ਬਾਲ ਸਾਹਿਤਗੁਰ.ਦੀਪ ਬੱਚਿਆਂ ਨੂੰ ਕੀ ਚੰਗਾ ਲੱਗਦਾ ਹੈ? ਸੁਖਦ ਅਹਿਸਾਸ ਸੁਖਦ ਅਹਿਸਾਸ ਕਦੋਂ ਪੈਦਾ ਹੁੰਦਾ ਹੈ? ਬਾਲ ਸਾਹਿਤ ਕਿਹੋ ਜਿਹਾ ਹੋਵੇ? | ਅਕਸਰ ਬਾਲ ਸਾਹਿਤ ਬਾਰੇ ਗੱਲ ਕਰਦਿਆਂ ਅਸੀਂ ਇਸ ਵੱਲ ਕਦੇ ਵੀ ਧਿਆਨ ਨਹੀਂ ਦਿੰਦੇ ਕਿ ਬਾਲ ਕੀ ਚਾਹੁੰਦੇ ਹਨ। ਬਾਲ ਸਾਹਿਤ ਲਿਖਣ ਵਾਲੇ ਪਕੇਰੀ ਉਮਰ ਦੇ ਲੋਕ ਹੁੰਦੇ ਹਨ ਜੋ ਜਾਂ ਤਾਂ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਕੇ ਕਵਿਤਾ ਕਹਾਣੀ ਲਿਖਦੇ ਹਨ ਜਾਂ ਉਹ ਸਮਝਦੇ ਹਨ ਕਿ ਬੱਚਿਆਂ ਨੂੰ ਜਾਨਵਰਾਂ, ਪੰਛੀਆਂ ਦੀਆਂ ਕਹਾਣੀਆਂ ਸੁਣਨਾ ਚੰਗਾ ਲੱਗਦਾ ਹੈ, (ਇਸ ਵਿੱਚ ਖੌਰੇ ਵਾਲੇ ਸ਼ਬਦ ਵੀ ਆਉਣੇ ਚਾਹੀਦੇ ਹਨ। ਕਿਉਂ ਜੋ ਇਹ ਉਹਨਾਂ ਦਾ ਵਿਸ਼ਵਾਸ ਹੁੰਦਾ ਹੈ ਕਿ ਸ਼ਾਇਦ ਬੱਚੇ ਵੀ ਅਜਿਹਾ ਸੋਚਦੇ ਹੋਣਗੇ।) ਤੇ ਉਹਨਾਂ ਲਈ ਜਾਨਵਰ ਕਥਾਵਾਂ ਹੀ ਵਧੀਆ ਬਾਲ ਸਾਹਿਤ ਹੁੰਦਾ ਹੈ। ਉਹ ਇਹ ਵੀ ਸੋਚਦੇ ਹਨ ਕਿ ਬਚਿਆਂ ਦੇ ਮੁਢਲੇ ਸਾਲ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ ਇਸ ਲਈ ਉਹ ਬਚਿਆਂ ਦੀਆਂ ਸਾਰੀਆਂ ਕਹਾਣੀਆਂ ਵਿੱਚ ਕੋਈ ਨਾ ਕੋਈ ਸਿਖਿਆ ਜੋੜ ਦਿੰਦੇ ਹਨ। (ਮੈਂ ਸ਼ਬਦ ‘ਜੋੜ ਦਿੰਦੇ ਹਨ’ ਵਰਤੇ ਹਨ, ਜਦੋਂ ਕਿ ਇਹ ‘ਠੋਸ ਦਿੰਦੇ ਹਨ’ ਹੋਣੇ ਚਾਹੀਦੇ ਸਨ।) ਪਰ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਬੱਚੇ ਕੀ ਚਾਹੁੰਦੇ ਹਨ ਜਾਂ ਕੀ ਸੋਚਦੇ ਹਨ। ਬਚਿਆਂ ਦੀ ਆਪਣੀ ਕੋਈ ਦੁਨੀਆ ਨਹੀਂ ਹੁੰਦੀ। ਜਿਹੜੀ ਦੁਨੀਆ ਨਾਲ ਉਹਨਾਂ ਦਾ ਵਾਹ ਵਾਸਤਾ ਪੈਂਦਾ ਹੈ ਉਹ ਅਕਸਰ ਬਾਲਗ਼ਾਂ ਦੀ ਦੁਨੀਆ ਹੁੰਦੀ ਹੈ। ਜਿਸ ਨੂੰ ਬਾਲਗ਼ ਆਪਣੀ ਮਰਜ਼ੀ ਨਾਲ ਚਲਾਉਂਦੇ ਹਨ। ਇਸ ਦੇ ਸਾਰੇ ਨਿਯਮ ਬਾਲਗ਼ਾਂ ਨੇ ਆਪੇ ਘੜੇ ਹੁੰਦੇ ਹਨ ਤੇ ਬਚਿਆਂ ਨੂੰ ਤਾਂ ਉਹਨਾਂ ਨਿਯਮਾਂ ਮੁਤਾਬਕ ਚਲੱਣਾ ਪੈਂਦਾ ਹੈ। ਉਹ ਇਹਨਾਂ ਵਿੱਚ ਬਹੁਤਾ ਕੁਝ ਕਰ ਨਹੀਂ ਸਕਦੇ। ਸੋ ਬਚਿਆਂ ਦੀ ਦੁਨੀਆ ਸਾਡੀ ਦੁਨੀਆ ਤੋਂ ਵੱਖ ਹੁੰਦੀ ਹੈ। ਉਹਨਾਂ ਦੀਆਂ ਸਮਸਿਆਂਵਾ ਵੀ ਵੱਖ ਹੁੰਦੀਆਂ ਹਨ। ਮੁਢਲੇ ਤੌਰ ਤੇ ਉਹ ਆਪਣੇ ਆਲੇ ਦੁਆਲੇ ਦੀ ਦੁਨਿਆਂ ਦੇਖ ਕੇ ਕੁਦਰਤੀ ਤੌਰ ਤੇ ਉਤਸੁਕ ਹੁੰਦੇ ਹਨ ਤੇ ਉਹ ਬਹੁਤ ਕੁਝ ਜਾਣਨਾ ਚਾਹੁੰਦੇ ਹਨ। ਇਹ ਕਿਉਂ ਹੈ, ਕਿਵੇਂ ਹੈ। ਬਹੁਤਾ ਕਰਕੇ ਉਹ ਹਰ ਚੀਜ਼ ਨੂੰ ਛੂਹਣਾ ਲੋਚਦੇ ਹਨ। ਪਰ ਅਜਿਹਾ ਉਹ ਕਰ ਨਹੀਂ ਸਕਦੇ, ਕਿਉਂ ਕਿ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਡਿਆਂ ਨੇ ਨਿਯਮ ਬਣਾਏ ਹੁੰਦੇ ਹਨ, ਕਿ ਇਹ ਕਰਨਾ ਹੈ ਤੇ ਇਹ ਨਹੀਂ ਕਰਨਾ, ਇਸ ਨੂੰ ਛੋਹਣਾ ਹੈ ਤੇ ਇਸ ਨੂੰ ਹੱਥ ਨਹੀ ਲਾਉਣਾ। ਪਾਬੰਦੀਆਂ ਤੇ ਬੰਦਸ਼ਾਂ ਦੀ ਇੱਹ ਦੁਨੀਆ ਉਹਨਾਂ ਵਾਸਤੇ ਬੜੀ ਤੰਗ ਤੇ ਸੌੜੀ ਜਹੀ ਥਾਂ ਦਿੰਦੀ ਹੈ ਜਿਸ ਵਿੱਚ ਉਹ ਬੜੀ ਮੁਸ਼ਕਲ ਨਾਲ ਖੜੇ ਹੋ ਸਕਦੇ ਹਨ। ਥੋਹੜੀ ਦੇਰ ਬਾਅਦ ਉਹ ਅਨੁਕੂਲਤਾ ਵਿਕਸਤ ਕਰ ਲੈਂਦੇ ਹਨ। ਇਹ ਅਨੁਕੂਲਤਾ ਉਹਨਾਂ ਨੂੰ ਦਮ ਘੁੱਟਦੇ ਮਾਹੌਲ ਵਿੱਚ ਸਾਹ ਲੈਣ ਵਿੱਚ ਮਦਦ ਕਰਦੀ ਹੈ। ਇਹ ਬੜਾ ਮੁਸ਼ਕਲ ਸਵਾਲ ਹੈ ਕਿਉਂ ਕਿ ਜਵਾਬ ਦੇਣ ਵਾਲੇ ਇਸ ਤੋਂ ਸੁਚੇਤ ਨਹੀਂ ਹੁੰਦੇ। ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਕੀ ਚਾਹੁੰਦੇ ਹਨ। ਉਹਨਾਂ ਦੀ ਪਸੰਦ – ਨਾ ਪਸੰਦ ਬਹੁਤ ਤੇਜ਼ੀ ਨਾਲ ਬਦਲਦੀ ਰਹਿੰਦੀ ਹੈ। ਖੇਡਣਾ ਉਹਨਾਂ ਨੁੰ ਚੰਗਾ ਲੱਗਦਾ ਹੈ। ਪਰ ਸ਼ਾਇਦ ਇਹ ਵੀ ਇਸ ਲਈ ਕਿ ਖੇਡਣ ਵਿੱਚ ਪਾਬੰਦੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇੱਕ ਵਿਚਾਰ ਹੈ ਕਿ ਬਚਿਆਂ ਦਾ ਕੰਮ ਖੇਡਣਾ ਹੈ ਜਾਂ ਇਓਂ ਕਹਿ ਲਵੋ ਕਿ ਖੇਡ ਬਚਿਆਂ ਦਾ ਕੰਮ ਹੈ। ਖੇਡਣ ਲਈ ਖਿਡੌਣੇ ਚਾਹੀਦੇ ਹਨ ਤੇ ਉਹ ਇਸ ਲਈ ਚੰਗੇ ਲੱਗਦੇ ਹਨ, ਇੱਕ ਉਹ ਦੁਨੀਆਂ ਜੋ ਬਚਿਆਂ ਦੇ ਚਾਰੇ ਪਾਸੇ ਹੁੰਦੀ ਹੈ, ਖਿਡੌਣੇ ਉਸ ਦੁਨੀਆਂ ਵਿੱਚ ਦਿਕਾਈ ਦਿੰਦੀਆਂ ਚੀਜ਼ਾਂ ਦੀ ਨਕਲ ਮਾਤਰ ਹਨ, ਭਾਵ ਉਸ ਨਾਲ ਮਿਲਦੇ ਜੁਲਦੇ ਹਨ। ਦੂਸਰਾ ਇਹ ਖਿਡੌਣੇ ਬਚਿਆਂ ਦੀ ਨਿੱਜੀ ਮਾਲਕੀ ਵਿੱਚ ਚਲੇ ਜਾਂਦੇ ਹਨ ਤੇ ਇਹਨਾਂ ਨਲਾ ਖੇਡਣ ਉਪਰ ਉਹਨਾਂ ਨੂੰ ਕਿਸੇ ਵੀ ਬੰਦਸ਼ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਦਾਰਹਨ ਲਈ ਇੱਕ ਬੱਚੇ ਨੂੰ ਜਦੋਂ ਉਹ ਰਿੜ੍ਹਣਾ ਸ਼ੁਰੂ ਕਰਦਾ ਹੈ ਤਾਂ ਉਸ ਦੇ ਮਾਪੇ ਇਸ ਡਰ ਤੋਂ ਕਿ ਕਿਤੇ ਉਹ ਮੰਜੇ ਜਾਂ ਬਿਸਤਰੇ ਤੋਂ ਹੇਠਾਂ ਨਾ ਡਿਗ ਪਵੇ, ਉਸ ਲਈ ਰੋਕ ਲਾ ਦਿੰਦੇ ਹਨ। ਜਦੋਂ ਵੀ ਉਹ ਰਤਾ ਇੱਧਰ ਉਧਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਖਦੇ ਹਨ, ਨਾ, ਇਸ ਤਰ੍ਹਾਂ ਨਾ ਕਰੀਂ। ਅੱਗੇ ਨਹੀਂ ਜਾਣਾ। ਇਹ ਨਹੀਂ ਕਰਨਾ ਆਦਿ। ਪਰ ਜਦੋਂ ਉਹ ਕਿਸੇ ਖਿਡੌਣੇ ਨਾਲ ਖੇਡਦਾ ਹੈ ਤਾਂ ਉਸ ਨੂੰ ਕੋਈ ਰੋਕ ਨਹੀਂ ਹੁੰਦੀ। ਬੱਚੇ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਜਾਣਨਾ ਚਾਹੁੰਦੇ ਹਨ ਤੇ ਸ਼ਾਇਦ ਇਹ ਕੁਦਰਤੀ ਉਤਸੁਕਤਾ ਹੈ ਜੋ ਜਾਨਵਰਾਂ ਤੇ ਇਨਸਾਨਾਂ ਵਿੱਚ ਦੇਖੀ ਜਾ ਸਕਦੀ ਹੈ। ਖੋਜਣਾ, ਲੱਭਣਾ ਤੇ ਜਾਣਨਾ ਇਹ ਪਹਿਲਾ ਕੰਮ ਹੈ ਜੋ ਸ਼ਾਇਦ ਸਾਰੇ ਹੀ ਕਰਦੇ ਹਨ। ਕੀ ਬੱਚੇ, ਕੀ ਵੱਡੇ ਤੇ ਕੀ ਜਾਨਵਰ, ਘਰ ਵਿੱਚ ਕੋਈ ਨਵਾਂ ਜਾਨਵਰ ਲਿਆਓ, ਉਸ ਨੂੰ ਖੁਲ੍ਹਾ ਛੱਡ ਦਿਓ, ਸੱਭ ਤੋਂ ਪਹਿਲਾਂ ਉਹ ਸਾਰੇ ਘਰ ਨੂੰ ਜਾਣਨ ਲਈ ਸਾਰੇ ਘਰ ਦੀ ਫੋਲਾ ਫੋਲੀ ਕਰੇਗਾ। ਪੰਛੀ ਵੀ ਆਪਣੇ ਰਹਿਣ ਵਾਲੀ ਥਾਂ ਦੀ ਜਾਂਚ ਪੜਤਾਲ ਕਰਦੇ ਹਨ। ਸੋ ਆਲੇ ਦੁਆਲੇ ਨੂੰ ਜਾਣਨ ਲਈ ਲੱਭਣਾ, ਕਿਸੇ ਵੀ ਬੱਚੇ ਦੀ ਮੁਢਲੀ ਪਹਿਲ ਵਿੱਚ ਸ਼ਾਮਲ ਹੁੰਦੀ ਹੈ। ਜਾਣਕਾਰੀ ਜਿੰਨੀ ਉਹ ਆਲੇ ਦੁਆਲੇ ਚੋਂ ਪ੍ਰਾਪਤ ਕਰਦੇ ਹਨ, ਉਸਦੀ ਉਹ ਆਪਣੇ ਤਰੀਕੇ ਨਾਲ ਸ਼੍ਰੇਣੀ ਵੰਡ ਕਰਨਾ ਚਾਹੁੰਦੇ ਹਨ, ਉਸ ਬਾਰੇ ਆਪਣੇ ਵਿਸ਼ਾਵਾਸ, ਆਪਣੇ ਖਿਆਲ ਘੜਦੇ ਹਨ। ਇਸ ਵਿੱਚ ਉਹਨਾਂ ਦੀ ਕਲਪਨਾ ਸ਼ਕਤੀ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ। ਉਹ ਆਪਣੇ ਤਰੀਕੇ ਨਾਲ ਸੋਚਦੇ ਹਨ ਤੇ ਲੋੜੀਂਦੇ ਫੈਸਲੇ ਕਰਦੇ ਹਨ। ਪਰ ਇਸ ਵਿੱਚ ਵੀ ਉਹ ਬਹੁਤਾ ਆਪਣੇ ਤੋਂ ਵਡਿਆਂ ਦਾ ਅਨੁਕਰਨ ਕਰਦੇ ਹਨ। ਬੱਚੇ discomfort & displeasure ਔਖ ਅਤੇ ਨਾਖੁਸ਼ੀ ਤੋਂ ਬਚਣਾ ਚਾਹੁੰਦੇ ਹਨ। ਉਹਨਾਂ ਦੇ ਸਰੀਰ ਵਿੱਚ ਤੇ ਦਿਮਾਗ਼ ਵਿੱਚ ਜਿਹੜੇ ਦ੍ਰਵ ਖੁਸ਼ੀ ਤੇ ਆਰਾਮ ਦਾ ਸੰਚਾਰ ਕਰਦੇ ਹਨ, ਉਹੋ ਹੀ ਉਹਨਾਂ ਦੀ ਅਗਵਾਈ ਕਰਦੇ ਹਨ। ਬੱਚੇ ਕਿਉਂ ਰੋਂਦੇ ਹਨ, ਉਹ ਵੀ ਜ਼ਰਾ ਜਿੰਨੀ ਗੱਲ ਉਪਰ, ਕਦੇ ਕਦੇ ਉਹ ਗੱਲ ਵੀ ਇੰਨੀ ਮਹੱਤਵਪੂਰਨ ਨਹੀਂ ਹੁੰਦੀ ਪਰ ਫਿਰ ਵੀ ਉਹ ਰੋਣਾ ਸ਼ੁਰੂ ਕਰ ਦਿੰਦੇ ਹਨ। ਮਾਂ ਤੋਂ ਜੁਦਾਈ ਦਾ ਅਹਿਸਾਸ ਉਨਾਂ ਅੰਦਰ ਡੀ ਐਂਡ ਡੀ ਦਾ ਪ੍ਰਸਾਰ ਕਰਦਾ ਹੈ ਤੇ ਉਹ ਇਸੇ ਖਿਆਲ ਤੋਂ ਹੀ ਰੋਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਤੁਸੀਂ ਬਚਿਆਂ ਨੂੰ ਧੱਫਾ ਮਾਰਦੇ ਹੋ, ਕਦੇ ਪਿੱਠ ਤੇ ਕਦੇ ਸਿਰ ਦੇ ਪਿਛੇ, ਤਾਂ ਉਹਨਾਂ ਦੇ ਅੰਦਰ ਇੱਹੋ ਡੀ ਐਂਡ ਡੀ ਦਾ ਪ੍ਰੀਕ੍ਰਿਆ ਸ਼ੁਰੂ ਹੋ ਜਾਂਦੀ ਹੈ। ਦਿਮਾਗ਼ ਵਿੱਚ ਅਜਿਹੇ ਦ੍ਰਵ ਬਣ ਜਾਂਦੇ ਹਨ ਜਿਹਨਾਂ ਦੀ ਮੋਜੂਦਗੀ ਨਾਲ ਉਹ ਆਪਣੇ ਬਚਾਅ ਲਈ ਰੋਣਾ ਸ਼ੁਰੂ ਕਰ ਦਿੰਦੇ ਹਨ। ਇਸ ਲਈ ਬਾਲਾਂ ਨੂੰ ਕਦੇ ਵੀ ਮਾਰਨਾ ਨਹੀਂ ਚਾਹੀਦਾ। ਆਨੰਦ ਤੇ ਖੁਸ਼ੀ ਹੀ ਉਹਨਾਂ ਦੀ ਅਸਲੀ ਸਪਿਰਿਟ ਹੈ ਤੇ ਇਸ ਨੂੰ ਕਦੇ ਵੀ ਦਬਾਉਣਾ, ਬੁਝਾਉਣਾ ਨਹੀਂ ਚਾਹੀਦਾ ਤੇ ਨਾ ਹੀ ਉਸ ਦੀ ਬੇਅਦਬੀ ਕਰਨੀ ਚਾਹੀਦੀ ਹੈ। ਕੁਝ ਮਾਂਪੇ ਬਚਿਆਂ ਦੀ ਇਸ ਗੱਲ ਤੋਂ ਪਰਵਾਹ ਨਹੀਂ ਕਰਦੇ ਤੇ ਉਹ ਉਹਨਾਂ ਨਾਲ ਸਖਤੀ ਨਾਲ ਪੇਸ਼ ਆਉਂਦੇ ਹਨ। ਵਕਤੀ ਤੋਰ ਤੇ ਸ਼ਾਇਦ ਇਹ ਠੀਕ ਰਹਿੰਦਾ ਹੈ ਪਰ ਅੱਗੇ ਜਾ ਕੇ ਦਿਮਾਗ਼ ਉਪਰ ਇਹੋ ਪ੍ਰਭਾਵ ਅੱਗੇ ਜਾ ਕੇ ਉਹਨਾਂ ਦੇ ਜੀਵਨ ਦਾ ਸੱਭ ਤੋਂ ਕੋਝਾ ਪੱਖ ਬਣ ਜਾਂਦੇ ਹਨ। ਸਾਡੇ ਖੁਸ਼ ਜਾਂ ਨਾ ਖੁਸ਼ ਹੋਣ ਦਾ ਬਹੁਤਾ ਸਬੰਧ ਸਾਡੇ ਦਿਮਾਗ਼ ਵਿੱਚ ਮੋਜੂਦ ਉਹਨਾਂ ਰਸਾਇਣਾਂ ਨਾਲ ਹੈ ਜੋ ਜਦੋਂ ਲੋੜੀਂਦੀ ਮਾਤਰਾ ਵਿੱਚ ਸਰੀਰ ਦੇ ਅੰਦਰ ਮੋਜੂਦ ਹੁੰਦੇ ਹਨ ਤਾਂ ਦਿਮਾਗ਼ ਦਾ ਇੱਕ ਸੁਖਦ ਅਹਿਸਾਸ ਨੂੰ ਮਹਿਸੂਸ ਕਰਦਾ ਹੈ ਤੇ ਇਸੇ ਬਾਰੇ ਸਾਰੇ ਸਰੀਰ ਨੂੰ ਸੁਨੇਹੇ ਭੇਜਦਾ ਹੈ। ਇਸ ਸਥਿਤੀ ਨੂੰ ਆਨੰਦ ਦੀ ਅਨੁਭੂਤੀ ਕਹਿੰਦੇ ਹਨ। ਸਾਡਾ ਦਿਮਾਗ਼ ਹਰ ਹੀਲੇ ਤੇ ਹਰ ਕੋਸ਼ਿਸ਼ ਵਿੱਚ ਇਸੇ ਅਨੁਭੂਤੀ ਨੂੰ ਭਾਲਦਾ ਹੈ। ਇਸ ਦੀ ਅਣਹੋਂਦ ਸਾਨੂੰ ਬੇਚੈਨ ਤੇ ਦੁਖੀ ਕਰਦੀ ਹੈ। ਬੱਚਿਆਂ ਨਾਲ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਜਦੋਂ ਕੋਈ ਉਹਨਾਂ ਨੂੰ ਮਾਰਦਾ ਹੈ ਜਾਂ ਤੰਗ ਕਰਦਾ ਹੈ ਤਾਂ ਦਿਮਾਗ਼ ਇੱਕ ਸਕਤੇ ਵਿੱਚ ਆ ਜਾਂਦਾ ਹੈ ਤੇ ਇਸਦਾ ਬਹੁਤ ਧਿਆਨ ਆਪਣੇ ਆਪ ਨੂੰ ਬਚਾਉਣ ਤੇ ਬਚਾਅ ਦੇ ਤਰੀਕੇ ਘੜਨ ਵਿੱਚ ਲੱਗ ਜਾਂਦਾ ਹੈ ਸੋ ਇਹ ਸਿਖਣ ਤੇ ਯਾਦ ਰੱਖਣ ਦੀ ਅਵਸਥਾ ਵਿੱਚ ਨਹੀਂ ਰਹਿੰਦਾ। ਜੋ ਸਿਖਦਾ ਹੈ ਜਾਂ ਜੋ ਰਿਕਾਰਡ ਕਰਦਾ ਹੈ ਉਹ ਇੱਕ ਬੜਾ ਉਦਾਸ ਤੇ ਦੁਖੀ ਅਨੁਭਵ ਹੁੰਦਾ ਹੈ ਜੋ ਇਸ ਤਰ੍ਹਾਂ ਹੈ ਜਿਵੇਂ ਕਿਸੇ ਸ਼ੀਸ਼ੇ ਉਪਰ ਝਰੀਟ ਵੱਜ ਜਾਵੇ। ਇਹ ਝਰੀਟ ਸਾਰੀ ਉਮਰ ਤੰਗ ਕਰਦੀ ਹੈ। ਦੁਖ ਦੀਆਂ ਗੱਲਾਂ ਬਹੁਤ ਪੱਕੇ ਤੌਰ ਤੇ ਯਾਦਾਸ਼ਤ ਦਾ ਹਿੱਸਾ ਬਣ ਜਾਂਦੀਆਂ ਹਨ। ਇਸ ਲਈ ਬੱਚੇ ਵੀ ਸੁਖਦ ਅਹਿਸਾਸ ਹੀ ਲੋੜਦੇ ਹਨ। ਕਿਸੇ ਵੀ ਵਿਅਕਤੀ ਦਾ ਆਪਣੇ ਤੋਂ ਬਾਹਰ ਹਰ ਵਸਤੂ ਨਾਲ ਤੇ ਹਰ ਘਟਨਾ ਨਾਲ ਜਦੋਂ ਵਾਹ ਪੈਂਦਾ ਹੈ ਤਾਂ ਇੱਕ ਪ੍ਰਤੀਕ੍ਰਮ ਉਸ ਦੇ ਅੰਦਰ ਵਾਪਰਦਾ ਹੈ। ਇਹ ਪ੍ਰਤੀਕ੍ਰਮ ਇੱਕ ਟਕਰਾਅ ਦਾ ਰੂਪ ਲੈਂਦਾ ਹੈ। ਜੇ ਇਸ ਟਕਰਾਅ ਤੋਂ ਬਾਅਦ ਦੀ ਸਥਿਤੀ ਮਨ ਦੇ ਅਨੁਕੂਲ ਹੋਵੇ ਤਾਂ ਸੁਖਦ ਅਹਿਸਾਸ ਹੁੰਦਾ ਹੈ ਪਰ ਜੇ ਇਸ ਵਿੱਚੋਂ ਕੋਈ ਦਵੰਦ ਪੈਦਾ ਹੋ ਜਾਵੇ, ਜਾਂ ਕਿਸੇ ਮਾੜੇ ਅਨੁਭਵ ਦਾ ਸਾਹਮਣਾ ਕਰਨਾ ਪਵੇ ਜੋ ਆਪਣੇ ਤੌਰ ਤੇ ਮਨ ਨੂੰ ਚੰਗਾ ਨਾ ਲਗੇ ਤਾਂ ਇਹ ਦੁਖਦ ਅਹਿਸਾਸ ਹੁੰਦਾ ਹੈ। ਖੁਸ਼ੀ ਸੁਖਦ ਅਹਿਸਾਸ ਦਾ ਦੂਜਾ ਜਾਂ ਹੈ ਤੇ ਦੁਖ ਕਿਸੇ ਵੀ ਨਾਖੁਸ਼ਗਵਾਰ ਅਹਿਸਾਸ ਨੂੰ ਆਖਦੇ ਹਨ। ਖੁਸ਼ੀ ਸਰੀਰ ਦੀਆਂ ਨਸਾਂ ਨੂੰ ਢਿੱਲੀਆਂ ਕਰਨ ਵਿੱਚ ਤੇ ਸਰੀਰ ਦੇ ਵਾਧੇ ਵਿੱਚ ਮਦਦ ਕਰਦੀ ਹੈ ਜਦੋਂ ਕਿ ਦੁਖੀ ਵਿਅਕਤੀ ਮਾਨਸਕ ਤੌਰ ਤੇ ਇੱਕ ਦਬਾਅ ਵਿੱਚ ਰਹਿੰਦਾ ਹੈ ਜੋ ਬਾਅਦ ਵਿੱਚ ਸਰੀਰ ਦਿਆਂ ਬਾਕੀ ਗਤੀਵਿਧੀਆਂ ਉਪਰ ਦੇਖਿਆ ਜਾ ਸਕਦਾ ਹੈ। ਬੱਚੇ ਆਮ ਤੌਰ ਤੇ ਜਦੋਂ ਹੋਸ਼ ਸਮਭਾਲਦੇ ਹਨ ਤਾਂ ਉਹ ਵੀ ਆਪਣੇ ਆਲੇ ਦੁਆਲੇ ਦੀ ਫੋਲਾ ਫਾਲੀ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਨਿਸ਼ਚਿਤ ਤੌਰ ਤੇ ਆਪਣੇ ਵੱਡਿਆਂ ਨੂੰ ਚੀਜ਼ਾਂ ਵਸਤੂਆਂ ਦੇ ਫੜਨ ਤੇ ਵਰਤਣ ਦਾ ਢੰਗ ਬਹੁਤ ਗਹੁ ਨਾਲ ਦੇਖਦੇ ਹਨ ਤੇ ਫਿਰ ਉਸੇ ਤਰ੍ਹਾਂ ਕਰਨਾ ਚਾਹੁੰਦੇ ਹਨ। ਜਿਵੇਂ ਤੁਸੀਂ ਚਮਚਾ ਫੜਦੇ ਹੋ, ਮੋਬਾਈਲ ਕੰਨ ਨਾਲ ਲਾ ਕੇ ਸੁਣਦੇ ਹੋ, ਪਾਣੀ ਪੀਂਦੇ ਹੋ, ਪੈਨ ਨਾਲ ਲਿਖਦੇ ਹੋ, ਮੂੰਹ ਨਾਲ ਬੋਲਦੇ ਹੋ, ਹਜਾਮਤ ਬਣਾਉਂਦੇ ਹੋ, ਵਾਹ ਵਾਹੁੰਦੇ ਹੋ, ਬੁਲ੍ਹਾ ਉਪਰ ਸੁਰਖੀ ਦੀ ਵਰਤੋਂ ਕਰਦੇ ਹੋ, ਬੱਚੇ ਵੀ ਇਹ ਸੱਭ ਕਰਨਾ ਚਾਹੁੰਦੇ ਹਨ। ਭਾਵ ਕੁਦਰਤ ਨੇ ਉਹਨਾਂ ਦੀ ਪ੍ਰੋਗਰਾਮਿੰਗ ਵਿੱਚ ਇਹ ਸਤਰ ਦਰਜ ਕੀਤੀ ਹੋਈ ਹੈ ਕਿ ਜੈਸਾ ਦੇਸ ਵੇਸਾ ਭੇਸ, ਜਿਵੇਂ ਦੇਖਦੇ ਹੋ ਉਵੇਂ ਕਰੋ। ਤੁਸੀਂ ਵੀ ਬਚਿਆਂ ਨੂੰ ਇਹ ਸਭ ਕਰਨ ਦਿੰਦੇ ਹੋ। ਤੁਹਾਨੂੰ ਇਹ ਸੱਭ ਦੇਖ ਕੇ ਚੰਗਾ ਲੱਗਦਾ ਹੈ। ਕਈ ਵਾਰੀ ਤੁਸੀਂ ਗ਼ਲਤੀ ਨਾਲ ਆਪਣੀ ਬੇਟੀ ਦੇ ਮੂੰਹ ਉਪਰ ਸ਼ੇਵ ਦੀ ਝੱਗ ਵਾਲਾ ਬੁਰਸ਼ ਘਸਾ ਦਿੰਦੇ ਹੋ, ਮੁੰਡੇ ਦੇ ਬੁਲ੍ਹਾਂ ਉਪਰ ਲਿਪਸਟਿਕ ਦਾ ਨਿਸ਼ਾਨ ਜਾਂ ਬਿੰਦੀ ਲਾ ਦਿੰਦੇ ਹੋ, ਉਸ ਨੂੰ ਆਪਣੇ ਉੱਚੀ ਉਚੀ ਅੱਡੀ ਵਾਲੇ ਸੈਂਡਲ ਪਾ ਕੇ ਇਧਰ ਉਧਰ ਘੁੰਮਣ ਦਿੰਦੇ ਹੋ, ਇਹ ਸਾਰੇ ਅਨੁਭਵ ਬੱਚੇ ਦੇ ਮਨ ਵਿੱਚ ਰਿਕਾਰਡ ਹੋ ਰਹੇ ਹੁੰਦੇ ਹਨ। ਕਿਉਂ ਕਿ ਇਸ ਅਵਸਥਾ ਵਿੱਚ ਬੱਚੇ ਦੀਆਂ ਗਿਆਨ ਇੰਦਰੀਆਂ ਆਪਣੇ ਪੂਰੇ ਜਾਹੋ ਜਲਾਲ ਵਿੱਚ ਹੁੰਦੀਆਂ ਹਨ, ਇਹਨਾਂ ਨਾਲ ਮਿਲਨ ਵਾਲੇ ਹਰ ਅਨੁਭਵ ਨੂੰ ਉਹ ਆਪਣੇ ਗਿਆਨ ਕੋਸ਼ – ਯਾਦਾਸ਼ਤ ਵਿੱਚ ਬਹੁਤ ਚੰਗੀ ਤਰ੍ਹਾਂ ਦਰਜ ਕਰ ਲੈਂਦਾ ਹੈ, ਇਸ ਨਾਲ ਬਾਅਦ ਵਿੱਚ ਕਈ ਤਰਹਾਂ ਦੇ ਲੈਂਗਿਕ ਰੁਝਾਣਾਂ ਨਾਲ ਸਬੰਧਤ ਕਈ ਤਰ੍ਹਾਂ ਦੇ ਦੋਸ਼ ਵੀ ਪੈਦਾ ਹੋ ਸਕਦੇ ਹਨ, ਇਸ ਲਈ ਸੂਝਵਾਨ ਮਾਂਪੇ ਹੋਣ ਦੇ ਨਾਤੇ ਤੁਹਾਨੂੰ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ। ਅਸਲ ਵਿੱਚ ਜਦੋਂ ਅਸੀਂ ਕਿਸੇ ਵੀ ਬੱਚੇ ਦੇ ਮੁਢਲੇ ਸਾਲਾਂ ਦੀ ਗੱਲ ਕਰਦੇ ਹਾਂ ਤਾਂ ਨਿਸ਼ਚੇ ਹੀ ਇਹਨਾਂ ਦੀ ਮਹੱਤਤਾ ਵੱਧ ਜਾਂਦੀ ਹੈ ਚੂੰਕਿ ਬੱਚਾ ਬਾਕੀ ਸਾਰੀ ਉਮਰ ਦੇ ਅਨੁਭਵ ਆਪਣੇ ਮੁਢਲੇ ਅਨੁਭਵਾਂ ਨਾਲ ਹੀ ਜੋੜ ਕੇ ਦੇਖਦਾ ਹੈ। ਮਾਂਟਸੇਰੀ ਦਾ ਵਿਚਾਰ ਹੈ ਕਿ ਬੱਚਾ ਮੁੱਢ ਤੋਂ ਹੀ ਆਪਣੇ ਆਲੇ ਦੁਆਲੇ ਨਾਲ ਕ ਜੱਦੋ ਜਹਿਦ ਲੜਦਾ ਹੈ ਜਿਸ ਵਿੱਚ ਉਹ ਹਮੇਸ਼ਾ ਆਪਣਾ ਬਚਾਅ ਹੀ ਕਰਦਾ ਰਹਿੰਦਾ ਹੈ। ਬਦਕਿਸਮਤੀ ਨਾਲ ਉਸ ਨੂੰ ਸ਼ੁਰੂ ਤੋਂ ਹੀ ਆਪਣੇ ਆਲੇ ਦੁਆਲੇ ਪ੍ਰਤੀ ਇੱਕ ਵਿਰੋਧ ਪੈਦਾ ਕਰਨ ਦਿਤਾ ਜਾਂਦਾ ਹੈ ਤੇ ਉਹ ਸਮਝਦਾ ਹੈ ਕਿ ਇਹ ਆਲਾ ਦੁਆਲਾ ਉਸ ਦੇ ਅਨੁਕੂਲ ਨਹੀਂ ਤੇ ਉਹ ਆਪਣੇ ਆਪ ਨੂੰ ਇਸ ਦੇ ਵਿਰੋਧ ਵਿੱਚ ਖੜਾ ਕਰਦਾ ਹੈ। ਇਹ ਪ੍ਰਤੀਕੂਲਤਾ ਚੰਗੀ ਨਹੀਂ। ਇਹ ਅਕਸਰ ਬਾਲਗਾਂ ਅੰਦਰ ਵੀ ਪਨਪਦੀ ਹੈ ਬਾਲਗ਼ ਇਸ ਵਿਰੋਧ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾ ਦਿੰਦੇ ਹਨ ਜੋ ਉਹਨਾਂ ਦੇ ਅਚੇਤ ਮਨ ਵਿੱਚ ਜਮ੍ਹਾਂ ਹੋ ਜਾਂਦਾ ਹੈ ਤੇ ਜਿਸ ਨੂੰ ਮਨੋ ਵਿਗਿਆਨਕ ਵਿਸ਼ੇਲਸ਼ਣ ਦੀਆਂ ਵਿਧੀਆਂ ਨਾਲ ਜਾਣਿਆਂ ਜਾ ਸਕਦਾ ਹੈ ਪਰ ਬੱਚਿਆਂ ਦੇ ਸਬੰਧ ਵਿੱਚ ਅਜਿਹਾ ਕਰਨਾ ਸੰਭਵ ਨਹੀਂ। ਉਹ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਸੋ ਉਹਨਾਂ ਅੰਦਰੋਂ ਇਹ ਵਿਰੋਧ ਖ਼ਤਮ ਕਰਨਾ ਬਹੁਤ ਜ਼ਰੂਰੀ ਬਣ ਜਾਂਦਾ ਹੈ। ਜੇ ਅਸੀਂ ਇਹ ਜਾਨਣ ਦੀ ਕੋਸ਼ਿਸ਼ ਕਰੀਏ ਕਿ ਬੱਚੇ ਕੀ ਚਾਹੁੰਦੇ ਹਨ ਤਾਂ ਇਸ ਲਈ ਜ਼ਰੂਰੀ ਹੋਵੇਗਾ ਕਿ ਉਹਨਾਂ ਨੂੰ ਜੋ ਉਹ ਚਾਹੁੰਦੇ ਹਨ ਕਰਨ ਦਿੱਤਾ ਜਾਵੇ। ਘੱਟ ਤੋਂ ਘੱਟ ਰੋਕਾਂ ਦਾ ਉਹ ਸਾਹਮਣਾ ਕਰਨ ਤੇ ਵੱਧ ਤੋਂ ਵੱਧ ਉਹ ਆਪਣੇ ਆਲੇ ਦੁਆਲੇ ਨੂੰ ਜਾਣ ਸਕਣ। ਇੱਕ ਪਾਸੇ ਜਦੋਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਹਰ ਆਉਣ ਵਾਲੀ ਪੀੜ੍ਹੀ ਆਪਣੀ ਪਿਛਲੀ ਨਸਲ ਤੋਂ ਚੰਗੇਰੀ ਹੁੰਦੀ ਹੈ, ਦੂਜੇ ਪਾਸੇ ਅਸੀਂ ਉਹਨਾਂ ਲਈ ਇਕ ਅਜਿਹਾ ਵਾਤਾਵਰਨ ਤਿਆਰ ਕਰਨ ਵਿੱਚ ਲੱਗੇ ਰਹਿੰਦੇ ਹਾਂ ਜੋ ਪੂਰੀ ਤਰ੍ਹਾਂ ਬੰਦਸ਼ਾਂ ਤੇ ਰੋਕਾਂ ਉਪਰ ਅਧਾਰਤ ਹੈ, ਬੱਚੇ ਉਸ ਵਿੱਚੋਂ ਕੀ ਸਿਖਣਗੇ। ਸੋ ਬੱਚਿਆਂ ਦੀ ਮਨ ਭਾਉਂਦੀ ਖੁਰਾਕ ਉਹ ਹੈ ਜੋ ਉਹ ਖਾਣਾ ਚਾਹੁੰਦੇ ਹਨ। ਆਲੇ ਦੁਆਲੇ ਚੋਂ ਆਪਣੇ ਆਪ ਲੱਭਣਾ, ਖੋਜਣਾ, ਤੇ ਫਿਰ ਉਸ ਨੂੰ ਆਪਣੀ ਜੱਦ ਵਿੱਚ ਲਿਆ ਕੇ ਉਸ ਨੂੰ ਮਹਿਸੂਸ ਕਰਨਾ ਚਾਹੁੰਦੇ ਹਨ ਤੇ ਉਸ ਬਾਰੇ ਆਪਣੇ ਫੈਸਲੇ ਲੈਂਦੇ ਹਨ। ਆਪਣੇ ਮਾਪ ਦੰਡ ਘੜਦੇ ਹਨ ਤੇ ਫਿਰ ਉਹਨਾਂ ਨੂੰ ਪਰਖਦੇ ਹਨ। ਬਾਲ ਸਾਹਿਤ ਵਿੱਚ ਕੀ ਹੋਣਾ ਚਾਹੀਦਾ ਹੈ ਇਸ ਦੀ ਇੱਕ ਉਦਾਰਹਣ ਇੱਕ ਅਜਿਹੀ ਕਹਾਣੀ ਤੋਂ ਦਿੱਤੀ ਜਾ ਸਕਦੀ ਹੈ ਜੋ ਬੱਚਿਆਂ ਨੇ ਮਿਲ ਕੇ ਬਣਾਈ ਨਹੀਂ ਸਗੋਂ ਘੜੀ। ਸੂਰਜ ਨੂੰ ਚਮਕਦਿਆਂ ਦੇਖ ਕੇ ਬੱਚੇ ਜਦੋਂ ਰੁਖ ਦੀ ਛਾਂਵੇ ਬੈਠੇ ਤਾਂ ਉਹਨਾਂ ਨੇ ਰਲ ਕੇ ਇੱਕ ਕਹਾਣੀ ਬਣਾਈ। ਸੂਰਜ ਸੁਨਿਹਰੀ ਸੋਨੇ ਦਾ ਗੋਲਾ ਹੈ। ਤੇ ਇਹ ਸੋਨੇ ਦੀਆਂ ਕਿਰਨਾ ਛੱਡਦਾ ਹੈ। ਉਸ ਸੋਨੇ ਦੀਆਂ ਕਿਰਨਾਂ ਨੂੰ ਦੋ ਸੁਨਿਆਰੇ ਸੋਨੇ ਦੀਆਂ ਤਾਰਾਂ ਵਿੱਚ ਬਦਲ ਦੇਂਦੇ ਹਨ। ਇੱਕ ਦਿਨ ਉਹ ਸੂਰਜ ਸੌਂ ਗਿਆ ਪਰ ਸੁਨਿਆਰੇ ਆਪਣਾ ਕੰਮ ਕਰਦੇ ਰਹੇ। ਸੋਨਾ ਠੰਢਾ ਹੋ ਕੇ ਚਾਂਦੀ ਦੀਆਂ ਤਾਰਾਂ ਵਿੱਚ ਬਦਲ ਗਿਆ। ਸੁਨਿਆਰਿਆਂ ਨੇ ਜਿਵੇਂ ਹੀ ਚਾਂਦੀ ਦੀਆਂ ਠੰਢੀਆਂ ਹੋ ਰਹੀਆਂ ਤਾਰਾਂ ਉਪਰ ਹਥੋੜਾ ਮਾਰਿਆ ਤੇ ਉਹ ਤਾਰਾਂ ਨਿਕੱਕੇ ਟੁਕੜੇ ਚਾਂਦੀ ਦੇ ਟੋਟਿਆਂ ਵਿੱਚ ਖਿੰਡ ਗਈਆਂ। ਸੁਨਿਆਰੇ ਨੇ ਜਦੋਂ ਉਹਨਾਂ ਕਪੜਾ ਝਾੜਿਆਂ ਤਾਂ ਉਹ ਤਾਰੇ ਬਣ ਕੇ ਅਸਮਾਨ ਉਪਰ ਚਲੇ ਗਏ ਜੋ ਹਰ ਰੋਜ਼ ਸ਼ਾਮ ਨੂੰ ਨਜ਼ਰ ਆਉਂਦੇ ਹਨ। ਕਲਪਨਾ ਕਮਾਲ ਦੀ ਹੈ ਪਰ ਉਹ ਯਥਾਰਥ ਦੇ ਨੇੜੇ ਤੇੜੇ ਵੀ ਜਾਪਦੀ ਹੈ। ਬਾਲ ਸਹਿਤ ਵਿੱਚ ਸਿਖਣ ਸਿਖਾਉਣ ਵਾਲਾ ਕੁਝ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਸਿਖਣ ਤੇ ਸਿਖਾਉਣ ਦੀ ਗੱਲ ਕਰਦੇ ਹਾਂ ਤਾਂ ਬਾਲ ਸਾਹਿਤ ਸਿਖਿਆਦਾਇਕ ਸਾਹਿਤ ਬਣ ਜਾਂਦਾ ਹੈ। ਹਰ ਕਹਾਣੀ ਵਿੱਚ ਸਿਖਿਆ ਦਾ ਮੋਜੂਦ ਹੋਣਾ ਬਿਲਕੁਲ ਉਵੇਂ ਹੈ ਜਿਵੇਂ ਹਰ ਫਲ ਵਿੱਚ ਬੀਜ ਤੇ ਅਕਸਾਰ ਹਰ ਫਲ ਖਾਣ ਤੋਂ ਬਾਅਦ ਬੀਜ ਦਾ ਜੋ ਹਸ਼ਰ ਹੁੰਦਾ ਹੈ ਉਹੋ ਸਾਡੀਆਂ ਸਿਖਿਆਦਾਇਕ ਕਹਾਣੀਆਂ ਦੀਆਂ ਸਿਖਿਆਵਾਂ ਦਾ ਵੀ ਹੁੰਦਾ ਹੈ। ਪੰਚ ਤੰਤਰ ਦੀਆਂ ਕਹਾਣੀਆਂ, ਇਸਪ ਦੀਆਂ ਕਹਾਣੀਆਂ ਤੇ ਹੋਰ ਬਾਲ ਕਥਾਵਾਂ ਜੋ ਦੁਨੀਆਂ ਵਿੱਚ ਜਨੌਰ ਕਥਾਵਾਂ ਦੇ ਤੌਰ ਤੇ ਪ੍ਰਸਿਧ ਹਨ, ਤੇ ਜਿਹਨਾਂ ਨੂੰ ਸਾਰੀਆਂ ਦੁਨੀਆਂ ਵਿੱਚ ਪੜ੍ਹਿਆ ਤੇ ਸਲਾਹਿਆ ਜਾਂਦਾ ਹੈ ਅਕਸਰ ਬਾਲ ਸਾਹਿਤ ਦਾ ਹਿੱਸਾ ਹੀ ਮੰਨੀਆਂ ਜਾਂਦੀਆਂ ਹਨ। ਇਹ ਠੀਕ ਹੈ ਕਿ ਜਾਨਵਰ ਬੱਚਿਆਂ ਨੂੰ ਚੰਗੇ ਲੱਗਦੇ ਹਨ। ਇਸਦਾ ਇੱਕ ਕਾਰਨ ਉਹਨਾਂ ਦਾ ਛੋਟਾ ਹੋਣਾ ਹੈ ਦੂਸਰਾ ਉਹਨਾਂ ਉਪਰ ਕਿਸੇ ਪਾਬੰਦੀ ਦਾ ਨਾ ਹੋਣਾ ਹੈ। ਪਰ ਇਹ ਜਾਨਵਰ ਕਥਾਵਾਂ ਬਾਲਗ਼ਾ ਲਈ ਵੀ ਓਨੀ ਹੀ ਰੁਚੀ ਦਾ ਕਾਰਨ ਹਨ ਜਿਹਨਾ ਕਿ ਬਾਲਾਂ ਲਈ। ਜੇ ਪੰਚ ਤੰਤਰ ਦੀਆਂ ਕਹਾਣੀਆਂ ਦਾ ਆਰੰਭ ਦੇਖੋ ਤਾਂ ਇਹ ਇੱਕ ਵਚਿਤਰ ਸਮਸਿਆ ਨਾਲ ਸ਼ੁਰੂ ਹੁੰਦਾ ਹੈ। ਇੱਕ ਰਾਜੇ ਦੇ ਜਵਾਨ ਜਹਾਨ ਬੱਚੇ ਜਿਹਨਾਂ ਦੀ ਉਮਰ 15 ਤੋਂ 20 ਸਾਲ ਹੋ ਸਕਦੀ ਹੈ ਉਹ ਪੂਰੀ ਤਰ੍ਹਾਂ ਗਿਆਨਹੀਣ, ਵਿਚਾਰ ਹੀਣ, ਬੁੱਧ ਹੀਣ ਤੇ ਵਿਵੇਕ ਹੀਣ ਹਨ ਜਿਹਨਾਂ ਦੀ ਸਿਖਿਆ ਦੀ ਜਿੰਮੇਵਾਰੀ ਬਾਅਦ ਵਿੱਚ ਪੰਡਿਤ ਵਿਸ਼ਨੂੰ ਦੱਤ ਸ਼ਰਮਾ ਲੈਂਦੇ ਹਨ ਤੇ ਕਹਾਣੀਆਂ ਰਾਹੀਂ ਜੀਵਨ ਦੇ ਸੱਚ ਤੇ ਨੀਤੀਆਂ ਸਮਝਾਉਂਦੇ ਹਨ। ਪਿਆਸਾ ਕਾਂ, ਚਲਾਕ ਲੂੰਬੜੀ, ਮੂਰਖ ਆਜੜੀ ਤੇ ਅਜਿਹੀਆਂ ਹੋਰ ਕਿੰਨੀਆਂ ਹੀ ਕਹਾਣੀਆਂ ਉਹ ਘੜਦੇ ਹਨ, ਪਰ ਇਹ ਕਹਾਣੀਆਂ ਕਿਸੇ ਕੇਸ ਸਟਡੀ ਵਾਂਗ ਹੋਰ ਬਹੁਤ ਸਾਰੀਆਂ ਗੱਲਾਂ ਉਘਾੜਦੀਆਂ ਹਨ ਪਰ ਜਿੱਥੋਂ ਤੱਕ ਇਸ ਦਾ ਬਾਲ ਸਾਹਿਤ ਨਾਲ ਸਬੰਧ ਹੈ ਇਹ ਕਿਵੇਂ ਵੀ ਇਸ ਸ਼੍ਰੇਣੀ ਦੇ ਮਾਪ ਦੰਡਾਂ ਉਪਰ ਖਰੀਆਂ ਨਹੀਂ ਉਤਰਦੀਆਂ। ਇੱਕ ਦੂਜੀ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਕਵਿਤਾਵਾਂ ਵੀ ਪ੍ਰਚਲਤ ਹਨ ਜੋ ਕਈ ਤਰ੍ਹਾਂ ਦੀਆਂ ਸਾਹਸੀ ਯਾਤਰਾਂਵਾਂ ਦੇ ਵਿਸਤਰਤ ਵਿਵਰਨ ਨਾਲ ਭਰੀਆਂ ਪਈਆਂ ਹਨ, ਜਿਹਨਾਂ ਵਿੱਚ ਅਣਜਾਣੀਆਂ ਥਾਂਵਾਂ ਦੀ ਯਾਤਰਾ, ਵੱਖਰੀ ਤਰ੍ਹਾਂ ਦੇ ਜਾਨਵਰਾਂ ਤੇ ਵਿਅਕਤੀਆਂ ਨਾਲ ਸਾਹਮਣਾ ਤੇ ਉਹਨਾਂ ਦੇ ਹਮਲਿਆਂ ਤੋਂ ਬਚਣ ਦੇ ਭਰਪੂਰ ਵਰਣਨ ਦੇ ਰੂਪ ਵਿੱਚ ਮਿਲਦੀਆਂ ਹਨ, ਕੁਝ ਲੋਕਾਂ ਦਾ ਖਿਆਲ ਹੈ ਕਿ ਉਹ ਵੀ ਬੱਚਿਆਂ ਦਾ ਧਿਆਨ ਆਪਣੇ ਵੱਲ ਖਿਚਦੀਆਂ ਹਨ। ਇਹਨਾਂ ਵਿੱਚ ਅਲਿਫ ਲੈਲਾ ਦੀਆਂ ਕਹਾਣੀਆਂ. ਅਰਬੀ ਕਹਾਣੀਆਂ, ਫਾਰਸੀ ਚੋਂ ਸਿੰਧਬਾਦ ਜਹਾਜ਼ਰਾਨ ਦੀਆਂ ਕਹਾਣੀਆਂ ਬਹੁਤ ਪ੍ਰਸਿਧ ਹਨ। ਬੱਚਿਆਂ ਨੂੰ ਓਪਰੀਆਂ ਥਾਂਵਾਂ ਉਪਰ ਜਾਣਾ, ਉਹਨਾਂ ਨੂੰ ਲੱਭਣਾ, ਖੋਜਣਾ ਨਿਰਸੰਦੇਹ ਬਹੁਤ ਚੰਗਾ ਲਗਦਾ ਹੈ। ਇਹ ਉਹਨਾਂ ਦਾ ਮਨ ਭਾਉਂਦਾ ਵਿਸ਼ਾ ਹੈ ਪਰ ਇਹ ਸੱਭ ਇੱਕ ਵਿਸ਼ੇਸ਼ ਉਮਰ ਵਿੱਚ ਪਹੁੰਚ ਕੇ ਹੀ ਚੰਗਾ ਲੱਗਦਾ ਹੈ। ਇਹ ਰੁਚੀ ਚੰਗੀ ਰੁਚੀ ਹੈ। ਬਹਾਦਰੀ ਤੇ ਸਾਹਸ ਪੈਦਾ ਕਰਦੀ ਹੈ ਤੇ ਅਜਿਹੇ ਬੱਚੇ ਮਗ਼ਰਲੀ ਉਮਰ ਵਿੱਚ ਵੱਡੇ ਹੋ ਕੇ ਚੰਗੇ ਢੁੰਢਾਊ ਬਣਦੇ ਹਨ। ਇਹ ਬੜਾ ਪੇਚੀਦਾ ਸਵਾਲ ਹੈ। ਜਿਵੇਂ ਕਿਸੇ ਗੂੰਗੇ ਕੋਲੋਂ ਕੋਈ ਅੰਨਾ ਵਿਅਕਤੀ ਮਠਿਆਈਆਂ ਦੇ ਨਾਂ ਪੁੱਛੇ। ਅਸਲ ਵਿੱਚ ਬਾਲ ਸਾਹਿਤ ਬਾਤ ਸਾਹਿਤ ਹੋਣਾ ਚਾਹੀਦਾ ਹੈ ਤੇ ਕੁਦਰਤ ਦੇ ਅਥਾਹ ਤੇ ਬੇਸ਼ੁਮਾਰ ਵਰਤਾਰਿਆਂ ਦੀ ਜਾਣਕਾਰੀ ਨਾਲ ਭਰਪੂਰ ਹੋਣਾ ਚਾਹੀਦਾ ਹੈ। ਇੱਕ ਕਹਾਣੀ ਹੈ। ਹਵਾ ਤੇ ਬੱਦਲ ਦੀ; ਬੱਦਲ ਅਸਮਾਨ ਵਿੱਚ ਤੈਰਦੇ ਸੱਭ ਨੂੰ ਸੋਹਣੇ ਲਗੱਦੇ ਹਨ। ਨੀਲੇ ਅਸਮਾਨ ਵਿੱਚ ਉਹ ਕਈ ਤਰ੍ਹਾਂ ਦੀਆਂ ਸ਼ਕਲਾਂ ਤੇ ਰੂਪ ਵਟਾਉਂਦੇ ਹਨ। ਕਦੇ ਕੋਈ ਬੱਦਲ ਵਿਸ਼ਾਲ ਹਾਥੀ ਦਾ ਰੂਪ ਲੈ ਲੈਂਦਾ ਹੈ ਤੇ ਕਦੇ ਕਿਸੇ ਖਰਗੋਸ਼ ਦਾ। ਬੱਚਾ ਹਰ ਤਬਦੀਲੀ ਪ੍ਰਤੀ ਆਪਣੀ ਪ੍ਰਤੀ ਕ੍ਰਿਆ ਦਿੰਦਾ ਹੈ। ਇਸ ਉਸ ਦਾ ਕੁਦਰਤੀ ਤਰੀਕਾ ਹੈ ਆਪਣੇ ਆਲੇ ਦੁਆਲੇ ਨੂੰ ਸਮਝਣ ਦਾ ਤੇ ਉਸ ਵਿੱਚ ਆਪਣੇ ਆਪ ਨੂੰ ਸਥਾਪਤ ਕਰਕੇ ਦੇਖਣ ਦਾ। ਜਿਵੇਂ ਜਿਵੇਂ ਉਸ ਦੀਆਂ ਗਿਆਨ ਦੀ ਸੀਮਾ ਵੱਧਦੀ ਜਾਂਦੀ ਹੈ, ਉਸ ਦੀਆਂ ਕਹਾਣੀਆਂ ਦਾ ਮਿੱਥ ਵੀ ਬਦਲਦਾ ਜਾਂਦਾ ਹੈ। ਬੱਦਲ ਹਵਾ ਵਿੱਚ ਵਿੱਚ ਤੈਰਦਾ ਹੈ। ਹਵਾ ਉਸ ਦੇ ਨਾਲ ਨਾਲ ਰਹਿੰਦੀ ਹੈ ਬਿਲਕੁਲ ਮਾਂ ਵਾਂਗ। ਹਵਾ ਤੇ ਬੱਦਲ ਦਾ ਆਪ ਵਿਚਲਾ ਰਿਸ਼ਤਾ ਮਾਂ ਪੁਤਰ ਦਾ ਰਿਸ਼ਤਾ ਹੈ। ਮਾਂ ਬੱਦਲ ਨੂੰ ਦੂਰ ਜਾਣੋਂ ਰੋਕਦੀ ਹੈ। ਪਰ ਬੱਦਲ ਆਜ਼ਾਦ ਘੁੰਮਣਾ ਚਾਹੁੰਦਾ ਹੈ। ਉਹ ਦੂਰ ਦੇਸ਼ ਦੀ ਸੈਰ ਕਰਨਾ ਚਾਹੁੰਦਾ ਹੈ। ਹਵਾ ਦੀਆਂ ਦੋ ਭੈਣਾਂ, ਹਨੇਰੀ ਤੇ ਤੂਫਾਨ, ਜਿਹਨਾਂ ਨੂੰ ਹਵਾ ਇਕ ਗੁਫਾ ਵਿੱਚ ਬੰਦ ਕਰਕੇ ਰਖਦੀ ਹੈ। ਇੱਕ ਦਿਨ ਦੋਵੇਂ ਆਜ਼ਾਦ ਹੋ ਜਾਂਦੀਆਂ ਹਨ। ਬੱਦਲ ਉਹਨਾਂ ਨੂੰ ਮਿਲਦਾ ਹੈ ਤੇ ਉਹ ਬੱਦਲ ਨੂੰ ਵਰਗਲਾ ਕੇ ਆਪਣੇ ਨਾਲ ਲੈ ਜਾਂਦੀਆਂ ਹਨ। ਤਿੰਨੇ ਜਣੇ ਇੱਕ ਦੂਜੇ ਦਾ ਹੱਥ ਫੜ ਕੇ ਘੁੰਮਦੇ ਹਨ, ਤੇਜ਼, ਤੇਜ਼, ਤੇ ਬੱਦਲ ਵਾਵਰੋਲੇ ਦਾ ਹਿੱਸਾ ਬਣ ਜਾਂਦਾ ਹੈ ਤੇ ਉਹ ਹੋਰ ਉਪਰ ਚਲਾ ਜਾਂਦਾ ਹੈ। ਬੱਦਲ ਨੂੰ ਠੰਢ ਲਗਦੀ ਹੈ ਉਹ ਠੰਢ ਨਾਲ ਜੰਮ ਜਾਂਦਾ ਹੈ। ਤੇ ਫਿਰ ਉਹ ਤੇਜ਼ੀ ਨਾਲ ਹੇਠਾਂ ਡਿੱਗਦਾ ਹੈ। ਹੇਠਾਂ ਆਉਂਦਿਆਂ ਉਹ ਮੀਂਹ ਦੀਆਂ ਬੂੰਦਾਂ ਵਿੱਚ ਵੱਟ ਜਾਂਦਾ ਹੈ। ਮੀਂਹ ਪਹਾੜਾਂ ਉਪਰ ਵੱਸਦਾ ਹੈ ਪਹਾੜਾਂ ਉਪਰੋਂ ਪਾਣੀ ਦਰਿਆਵਾਂ ਵਿੱਚ ਰਲਦਾ ਸਮੁੰਦਰ ਵਿੱਚ ਜਾ ਡਿੱਗਦਾ ਹੈ। ਹਵਾ ਵਿਚਾਰੀ ਆਪਣੇ ਬੱਦਲ ਨੂੰ ਲੱਭਦੀ ਫਿਰਦੀ ਹੈ। ਉਹ ਰੋਜ਼ ਸਮੁੰਦਰ ਚੋਂ ਪਾਣੀ ਉਡਾ ਕੇ ਬੱਦਲ ਬਣਾਉਂਦੀ ਹੈ ਪਰ ਉਸ ਨੂੰ ਆਪਣਾ ਪੁਤਰ ਨਹੀਂ ਲਭ ਰਿਹਾ। ਕਹਾਣੀ ਵਿੱਚ ਸਿਰਜਿਆ ਗਿਆ ਮਿੱਥ ਆਪਣੇ ਆਪ ਵਿੱਚ ਪੂਰਾ ਹੈ। ਵਿਗਿਆਨਕ ਹੈ ਤੇ ਸੱਚ ਦੇ ਨੇੜੇ ਹੈ। ਬੱਚੇ ਵੀ ਆਪਣਾ ਮਿੱਥ ਸਿਰਜਦੇ ਹਨ ਪਰ ਇਹ ਜ਼ਿਆਦਾ ਦੂਰ ਤੱਕ ਨਿਭਦਾ ਨਹੀਂ। ਯਥਾਰਥ ਦੇ ਨੇੜੇ ਜਾਂਦਿਆਂ ਹੀ ਟੁੱਟ ਜਾਂਦਾ ਹੈ। ਪਰ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਮਿੱਥ ਸਿਰਜਣ ਦੀ ਪ੍ਰੀਕ੍ਰਿਆ ਵਿੱਚ ਕਈ ਦੋਸ਼ ਹੈ। ਅਸਲ ਵਿੱਚ ਇਹ ਮਿੱਥ ਹੀ ਬੱਚੇ ਦੇ ਬਚਪਨ ਦਾ ਅਸਲੀ ਖ਼ਜ਼ਾਨਾ ਹੁੰਦਾ ਹੈ ਜੋ ਉਹ ਆਪ ਘੜਦਾ ਹੈ, ਜਿਸ ਦੀ ਮਦਦ ਨਾਲ ਉਹ ਆਪਣੇ ਆਲੇ ਦੁਆਲੇ ਨੂੰ ਸਮਝਣਾ ਚਾਹੁੰਦਾ ਹੈ। ਇਸ ਮਿੱਥ ਦਾ ਉਸਾਰੂ ਪੱਖ ਇਹ ਹੈ ਕਿ ਇਸ ਵਿੱਚੋਂ ਅਸਲੀਅਤ ਦਾ ਚੇਹਰਾ ਮੁਹਰਾ ਝਲਕਦਾ ਹੈ। ਤੁਸੀਂ ਕਿਸੇ ਬੱਚੇ ਦੇ ਕੋਲ ਬੈਠੋ ਤੇ ਉਸ ਨੂੰ ਆਪਣੀਆਂ ਚਿਜ਼ਾਂ ਨਾਲ ਖੇਡਦਿਆਂ ਦੇਖੋ। ਬੱਚੇ ਨੇ ਆਪਣੀ ਪੂਰੀ ਦੁਨਿਆ ਵਸਾ ਰੱਖੀ ਹੁੰਦੀ ਹੈ। ਉਸ ਵਿੱਚ ਉਸ ਦੀ ਆਪਣੀ ਕਲਪਨਾ ਹੈ। ਸਕੂਲ ਜਾਣ ਵਾਲੇ ਬੱਚਿਆਂ ਨੂੰ ਮੈਂ ਬਸਤਿਆਂ ਦੀ ਕਤਾਰ ਬਣਾ ਕੇ ਜਮਾਤ ਸਜਾ ਕੇ ਅਧਿਆਪਕ ਦਾ ਅਨੁਕਰਨ ਕਰਦਿਆਂ ਦੇਖਿਆ ਹੈ। ਉਸ ਦੇ ਖਿਡੌਣੇ ਬੇਜਾਨ ਨਹੀਂ ਹੁੰਦੇ, ਉਸ ਦੀਆਂ ਗੁਡੀਆਂ ਪਟੋਲੇ ਆਪਣੀ ਇੱਕ ਕਹਾਣੀ ਲੈ ਕੇ ਵਿਚਰਦੇ ਹਨ। ਹਰ ਬੱਚੇ ਦੇ ਖਿਡੌਣਿਆਂ ਦੀ ਕਹਾਣੀ ਦੂਜੇ ਬੱਚੇ ਦੇ ਖਿਡੌਣਿਆਂ ਦੀ ਕਹਾਣੀ ਤੋਂ ਵੱਖਰੀ ਹੁੰਦੀ ਹੈ। ਬੱਚਿਆਂ ਨੂੰ ਉਹ ਸਾਹਿਤ ਜ਼ਰੂਰ ਚੰਗਾ ਲੱਗਦਾ ਹੈ, ਜਿਸ ਵਿੱਚ ਬੇਜਾਨ ਚੀਜ਼ਾਂ ਬੋਲਦੀਆਂ ਹਨ। ਉਹਨਾਂ ਨੂੰ ਜ਼ਰੁਰ ਚੰਗਾ ਲੱਗਦਾ ਹੋਵੇਗਾ ਜਦੋਂ ਉਹ ਵੱਡੇ ਲੋਕ (ਬਾਲਗ਼) ਉਹਨਾਂ ਵਾਂਗ ਵਰਤਾਉ ਕਰਦੇ ਹਨ। ਪਰ ਬੱਚਿਆਂ ਦੀ ਦੁਨੀਆ ਵਿੱਚ ਨਿਗ਼ਮ ਨਾਂ ਚੀਜ਼ ਨਹੀਂ ਹੁੰਦੀ। ਉਹ ਇਕ ਸੋਟੀ ਦੀ ਟੇਕ ਨਾਲ ਕਦੇ ਬੁੱਢਾ ਬਾਬਾ ਬਣ ਜਾਂਦਾ ਹੈ ਕਦੇ ਉਹ ਉਸ ਨੂੰ ਆਪਣੀਆਂ ਦੋਵੇਂ ਲੱਤਾਂ ਵਿੱਚ ਫਸਾ ਕੇ ਘੋੜਾ ਬਣਾ ਲੈਂਦਾ ਹੈ, ਕਦੇ ਉਹ ਉਸ ਨੂੰ ਤਲਵਾਰ ਬਣਾ ਲੈਂਦਾ ਹੈ ਤੇ ਕਦੇ ਨੇਜ਼ਾ, ਕਦੇ ਉਸ ਨਾਲ ਉਹ ਅਸਮਾਨ ਵਿੱਚ ਬਦਲ ਘੁੰਮਾਉਣ ਲੱਗਦਾ ਹੈ। ਕਦੇ ਉਹ ਸੋਟੀ ਜ਼ਮੀਨ ਉਪਰ ਹੱਦ ਬੰਦੀ ਦੇ ਕੰਮ ਆਉਂਦੀ ਹੈ। ਸੋਟੀ ਤੇ ਬੱਚੇ ਵਿਚਾਲੇ ਕੋਈ ਨੇਮ ਨਹੀਂ ਹੁੰਦਾ ਤੇ ਇੱਕ ਸੋਟੀ ਨਾਲ ਹੀ ਉਹ ਬਹੁਤ ਅਮੀਰ ਵਿਅਕਤੀ ਹੁੰਦਾ ਹੈ। ਬਾਲ ਸਾਹਿਤ ਵਿੱਚ ਪ੍ਰਚਾਰ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਇਸ ਨੂੰ ਕਿਸੇ ਪ੍ਰਚਾਰ ਲਈ ਵਰਤਣਾ ਚਾਹੀਦਾ ਹੈ। ਇਹ ਬਿਲਕੁਲ ਇਸਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਕਿਸੇ ਅੜੋਣੀ ਨੂੰ ਹੱਲ ਕਰਨ ਦੀ ਪ੍ਰੀਕ੍ਰਿਆ। ਉਸ ਦੇ ਕਈ ਰਸਤੇ ਹੋਣੇ ਚਾਹੀਦੇ ਹਨ ਤੇ ਸਾਰਿਆਂ ਲਈ ਕੋਈ ਨਾ ਕੋਈ ਪਹੁੰਚ ਹੋਣੀ ਚਾਹੀਦੀ ਹੈ। ਹਰ ਪਹੁੰਚ ਪ੍ਰਵਾਨ ਹੋਣੀ ਚਾਹੀਦੀ ਹੈ। ਕੀ ਠੀਕ ਕੀ ਗ਼ਲਤ ਦਾ ਫੈਸਲਾ ਕਹਾਣੀ ਵਿੱਚ ਆਪਣੇ ਆਪ ਹੋਣਾ ਚਾਹੀਦਾ ਹੈ। ਬਾਲ ਸਾਹਿਤ ਨੂੰ ਸਮਾਜਕ ਕਦਰਾਂ ਕੀਮਤਾਂ ਨੂੰ ਸਿਰਜਣ ਦੀ ਬਜਾਏ ਬੱਚਿਆਂ ਅੰਦਰ ਸਾਰਥਕ ਤੇ ਸਿਰਜਨਾਤਮਕ ਰੁਚੀਆਂ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਅਹਿੰਸਾ, ਮਾਰ ਕੁਟਾਈ, ਗਾਲੀ ਗਲੋਚ ਬੱਚਿਆਂ ਦੇ ਮਨ ਭਾਉਂਦੇ ਵਿਸ਼ੇ ਹਨ। ਇਹ ਬਹੁਤਾ ਕਰਕੇ ਵੀ ਚੰਗੇ ਲੱਗਦੇ ਹਨ ਕਿਉਂ ਕਿ ਇਹ ਬੱਚਿਆਂ ਦੇ ਅੰਦਰ ਪਨਪ ਰਹੀ ਨਿਰਾਸ਼ਾ ਜਾਂ ਰੋਹ ਦੇ ਸਿੱਟੇ ਵੱਜੋਂ ਉਠਦੇ ਕੁਦਰਤੀ ਪ੍ਰਤੀਕਰਮ ਨਾਲ ਤਾਲਮੇਲ ਬਿਠਾਉਂਦੇ ਹਨ। ਜੋ ਉਹ ਆਪਣੀ ਅਮਲੀ ਜ਼ਿੰਦਗੀ ਵਿੱਚ ਨਹੀਂ ਕਰ ਸਕਦੇ ਉਹ ਆਪਣੇ ਸਾਹਮਣੇ ਕਿਸੇ ਕਹਾਣੀ ਵਿੱਚ ਹੁੰਦਾ ਦੇਖਦੇ ਹਨ ਤਾਂ ਉਹਨਾਂ ਅਮਦਰ ਇੱਕ ਸੁਖਦ ਅਹਿਸਾਸ ਦਾ ਸੰਚਾਰ ਹੁੰਦਾ ਹੈ। ਉਹ ਤਨਾਅ ਮੁਕਤ ਮਹਿਸੂਸ ਕਰਦੇ ਹਨ। ਤੇ ਇਸ ਨੂੰ ਬਾਰ ਬਰ ਦੁਹਰਾਉਣਾ ਵੀ ਚਾਹੁੰਦੇ ਹਨ। ਸਾਹਿਤ ਉਪਰ ਇੱਕ ਭਾਂਜ ਵਾਦੀ ਰੁਚੀ ਪੈਦਾ ਕਰਨ ਦਾ ਇਲਜ਼ਾਮ ਲੱਗਦਾ ਹੈ। ਕਿਤਾਬਾਂ ਜਿੱਥੇ ਰੋਚਕਤਾ ਪੈਦਾ ਕਰਦੀਆਂ ਹਨ ਤੇ ਮਨ-ਪ੍ਰਚਾਵੇ ਦਾ ਵੱਡਾ ਸਾਧਨ ਸਮਝੀਆਂ ਜਾਂਦੀਆਂ ਹਨ ਉੱਥੇ ਜ਼ਿੰਦਗੀ ਦੇ ਮਸਲਿਆਂ ਤੋਂ ਹਾਰੇ ਹੋਏ ਤੇ ਭੱਜੇ ਹੋਏ ਲੋਕਾਂ ਲਈ ਸਮਾਂ ਬਤੀਤ ਕਰਨ ਵਿੱਚ ਸਹਾਈ ਹੁੰਦੀਆਂ ਹਨ। ਇਹ ਕਿਤਾਬਾਂ ਦਾ ਨੈਗੇਟਿਵ ਪਹਿਲੂ ਹੈ। ਅਸਲ ਵਿੱਚ ਜ਼ਿੰਦਗੀ ਦੇ ਮਸਲਿਆਂ ਨਾਲ ਜੂਝਦੇ ਹੋਏ ਲੋਕ ਜੇ ਮਸਲਿਆਂ ਦੇ ਹੱਲ ਲੱਭਣ ਲਈ ਤਤਪਰ ਰਹਿਣ ਤਾਂ ਉਹ ਸਫ਼ਲ ਸਮਝੇ ਜਾਂਦੇ ਹਨ ਪਰ ਜੇ ਉਹ ਮਸਲਿਆਂ ਦਾ ਹਲ ਲਭਣ ਦੀ ਬਜਾਏ ਨਾਲ ਜੂਝਦੇ ਨਜ਼ਰ ਆਉਣ ਤਾਂ ਉਹ ਬਚਿਆਂ ਦੇ ਮਨ ਉਪਰ ਵਧੇਰੇ ਚੰਗਾ ਅਸਰ ਛੱਡ ਸਕਦੇ ਹਨ। ਬਾਲ ਸਾਹਿਤ ਦੀਆਂ ਪੁਸਤਕਾਂ ਆਮ ਸਾਹਿਤ ਨਾਲੋਂ ਚੰਗੀਆਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਦੀ ਦਿਖ ਤੇ ਬਣਤਰ ਦੇ ਰੂਪਕ ਪੱਖ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਇਸ ਵਿੱਚ ਦੋ ਵਿਧੀਆਂ ਦੀ ਵਰਤੋਂ ਹੋ ਸਕਦੀ ਹੈ। ਪਹਿਲੀ ਵਿਧੀ ਵਿੱਚ ਕਹਾਣੀ ਇਸ ਤਰ੍ਹਾਂ ਪੇਸ਼ ਕੀਤੀ ਜਾਵੇ ਕਿ ਬੱਚਿਆਂ ਨੂੰ ਉਸ ਚੋਂ ਆਨੰਦ ਤੇ ਮਜ਼ੇ ਦੇ ਨਾਲ ਨਾਲ ਕੁਝ ਨਾ ਕੁਝ ਸਿਖਣ ਲਈ ਵੀ ਮਿਲੇ। ਮਸਲਨ ਸਮੁੰਦਰ ਤੇ ਪਹਾੜ ਦੇ ਖੇਤਰ ਦਾ ਚਿਤਰਨ ਬੱਚਿਆਂ ਲਈ ਹਮੇਸ਼ਾ ਦਿਲਚਸਪੀ ਦਾ ਕਾਰਨ ਰਿਹਾ ਹੈ। ਪਹਾੜਾਂ ਉਪਰ ਰਹਿਣ ਵਾਲੇ ਬਚਿਆਂ ਨੂੰ ਸਮੁੰਦਰ ਤੇ ਮੱਛੀਆਂ ਬਾਰੇ ਜਾਣਨਾ ਚੰਗਾ ਲਗੇਗਾ ਕਿਉਂ ਜੁ ਇਸ ਚੀਜ਼ ਦਾ ਉਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਘਾਟ ਰਹੀ ਹੈ। ਦੂਸਰਾ ਸਮੁੰਦਰ ਦੇ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਨੇ ਕਦੇ ਪਹਾੜ ਤੇ ਦਰਿਆ ਨਹੀਂ ਦੇਖੇ ਹੁੰਦੇ ਸੋ ਉਹ ਇਹਨਾਂ ਬਾਰੇ ਜਾਣਨਾ ਚਾਹੁੰਦੇ ਹਨ। ਦੂਸਰੀ ਵਿਧੀ ਕੁਝ ਅਜਿਹੇ ਤਰੀਕੇ ਨਾਲ ਕਹਾਣੀ ਪੇਸ਼ ਕਰਨ ਦੀ ਵਿਧੀ ਹੈ ਜਿਸ ਵਿੱਚ ਕੁਝ ਫੈਸਲੇ ਕਰਨ ਦਾ ਹੱਕ ਬਚਿਆਂ ਕੋਲ ਰਹਿਣਾ ਚਾਹੀਦਾ ਹੈ। ਅੱਗੇ ਕੀ ਹੋਵੇਗਾ ਇਹ ਫੈਸਲਾ ਕਰਨ ਦਾ ਹੱਕ ਬਚਿਆਂ ਨੂੰ ਦੇਣਾ ਚਾਹੀਦਾ ਹੈ। ਭਾਸਾ ਚਾਹੇ ਕੋਈ ਵੀ ਹੋਵੇ ਬੱਚਿਆਂ ਬਾਰੇ ਲਿਖਣ ਵਿੱਚ ਬਹੁਤ ਤਰਤੀਬ ਨਾਲ ਸੁਧਾਈ ਤੇ ਸਿਧਾਈ ਦੀ ਲੋੜ ਹੈ। ਚੰਗਾ ਹੋਵੇ ਜੇ ਲੇਖਕ ਮਿਲ ਬੈਠ ਕੇ ਕੋਈ ਸਾਂਝਾ ਉਦਮ ਸ਼ੁਰੂ ਕਰਨ। |
Monday, July 4, 2011
Subscribe to:
Post Comments (Atom)
No comments:
Post a Comment