Tuesday, November 30, 2010

ਸੰਵਾਦ

ਸੰਵਾਦ

ਮੈਨੂੰ ਦਰਵਾਜ਼ੇ ਵਿੱਚ ਖੜਾ ਤੱਕ ਕੇ
ਉਹ ਰੁਕੀ
ਤੇ ਬੋਲੀ
ਕਿਸ ਦੀ ਉਡੀਕ ਕਰ ਰਿਹਾਂ
ਕੌਣ ਹੈ ਜਿਸ ਲਈ ਤੂੰ ਬੂਹਾ ਖੋਲ੍ਹ ਕੇ ਰਖਿਆ ਹੈ
ਮੈਂ ਉਸ ਵੱਲ ਦੇਖਦਾ ਹੀ ਰਹਿ ਗਿਆ,
ਮੈਂ ਉਸ ਦੇ ਪੈਰਾਂ ਵੱਲ ਦੇਖਿਆ
ਉਸ ਉਤਰੇ ਹੋਏ ਚਿਹਰੇ ਵੱਲ ਦੇਖਿਆ
ਉਸ ਦੇ ਉੱਡੇ ਵਾਲਾਂ ਵੱਲ ਦੇਖਿਆ
ਉਹ ਆਪਣੇ ਪਿਛੇ ਇੱਕ ਪੈੜ ਛੱਡ ਆਈ ਸੀ
ਜੋ ਹੁਣ ਹੌਲੀ ਹੌਲੀ ਹਨੇਰੇ ਵਿੱਚ
ਅਦ੍ਰਿਸ਼ ਹੁੰਦੀ ਜਾ ਰਹੀ ਸੀ।
ਤੂੰ ਚਾਨਣ ਹੈਂ ਜਾਂ ਹਵਾ?
ਮੈਂ ਪੁੱਛਿਆ
ਉਹ ਮੇਰੀ ਗੱਲ ਸੁਣ ਕੇ ਪਹਿਲਾਂ ਝਿਜਕੀ
ਫੇਰ ਖੁਲ੍ਹ ਕੇ ਹੱਸੀ
ਮੈਂ ਹਵਾ ਵੀ ਹਾਂ ਚਾਣਨ ਵੀ
ਮੈਂ ਧੁੱਪ ਵੀ ਹਾਂ ਤੇ ਛਾਂ ਵੀ
ਮੈਂ ਚੁੱਪ ਵੀ ਹਾਂ ਤੇ ਸ਼ੋਰ ਵੀ
ਮੈਂ ਹੰਝੂ ਵੀ ਹਾਂ ਤੇ ਹਾਸਾ ਵੀ
ਮੈਂ ਝਿੜਕ ਵੀ ਹਾਂ ਤੇ ਦਿਲਾਸਾ ਵੀ
ਕੀ ਬੁਝਾਰਤਾਂ ਪਾ ਰਹੀ ਹੈ
ਮੈਂ ਕਿਹਾ
ਉਹ ਬੋਲੀ
ਮੈਂ ਤਾਂ ਬਹਾਰ ਦੀ ਰੁਤ ਹਾਂ ਜੋ ਸਦੀਆ ਬਾਅਦ ਪਰਤਦੀ ਹੈ
ਮੈਨੂੰ ਅੰਦਰ ਆਉਣ ਲਈ ਨਹੀਂ ਕਹੋਗੇ?
ਮੈਂ ਕਿਹਾ
ਮੈਂ ਤਾਂ ਇਕੱਲਾ ਹਾਂ
ਮੇਰੇ ਘਰ ਵਿੱਚ ਹਨੇਰਾ ਹੈ
ਮੇਰੇ ਘਰ ਵਿੱਚ ਨਾ ਕੋਈ ਕੁਰਸੀ ਨਾ ਵਿਹੜਾ
ਨਾ ਚਰਖਾ ਨਾ ਪੀੜ੍ਹਾ
ਉਸ ਨੇ ਕਿਹਾ
ਦੇਖੀਂ ਕਿਤੇ ਤੂੰ ਮੈਨੂੰ ਹੀ ਤਾਂ ਨਹੀਂ ਉਡੀਕ ਰਿਹਾ?
ਮੈਂ ਚੁੱਪ ਰਿਹਾ

ਮੈਂ ਭਾਵਕ ਹੋ ਕੇ ਵੀ ਬੋਲ ਨਾ ਸਕਿਆ।
ਉਹ ਜਾ ਰਹੀ ਹੈ
ਹੌਲੀ ਹੌਲੀ
ਮੈਂ ਉਸ ਨੂੰ ਦੂਰ ਹੁੰਦੀ ਦੇਖ ਰਿਹਾ ਹਾਂ
ਹਨੇਰਾ ਹੋਰ ਗਾੜ੍ਹਾ ਹੋ ਰਿਹਾ ਹੈ।
ਮੈ ਉਸ ਨੂੰ ਅਵਾਜ਼ ਦੇਵਾਂ
ਮੇਰੀ ਅਵਾਜ਼ ਹਨੇਰੇ ਵਿੱਚ ਗਵਾਚ ਰਹੀ ਹੈ।
ਕੋਈ ਮੇਰਾ ਗਲਾ ਘੁੱਟ ਰਿਹਾ ਹੈ।
ਮੈਂ ਆਪਣੇ ਆਪ ਨੂੰ ਵੀ ਸੁਣ ਨਹੀਂ ਸਕਦਾ।

No comments:

Post a Comment