Monday, November 8, 2010


ਗੁਰਦੀਪ ਸਿੰਘ
ਸੰਦਲੀ ਹੱਥਾਂ ਵਾਲਿਓ!
ਤੁਹਾਡੇ ਹੱਥਾਂ ਦੇ ਲਈ ਖੈਰ ਲਿਖਾਂ
ਤੁਹਾਡੇ ਪੈਰਾਂ ਲਈ ਕੋਈ ਰਾਹ ਲਿਖਾਂ
ਤੁਹਾਡੇ ਰਾਹਵਾਂ ਕੋਈ ਪੈੜ ਲਿਖਾਂ।
ਤੁਹਾਡੇ ਹੋਠਾਂ ਦੇ ਲਈ ਸ਼ਬਦ ਲਿਖਾਂ
ਤੇ ਸ਼ਬਦਾਂ ਦੇ ਲਈ ਗੀਤ ਲਿਖਾਂ
ਤੁਹਾਡੇ ਸੀਨੇ ਦੇ ਲਈ ਪੀੜ ਲਿਖਾਂ
ਤੇ ਪੀੜਾਂ ਲਈ ਪ੍ਰੀਤ ਲਿਖਾਂ।
ਤੁਹਾਡੇ ਦੇਖਣ ਲਈ ਮੈਂ ਅੱਖ ਦਿਆਂ
ਇੱਕ ਨਜ਼ਰ ਨਜ਼ਰੀਆ ਵੱਖ ਦਿਆਂ
ਫਿਰ ਦੇਸ਼ ਤੁਹਾਡੇ ਪੈਰਾਂ ਸਾਹਵੇਂ
ਦੂਰ ਦੂਰ ਰੱਖ ਰੱਖ ਦਿਆਂ।
ਉਹ ਦੇਸ਼ ਕਿ ਜਿਸਦੇ ਜਾਏ ਹੋ
ਜਿਹਦੇ ਸਾਹਵਾਂ ਨੂੰ ਪਰਨਾਏ ਹੋ
ਉਹ ਦੇਸ਼ ਕਿ ਜਿੱਥੇ ਪਿਆਰ ਦੀਆਂ
ਪੀਘਾਂ ਵਿੱਚ ਗੋਰੀ ਬਹਿੰਦੀ ਹੈ।
ਜਦ ਪੀਂਘ ਹੁਲਾਰੇ ਲੈਂਦੀ ਹੈ
ਉਹਦੀ ਝਾਂਜਰ ਮੁੜ ਮੁੜ ਕਹਿੰਦੀ ਹੈ
ਕੁਝ ਰੀਝਾਂ ਦਾ ਕੁਝ ਚਾਵਾਂ ਦਾ
ਕੁਝ ਰਾਹਵਾਂ ਦਾ ਨਾਂ ਲੈਂਦੀ ਹੈ।
ਉਹ ਦੇਸ਼ ਕਿ ਜਿਸ ਦੀ ਮਿੱਟੀ ਵਿੱਚ
ਇਕ ਬਾਲ ਅੰਞਾਣਾ ਪਲਦਾ ਹੈ
ਜਿਹਦੇ ਨਿੱਕੇ ਨਿੱਕੇ ਪੈਰਾਂ ਲਈ
ਹਰ ਰਸਤਾ ਜਾ ਰਾਹ ਮੱਲਦਾ ਹੈ।
ਉਹ ਬਾਲ ਕਿ ਜਿਸ ਦੇ ਕਦਮਾਂ ਦਾ
ਮੂਹਰੇ ਸੱਭ ਦੁਨੀਆਂ ਖੁੱਲ੍ਹੀ ਹੈ
ਉਸ ਬਾਲ ਦੀਆਂ ਮੁਸਕਾਨਾਂ ਤੇ
ਸੱਭ ਚਾਵਾਂ ਉਪਰ ਡੁੱਲ੍ਹੀ ਹੈ।
ਉਸ ਦੇਸ਼ ਦੁਆਲੇ ਦੇਖ ਜ਼ਰਾ
ਕਿੰਜ ਬਾਜ਼ ਸ਼ਿਕਾਰੀ ਆ ਗਏ ਨੇ
ਕੁਝ ਖੰਭਾਂ ਦਾ ਕੁਝ ਚੁੰਝਾਂ ਦਾ
ਕੁਝ ਰੰਗਾਂ ਦਾ ਮੁੱਲ ਲਾ ਗਏ ਨੇ।
ਕੁਝ ਰਾਜੇ ਦਾ ਕੁਝ ਮਹਿਲਾਂ ਦਾ
ਕੁਝ ਰਾਣੀ ਦਾ ਮੁੱਲ ਲਾ ਗਏ ਨੇ
ਕੁਝ ਮਿੱਟੀ ਦਾ ਕੁਝ ਪੌਣਾਂ ਦਾ
ਕੁਝ ਪਾਣੀ ਦਾ ਮੁੱਲ ਲਾ ਗਏ ਨੇ।
ਕੁਝ ਬੂਹੇ ਦਾ ਕੁਝ ਬਾਰੀ ਅਤੇ
ਬਨੇਰੇ ਦਾ ਮੁੱਲ ਲਾ ਗਏ ਨੇ
ਕੁਝ ਦੀਵੇ ਦਾ ਕੁਝ ਬੱਤੀ ਦਾ
ਕੁਝ ਹਨੇਰੇ ਦਾ ਮੁੱਲ ਲਾ ਗਏ ਨੇ।
ਕੁਝ ਬੋਲੀ ਦਾ ਕੁਝ ਟੋਲੀ ਦਾ
ਕੁਝ ਗੋਲੀ ਦਾ ਮੁੱਲ ਲਾ ਗਏ ਨੇ
ਕੁਝ ਗੋਰੀ ਦਾ ਕੁਝ ਬੋਰੀ ਦਾ
ਕੁਝ ਡੋਲੀ ਦਾ ਮੁੱਲ ਲਾ ਗਏ ਨੇ।
ਕੁਝ ਬਾਹਵਾਂ ਦਾ ਕੁਝ ਸਾਹਵਾਂ ਦਾ
ਕੁਝ ਰਾਹਵਾਂ ਦਾ ਮੁੱਲ ਲਾ ਗਏ ਨੇ
ਕੁਝ ਥਾਂਵਾਂ ਦਾ ਕੁਝ ਨਾਵਾਂ ਦਾ
ਕੁਝ ਮਾਂਵਾਂ ਦਾ ਮੁੱਲ ਲਾ ਗਏ ਨੇ।
ਇਹ ਵਸਤ ਬਣੀ ਹੈ ਮੰਡੀ ਦੀ
ਕੁੱਲ ਦੁਨੀਆ ਇਸ ਦੀ ਗਾਹਕ ਬਣੀ
ਤੂੰ ਰੋਕ ਸਕੇਂ ਤਾਂ ਰੋਕ ਲਵੀਂ
ਹਰ ਬੋਲੀ ਨੂੰ ਹਰ ਗੋਲੀ ਨੂੰ।
ਇਹ ਦੇਸ਼ ਅਵਾਜ਼ਾਂ ਮਾਰ ਰਿਹਾ
ਵੰਗਾਰ ਰਿਹਾ ਲਲਕਾਰ ਰਿਹਾ
ਇਹ ਦੇਸ਼ ਅਵਾਜ਼ਾਂ ਮਾਰ ਰਿਹਾ।

No comments:

Post a Comment