Tuesday, November 23, 2010

ਗੁਰਦੀਪ ਸਿੰਘ ਭਮਰਾ

ਚੁੱਪ ਬੜੀ ਭਾਵਕ ਹੈ,
ਵਿਚਾਰੀ ਬੋਲ ਨਹੀਂ ਸਕਦੀ
ਬੇਜ਼ੁਬਾਨ ਹੈ
ਇੱਕਲੀ ਖੜੀ ਹੈ
ਚੁੱਪ ਦੇਖਦੀ ਹੈ
ਚੁੱਪ ਸੋਚਦੀ ਹੈ
ਸੁਣਦੀ ਹੈ
ਮਹਿਸੂਸ ਕਰਦੀ ਹੈ
ਬੜੀ ਭਾਵਕ ਹੈ
ਵਿਚਾਰੀ ਬੋਲ ਨਹੀਂ ਸਕਦੀ

ਸ਼ਾਇਦ ਸਮੇਂ ਨੇ ਸਾਜ਼ਿਸ਼ ਘੜੀ ਹੈ
ਇਸ ਦੇ ਖਿਲਾਫ਼

ਤੇ ਜਾਂ ਵਿਚਾਰ ਸਰਾਪ ਗਈ ਹੈ
ਚੁੱਪ ਅਹਿਲ ਖੜੀ ਹੈ
ਖਾਮੋਸ਼ ਸ਼ਾਂਤ ਸਮੁੰਦਰ ਦੇ ਵਾਂਗ
ਸੱਭ ਕੁਝ
ਵਕਤ ਦਾ ਜਰ ਰਹੀ ਹੈ
ਆਪਣੀ ਹਿੱਕ 'ਤੇ
ਫਿਰ ਵੀ ਕੋਈ ਹੌਕਾ ਨਹੀਂ
ਕੋਈ ਸਦਮਾ ਨਹੀਂ
ਇਸ ਦੇ ਅੰਦਰ ਤਾਂ
ਤੂਫਾਨ ਹਨ
ਅਰਸ਼ ਕੰਬਾ ਦੇਣ ਵਾਲੇ

ਇਤਿਹਾਸ ਝੰਜੋੜ ਦੇਣ ਵਾਲੇ
ਪਰ ਇਹ ਸੱਬ ਕੁਝ ਸਾਂਭ ਕੇ ਖਲੋਤੀ ਹੈ
ਬੜੀ ਭਾਵਕ ਹੈ

ਸਭ ਕੁਝ ਦੇਖਦੀ ਹੈ
ਤੇ ਸੋਚਦੀ ਹੈ
ਕਿ

ਉਹ ਕਿਉਂ ਸ਼ੋਰ ਨਹੀਂ ਬਣ ਜਾਂਦੀ
ਅਵਾਜ਼ਾਂ ਦਾ
ਲੋਕਾਂ ਦਾ
ਰੂਹਾਂ ਦਾ
ਤੇ ਸੱਭ ਕੁਝ ਝੰਜੋੜ ਕੇ ਸੁੱਟ ਦੇਂਦੀ
ਸਮਿਆਂ ਦਾ,

ਇਤਿਹਾਸ ਦਾ
ਚੁੱਪ ਬੜੀ ਭਾਵਕ ਹੈ
ਚੁੱਪ ਸੱਭ ਕੁਝ ਸੋਚਦੀ ਹੈ

ਚੁੱਪ ਸੱਭ ਕੁਝ ਦੇਖ਼ਦੀ ਹੈ
ਪਰ ਬੋਲ ਨਹੀਂ ਸਕਦੀ।
ਚੁੱਪ ਬੜੀ ਭਾਵਕ ਹੈ।
----

 

No comments:

Post a Comment