Friday, December 31, 2010

Happy New year - 2011

image

ਯਾਦਾਂ ਨੇ ਗਿਲਾ ਕੀਤਾ
ਬੜੇ ਸ਼ਿਕਵੇ ਸ਼ਿਕਾਇਤਾਂ ਦਾ
ਇੱਕ ਐਸਾ ਸਿਲਸਿਲਾ ਕੀਤਾ।
ਕਿ ਹੁਣ ਮਹਿਫ਼ਲ ਨਹੀਂ ਸਜਦੀ
ਕਿ ਹੁਣ ਚਰਚਾ ਨਹੀਂ ਹੁੰਦਾ
ਜੋ ਮਿਲਦਾ ਹੈ
ਦੁਆ ਵਾਂਗੂ
ਸਦਾ ਵਾਂਗੂ ਨਹੀਂ ਹੁੰਦਾ
ਨਾ ਪੁੱਛਦਾ ਹਾਲ ਹੈ ਮੇਰਾ
ਨਾ ਦਸਦਾ ਹਾਲ ਆਪਣਾ ਹੈ
ਕਿ ਦੋ ਹਰਫਾਂ ਦੇ ਮਗਰੋਂ
ਚੁੱਪ ਦਾ ਹੈ ਸਿਲਸਿਲਾ ਹੁੰਦਾ
ਨਾ ਉਹ ਬੋਲੇ
ਨਾ ਮੈਂ ਪੁੱਛਾਂ
ਨਾ ਉਹ ਪੁੱਛੇ
ਨਾ ਮੈਂ ਦੱਸਾਂ
ਦੀਵਾਂਰਾਂ ਵਿਚ ਚਿਣੇ ਜਾਂਦੇ
ਤਾਂ ਹੁੰਦਾ ਦੁਰ ਤੱਕ ਚਰਚਾ
ਅਸੀਂ ਚਿਣ ਕੇ ਦੀਵਾਰ ਬੈਠ ਜਾਈਏ
ਕਿ ਹੁਣ ਉਹਨਾਂ ਦੀਵਾਰਾਂ ਤੇ
ਸਜਾ ਕੇ ਚਾਰ ਤਸਵੀਰਾਂ
ਸਮਝ ਬੈਠੇ ਹਾਂ
ਕਿ ਹਰੀਆਂ ਕਪਾਹਾਂ ਹਸਦੀਆਂ ਹਰ ਸੂ
ਕਿ ਰੁਖਾਂ ਨੂੰ ਸਦਾ ਫਲ ਲਗਦੇ ਦੇਖੇ
ਕਿ ਦੀਵੇ ਆਸ ਦੇ ਜਗਦੇ
ਸਦਾ ਬਨੇਰਿਆਂ ਉਪਰ
ਕਿਸੇ ਚੌਖਟ ਦੇ ਦੀਵੇ ਦੀ
ਹਾਂ ਲੋਅ ਤਸਵੀਰ ਚੋਂ ਲੱਭੀਏ
ਤੇ ਆਪਣੇ ਹੀ ਘਰਾਂ ਦੇ ਦੇਵਤੇ
ਮਨਾਂ ਅੰਦਰ ਹਨੇਰੇ ਨੇ
ਹੈ ਘਰ ਕਰ ਲਿਆ ਚਿਰ ਤੋਂ
ਨਾ ਉਸ ਦਾ ਜਿਕਰ ਕਰਦੇ ਹਾਂ
ਨਾ ਚਰਚਾ ਉਸ ਦਾ ਕਰੀਏ
ਕਦੇ ਰੋਈਏ ਤਾਂ ਚੁੱਪ ਕਰਕੇ
ਕਦੇ ਲੜੀਏ ਖਾਮੋਸ਼ੀ ਵਿਚ
ਕਦੇ ਝੁਰੀਏ ਤਾਂ ਕੰਧਾਂ ਨਾਲ ਟਕਰਾਂ ਮਾਰ ਕੇ ਮੁੜੀਏ
ਕਿ ਜਿੱਥੇ ਹਾਂ ਖੜੇ ਕੱਲ ਦੇ
ਹਾਂ ਉੱਥੇ ਹੀ ਖੜੇ ਰਹੀਏ
ਕਦੇ ਬਾਹਰ ਨਹੀਂ ਆਉਂਦੇ
ਕਦੇ ਬਾਜ਼ਾਰ ਨਹੀਂ ਜਾਂਦੇ
ਕਦੇ ਬੈਠਕ ਚ’ ਬਹਿੰਦੇ ਨਹੀਂ
ਕਦੇ ਚਰਚਾ ਨਹੀਂ ਕਰਦੇ
ਕਿ ਅੰਬਰ ਤੇ ਜੋ ਸੂਰਜ ਹੈ
ਇਹ ਸੂਰਜ ਵੀ ਨਹੀਂ ਆਪਣਾ
ਨਾ ਤਾਰੇ ਚੰਨ ਆਪਣੇ ਹਨ
ਨਾ ਅੰਬਰ ਨਾ ਹਵਾ ਪਾਣੀ
ਨਾ ਧਰਤੀ ਹੈ
ਨਾ ਰਸਤਾ ਹੈਂ
ਪੈਰਾਂ ਦੀ ਰਵਾਨੀ ਹੀ
ਕੋਈ ਤਾਂ ਲੈ ਗਿਆ ਸ਼ਹਿਰ
ਸਿਰਾਂ ਤੇ ਧੂੜ ਕੇ ਜਾਦੂ
ਨਾ ਉਹ ਨਿਕਲੇ
ਤੁਸੀਂ ਨਾ ਮੈਂ ਨਾ ਬਹਿਕੇ ਹੀ ਗਿਲਾ ਕੀਤਾ
ਕਿ ਹੁਣ ਰੋਂਦੇ ਹਾਂ ਤਾਂ
ਹੰਝੂ ਵੀ ਆਪਣਾ ਸਾਥ ਨਹੀਂ ਦਿੰਦੇ
ਤੇ ਸ਼ਬਦਾਂ ਦਾ ਗਿਲਾ ਤਾਂ
ਜੰਗ ਖਾਧੇ ਤੀਰ ਵਰਗਾ ਹੈ
ਨਾ ਸ਼ਬਦਾਂ ਵਿੱਚ ਰਿਹਾ ਜਾਦੂ
ਰਿਹਾ ਦਮ ਹੀ ਨਾ ਅਰਥਾਂ ਵਿੱਚ
ਤੇ ਇੱਕ ਇੱਕ ਦੌਰ ਕੋਈ ਵੀ ਪੰਨਾ
ਕਿਤਾਬਾਂ ਵਿੱਚ ਨਹੀਂ ਮਿਲਣਾ
ਨਾ ਤੁੰ ਲਿਖਿਆ
ਨਾ ਮੈਂ ਲਿਖਿਆ
ਨਾ ਮੈਂ ਪੜ੍ਹਿਆ
ਨਾ ਤੁੰ ਪੜ੍ਹਿਆ
ਨਾ ਮੈਂ ਸੁਣਿਆ
ਨਾ ਤੂੰ ਸੁਣਿਆ
ਇਹ ਜਿਹੜੇ ਸ਼ਬਦ ਸਨ ਤੇਰੇ
ਇਹ ਜਿਹੜੇ ਸ਼ਬਦ ਹਨ ਮੇਰੇ
ਇਹ ਜਿਹੜੇ ਸ਼ਬਦ ਆਪਾਂ
ਕਦੇ ਸੀ ਬੋਲਦੇ ਮਿਲਕੇ
ਕਦੇ ਸਾਂ ਗੀਤ ਗਾਉਂਦੇ
ਕਦੇ ਉਹ ਗੀਤ ਗਾਉਂਦੇ ਸਨ
ਤੈਨੂੰ…., ਮੈਨੂੰ…,
ਮੈਨੂੰ ਤੈਨੂੰ
ਉਹ ਸਾਰੇ ਸ਼ਬਦ ਸਾਰੇ ਅਰਥ
ਕਿਤਾਬਾਂ ਵਿੱਚ ਨਹੀਂ ਲੱਭਣੇ
ਅਸੀਂ ਇਤਿਹਾਸ ਦੇ ਸਫਿਆਂ ਚੋਂ
ਮਿਟਾ ਦਿਤੇ ਗਏ ਹੋਵਾਂਗੇ
ਬੀਤੇ ਦੀ ਸਦੀ ਵਾਂਗਰ

ਕਿ ਯਾਰਾਂ ਨੇ ਗਿਲਾ ਕੀਤਾ
ਬੜੇ ਸ਼ਿਕਵੇ ਸ਼ਿਕਾਇਤਾਂ ਦਾ
ਇੱਕ ਐਸਾ ਸਿਲਸਿਲਾ ਕੀਤਾ।
ਕਿ ਹੁਣ ਮਹਿਫ਼ਲ ਨਹੀਂ ਸਜਦੀ
ਕਿ ਹੁਣ ਚਰਚਾ ਨਹੀਂ ਹੁੰਦਾ।
ਕਿ ਬੱਸ ਚਰਚਾ ਨਹੀਂ ਹੁੰਦਾ।


 

No comments:

Post a Comment