾਰੀ ਬਨਾਮ ਪ੍ਰਾਈਵੇਟ
ਸਰਕਾਰੀ ਕਾਲਜ ਜ਼ੀਰਾ
ਮੈਂ ਸਰਕਾਰੀ ਕਾਲਜ ਜ਼ੀਰਾ ਵਿੱਚ ਪੜ੍ਹਿਆ ਹਾਂ। ਸ਼ਹਿਰ ਤੋਂ ਤਿੰਨ ਕੁ ਕਿਲੋਮੀਟਰ ਦੀ ਦੂਰੀ ਉਪਰ ਸਥਿਤ ਇਹ ਛੋਟਾ ਜਿਹਾ ਪੇਂਡੂ ਕਾਲਜ ਹਮੇਸ਼ਾ ਹੀ ਚਰਚਾਵਾਂ ਤੇ ਗਿਲਿਆਂ ਦਾ ਕੇਂਦਰ ਰਿਹਾ ਤੇ ਸਰਕਾਰੀ ਅਣਗਹਿਲੀ ਦਾ ਸ਼ਿਕਾਰ ਰਿਹਾ। ਦਸਵੀ ਵਿੱਚ ਅਸੀਂ ਸਾਰੀ ਜਮਾਤ ਚੋਂ ਤਿੰਨ ਵਿਦਿਆਰਥੀ ਹੀ ਪਾਸ ਹੋਏ। ਪਰਵਾਰ ਪਿਛੋਕੜ ਬਹੁਤਾ ਸੰਪੰਨ ਨਾ ਹੋਣ ਕਰਕੇ ਮੈਂ ਡੀ ਏ ਵੀ ਕਾਲਜ ਜਲੰਧਰ ਤਾਂ ਨਾ ਆ ਸਕਿਆ ਪਰ ਸਰਕਾਰੀ ਕਾਲਜ ਜ਼ੀਰਾ ਵਿੱਚ ਦਾਖਲਾ ਲੈ ਲਿਆ। ਇੱਕ ਪੀ ਸੀ ਐਸ ਰਿਸ਼ਤੇਦਾਰ ਦੀ ਸਲਾਹ ਨਾਲ ਮੈਂ ਬੀ ਏ ਤੇ ਫਿਰ ਐਮ ਏ ਕਰਨ ਦਾ ਮਨ ਬਣਾ ਲਿਆ।
ਕਾਲਜ ਸ਼ਹਿਰੋਂ ਬਾਹਰ ਸੀ ਆਵਾਜਾਈ ਦਾ ਕੋਈ ਸਾਧਨ ਨਹੀਂ ਸੀ ਸੋ ਇਹ ਸਫ਼ਰ ਪੈਦਰ ਹੀ ਕਰਨਾ ਪਿਆ ਜੋ ਤਿੰਨ ਸਾਲ ਜਾਰੀ ਰਿਹਾ। ਸਾਈਕਲ ਮੈਂ ਬੀ ਏ ਦੇ ਆਖਰੀ ਸਾਲ ਹੀ ਲੈ ਸਕਿਆ। ਪਹਿਲੇ ਸਾਲ ਜੋ ਪ੍ਰੋਫੈਸਰ ਮਿਲੇ ਉਹ ਬਹੁਤ ਕਮਾਲ ਦੇ ਅਧਿਆਪਕ ਸਾਬਤ ਹੋਏ, ਜੋ ਨੀਂਹ ਉਹਨਾਂ ਭਰੀ ਉਹ ਹਾਲੇ ਤੱਕ ਡੋਲੀ ਨਹੀਂ। ਬਾਅਦ ਦੇ ਸਾਲਾਂ ਵਿੱਚ ਉਹਨਾਂ ਨਾਲ ਮਿਤਰਤਾ ਵੀ ਬਣੀ ਜੋ ਹਾਲੇ ਤੱਕ 32 ਸਾਲ ਬਾਦ ਵੀ ਨਿਭ ਰਹੀ ਹੈ।
ਬੀ ਏ ਦੇ ਪਹਿਲੇ ਸਾਲ ਵਿੱਚ ਜਾਂਦਿਆਂ ਹੀ ਯੂ ਜੀ ਸੀ ਨੇ 55% ਦੀ ਸ਼ਰਤ ਲਾ ਕੇ ਦੇਸ਼ ਦੇ ਹਜ਼ਾਰਾਂ ਅਦਿਆਪਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ, ਜੋ ਹੁਣ ਤੱਕ ਕਾਬਲ ਪ੍ਰੋਫੈਸਰ ਸਨ। ਕਾਲਜਾਂ ਵਿੱਚ ਅਧਿਆਪਕਾਂ ਦੀ ਰਹਿਣ ਲੱਗ ਪਈ। ਉਹਨੀਂ ਦਿਨੀਂ 55% ਨੰਬਰ ਕਿਸੇ ਕਿਸੇ ਦੇ ਆਉਂਦੇ ਸਨ। ਪਾਸ ਹੋਣਾ ਹੀ ਗ਼ਨੀਮਤ ਸਮਝਿਆ ਜਾਂਦਾ ਸੀ। ਨੰਬਰ ਦੇਣ ਵਾਲੇ 50% ਤੋਂ ਵੱਧਦੇ ਹੀ ਨਹੀਂ ਸਨ। ਸਾਡੇ ਕਾਲਜ ਵਿੱਚ ਵੀ ਲੈਕਚਰਾਰਾਂ ਦੀਆਂ ਆਸਾਮੀਆਂ ਖਾਲੀ ਰਹਿਣ ਲੱਗ ਪਈਆਂ। ਮੇਰੇ ਕੋਲ ਅੰਗੇਰਜ਼ੀ ਤੋਂ ਬਿਨਾਂ ਪੰਜਾਬੀ ਤੇ ਅਰਥ ਸ਼ਾਸ਼ਤਰ ਦੇ ਵਿਸ਼ੇ ਸਨ, ਨਾ ਅੰਗਰੇਜ਼ੀ ਦਾ ਕੋਈ ਅਧਿਆਪਕ ਸੀ ਤੇ ਨਾ ਅਰਥ ਸ਼ਾਸ਼ਤਰ ਦਾ ਤੇ ਲੈ ਦੇ ਕੇ ਪੰਜਾਬੀ ਦਾ ਲੈਕਚਰ ਲੱਗਦਾ ਸੀ। ਛੇ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਸਿਰਫ਼ ਪੰਜਾਬੀ ਦਾ ਪੀਰੀਅਡ ਲਾ ਕੇ ਘਰ ਵਾਪਸ ਆ ਜਾਂਦੇ।
1975 ਵਿੱਚ ਐਮਰਜੈਸੀਂ ਨੇ ਰਹੀ ਸਹੀ ਕਸਰ ਪੂਰੀ ਕਰ ਦਿੱਤੀ। ਜਿਵੇਂ ਕਿਵੇਂ ਬੀ ਏ ਦੂਜਾ ਸਾਲ ਨਿਕਲਿਆ, ਸਾਨੂੰ ਫਿਕਰ ਪੈ ਗਿਆ ਕਿ ਸਾਡਾ ਕੀ ਬਣੇਗਾ। ਅਸੀਂ ਸਾਰੇ ਵਿਦਿਆਰਥੀਆਂ ਨੇ ‘ਕਠੇ ਹੋ ਕੇ ਹੜਤਾਲ ਕਰ ਦਿੱਤੀ। ਪ੍ਰਿੰਸੀਪਲ ਬਹੁਤ ਡਰਪੋਕ ਸੀ, ਤੇ ਅਸੀਂ ਤਕਰੀਬ ਇੱਕ ਮਹੀਨਾ ਸ਼ਹਿਰੋਂ ਬਾਹਰ ਕਾਲਜ ਦੇ ਕੰਪਾਉਂਡ ਵਿੱਚ ਹੀ ਬੈਠ ਕੇ ਰੈਲੀ ਕਰ ਕੇ ਮੁੜ ਆਉਂਦੇ। ਸ਼ਹਿਰ ਵਿੱਚ ਕੋਈ ਖ਼ਬਰ ਨਹੀਂ ਸੀ। ਆਖਰ ਇੱਕ ਦਿਨ ਫੈਸਲਾ ਕੀਤਾ ਕਿ ਸ਼ਹਿਰ ਵਿੱਚ ਮੂਕ ਪ੍ਰਦਰਸ਼ਨ ਕੀਤਾ ਜਾਵੇ। ਇੱਕ ਦਿਨ ਸ਼ਾਂਤ ਮੁਜ਼ਾਹਰਾ ਕੀਤਾ, ਹੱਥਾਂ ਵਿੱਚ ਤਖਤੀਆਂ ਲੈ ਕੇ, ‘ਸਾਨੂੰ ਲੈਕਚਰਾਰ ਦਿਓ’ ‘ਅਸੀਂ ਪੜ੍ਹਨਾ ਚਾਹੁੰਦੇ ਹਾਂ’ ਪਰ ਦੂਸਰੇ ਦਿਨ ਸਾਡਾ ਮੁਜ਼ਾਹਰਾ ਰੋਹ ਭਰਪੂਰ ਹੋ ਗਿਆ। ਅਸੀਂ ਧਰਨੇ ਦਿੱਤੇ, ਜਲੂਸ ਮੁਜਾਹਰੇ ਕੀਤੇ, ਤਕਰੀਬਨ ਤਿੰਨ ਮਹੀਨੇ ਕਾਲਜ ਵਿੱਚ ਕੋਈ ਜਮਾਤ ਨਹੀਂ ਸੀ ਲੱਗੀ। ਐਮਰਜੈਨਸੀਂ ਵਿੱਚ ਸ਼ਾਇਦ ਇਹ ਇੱਕੋ ਇੱਕ ਹੜਤਾਲ ਸੀ।
ਯੂ ਜੀ ਸੀ ਦੇ ਫੈਸਲੇ ਨੇ ਕਾਲਜਾਂ ਵਿੱਚ ਪੜ੍ਹਾਈ ਤੇ ਪੜ੍ਹਾਉਣ ਦਾ ਮਾਹੌਲ ਹੀ ਖ਼ਤਮ ਕਰ ਦਿੱਤਾ ਸੀ। ਬਹੁਤ ਬਾਅਦ ਵਿੱਚ ਇਕ ਗੱਲ ਸਮਝ ਆਈ ਕਿ ਸਰਕਾਰੀ ਏਜੰਸੀਆਂ ਤਾਂ ਮੁਢ ਤੋਂ ਹੀ ਪੜ੍ਹਾਈ ਖਾਤਮਾ ਕਰਨ ਲੱਗੀਆਂ ਹੋਈਆਂ ਹਨ। ਯੂ ਜੀ ਸੀ ਦੀ ਕਾਰਗ਼ੁਜ਼ਾਰੀ ਕੀ ਹੈ ਇਸ ਬਾਰੇ ਇੱਕ ਵੱਖਰਾ ਲੇਖ ਲਿਖਣਾ ਪਏਗਾ। ਹੜਤਾਲ ਦੇ ਕਾਰਨ ਸਾਨੂੰ ਸੱਭ ਨੂੰ ਕਾਲਜ ਨੇ ਗ਼ੈਰ ਹਾਜ਼ਰ ਰਹਿਣ ਦਾ ਜੁਰਮਾਨਾ ਕਰ ਦਿੱਤਾ। ਅਸੀਂ ਉਸ ਵਾਸਤੇ ਹੜਤਾਲ ਕਰ ਦਿੱਤੀ। ਇੱਕ ਪਾਸੇ ਤਾਂ ਅਸੀਂ ਪੜ੍ਹਨ ਵਾਸਤੇ ਸਟਾਫ਼ ਮੰਗਦੇ ਹਾਂ ਦੂਸਰੇ ਪਾਸੇ ਸਾਨੂੰ ਜੁਮਰਾਨਾ ਦੇਣਾ ਪੈ ਰਿਹਾ ਹੈ। ਇੱਕ ਦਿਨ ਸ਼ਾਇਦ ਇਹ ਨਵੰਬਰ ਦੇ ਦਿਨ ਸਨ, ਦੁਪਹਿਰ ਨੂੰ ਪ੍ਰਿੰਸੀਪਲ ਭਗਤ ਸਿੰਘ ਇੱਕ ਟੁਰ ਦੇ ਸਿਲਸਿਲੇ ਵਿੱਚ ਸਾਡੇ ਕਾਲਜ ਆ ਗਏ। ਉਹ ਕਿਸੇ ਸਮੇਂ ਸਾਡੇ ਕਾਲਜ ਦੇ ਪ੍ਰਿੰਸੀਪਲ ਰਹਿ ਕੇ ਗਏ ਸਨ, ਮੈਂ ਉਹਨਾਂ ਨੂੰ ਜਾਣਦਾ ਸਾਂ। ਉਹ ਬੜੇ ਸਖ਼ਤ ਪਰ ਅਸੂਲ ਵਾਲੇ ਵਿਅਕਤੀ ਜਾਣੇ ਜਾਂਦੇ ਸਨ ਤੇ ਕਿਸੇ ਦੀ ਪਰਵਾਹ ਨਹੀਂ ਸਨ ਕਰਦੇ। ਜਲਦੀ ਉਹ ਕਿਸੇ ਦਾ ਪ੍ਰਭਾਵ ਨਹੀਂ ਸਨ ਕਬੂਲਦੇ ਤੇ ਜੇ ਉਹ ਅੜ ਜਾਣ ਤਾਂ ਉਹਨਾਂ ਨੂੰ ਕੋਈ ਹਿਲਾਉਣ ਵਾਲਾ ਪੈਦਾ ਨਹੀਂ ਸੀ ਹੋਇਆ। ਅਸੀਂ ਦਸ ਬਾਰਾਂ ਵਿਦਿਆਰਥੀ ਸਿੱਧੇ ਉਸ ਜਗਹ ਜਾ ਪਹੁੰਚੇ ਜਿੱਥੇ ਉਹ ਸਾਡੇ ਕਾਲਜ ਦੇ ਉਸ ਵੇਲੇ ਦੇ ਪ੍ਰਿੰਸੀਪਲ ਨਾਲ ਖੜੋਤੇ ਸਨ, ਅਸੀਂ ਉਹਨਾਂ ਦੇ ਪੈਰੀ ਹੱਥ ਲਾਇਆ ਤੇ ਉਹਨਾਂ ਨੂੰ ਆਪਣੀ ਸਮਸਿਆ ਦੱਸ ਦਿੱਤੀ। ਉਹ ਇੱਕ ਪਲ ਲਈ ਕੁਝ ਗੰਭੀਰ ਹੋ ਗਏ ਫਿਰ ਬੋਲੇ ਕਿ ਅੰਗਰੇਜ਼ੀ ਦਾ ਅਧਿਆਪਕ ਮੈਂ ਕਲ ਹੀ ਲੁਧਿਆਣੇ ਤੋਂ ਇੱਥੇ ਭੇਜ ਦਿੰਦਾ ਹਾਂ ਤੇ ਅਰਥ ਸ਼ਾਸ਼ਤਰ ਦਾ ਜੇ ਕੋਈ ਲੈਕਚਰਾਰ ਮਿਲੇ ਤਾਂ ਮੇਰੇ ਕੋਲ ਲੈ ਆਓ, ਮੈਂ ਉਸ ਨੂੰ ਨਿਯੁਕਤੀ ਪਤਰ ਦੇ ਦਿਆਂਗਾ। ਇਹ ਉਹਨਾਂ ਦੇ ਵੱਸ ਵਿੱਚ ਸੀ। ਅਸੀਂ ਖੁਸ਼ ਹੋ ਗਏ। ਉਹਨਾਂ ਆਪਣਾ ਵਾਅਦਾ ਪੂਰਾ ਕੀਤਾ ਤੇ ਜਲਦੀ ਹੀ ਸਾਨੂੰ ਅੰਗਰੇਜ਼ੀ ਪੜ੍ਹਾਉਣ ਲਈ ਪ੍ਰੋ. ਮੋਹਨ ਸਰੂਪ, ਲੁਧਿਆਣੇ ਤੋਂ ਪਹੁੰਚ ਗਏ। ਜੋ ਉਹਨਾਂ ਪੜ੍ਹਾਇਆ ਤੇ ਜਿਵੇਂ ਪੜ੍ਹਾਇਆ, ਉਹ ਬਹੁਤ ਹੀ ਯਾਦਗਾਰੀ ਘੜੀਆਂ ਸਨ।
ਸਾਡੇ ਕਾਲਜ ਦੇ ਵਿਦਿਆਰਥੀ ਪੰਜਾਬੀ ਤੋਂ ਛੁਟ ਹੋਰ ਕੁਝ ਨਹੀਂ ਸਨ ਜਾਣਦੇ, ਅੰਗਰੇਜ਼ੀ ਉਹਨਾਂ ਦੇ ਨੇੜਿਓ ਵੀ ਨਹੀਂ ਸੀ ਲੰਘੀ, ਜੋ ਭਾਸ਼ਾ ਆਵੇ ਨਾ ਉਸ ਦਾ ਕਾਲਾ ਅੱਖਰ ਭੈਂਸ ਬਰਾਬਰ ਸਮਝਿਆ ਜਾਂਦਾ ਹੈ ਪਰ ਅਸ਼ਕੇ ਪ੍ਰੋ. ਮੋਹਨ ਸਰੂਪ ਜੀ ਦੇ ਉਹਨਾਂ ਸਾਰੀਆਂ ਕਿਤਾਬਾਂ ਬਿਨਾਂ ਅਨੁਵਾਦ ਕੀਤੇ, ਨਿਰੋਲ ਅੰਗਰੇਜ਼ੀ ਵਿੱਚ ਇੰਜ ਪੜ੍ਹਾਈਆਂ ਜਿਵੇਂ ਅਸੀਂ ਸਾਰੇ ਅੰਗਰੇਜ਼ੀ ਜਾਣਦੇ ਹੋਈਏ। ਕਵਿਤਾ ਉਪਰ ਉਹਨਾਂ ਤਕਰੀਬਨ ਦਸ ਦਿਨ ਲਗਾਏ, ਤੇ ਨਾਟਕ ਜੂਲੀਅਸ ਸੀਜ਼ਰ ਉਹਨਾਂ ਸਿਰਫ਼ ਸੱਤ ਦਿਨਾਂ ਵਿੱਚ ਪੜ੍ਹਾ ਦਿਤਾ। ਜਦੋਂ ਉਹ ਕਵਿਤਾ ਪੜ੍ਹਾਉਂਦੇ ਤਾਂ ਉਹ ਕੀਟਸ, ਵਰਡਸਵਰਥ ਤੇ ਸ਼ੈਲੇ ਦੀ ਦੁਨੀਆ ਵਿੱਚ ਲੈ ਜਾਂਦੇ, ਧੂੰਏ ਦੇ ਨਾਲ ਹੌਲੀ ਹੌਲੀ ਉਪਰ ਉਠਦੇ ਬਿੰਬ ਤੇ ਅਲੰਕਾਰ, ਸਾਰੇ ਸਮਝ ਆ ਗਏ। ਸ਼ੈਕਸਪੀਅਰ ਦਾ ਸਾਰਾ ਨਾਟਕ ਉਹਨਾਂ ਜਮਾਤ ਵਿੱਚ ਰੱਖੇ ਮਧਰੇ ਜਿਹੇ ਤਖਤਪੋਸ਼ ਨੂੰ ਸਟੇਜ ਮੰਨ ਕੇ ਖੇਡ ਕੇ ਦਿੱਖਾ ਦਿੱਤੇ, ਹਰ ਡਾਇਲਾਗ ਉਸ ਵੇਲੇ ਕਿਵੇਂ ਬੋਲਿਆ ਜਾਦਾ ਹੋਵੇਗਾ, ਸੋਲੀਲਕਵੀ ਕਿੰਜ ਬੋਲਦੇ ਸਨ, ਹਰ ਅਦਾ, ਹਰ ਭਾਵ ਸਪਸ਼ਟ ਸਮਝ ਆ ਰਿਹਾ ਸੀ। ਕਿਸੇ ਅਨੁਵਾਦ ਦੀ ਕੋਈ ਲੋੜ ਨਹੀਂ ਸੀ। ਉਦੋਂ ਸਮਝ ਆਈ ਕਿ ਸਾਹਿਤ ਨੂੰ ਸਮਝਣ ਲਈ ਬੋਲੀ ਦੀ ਇੰਨੀ ਲੋੜ ਨਹੀਂ ਹੁੰਦੀ, ਭਾਸ਼ਾ ਕੋਲ ਆਪਣੇ ਲਈ ਸੰਚਾਰ ਦੇ ਦੂਜੇ ਕਈ ਤਰੀਕੇ ਹੁੰਦੇ ਹਨ। ਇਸ ਤੋਂ ਪਹਿਲਾਂ ਜਦੋਂ ਵੀ ਸਾਨੂੰ ਕਿਸੇ ਨੇ ਅੰਗਰੇਜ਼ੀ ਪੜ੍ਹਾਈ ਉਹ ਅਨੁਵਾਦ ਕਰ ਕਰ ਕੇ, ਸ਼ਬਦਾਂ ਦੇ ਅਰਥ ਲਿਖਵਾ ਕੇ ਤੇ ਹਰ ਵਾਰੀ ‘ਰੂਪੀ, ਭਾਵ,’ ਆਦਿ ਸ਼ਬਦਾਂ ਦੀ ਵਰਤੋਂ ਨਾਲ। ਪਹਿਲੀ ਵਾਰੀ ਸਾਨੂੰ ਕਿਸੇ ਨੇ ਅੰਗਰੇਜ਼ੀ ਪੜ੍ਹਾਈ ਤੇ ਉਹ ਵੀ ਅਜਿਹੇ ਤਰੀਕੇ ਨਾਲ ਕਿ ਅਸੀਂ ਕੀਲੇ ਗਏ ਤੇ ਮੈਂ ਉਹਨਾਂ ਦੇ ਪਿਛੇ ਲੱਗ ਕੇ ਪੰਜਾਬੀ ਦੀ ਬਜਾਏ ਅੰਗਰੇਜ਼ੀ ਦੀ ਐਮ ਏ ਕਰਨ ਲੁਧਿਆਣੇ ਸਰਕਾਰੀ ਕਾਲਜ ਵਿੱਚ ਦਾਖਲ ਹੋ ਗਿਆ। ਪ੍ਰੋਫੈਸਰ ਮੋਹਨ ਸਰੂਪ ਜੀ 55% ਦੀ ਸ਼ਰਤ ਪੂਰੀ ਨਹੀਂ ਸਨ ਕਰਦੇ ਪਰ ਜੋ ਉਹਨਾਂ ਕੋਲ ਸੀ ਉਹ ਦੇਸ਼ ਦੀ ਇੱਡੀ ਵੱਡੀ ਸੰਸਥਾ ਯੂ ਜੀ ਸੀ ਕੋਲ ਵੀ ਨਹੀਂ ਸੀ।
ਸਾਡੇ ਇਸ ਪੇਂਡੂ ਕਾਲਜ ਨੇ ਪੰਜ ਐਮ ਏ ਅੰਗਰੇਜ਼ੀ ਪੈਦਾ ਕੀਤੇ ਜਿਹਨਾਂ ਅੱਗੇ ਜਾ ਕੇ ਆਪੋ ਆਪਣੇ ਖੇਤਰ ਵਿੱਚ ਨਾਮਣਾ ਖੱਟਿਆ। ਸਰਕਾਰੀ ਕਾਲਜ ਜ਼ੀਰਾ ਨੂੰ ਮਾਣ ਹਾਸਲ ਹੈ ਕਿ ਇਸ ਨੇ ਸ਼੍ਰੀ ਅਸ਼ੋਕ ਕੁਮਾਰ ਗੁਪਤਾ, ਸ. ਰਾਜਿੰਦਰਪਾਲ ਸਿੰਘ, ਸ਼੍ਰੀ ਸੁਰਿੰਦਰ ਕੁਮਾਰ ਅਰੋੜਾ ਵਰਗੇ ਕਾਬਲ ਅਫ਼ਸਰ ਪੈਦਾ ਕੀਤੇ, ਸ਼੍ਰੀ ਰੋਸ਼ਨ ਲਾਲ ਜੋ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟ ਕਪੂਰਾ ਵਿੱਚ ਅੰਗਰੇਜ਼ੀ ਦੇ ਅਧਿਆਪਕ ਹਨ, ਇਸੇ ਕਾਲਜ ਦੀ ਦੇਣ ਹਨ। ਮੈਨੂੰ ਮਾਣ ਹੈ ਕਿ ਮੈਂ ਡੀ ਏ ਵੀ ਕਾਲਜ ਜਲੰਧਰ ਤਾਂ ਨਹੀਂ ਪਰ ਸਰਕਾਰੀ ਕਾਲਜ ਜ਼ੀਰਾ ਦਾ ਵਿਦਿਆਰਥੀ ਰਿਹਾ ਹਾਂ ਤੇ ਇਹ ਕਾਲਜ ਉਹ ਕਾਲਜ ਸੀ ਜਿੱਥੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਸੀ।
ਬਾਰ ਬਾਰ ਡੀ ਏ ਵੀ ਕਾਲਜ ਜਲੰਧਰ ਦਾ ਨਾਂ ਲੈਣ ਦਾ ਇੱਕ ਵਿਸ਼ੇਸ਼ ਕਾਰਨ ਹੈ। ਉਸ ਸਮੇਂ ਇਹ ਕਲਜ ਪੰਜਾਬ ਦੇ ਵਧੀਆ ਕਲਜਾਂ ਵਿੱਚ ਗਿਣਿਆ ਜਾਂਦਾ ਸੀ। ਤੇ ਹੁਣ ਵੀ ਇਸ ਕਾਲਜ ਦਾ ਨਾਂ ਚੰਗੇ ਪ੍ਰਾਈਵੇਟ ਕਾਲਜਾਂ ਵਿੱਚ ਆਉਂਦਾ ਹੈ। ਕਾਲਜ ਦੇ ਪਰਾਸਪੈਟਕਸ ਵਿੱਚ ਇਸ ਕਾਲਜ ਦੀਆਂ ਬਹੁਤ ਖੂਬੀਆਂ ਗਿਣਾਈਆਂ ਜਾਂਦੀ ਹਨ। ਸਾਡੇ ਵੇਲੇ ਜ਼ੀਰੇ ਤੋਂ ਨੇੜੇ ਮੱਖੂ ਤੋਂ ਜਲਧਰ ਵਾਸਤੇ ਗੱਡੀ ਚੱਲਦੀ ਸੀ ਜੋ ਜਲੰਧਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਡੀ ਏ ਵੀ ਦੇ ਹਾਲਟ ਉਪਰ ਰੁਕਦੀ ਸੀ ਸੋ ਸਰਕਾਰੀ ਸਕੂਲ ਤੋਂ ਨਿਕਲੇ ਹਰ ਵਿਦਿਆਰਥੀ ਦਾ ਅਗਲਾ ਪੜਾਅ ਡੀ ਏ ਵੀ ਕਾਲਜ ਹੁੰਦਾ ਸੀ ਤੇ ਪਰਵਾਰਾਂ ਵਿੱਚ ਇਸ ਕਾਲਜ ਦਾ ਨਾਂ ਬੜੇ ਹੀ ਅਦਬ ਨਾਲ ਲਿਆ ਜਾਂਦਾ ਸੀ। ਡੀ ਏ ਵੀ ਕਾਲਜ ਵਿੱਚ ਵਿਗਿਆਨ ਦੇ ਵਿਸ਼ੇ ਵਿੱਚ ਦਾਖਲ ਹੋ ਕੇ ਇੱਕ ਦੋ ਸਾਲਾਂ ਤੋਂ ਬਾਅਦ ਉਹ ਆਰਟਸ ਵਿੱਚ ਆ ਜਾਂਦੇ ਸਨ। ਮੇਰੇ ਮਨ ਉਪਰ ਵੀ ਕਈ ਸਾਲ ਡੀ ਏ ਵੀ ਕਾਲਜ ਬਾਰੇ ਇਹ ਭਰਮ ਬਣਿਆ ਰਿਹਾ। ਪਰ ਪਿਛਲੇ ਦਿਨੀਂ ਇਸ ਕਾਲਜ ਬਾਰੇ ਜੋ ਮੇਰਾ ਅਨੁਭਵ ਹੋਇਆ ਉਸ ਨੇ ਮੇਰੇ ਸਾਰੇ ਪੁਰਾਣੇ ਵਿਸ਼ਵਾਸ ਤੋੜ ਕੇ ਰੱਖ ਦਿਤੇ।
(ਬਾਕੀ ਅਗਲੀ ਕਿਸ਼ਤ ਵਿੱਚ)