Monday, November 8, 2010


ਜੀਣਾ

ਗੁਰਦੀਪ ਸਿੰਘ ਭਮਰਾ
ਮੈਂ ਜਿਉਂਦਾ ਸਾਂ
ਜਦੋਂ ਮੇਰੇ ਕੋਲ ਪੈਰਾਂ ਲਈ ਜ਼ਮੀਨ
ਸਿਰ ਤੇ ਛਾਂ
ਅਤੇ ਆਪਣਾ ਨਾਂ ਨਹੀਂ ਸੀ।
ਮੈਂ ਉਦੋਂ ਵੀ ਜਿਉਂਦਾ ਸਾਂ
ਜਦੋਂ ਹਵਾਵਾਂ ਮੂੰਹ-ਜ਼ੋਰ ਸਨ
ਮੇਰੇ ਹਿੱਸੇ ਦਾ ਸਾਰਾ ਪਾਣੀ
ਮ੍ਰਿਗ ਤ੍ਰਿਸ਼ਨਾ ਵਾਂਗ
ਰੇਤਲੇ ਥਲਾਂ ਵਿੱਚ ਘੁੰਮ ਰਿਹਾ ਸੀ
ਤੇ ਮੈਂ ਵੀ
ਅੰਨ੍ਹੇ ਹਿਰਨਾਂ ਦਾ ਸ਼ਿਕਾਰੀ
ਮ੍ਰਿਗ ਤ੍ਰਿਸ਼ਨਾ ਨੂੰ ਆਪਣੇ ਤੀਰਾਂ ਨਾਲ ਵਿੰਨ੍ਹਦਾ
ਅੱਥਰੇ ਘੋੜੇ ਉਪਰ ਬੈਠ
ਧੂੜਾਂ ਪੁੱਟਦਾ ਰਿਹਾ
ਆਪਣੇ ਲਈ ਰਾਹ ਬਣਾਉਂਦਾ ਰਿਹਾ
ਰਾਹ ਬਣਦੇ ਰਹੇ
ਧੂੜ ਉੱਡਦੀ ਰਹੀ
ਤੇ ਉੱਡ ਕੇ ਮੁੜ ਰਾਹਵਾਂ ਵਿੱਚ ਹੀ ਬੈਠ ਗਈ
ਜਦੋਂ ਸੱਭ ਟਿਕਟਿਕਾ ਹੋਇਆ
ਤਾਂ ਪਰੀਆਂ ਦਾ ਜਾਦੂ ਖਤਮ ਹੋ ਗਿਆ ਸੀ
ਨਾ ਰਾਹ ਸਨ ਨਾ ਪੈੜ ਸੀ
ਨਾ ਮ੍ਰਿਗ ਤ੍ਰਿਸ਼ਨਾ ਸੀ
ਨਾ ਅਕਲ ਦੇ ਤੀਰ
ਤੇ ਹੋ ਘੋੜਾ ਸੀ
ਉਹ ਕਾਠ ਦਾ ਸੀ
ਜਿੱਥੇ ਬੈਠਾ ਸੀ
ਬੱਸ ਬੈਠਾ ਹੀ ਰਿਹਾ
ਮੈਂ ਇੱਕਲਾ
ਮਾਰੂਥਲ ਵਿਚ ਘਿਰ ਗਿਆ ਸਾਂ
ਕੁਝ ਕੰਡਿਆਲੀਆਂ ਝਾੜੀਆਂ ਤੋਂ ਬਿਨਾਂ
ਮੇਰੇ ਹਿੱਸੇ ਕੁਝ ਨਹੀ ਆਇਆ
ਮੈਂ ਫਿਰ ਵੀ ਜਿਉਂਦਾ ਸਾਂ।

ਹੁਣ ਸਿਰ ਤੇ ਛਾਂ ਵੀ ਹੈ
ਰਵਾਜ਼ਾ ਤੇ ਇੱਕ ਨਾਂ ਵੀ ਹੈ
ਦਹਿਲੀਜ਼ ਹੈ
ਦਹਿਲੀਜ਼ ਅੰਦਰ
ਇੱਕ ਥਾਂ ਵੀ ਹੈ
ਪਰ ਹੁਣ ਮੈਂ
ਬੱਸ ਜੀਣ ਦਾ ਨਾਟਕ ਕਰਦਾ ਹਾਂ ਤੇ
ਰੰਗ ਮੰਚ ਦੀਆਂ ਪੁਤਲੀਆਂ ਵਾਂਗ
ਆਪਣੇ ਹਿੱਸੇ ਦੇ ਪਾਤਰ ਦੇ ਖਤਮ ਹੋਣ ਦੀ
ਉਡੀਕ ਕਰਦਾ ਹਾਂ।

No comments:

Post a Comment