ਕੁੜੀਆਂ ਦੇ ਕਾਲਜਾਂ ਦਾ ਹਾਲ
ਅਸੀਂ ਬੱਚਿਆਂ ਨੂੰ ਸਕੂਲ ਕਿਉਂ ਭੇਜਦੇ ਹਾਂ?
ਸਿਰਫ ਕਿਤਾਬਾਂ ਰਟਣ ਲਈ ਜਾਂ ਕੁਝ ਸਵਾਲਾਂ ਨੂੰ
ਯਾਦ ਕਰਕੇ ਉਹਨਾਂ ਨੂੰ ਪ੍ਰੀਖਿਆ ਪੱਤਰਾਂ ਵਿੱਚ ਲਿਖ ਕੇ ਡਿਗਰੀਆਂ ਲੈਣ ਲਈ। ਕਾਲਜਾਂ ਵਿੱਚ ਜੇ
ਅਧਿਆਪਕ ਸਮਝਣ ਕਿ ਕਲਾਸ ਰੂਮ ਵਿੱਚ ਖੜੇ ਹੋ ਕੇ ਸਿਲੇਬਸ ਖਤਮ ਕਰ ਦੇਣ ਨਾਲ ਉਹ ਆਪਣੇ ਫਰਜ਼ ਤੋਂ
ਮੁਕਤ ਹੋ ਗਏ ਹਨ ਤਾਂ ਸ਼ਾਇਦ ਇਹ ਉਹਨਾਂ ਦੀ ਵੱਡੀ ਭੁੱਲ ਹੋਵੇਗੀ।
ਅਕਸਰ ਕਾਲਜ ਦੀ ਸਟੇਜ ਤੋਂ ਬੋਲਦਿਆਂ ਤੁਸੀਂ
ਕਿਸੇ ਵੀ ਪ੍ਰਿੰਸੀਪਲ ਨੂੰ ਸੁਣਿਆ ਹੋਵੇਗਾ, ਉਹ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਹਨ। ਚੂੰਕਿ ਮੈਂ
ਇਹ ਲਿਖਤ ਸਿਰਫ ਕੁੜੀਆਂ ਦੇ ਕਾਲਜਾਂ ਤੱਕ ਹੀ ਸੀਮਤ ਰੱਖਣੀ ਹੈ ਸੋ ਮੈਂ ਆਪਣੀ ਭਾਸ਼ਾ ਨੂੰ ਵੀ ਉਸੇ
ਅਨੁਸਾਰ ਢਾਲ ਕੇ ਲਿਖ ਰਿਹਾ ਹਾਂ। ਇਸ ਨੂੰ ਇਸ ਲੇਖ ਤੇ ਵਿਸ਼ੇ ਦੀ ਮਜ਼ਬੂਰੀ ਸਮਝਣਾ। ਉਹ ਆਪਣੇ
ਭਾਸ਼ਣਾਂ ਵਿੱਚ ਸ਼ਖਸੀਅਤ ਦੇ ਸਰਬ ਪੱਖੀ ਵਿਕਾਸ ਦੀ ਗੱਲ ਕਰਦੀਆਂ ਸੁਣੀਆਂ ਜਾ ਸਕਦੀਆਂ ਹਨ। ਇਸ ਸਰਬ
ਪੱਖੀ ਵਿਕਾਸ ਵਿੱਚ ਸੱਭ ਕੁਝ ਆਉਂਦਾ ਹੈ, ਸਰੀਰਕ ਵਿਕਾਸ, ਮਾਨਸਿਕ ਵਿਕਾਸ ਤੇ ਬੌਧਿਕ ਵਿਕਾਸ ਪਰ ਜੇ
ਨਹੀਂ ਆਉਂਦਾ ਤਾਂ ਉਹ ਹੈ ਤਹਜ਼ੀਬ ਦਾ ਵਿਕਾਸ।
ਤਹਿਜ਼ੀਬ ਦੀ ਪੜ੍ਹਾਈ ਕਿਤੇ ਨਹੀਂ ਕਰਾਈ ਜਾਂਦੀ।
ਬੱਚਿਆਂ ਨੂੰ ਇਹ ਤਾਂ ਸਿਖਾਇਆ ਜਾਂਦਾ ਹੋਵੇਗਾ ਕਿ ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਕੀ ਕੀ ਹਨ
ਪਰ ਇਹ ਕਦੇ ਵੀ ਨਹੀਂ ਦਸਿਆ ਜਾਂਦਾ ਕਿ ਉਹਨਾਂ ਦੇ ਅੰਦਰ ਕਿਹੀ ਵਿਲਖਣ ਸ਼ਕਤੀ ਭਰੀ ਹੋਈ ਹੈ। ਭਰੀ
ਜਮਾਤ ਵਿੱਚ ਊਟ ਪਟਾਂਗ ਬੋਲਿਆ ਜਾ ਸਕਦਾ ਹੈ ਤੇ ਸੁਣਿਆ ਵੀ ਜਾ ਸਕਦਾ ਹੈ ਤੇ ਇਕ ਮੁਸਕਰਾਹਟ ਨਾਲ
ਟਾਲਿਆ ਵੀ ਜਾ ਸਕਦਾ ਹੈ ਪਰ ਸੰਜੀਦਾ ਗੱਲਬਾਤ ਲਈ ਕੋਈ ਵੀ ਤਿਆਰ ਨਹੀਂ ਹੁੰਦਾ। ਸੰਜੀਦਾ ਗੱਲ ਜੇ
ਕੋਈ ਵਿਦਿਆਰਥੀ ਕਰਨੀ ਵੀ ਚਾਹੇ ਤਾਂ ਕੋਈ ਉਸ ਨੂੰ ਇਸ ਦੀ ਇਜ਼ਾਜ਼ਤ ਨਹੀਂ ਦਿੰਦਾ।
ਕਾਲਜ ਵਿੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ, ਵੱਡਿਆਂ
ਸਾਹਮਣੇ ਨਾ ਬੋਲੋ, ਫਾਲਤੂ ਸਵਾਲ ਨਾ ਕਰੋ, ਕਤਾਰ ਵਿੱਚ ਆਓ, ਸਿਸਟਮ ਦੀ ਵਿਰੋਧਤਾ ਨਾ ਕਰੋ ਚਾਹੇ
ਉਹ ਕਿੰਨਾ ਵੀ ਗ਼ਲਤ ਕਿਉਂ ਨਾ ਹੋਵੇ। ਆਪਣੇ ਵਾਸਤੇ ਕੋਈ ਮੰਗ ਨਾ ਕਰੋ। ਕਿਸੇ ਅਧਿਆਪਕ ਦੀਆਂ ਅੱਖਾਂ
ਵਿੱਚ ਅੱਖਾਂ ਪਾ ਕੇ ਸਵਾਲ ਨਾ ਕਰੋ। ਉਸ ਦੇ ਕਿਸੇ ਵੀ ਫੈਸਲੇ ਉਪਰ ਉਂਗਲ ਨਾ ਰੱਖੋ। ਸਿਰ ਝੁਕਾ ਕੇ
ਚੱਲੋ। ਅੱਖਾਂ ਨੀਵੀਆਂ ਰੱਖੋ। ਹਮੇਸ਼ਾ ਆਦਰ ਨਾਲ ਪੇਸ਼ ਆਵੋ, ਤੇ ਸਿਰਫ਼ ਇਸ ਤਰਹਾਂ ਹੀ ਸੋਚੋ ਕਿ
ਉਹਨਾਂ ਦੇ ਸਾਹਮਣੇ ਵਾਲਾ ਉਮਰ ਵਿੱਚ ਵੱਡਾ ਹੈ, ਸਿਆਣਾ ਹੈ ਤੇ ਉਸ ਦੀ ਹਰ ਗੱਲ ਮੰਨਣਾ ਉਹਨਾਂ ਦਾ
ਫਰਜ਼ ਹੈ।
ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜੁਰਮਾਨਾ ਹੋ
ਸਕਦਾ ਹੈ, ਨੰਬਰ ਘੱਟ ਮਿਲਦੇ ਹਨ, ਕਿਸੇ ਪ੍ਰੀਖਿਆ ਵਿੱਚ ਅਯੋਗ ਕੀਤੇ ਜਾ ਸਕਦੇ ਹੋ। ਤੁਹਾਡੇ ਬਾਰੇ
ਮਾੜੀ ਰਿਪੋਰਟ ਦਿਤੀ ਜਾ ਸਕਦੀ ਹੈ। ਮਾਂ ਬਾਪ ਨੂੰ ਬੁਲਾ ਕੇ ਉਹਨਾਂ ਸਾਹਮਣੇ ਤੁਹਾਡੀ ਇੱਜ਼ਤ ਦਿਆਂ
ਧੱਜੀਆਂ ਉਡਾਈਆਂ ਜਾ ਸਕਦੀਆਂ ਹਨ। ਤੁਹਾਨੂੰ ਕਾਲਜ ਵਿੱਚ ਬਦਨਾਮ ਕੀਤਾ ਜਾ ਸਕਦਾ ਹੈ। ਕਸੂਰ,
ਤੁਸੀਂ ਸਵੈ ਮਾਨ ਨਾਲ ਤੁਰਨਾ ਸਿਖ ਲਿਆ ਹੈ। ਕੁੜੀਆਂ ਦਾ ਸਵੈਮਾਨ ਨਾਲ ਕੋਈ ਸਬੰਧ ਨਹੀਂ ਹੋਣਾ
ਚਾਹੀਦਾ। ਜੇ ਕਿਸੇ ਕੁੜੀ ਨੇ ਕੁਝ ਅਜਿਹਾ ਕਰ ਲਿਆ ਤਾਂ ਉਸ ਨੂੰ ਬਾਗ਼ੀ ਕਰਾਰ ਦੇ ਦਿੱਤਾ ਜਾਂਦਾ ਹੈ
ਤੇ ਕਾਲਜ ਦਾ ਸਿਸਟਮ ਹੀ ਉਸ ਨੂੰ ਬਰਦਾਸ਼ਤ ਨਹੀਂ ਕਰਦਾ। ਇਹ ਹਾਲ ਕੁੜੀਆਂ ਦੇ ਕਾਲਜਾਂ ਦਾ ਹੈ। ਇਹ
ਰਿਪੋਰਟ ਮੈਨੂੰ ਇਕ ਕਾਲਜ ਦੀ ਮਿਲੀ ਹੈ। ਜਿਸ ਕਾਲਜ ਵਿੱਚ ਮੇਰੇ ਬੱਚੇ ਨੇ ਬੀ ਏ ਦੀ ਡਿਗਰੀ ਲਈ
ਹੈ। ਵੈਸੇ ਜੇ ਮੈਂ ਸਾਧਾਰਨ ਬਾਪ ਹੁੰਦਾ ਤਾਂ ਮੈਨੂੰ ਉਹਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਪਰ
ਮੇਰੀ ਮਜ਼ਬੂਰੀ ਹੈ ਕਿ ਮੈਂ ਸਿਖਿਆ ਦੇ ਸਾਰੇ ਨਿਯਮ ਕਾਇਦੇ ਢੰਗ ਤਰੀਕੇ, ਪ੍ਰਣਾਲੀਆਂ, ਸੱਭ ਕੁਝ ਦੀ
ਬਹੁਤ ਵਿਸਥਾਰ ਨਾਲ ਸਮਝ ਰੱਖਦਾ ਹਾਂ ਤੇ ਕੀ ਹੋਣਾ ਚਾਹੀਦਾ ਹੈ ਇਸ ਬਾਰੇ ਮੇਰੀ ਪੁਖਤਾ ਜਾਣਕਾਰੀ ਹੈ।
ਕੁੜੀ ਨੇ ਸਿਰ ਚੁੱਕਿਆ ਨਹੀਂ ਕਿ ਉਸ ਦੀ ਖੁੰਬ
ਠੱਪੀ ਨਹੀਂ। ਉਸ ਨੂੰ ਜ਼ਲੀਲ ਕੀਤਾ ਜਾਂਦਾ ਹੈ, ਤੈਨੂੰ ਨਹੀਂ ਪਤਾ, ਤੂੰ ਬਹੁਤ ਸਿਆਣੀ ਸਮਝਦੀ ਹੈਂ
ਆਪਣੇ ਆਪ ਨੂੰ, ਤੇਰੀ ਉਮਰ ਜਿੰਨਾ ਤਾਂ ਸਾਨੂੰ ਤਜਰਬਾ ਹੈ, ਤੇਰੇ ਵਰਗੀਆਂ ਕਈ ਆਈਆਂ ਕਿਸੇ ਦੀ
ਪਰਵਾਹ ਨਹੀਂ ਸਾਨੂੰ; ਇਹੋ ਜਿਹਾ ਵਾਕਾਂ ਨਾਲ ਸਵਾਗਤ ਹੁੰਦਾ ਹੈ। ਮੇਰਾ ਨਹੀਂ ਖਿਆਲ ਕਿ ਕਦੇ ਕਿਸੇ
ਨੇ ਬੱਚੀਆਂ ਨੂੰ ਆਪਣੇ ਵਿਸ਼ਵਾਸ ਵਿੱਚ ਲਿਆ ਹੋਵੇ ਤੇ ਉਹਨਾਂ ਦੀ ਸਮਸਿਆ ਸੁਣੀ ਹੋਵੇ ਤੇ ਉਹਨਾਂ
ਨਾਲ ਹਮਦਰਦੀ ਭਰਿਆ ਰੱਵਈਆ ਅਪਣਾਇਆ ਹੋਵੇ। ਜੇ ਕਦੇ ਅਜਿਹਾ ਹੋਵੇਗਾ ਤਾਂ ਇਹ ਬਹੁਤ ਵਿਕੋੱਲਿਤਰੀ
ਗੱਲ ਹੋਵੇਗੀ।
ਮੈਨੂੰ ਇਸ ਕਾਲਜ ਵਿੱਚ ਜਾਣ ਦਾ ਮੌਕਾ ਮਿਲਿਆ।
ਮੇਰੀ ਵਜ਼ਾਹ ਕਤਾਹ ਤੋਂ ਮੈਂ ਅਣਪੜ੍ਹ ਬਿਲਕੁਲ ਨਹੀਂ ਦਿਖਾਈ ਦਿੰਦਾ। ਇਕ ਸਰਟੀਫਿਕੇਟ ਲੈਣਾ ਸੀ ਜੋ
ਯੂਨੀਵਰਸਿਟੀ ਦੀ ਮਾਰਕਸ ਲਿਸਟ ਆਉਣ ਤੋਂ ਪਹਿਲਾਂ ਕਾਲਜ ਵਾਲੇ ਆਪਣੇ ਵਿਦਿਆਰਥੀ ਨੂੰ ਦਿੰਦੇ ਹਨ
ਤਾਂ ਕਿ ਉਹ ਅਗਲੀ ਪੜ੍ਹਾਈ ਵਿੱਚ ਦਾਖਲਾ ਲੈ ਸਕੇ। ਕਨੂੰਨੀ ਇਹ ਵਿਦਿਆਰਥੀ ਦਾ ਹੱਕ ਹੈ। ਇਸ ਵਿੱਚ
ਤਸਦੀਕ ਕਰਨਾ ਹੁੰਦਾ ਹੈ ਕਿ ਇਹ ਬੱਚਾ ਸਾਡੇ ਕਾਲਜ ਦਾ ਵਿਦਿਆਰਥੀ ਹੈ ਤੇ ਇਸ ਨੇ ਇਸ ਰੋਲ ਨੰਬਰ
ਉਪਰ ਇਹ ਪ੍ਰੀਖਿਆ ਪਾਸ ਕੀਤੀ ਹੈ ਤੇ ਇਸ ਨੇ ਇਤਨੇ ਨੰਬਰ ਲਏ ਹਨ। ਜਦੋਂ ਮੈਂ ਇਹ ਸਰਟੀਫਿਕੇਟ ਲੈਣ
ਗਿਆ ਤਾਂ ਮੈਨੂੰ ਇਸ ਵਾਸਤੇ 100 ਰੁਪਏ ਫੀਸ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਮੈਂ ਇਸ ਦਾ ਵਿਰੋਧ
ਕੀਤਾ ਤਾਂ ਮੈਨੂੰ ਉਪਰਲੇ ਬਾਊ ਨੂੰ ਮਿਲਣ ਲਈ ਕਿਹਾ ਗਿਆ। ਮੈਂ ਉਸ ਨੂੰ ਕਿਹਾ ਕਿ ਇਹ ਫੀਸ ਕਿਉਂ
ਲਈ ਜਾ ਰਹੀ ਹੈ। ਮੈਨੂੰ ਦੱਸਿਆ ਗਿਆ ਕਿ ਇਹ ਫੀਸ ਤਾਂ ਇਕ ਪੁਰਾਣੇ ਵਿਦਿਆਰਥੀਆਂ ਦੀ ਇਕ ਸੰਸਥਾ ਦੀ
ਮੈਂਬਰਸ਼ਿਪ ਫੀਸ ਹੈ, ਮੈਂ ਕਿਹਾ ਜੇ ਅਸੀਂ ਮੈਂਬਰ ਨਾ ਬਣਨਾ ਚਾਹੀਏ ਤਾਂ ਉਸ ਨੇ ਕਿਹਾ ਕਿ ਮੈਂ ਇਸ
ਬਾਰੇ ਕਾਲਜ ਦੇ ਪ੍ਰਿੰਸੀਪਲ ਨਾਲ ਗੱਲ ਕਰ ਲਵਾਂ। ਕਾਲਜ ਦੀ ਕੈਸ਼ੀਅਰ ਤੋਂ ਰਸੀਦ ਕਟਵਾਉਣ ਤੋਂ ਬਾਦ
ਮੈਂ ਦੇਖਿਆ ਕਿ ਇਸ ਉਪਰ ਮੈਂਬਰਸਿਪ ਜਾਂ ਸੰਸਥਾ ਦਾ ਕੋਈ ਨਾਂ ਨਹੀਂ ਸੀ। ਖੈਰ ਮੈਂ ਸਰਟੀਫਿਕੇਟ
ਲਿਆ ਤੇ ਉਸ ਤੋਂ ਬਾਦ ਮੈਂ ਕਾਲਜ ਦੀ ਪ੍ਰਿੰਸੀਪਲ ਨੂੰ ਮਿਲਣ ਦਾ ਫੈਸਲਾ ਕੀਤਾ। ਮਾਂਪਿਆਂ ਨਾਲ
ਮਿਲਣ ਦਾ ਕੋਈ ਸਮਾਂ ਨਿਸ਼ਚਤ ਨਹੀਂ ਸੀ। ਮੈਂ ਦਫਤਰ ਵਿੱਚ ਜਾ ਕੇ ਮੈਡਮ ਕੋਲ ਆਪਣਾ ਸ਼ੰਕਾ ਜ਼ਾਹਰ
ਕੀਤਾ। ਉਸ ਨੇ ਮੇਰੀ ਗੱਲ ਸੁਣ ਕੇ ਉਲਟਾ ਮੈਨੂੰ ਹੀ ਦੋਸ਼ੀ ਬਣਾ ਦਿਤਾ ਕਿ ਮੈਂ ਇਹ ਗੱਲ ਪੜ੍ਹਾਈ
ਖਤਮ ਹੋਣ ਤੋਂ ਬਾਦ ਕਿਉਂ ਕਰ ਰਿਹਾ ਹਾਂ। ਮੈਂ ਉਸ ਨੂੰ ਕਿਹਾ ਕਿ ਦੇਖੋ ਜੋ ਕਹਿੰਦੇ ਹੋ ਉਹੀ ਰਸੀਦ
ਉਪਰ ਲਿਖੋ, ਤੁਸੀਂ ਕੁਝ ਹੋਰ ਆਖਦੇ ਹੋ ਤੇ ਕਰ ਕੁਝ ਹੋਰ ਰਹੇ ਹੋ। ਪਰ ਉਸ ਮੈਡਮ ਨੇ ਮੇਰੀ ਕੋਈ
ਗੱਲ ਨਹੀਂ ਸੁਣੀ ਤੇ ਮੈਨੂੰ ਹੀ ਲੈਕਚਰ ਦੇਣਾ ਸ਼ੁਰੂ ਕਰ ਦਿਤਾ। ਆਕਰ ਤੰਗ ਆ ਕੇ ਮੈਨੂੰ ਅੰਗਰੇਜ਼ੀ
ਵਿੱਚ ਕਹਿਣਾ ਪਿਆ ਕਿ ਮੈਡਮ ਸ਼ੁਕਰੀਆ ਆਪਣੇ ਦਫਤਰ ਵਿੱਚ ਮੇਰੇ ਨਾਲ ਇਨੇ ਘਟੀਆ ਤਰੀਕੇ ਨਾਲ ਪੇਸ਼
ਆਉਣ ਦਾ ਤੇ ਮੈਨੂੰ ਇਸ ਕੌੜੇ ਅਨੁਭਵ ਤੋਂ ਜਾਣੂ ਕਰਵਾਉਣ ਦਾ। ਇਹ ਆਖ ਕੇ ਮੈਂ ਬਾਹਰ ਆ ਗਿਆ। ਇਹ
ਘਟਨਾ ਜਲੰਧਰ ਦੇ ਇਕ ਬਹੁਤ ਹੀ ਵੱਡੇ ਕਾਲਜ ਦੀ ਪ੍ਰਿੰਸੀਪਲ ਦਾ ਹੈ ਜਿਸ ਨੂੰ ਦੇਸ਼ ਦੀ ਇਕ ਨਾਮੀ
ਸੰਸਥਾ ਚਲਾ ਰਹੀ ਹੈ। ਜੇ ਮੈਨੂੰ ਇਸ ਸੱਭ ਦਾ ਪਹਿਲਾ ਪਤਾ ਹੁੰਦਾ ਤਾਂ ਸ਼ਾਇਦ ਮੈਂ ਕਦੇ ਵੀ ਆਪਣੇ
ਬੱਚੇ ਨੂੰ ਇਹੋ ਜਿਹੇ ਜਲਾਦਾਂ ਦੇ ਹਵਾਲੇ ਨਾ ਕਰਦਾ। ਜੇ ਇਹ ਕਾਲਜਾਂ ਵਾਲੇ ਮੇਰੀ ਏਨੀ ਕੁ ਗੱਲ
ਨੂੰ ਬਰਦਾਸ਼ਤ ਨਹੀਂ ਕਰ ਸਕੇ ਤਾਂ ਮੇਰੇ ਬੱਚੇ ਦਾ ਏਹਨਾਂ ਕਿੰਨਾ ਮਾੜਾ ਹਾਲ ਕੀਤਾ ਹੋਵੇਗਾ ਮੈਨੂੰ
ਅੰਦਾਜ਼ਾ ਹੋ ਗਿਆ। ਮੇਰਾ ਜੀਅ ਕੀਤਾ ਕਿ ਕਾਲਜ ਦੇ ਬਾਹਰ ਖੜੇ ਹੋ ਕੇ ਐਸੇ ਘਟੀਆ ਲੋਕਾਂ ਦਾ ਜਲੂਸ
ਕੱਢ ਦਿਆਂ।
ਇਹ ਇਕ ਥਾਂ ਦਾ ਹਾਲ ਹੈ। ਇਸ ਕਾਲਜ ਨੇ ਮੈਨੂੰ
ਇਕ ਵਾਰ ਨਹੀਂ ਕਈ ਵਾਰੀ ਪੇਰੇਂਟ ਟੀਚਰਜ਼ ਮੀਟਿੰਗ ਵਿੱਚ ਬੁਲਾ ਕੇ ਕਈ ਵਾਰ ਜ਼ਲੀਲ ਕੀਤਾ ਕਿ ਮੇਰਾ
ਬੱਚਾ ਪੜ੍ਹਦਾ ਨਹੀਂ, ਉਹ ਕਾਲਜ ਵਿੱਚ ਰੈਗੂਲਰ ਨਹੀਂ ਹੁੰਦਾ। ਉਸ ਦੇ ਨੰਬਰ ਘੱਟ ਆ ਰਹੇ ਹਨ। ਪਰ
ਮੈਂ ਬੱਚੇ ਦੀ ਖਾਤਰ ਸੱਭ ਕੁਝ ਬਰਦਾਸ਼ਤ ਕੀਤਾ। ਆਖਰੀ ਪ੍ਰੀਖਿਆ ਵਿਚ ਮੇਰੇ ਬੱਚੇ ਨੇ ਬਹੁਤ ਵੀ
ਵਧੀਆ ਨੰਬਰ ਲੈ ਕੇ ਪਹਿਲੇ ਦਰਜੇ ਵਿੱਚ ਡਿਗਰੀ ਲਈ। ਉਚੇਰੀ ਵਿਦਿਆ ਲਈ ਮੁਕਾਬਲੇ ਵਾਲੇ ਟੈਸਟ ਵਿਚ
ਵੀ ਪਿਹਲੇ ਦਸਾਂ ਵਿੱਚ ਥਾਂ ਬਣਾਈ ਤੇ ਉਸ ਤੋਂ ਬਾਦ ਉਸ ਨੇ ਦੇਸ਼ ਦੀ ਸੱਭ ਤੋਂ ਵਧੀਆ ਯੂਨੀਵਰਸਿਟੀ
ਵਿੱਚ ਦਾਖਲਾ ਵੀ ਲਿਆ ਤੇ ਉਹ ਵੀ ਸਰਕਾਰੀ ਰੇਟਾਂ ਉਪਰ। ਜੇ ਕਾਲਜ ਦਾ ਵੱਸ ਚੱਲਦਾ ਤਾਂ ਉਹ ਉਸ ਨੂੰ
ਅੰਨ੍ਹੇ ਖੂਹ ਵਿੱਚ ਧੱਕ ਦਿੰਦੇ ਪਰ ਮੈਨੂੰ ਉਸ ਦੇ ਸਵੈਮਾਨ ਵਿੱਚ ਭਰੋਸਾ ਸੀ ਤੇ ਮੈਂ ਉਸ ਦੇ ਨਾਲ
ਖੜ੍ਹੇ ਰਹਿਣ ਦੀ ਜ਼ੁਰਅਤ ਕੀਤੀ।
ਸ਼ਿਵਾਲੀ ਆਤਮ ਹੱਤਿਆ ਕੇਸ ਵਿੱਚ ਸਾਫ ਜ਼ਾਹਰ ਹੈ
ਕਿ ਕੁੜੀਆਂ ਦੇ ਕਾਲਜਾਂ ਵਿੱਚ ਉਹਨਾਂ ਨੂੰ ਸਿਲੇਬਸ ਦੇ ਵਿਸ਼ਿਆਂ ਤੋਂ ਬਿਨਾਂ ਹੋਰ ਕੁਝ ਨਹੀਂ
ਦੱਸਿਆ ਜਾਂਦਾ। ਉਹਨਾਂ ਨੂੰ ਸਵੈਮਾਨ ਨਾਲ ਖੜ੍ਹਣਾ ਤੇ ਸੋਚਣਾ ਨਹੀਂ ਸਿਖਾਇਆ ਗਿਆ। ਇਹੋ ਕਾਰਨ ਹੈ
ਕਿ ਬਲਵਿੰਦਰ ਕੌਰ ਦੇ ਵਤੀਰੇ ਤੋਂ ਬਅਦ ਉਸ ਦੇ ਦਿਮਾਗ਼ ਵਿੱਚ ਹੋਰ ਕੁਝ ਨਹੀਂ ਆਇਆ ਸਿਵਾਏ ਜਾਨ ਦੇ
ਦੇਣ ਦੇ। ਉਹ ਚਾਹੁੰਦੀ ਤਾਂ ਆਪਣੇ ਕਾਲਜ ਦੀਆਂ ਸਾਰੀਆਂ ਕੁੜੀਆਂ ਨੂੰ ਆਪਣੇ ਫੋਨ ਤੇ ਬੁਲਾ ਸਕਦੀ
ਸੀ। ਉਹ ਕੁਝ ਵੀ ਗ਼ਲਤ ਨਹੀਂ ਸੀ ਕਰ ਰਹੀ। ਕਿਸੇ ਮੁੰਡੇ ਨਾਲ ਦੋਸਤੀ ਕਰਨੀ ਗ਼ਲਤ ਨਹੀਂ ਹੈ। ਆਖਰ 12
ਵੀਂ ਤੱਕ ਦੀ ਪੜ੍ਹਾਈ ਸਹਿ ਸਿਖਿਆ ਵਿੱਚ ਹੀ ਹੁੰਦੀ ਹੈ। ਕਿਉਂ ਉਹੀ ਮੁੰਡਾ ਜੋ ਇਕ ਸਾਲ ਪਹਿਲਾਂ
ਉਸ ਦੀ ਕਲਾਸ ਦਾ ਸਾਥੀ ਹੁੰਦਾ ਹੈ ਜੋ ਉਸ ਨਾਲ ਇਕ ਹੀ ਅਧਿਆਪਕ ਤੋਂ ਪੜ੍ਹ ਰਿਹਾ ਹੁੰਦਾ ਹੈ ਹੁਣ
ਪਰਾਇਆ, ਓਪਰਾ ਹੋ ਜਾਂਦਾ ਹੈ। ਉਸ ਨਾਲ ਗੱਲ ਕਰਨਾ ਵੀ ਗੁਨਾਹ ਸਮਝਿਆ ਜਾਂਦਾ ਹੈ।
ਇਸ ਘਟਨਾ ਕ੍ਰਮ ਵਿੱਚ ਕਾਲਜ ਦਾ ਵੀ ਪੂਰਾ ਦੋਸ਼
ਹੈ ਉਹਨਾਂ ਨੇ ਵਿਦਿਆਰਥੀਆਂ ਨੂੰ ਸਥਿਤੀ ਨਾਲ ਨੱਜਿਠਣਾ ਨਹੀਂ ਸਿਖਾਇਆ ਹੁੰਦਾ। ਉਹ ਇਸ ਦੇ ਦੋਸ਼ੀ
ਹਨ ਕਿ ਉਹਨਾਂ ਨੇ ਵਿਦਿਆਰਥੀਆਂ ਦੀ ਸੋਚ ਪੁਖਤਾ ਨਹੀਂ ਕੀਤੀ। ਅੱਜ ਵੀ ਲੋੜ ਹੈ ਕੁੜੀਆਂ ਨੂੰ ਜੀਣ
ਦੀ ਕਲਾ ਸਿਖਾਈ ਜਾਵੇ ਅਜਿਹੀ ਕਲਾ ਜਿਸ ਨਾਲ ਉਹ ਦਾਜ, ਭਰੁਣ ਹੱਤਿਆ, ਦਫਤਰਾਂ ਵਿੱਚ ਆਉਣਾ ਜਾਣਾ,
ਪੁਲੀਸ ਨਾਲ ਪੇਸ਼ ਆਉਣਾ, ਸਰਕਾਰੀ ਕਾਗਜ਼ ਪੱਤਰ, ਦਫਤਰ ਦੇ ਤਰੀਕੇ, ਥਾਣੇ ਵਿੱਚ ਸ਼ਿਕਾਇਤ ਲਿਖਾਉਣਾ,
ਸਰਕਾਰ ਦੇ ਕਨੂੰਨ ਅਨੁਸਾਰ ਉਹਨਾਂ ਦੇ ਹੱਕ, ਮਿਲ ਕੇ ਚੱਲਣਾ, ਘਰੇਲੂ ਕੰਮ ਵਿੱਚ ਹਿਸਾਬ ਕਿਤਾਬ,
ਜਾਇਦਾਦ ਦੀ ਜਾਣਕਾਰੀ, ਇਸ ਨਾਲ ਸਬੰਧਤ ਕਾਗਜ਼ਾਂ ਦੀ ਜਾਣਕਾਰੀ, ਬੈਂਕ ਵਿੱਚ ਤੇ ਡਾਕਖਾਨੇ ਵਿੱਚ ਖਾਤਾ
ਖੋਲਹਣ ਦੀ ਜਾਣਕਾਰੀ, ਬੱਸਾਂ ਗਡੀਆਂ ਵਿੱਚ ਆਉਣਾ ਜਾਣਾ ਤੇ ਬੁਕਿੰਗ, ਅਖਬਰ ਕਿਵੇਂ ਪੜ੍ਹੀਏ,
ਪੁਸਤਕਾਂ ਕਿਵੇਂ ਪੜ੍ਹੀਏ, ਸਿਹਤ ਸਾਹਿਤ, ਸੁੰਦਰਤਾ
ਬਾਰੇ ਜਾਣਕਾਰੀ, ਘਰ ਦਾ ਰੱਖ ਰਖਾਵ, ਕੰਪਉਟਰ ਪ੍ਰਣਾਲੀ, ਸ਼ੋਸ਼ਲ ਨੈਟਵਰਕਿੰਗ, ਚੈਟਿੰਗ, ਟੈਲੀਫੋਨ ਕਿਵੇਂ
ਕਰੀਏ, ਆਪਣੇ ਬਾਰੇ ਕਿਵੇਂ ਸੋਚਈਏ, ਫੈਸਲੇ ਦੀ ਘੜੀ, ਫੈਸਲੇ ਕਿਵੇਂ ਲਈਏ, ਮਦਦ ਦੀ ਮੰਗ ਕਿਥੋਂ ਤੇ
ਕਿਵੇਂ, ਮਦਦ ਕਿਵੇਂ ਕਰੀਏ ਤੇ ਹੋਰ ਕਿੰਨੇ ਵਿਸ਼ੇ ਹਨ ਜਿਹਨਾਂ ਬਾਰੇ ਕੁੜੀਆਂ ਨੂੰ ਸਾਰੀ ਜਾਣਕਾਰੀ
ਦੇਣਾ ਤੇ ਉਸ ਦੀ ਵਰਤੋਂ ਕਰਨਾ ਸਿਖਾਏ ਜਾਣ ਦੀ ਲੋੜ ਹੈ।
ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਸਮਾਜ ਦੇ
ਵਿਰੋਧੀ ਬਣਾ ਦਿਓ, ਨਹੀਂ ਉਹਨਾਂ ਨੂੰ ਸਮਾਜ ਦੇ ਉਸਰਈਏ ਤਾਂ ਬਣਾਉਣਾ ਚਾਹੀਦਾ ਹੈ ਤਾਂ ਕਿ ਮਰਦ ਦੇ
ਬਰਾਬਰ ਖੜੇ ਹੋ ਕੇ ਜ਼ਿੰਦਗੀ ਦੇ ਨਕਸ਼ ਸਿਰਜ ਸਕਣ। ਮੁਥਾਜ ਨਾ ਬਣਾਓ, ਤੇ ਨਾ ਹੀ ਉਹਨਾਂ ਨੂੰ ਕਮਜ਼ੋਰ
ਬਣਾਓ, ਉਹਨਾਂ ਨੂੰ ਦਲੇਰ, ਬਹਾਦਰ, ਸਾਰਥਕ ਸੋਚ ਵਾਲੀਆਂ ਕੁੜੀਆਂ ਬਣਾਓ।
ਇਹ ਸਮੇਂ ਦੀ ਲੋੜ ਹੈ। ਇਹ ਸਮੇਂ ਦੀ ਮੰਗ ਹੈ।